ਪੰਜਾਬ ਤੇ ਹੋਰ ਰਾਜਾਂ ਵਿਚ ਵਿਕ ਰਹੀ ਏ ਜ਼ਹਿਰ ਸਿੰਥੈਟਕ ਦੁੱਧ ਦੇ ਰੂਪ ਵਿਚ

ਪੰਜਾਬ ਤੇ ਹੋਰ ਰਾਜਾਂ ਵਿਚ  ਵਿਕ ਰਹੀ ਏ ਜ਼ਹਿਰ ਸਿੰਥੈਟਕ ਦੁੱਧ ਦੇ ਰੂਪ ਵਿਚ

ਇਨਸਾਨ ਅਤੇ ਉਸ ਦੀ ਔਲਾਦ ਲਈ ਦੁੱਧ ਬੜੀ ਮਹੱਤਤਾ ਰੱਖਦਾ ਹੈ ਪਰ ਕੁਝ ਸ਼ੈਤਾਨ ਲੋਕ ਇਸ ਵਿੱਚ ਕੈਮੀਕਲ ਮਿਲਾ ਕੇ ਸਿੰਥੈਟਿਕ ਨਕਲੀ ਦੁੱਧ ਬਣਾ ਕੇ ਪੰਜਾਬ ਸਮੇਤ ਦੇਸ਼ ਦੇ ਵੱਖ ਵੱਖ ਰਾਜਾਂ ਵਿੱਚ ਸਪਲਾਈ ਕਰਕੇ ਜਨਤਾ ਨੂੰ ਬਿਮਾਰੀਆਂ ਅਤੇ ਕੈਂਸਰ ਵੰਡ ਰਹੇ ਹਨ।

