ਵੱਡੇ ਘੱਲੂਘਾਰੇ ਨੂੰ ਯਾਦ ਕਰਦਿਆਂ 

ਵੱਡੇ ਘੱਲੂਘਾਰੇ ਨੂੰ ਯਾਦ ਕਰਦਿਆਂ 

ਸਿੱਖ ਇਤਿਹਾਸ ਵਿੱਚ ਘੱਲੂਘਾਰਾ ਸ਼ਬਦ ਬਹੁਤ ਜ਼ਿਆਦਾ ਕਤਲੇਆਮ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ।

ਛੋਟੇ, ਵੱਡੇ ਘੱਲੂਘਾਰਿਆਂ ਦਾ ਸਿੱਖਾਂ ਦੇ ਨਾਲ ਸਦਾ ਵਾਹ ਵਾਸਤਾ ਰਿਹਾ ਹੈ। ਜਦੋਂ ਵੀ ਸਿੱਖਾਂ ਨੇ ਗੁਰੂ ਸਾਹਿਬ ਜੀ ਦੁਆਰਾ ਦਿੱਤੀ ਸਿੱਖਿਆ ਮੁਤਾਬਿਕ ਸਰਬੱਤ ਦੇ ਭਲੇ ਲਈ ਸਾਰੀ ਲੋਕਾਈ ਦੀ ਧਿਰ ਬਣਕੇ ਸੰਘਰਸ਼ ਕੀਤਾ, ਤਦ ਹੀ ਉਨ੍ਹਾਂ ਨੂੰ ਘੱਲੂਘਾਰਿਆਂ ਵਿਚੋਂ ਦੀ ਲੰਘਣਾ ਪਿਆ। ਵੀਹਵੀਂ ਸਦੀ ਦੇ ਅਖੀਰਲੇ ਸਾਲਾਂ ਵਿੱਚ ਵੀ ਸਿੱਖਾਂ ਨੇ ਅਜਿਹੇ ਹੀ ਘੱਲੂਘਾਰੇ ਨੂੰ ਹੱਡੀ ਹੰਢਾਇਆ ਹੈ, ਜਿਸ ਵਿੱਚ ਸਿੱਖਾਂ ਦੇ ਨੌਜਵਾਨ, ਬੱਚੇ, ਬੁੱਢਿਆਂ, ਬੀਬੀਆਂ ਸਭ ਨੂੰ ਜਾਨ ਦਾ ਖ਼ਤਰਾ ਉਨ੍ਹਾਂ ਦੀ ਸਿੱਖ ਪਛਾਣ ਕਰਕੇ ਖੜਾ ਹੋਇਆ ਅਤੇ ਹਜ਼ਾਰਾਂ ਹੀ ਸਿੱਖਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। 

ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਹਰ ਇੱਕ ਪ੍ਰਾਣੀ ਨੂੰ ਅਕਾਲ ਪੁਰਖ ਨਾਲ ਜੁੜਨ, ਇੱਕ ਦੂਸਰੇ ਨਾਲ ਨਿਆਂ ਬਰਾਬਰੀ ਨਾਲ ਵਿਚਰਣ ਦਾ ਉਪਦੇਸ਼ ਦ੍ਰਿੜ ਕਰਵਾਇਆ। ਗੁਰੂ ਸਾਹਿਬਾਨ ਦੁਆਰਾ ਸੰਕਲਪਿਤ ਜਗਤ ਦੀ ਸਿਰਜਣਾ ਲਈ ਜ਼ਰੂਰੀ ਸੀ ਕਿ ਸਿੱਖ ਪਹਿਲਾਂ ਉਸ ਤਰ੍ਹਾਂ ਦਾ ਸਮਾਜ ਬਣਾਉਣ ਅਤੇ ਉਸਤੋਂ ਵੀ ਅਗਾਂਹ ਜਾ ਕੇ ਹੋਰਨਾਂ ਸਮਾਜਾਂ ਵਿੱਚ ਵੀ ਇਹਨਾਂ ਉਪਦੇਸ਼ਾਂ ਨੂੰ ਲਾਗੂ ਕਰਵਾਉਣ। ਪਰ ਸਰਬੱਤ ਦੇ ਭਲੇ ਵਾਲੇ ਇਸ ਬਰਾਬਰਤਾ ਦੇ ਰਾਹ ਵਿੱਚ ਰਾਜਨੀਤਕ ਅੜਿੱਕੇ ਸਨ, ਸਰਬੱਤ ਦੇ ਭਲੇ ਲਈ ਨਿਸ਼ਕਾਮ ਭਾਵਨਾ ਤਹਿਤ ਸਿੱਖ ਲਗਾਤਾਰ ਛੇਵੇਂ ਪਾਤਸ਼ਾਹ ਜੀ ਦੇ ਵੇਲੇ ਤੋਂ ਹੀ ਸੰਘਰਸ਼ ਵਿੱਚ ਸਨ, ਦਸਵੇਂ ਪਾਤਸਾਹ ਜੀ ਦੇ ਸਮੇਂ ਅਤੇ ਉਨ੍ਹਾਂ ਤੋਂ ਬਾਅਦ ਇਹ ਸੰਘਰਸ਼ ਪੂਰੇ ਜ਼ੋਰ ਨਾਲ ਮਘਿਆ, ਜਿਵੇਂ ਜਿਵੇਂ ਕਾਬਜ਼ ਮੁਗਲ ਹਕੂਮਤ ਨੇ ਇਸ ਸੰਘਰਸ਼ ਦਾ ਸੇਕ ਮਹਿਸੂਸ ਕੀਤਾ ਤਾਂ ਉਨ੍ਹਾਂ ਨੇ ਜ਼ੁਲਮਾਂ ਦੀ ਹਨੇਰੀ ਲਿਆ ਦਿੱਤੀ ਅਤੇ ਇਸ ਸੰਘਰਸ਼ ਨੂੰ ਕੁਚਲਣ ਦੀ ਬਹੁਤ ਕੋਸ਼ਿਸ ਕੀਤੀ। ਮੁਗਲਾਂ ਦੀ ਸ਼ਕਤੀ ਢਿੱਲੀ ਪੈਂਦਿਆਂ ਹੀ ਪੰਜਾਬ ਵਿੱਚੋਂ ਦੀ ਲਾਂਘਾ ਲੈਂਦਿਆਂ ਹਿੰਦੁਸਤਾਨ ਤੇ ਅਫਗਾਨਿਤਾਨ ਦੇ ਬਾਦਸ਼ਾਹ ਅਹਿਮਦ ਸ਼ਾਹ ਨੇ ਹਮਲੇ ਸ਼ੁਰੂ ਕਰ ਦਿੱਤੇ। ਹਿੰਦੁਸਤਾਨ ਦੇ ਲੋਕਾਂ ਦਾ ਕਤਲੇਆਮ, ਲੁੱਟ ਖੋਹ ਅਤੇ ਉਨ੍ਹਾਂ ਦੀ ਇੱਜ਼ਤ ਉਨ੍ਹਾਂ ਦੀਆਂ ਔਰਤਾਂ ਨੂੰ ਵੀ ਵਾਪਸ ਮੁੜਦਿਆਂ ਨਾਲ ਲਿਜਾਣਾ ਸ਼ੁਰੂ ਕਰ ਦਿੱਤਾ। ਗੁਰੂ ਸਾਹਿਬ ਵਲੋਂ ਸੌਂਪੇ ਗਏ, ਲੋਕਾਈ ਦੇ ਦੁੱਖ ਹਰਨ ਦੇ ਅਕਾਲੀ ਫਰਜ਼ ਨੂੰ ਚੇਤੇ ਕਰਦਿਆਂ ਸਿੱਖਾਂ ਨੇ ਰਣਨੀਤੀ ਤਹਿਤ ਅਬਦਾਲੀ ਦੀਆਂ ਜੇਤੂ ਫ਼ੌਜਾਂ ਨੂੰ ਪੰਜਾਬ ਦੇ ਰਸਤੇ ਵਿੱਚ ਤੰਗ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਵਲੋਂ ਲੁੱਟ ਵਿੱਚ ਲਿਆਂਦੀਆਂ ਹਿੰਦੁਸਤਾਨ ਦੀਆਂ ਇਜ਼ਤਾਂ ਨੂੰ ਖੋਹ ਕੇ ਵਾਪਸ ਘਰੋਂ ਘਰੀਂ ਤੋਰ ਦਿੱਤਾ। ਦੂਸਰਾ ਸਿੱਖ ਪੰਜਾਬ ਨੂੰ ਆਪਣੀ ਮਲਕੀਅਤ ਸਮਝਦੇ ਸਨ ਅਤੇ ਪੰਜਾਬ ਵਿੱਚ ਸਿੱਖਾਂ ਦੀ ਮਰਜ਼ੀ ਤੋਂ ਬਿਨਾਂ ਫੌਜ ਲੈਕੇ ਖ਼ਲਕਤ ਉਪਰ ਜ਼ੁਲਮ ਕਰਦੇ ਫਿਰ ਰਹੇ ਅਬਦਾਲੀ ਨੂੰ ਸਿੱਖ ਬਿਨਾਂ ਸਜ਼ਾ ਤੋਂ ਪੰਜਾਬ ਤੋਂ ਬਾਹਰ ਨਿਕਲਣ ਨਹੀਂ ਦਿੰਦੇ ਸਨ। ਇਹ ਸਮਾਂ ਢੁਕਵਾਂ ਵੇਖਕੇ ਪੰਜਾਬ ਵਿੱਚ ਸਿੱਖ ਅਪਣਾ ਰਾਜ ਕਾਇਮ ਕਰ ਰਹੇ ਸਨ, ਅਬਦਾਲੀ ਵੀ ਹਿੰਦੁਸਤਾਨ ਨੂੰ ਆਪਣੀ ਬਸਤੀ ਬਣਾਉਣ ਅਤੇ ਪੰਜਾਬ ਨੂੰ ਅਫਗਾਨਿਸਤਾਨ ਨਾਲ ਜੋੜਨ ਲਈ ਹਰ ਸੰਭਵ ਯਤਨ ਕਰ ਰਿਹਾ ਸੀ। ਪੰਜਵੇਂ ਹਮਲੇ ਸਮੇਂ ਅਬਦਾਲੀ ਨੇ ਪਾਣੀਪਤ ਵਿੱਚ ਮਰੱਟਿਆ ਦਾ ਲੱਕ ਤੋੜ ਦਿੱਤਾ। ਹੁਣ ਅਗਲੇ ਹਮਲੇ ਨਾਲ ਪੰਜਾਬ ਨੂੰ ਅਫਗਾਨਿਸਤਾਨ ਨਾਲ ਜੋੜਨ ਦੀ ਤਿਆਰੀ ਨਾਲ ਅਬਦਾਲੀ ਨੇ ਪੰਜਾਬ 'ਤੇ ਹਮਲਾ ਕੀਤਾ, ਜਿਸ ਵਿੱਚ ਵੱਡੀ ਚੁਣੌਤੀ ਸਰਹਿੰਦ ਅਤੇ ਲਾਹੌਰ ਦੀਆਂ ਮੁਗਲ ਸਟੇਟਾਂ ਨਹੀਂ ਬਲਕਿ ਪੰਜਾਬ ਦੇ ਸਿੱਖ ਸਨ। 

