ਸੰਯੁਕਤ ਰਾਸ਼ਟਰ ਨੇ ਅਬਦੁਲ ਰਹਿਮਾਨ ਮੱਕੀ ਨੂੰ ਐਲਾਨਿਆ ਕੌਮਾਂਤਰੀ ਅੱਤਵਾਦੀ 

ਸੰਯੁਕਤ ਰਾਸ਼ਟਰ ਨੇ ਅਬਦੁਲ ਰਹਿਮਾਨ ਮੱਕੀ ਨੂੰ ਐਲਾਨਿਆ ਕੌਮਾਂਤਰੀ ਅੱਤਵਾਦੀ 

*ਸੰਯੁਕਤ ਰਾਸ਼ਟਰ ਦੀ ਕਾਰਵਾਈ ਦਾ ਭਾਰਤ ਵਲੋਂ ਸਵਾਗਤ   

* ਪਾਕਿ ਆਧਾਰਿਤ 150 ਅੱਤਵਾਦੀ ਅਤੇ ਅੱਤਵਾਦੀ ਸੰਗਠਨ ਕਾਲੀ ਸੂਚੀ ਵਿਚ ਸ਼ਾਮਲ

ਅੰਮ੍ਰਿਤਸਰ ਟਾਈਮਜ਼ ਬਿਊਰੋ

ਅੰਮ੍ਰਿਤਸਰ-ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਪਾਕਿ ਅੱਤਵਾਦੀ ਤੇ ਲਸ਼ਕਰ-ਏ-ਤਾਇਬਾ ਦੇ ਉਪ-ਮੁਖੀ ਅਬਦੁਲ ਰਹਿਮਾਨ ਮੱਕੀ ਨੂੰ ਕੌਮਾਂਤਰੀ ਅੱਤਵਾਦੀ ਐਲਾਨਿਆ ਹੈ। ਅਮਰੀਕਾ ਤੇ ਭਾਰਤ ਵਲੋਂ ਸਾਲ 2020 ਤੇ ਜੂਨ, 2022 ਦੌਰਾਨ ਸੰਯੁਕਤ ਰਾਸ਼ਟਰ 'ਵਿਚ ਅਬਦੁਲ ਰਹਿਮਾਨ ਮੱਕੀ ਨੂੰ ਕੌਮਾਂਤਰੀ ਅੱਤਵਾਦੀ ਐਲਾਨੇ ਜਾਣ ਦੀ ਮੰਗ ਕੀਤੀ ਗਈ ਸੀ, ਪਰ ਚੀਨ ਲਗਾਤਾਰ ਰੁਕਾਵਟ ਖੜ੍ਹੀ ਕਰ ਰਿਹਾ ਸੀ। ਮੱਕੀ ਨੂੰ ਪਾਕਿ ਸਰਕਾਰ ਨੇ 15 ਮਈ, 2019 ਨੂੰ ਗ੍ਰਿਫ਼ਤਾਰ ਕੀਤਾ ਸੀ ਤੇ ਉਹ ਮੌਜੂਦਾ ਸਮੇਂ ਲਾਹੌਰ 'ਚ ਨਜ਼ਰਬੰਦ ਹੈ। ਮੱਕੀ ਵਲੋਂ 26 ਨਵੰਬਰ, 2011 ਨੂੰ ਮੁੰਬਈ ਸਮੇਤ ਭਾਰਤ ਦੇ ਕਈ ਸ਼ਹਿਰਾਂ 'ਵਿਚ ਅੱਤਵਾਦੀ ਹਮਲੇ ਕਰਵਾਏ ਗਏ ਹਨ। ਉਸ ਨੂੰ ਲੰਘੀ 16 ਜਨਵਰੀ ਨੂੰ ਆਈ. ਐਸ. ਆਈ. ਐਲ. ਤੇ ਅਲ-ਕਾਇਦਾ ਨਾਲ ਜੁੜੇ ਹੋਣ, ਲਸ਼ਕਰ-ਏ-ਤਾਇਬਾ ਦੇ ਸਮਰਥਨ ਨਾਲ ਅੱਤਵਾਦ ਲਈ ਫੰਡਿਗ ਲੈਣ, ਸਾਜਿਸ਼ ਰਚਣ, ਸਾਜਿਸ਼ 'ਵਿਚ ਭਾਗੀਦਾਰੀ, ਅੱਤਵਾਦੀਆਂ ਦੀ ਭਰਤੀ ਵਰਗੇ ਕੰਮਾਂ 'ਵਿਚ ਸ਼ਾਮਿਲ ਹੋਣ ਲਈ ਸੂਚੀਬੱਧ ਕੀਤਾ ਗਿਆ ਸੀ। ਸੰਯੁਕਤ ਪ੍ਰੀਸ਼ਦ ਅਨੁਸਾਰ ਮੱਕੀ ਲਸ਼ਕਰ-ਏ-ਤਾਇਬਾ ਦੇ ਸਿਆਸੀ ਵਿੰਗ ਜਮਾਤ-ਉਦ-ਦਾਵਾ ਦਾ ਮੁਖੀ ਤੇ ਹਾਫ਼ਿਜ਼ ਸਈਦ ਦਾ ਸਾਲਾ ਹੈ।