ਪਿਛਲੇ ਸਮੇਂ ਪੰਜਾਬ ਵਿੱਚ ਲੰਪੀ ਸਕਿਨ ਦੀ ਬਿਮਾਰੀ ਦੇ ਬਾਵਜੂਦ ਵੀ ਪੰਜਾਬ ਵਿੱਚ ਕਿਸੇ ਕਸਬੇ ਸ਼ਹਿਰਾਂ ਵਿੱਚੋਂ ਦੁੱਧ ਦੀ ਕਿੱਲਤ ਦੀ ਕੋਈ ਖਬਰ ਪੜਨ ਨੂੰ ਨਹੀਂ ਮਿਲੀ। ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਉਤਪਾਦਾਂ ਲੱਸੀ, ਮੱਖਣ, ਪਨੀਰ, ਦੇਸੀ ਘਿਓ ਆਦਿ ਦੀ ਲਿਸਟ ਬਹੁਤ ਲੰਬੀ ਹੋ ਜਾਂਦੀ ਹੈ। ਕਈ ਤਰ੍ਹਾਂ ਦੇ ਜ਼ਹਿਰੀਲੇ ਕੈਮੀਕਲ ਵਰਤ ਕੇ ਲਾਲਚੀ ਅਤੇ ਮੁਨਾਫ਼ਾਖੋਰ ਲੋਕ ਨਿੱਤ ਨਵਾਂ ਜ਼ਹਿਰੀਲਾ ਰਸਾਇਨ ਲੱਭਦੇ ਅਤੇ ਵਰਤਦੇ ਹਨ। ਭਾਰਤ ਦੀਆਂ ਸਰਕਾਰਾਂ (ਕੇਂਦਰੀ ਸਰਕਾਰਾਂ ਅਤੇ ਪ੍ਰਾਂਤਕ ਸਰਕਾਰਾਂ) ਕੋਈ ਵੀ ਇਸ ਪਾਸੇ ਧਿਆਨ ਨਹੀਂ ਦੇ ਰਹੀਆਂ। ਮਨੁੱਖ ਆਦਿ ਕਾਲ ਤੋਂ ਪਸ਼ੂਆਂ ਦੇ ਦੁੱਧ ਤੋਂ ਖੁਰਾਕ ਲੈਂਦਾ ਆ ਰਿਹਾ ਹੈ। ਅੰਨ੍ਹੇ ਮੁਨਾਫੇ ਲਈ ਕਿਸੇ ਵੀ ਹੱਦ ਤਕ ਜਾਣ ਵਾਲੀ ਹਵਾਨੀਅਤ ਸੋਚ ਕਾਰਨ ਅੱਜ ਬਾਜ਼ਾਰ ਵਿੱਚ ਅਸਲੀ ਨਾਲੋਂ ਕਈ ਗੁਣਾ ਵੱਧ ਨਕਲੀ ਦੁੱਧ ਵਿਕਦਾ ਹੈ। ਅਸਲੀ ਦੁੱਧ ਜਿੱਥੇ ਕੁਦਰਤੀ ਨਿਆਮਤ ਹੈ, ਉੱਥੇ ਨਕਲੀ ਜਾਂ ਮਿਲਾਵਟ ਵਾਲਾ ਦੁੱਧ ਜ਼ਹਿਰ ਸਮਾਨ ਹੈ। ਇਹ ਦੁੱਧ ਕਈ ਬਿਮਾਰੀਆਂ ਦੀ ਜੜ੍ਹ ਬਣਦਾ ਹੈ। ਇਹ ਪ੍ਰਸ਼ਾਸਨ ਦੀ ਅਣਗਹਿਲੀ ਅਤੇ ਕਿਤੇ ਨਾ ਕਿਤੇ ਮਿਲੀ ਭੁਗਤ ਤੋਂ ਬਿਨਾਂ ਸੰਭਵ ਨਹੀਂ ਹੈ। ਇਹ ਠੀਕ ਹੈ ਕਿ ਮਨੁੱਖ ਦੇ ਜੀਣ ਲਈ ਖੁਰਾਕ ਇੱਕ ਜ਼ਰੂਰੀ ਅੰਗ ਹੈ ਅਤੇ ਦੁੱਧ ਨੂੰ ਹੁਣ ਤਕ ਸੰਪੂਰਨ ਖੁਰਾਕ ਸਮਝਿਆ ਜਾਂਦਾ ਹੈ ਪ੍ਰੰਤੂ ਦੁਖਾਂਤ ਇਹ ਹੈ ਕਿ ਜਿੱਥੇ ਵਿਗਿਆਨ ਨੇ ਨਵੀਆਂ ਨਵੀਆਂ ਕਾਢਾਂ ਰਾਹੀਂ ਮਨੁੱਖ ਦੇ ਜੀਵਨ ਵਾਸਤੇ ਸਿਹਤਮੰਦ ਖਾਧ ਪਦਾਰਥਾਂ ਦੀ ਪੈਦਾਵਾਰ ਦਾ ਗੁਣ ਪੈਦਾ ਕੀਤਾ ਹੈ, ਉੱਥੇ ਇਸੇ ਵਿਗਿਆਨ ਰਾਹੀਂ ਖਾਧ ਪਦਾਰਥਾਂ ਵਿੱਚ ਇਸ ਢੰਗ ਨਾਲ ਮਿਲਾਵਟ ਕਰ ਦਿੱਤੀ ਜਾਂਦੀ ਹੈ ਕਿ ਆਮ ਆਦਮੀ ਪਛਾਣ ਵੀ ਨਹੀਂ ਸਕਦਾ।