ਭਾਰਤ ਨੇ ਅਬਦੁਲ ਰਹਿਮਾਨ ਮੱਕੀ ਨੂੰ ਕੌਮਾਂਤਰੀ ਅੱਤਵਾਦੀ ਐਲਾਨਣ ਦੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ ਤੇ ਕਿਹਾ ਹੈ ਕਿ ਖੇਤਰ'ਵਿਚ ਅੱਤਵਾਦ ਦਾ ਖ਼ਤਰਾ ਬਣਿਆ ਹੋਇਆ ਹੈ ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀਆਂ ਪਾਬੰਦੀਆਂ ਅਜਿਹੇ ਖਤਰਿਆਂ ਨੂੰ ਰੋਕਣ ਲਈ ਇਕ ਪ੍ਰਭਾਵਸ਼ਾਲੀ ਸਾਧਨ ਹਨ। ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਲੋਂ ਅਬਦੁਲ ਰਹਿਮਾਨ ਮੱਕੀ ਸਮੇਤ ਪਾਕਿਸਤਾਨ ਦੇ ਕਰੀਬ 150 ਅੱਤਵਾਦੀਆਂ ਅਤੇ ਅੱਤਵਾਦੀ ਸੰਗਠਨਾਂ ਨੂੰ ਕਾਲੀ ਸੂਚੀ ਵਿਚ ਪਾਇਆ ਗਿਆ ਹੈ। ਸੰਯੁਕਤ ਰਾਸ਼ਟਰ ਦੀ ਕਮੇਟੀ ਵਲੋਂ ਜਾਰੀ ਸੂਚੀ ਅਨੁਸਾਰ ਕਾਲੀ ਸੂਚੀ ਵਿਚ ਪਾਏ ਕਰੀਬ 150 ਅੱਤਵਾਦੀ ਸੰਗਠਨ ਅਤੇ ਅੱਤਵਾਦੀ ਜਾਂ ਤਾਂ ਪਾਕਿਸਤਾਨ 'ਵਿਚ ਸਥਿਤ ਹਨ, ਜਾਂ ਪਾਕਿ-ਅਫ਼ਗਾਨਿਸਤਾਨ ਸਰਹੱਦੀ ਖੇਤਰਾਂ ਤੋਂ ਕੰਮ ਕਰਦੇ ਹਨ। ਕਾਲੀ ਸੂਚੀ ਵਿਚ ਪਾਏ ਅੱਤਵਾਦੀਆਂ ਵਿਚ ਲਸ਼ਕਰ ਦੇ ਹਾਫ਼ਿਜ਼ ਸਈਦ ਤੇ ਜ਼ਕੀ ਉਰ ਰਹਿਮਾਨ ਲਖਵੀ ਅਤੇ ਜੈਸ਼ ਦਾ ਮਸੂਦ ਅਜ਼ਹਰ ਤੇ ਅੰਡਰਵਰਲਡ ਡਾਨ ਦਾਊਦ ਇਬਰਾਹੀਮ ਵੀ ਸ਼ਾਮਿਲ ਹੈ।