ਦੁੱਧ ਵਿੱਚ ਬਹੁਤ ਹੀ ਘਾਤਕ ਕੈਮੀਕਲ ਮਿਲਾ ਕੇ ਅਤੇ ਕਈ ਵਾਰ ਨਿਰੇ ਕੈਮੀਕਲਾਂ ਦੇ ਸਹਾਰੇ ਹੀ ਤਿਆਰ ਕੀਤਾ ਜਾ ਰਿਹਾ ਹੈ। ਇੱਕ ਅੰਦਾਜ਼ੇ ਮੁਤਾਬਿਕ ਪੰਜਾਬ ਵਿੱਚ ਰੋਜ਼ਾਨਾ 16 ਲੱਖ ਲੀਟਰ ਦੁੱਧ ਦੀ ਪੈਦਾਵਾਰ ਹੁੰਦੀ ਹੈ, ਪਰ ਲਾਗਤ 50 ਲੱਖ ਲੀਟਰ ਹੈ। ਹਰ ਕੋਈ ਸੋਚ ਸਕਦਾ ਹੈ ਕਿ ਇਹ ਬਾਕੀ ਦਾ 34 ਲੱਖ ਲੀਟਰ ਦੁੱਧ ਆਉਂਦਾ ਕਿੱਥੋਂ ਹੈ? ਇਹ ਸਾਰਾ ਦੁੱਧ ਨਕਲੀ ਅਤੇ ਘਾਤਕ ਕੈਮੀਕਲਾਂ ਤੋਂ ਹੀ ਤਿਆਰ ਹੁੰਦਾ ਹੈ। ਪਨੀਰ ਮਠਿਆਈਆਂ ਅਤੇ ਦਹੀਂ ਆਦਿ ਵਿੱਚ ਕੈਮੀਕਲਾਂ ਦਾ ਜ਼ਹਿਰ ਮਿਲਾਇਆ ਜਾਂਦਾ ਹੈ। ਮਨੁੱਖੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਨੱਥ ਪਾਉਣ ਵਿੱਚ ਜਿੱਥੇ ਸਮੇਂ ਦੀਆਂ ਸਰਕਾਰਾਂ ਫੇਲ ਸਾਬਤ ਹੋਈਆਂ ਹਨ, ਉੱਥੇ ਹੀ ਸਿਹਤ ਵਿਭਾਗ ਵੀ ਇਸ ਪ੍ਰਤੀ ਸੰਜੀਦਗੀ ਨਹੀਂ ਵਿਖਾ ਰਿਹਾ।

ਸਰਦੀਆਂ ਦੇ ਮੌਸਮ ਵਿੱਚ ਤਿਉਹਾਰਾਂ ਦੇ ਸਮੇਂ ਸਿੰਥੈਟਿਕ ਦੁੱਧ, ਪਨੀਰ ਅਤੇ ਦੇਸੀ ਘਿਓ ਦੀ ਵਿਕਰੀ ਵੀ ਬਿਨਾਂ ਰੋਕ ਟੋਕ ਜਾਰੀ ਹੈ, ਜਿਸ ਨੂੰ ਨਕੇਲ ਪਾਉਣ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਕੋਈ ਠੋਸ ਕਦਮ ਨਹੀਂ ਚੁੱਕ ਰਿਹਾ। ਜਿੱਥੇ ਸਿਹਤ ਵਿਭਾਗ ਦਾ ਫਰਜ਼ ਬਣਦਾ ਹੈ ਕਿ ਮਨੁੱਖੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਵਿਰੁੱਧ ਸ਼ਿਕੰਜਾ ਕੱਸੇ, ਉੱਥੇ ਹੀ ਸਰਕਾਰਾਂ ਨੂੰ ਸਖਤ ਕਾਨੂੰਨ ਬਣਾਉਣੇ ਚਾਹੀਦੇ ਹਨ। ਕੈਮੀਕਲਾਂ ਤੋਂ ਤਿਆਰ ਕੀਤਾ ਨਕਲੀ ਦੁੱਧ ਖ਼ਾਸ ਤੌਰ ’ਤੇ ਬੱਚਿਆਂ ਵਿੱਚ ਭਿਆਨਕ ਬਿਮਾਰੀਆਂ ਦਾ ਬੜਾ ਵੱਡਾ ਕਾਰਨ ਹੈ। ਅੱਜ ਬਜ਼ਾਰ ਵਿੱਚੋਂ ਮਿਲਣ ਵਾਲਾ ਦੁੱਧ ਜ਼ਹਿਰ ਹੋ ਗਿਆ ਹੈ। ਇਹ ਸਧਾਰਨ ਮਿਲਾਵਟ ਨਹੀਂ, ਦੁੱਧ ਰਾਹੀਂ ਮੌਤ ਵੇਚ ਰਹੇ ਨੇ ਇਹ ਹਟਵਾਣੀਏਂ। ਇਹ ਵਰਤਾਰਾ ਰੋਕਣ ਲਈ ਸਖਤ ਨਹੀਂ, ਬਹੁਤ ਹੀ ਸਖ਼ਤ ਕਾਨੂੰਨ ਬਣਾਏ ਜਾਣ ਦੀ ਲੋੜ ਹੈ, ਜਿਸ ਨਾਲ ਮਨੁੱਖੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਸਲਾਖਾਂ ਪਿੱਛੇ ਤਾੜਿਆ ਜਾਵੇ।

 

ਕਸ਼ਮੀਰ ਸਿੰਘ ਕਾਦੀਆਂ