ਸਿੱਖਾਂ ਨੂੰ 5 ਫਰਵਰੀ 1762 ਨੂੰ ਕੁੱਪ-ਰੁਹੀੜੇ ਦੇ ਇਲਾਕੇ ਵਿੱਚ ਅਹਿਮਦ ਸ਼ਾਹ ਅਬਦਾਲੀ ਅਤੇ ਪੰਜਾਬ ਵਿਚਲੀਆਂ ਉਸਦੀਆਂ ਸਹਾਇਕ ਰਿਆਸਤਾਂ ਦੀਆਂ ਫ਼ੌਜਾਂ ਨੇ ਸਵੇਰੇ ਸੁਵਖਤੇ ਹੀ ਘੇਰਾ ਪਾ ਲਿਆ। ਸਿੱਖਾਂ ਨੂੰ ਅਬਦਾਲੀ ਦੇ ਇਸ ਹਮਲੇ ਦੀ ਪਹਿਲਾਂ ਤੋਂ ਕਨਸੋਅ ਸੀ, ਸਿੱਖਾਂ ਦੀ ਫੌਜ ਨਾਲ ਉਨ੍ਹਾਂ ਦੇ ਪਰਿਵਾਰ, ਬੱਚੇ, ਬੁੱਢੇ ਅਤੇ ਬੀਬੀਆਂ ਸਨ, ਜਿਨ੍ਹਾਂ ਨੂੰ ਸੁਰੱਖਿਅਤ ਥਾਂ ਤੇ ਛੱਡਣ ਲਈ ਸਿੱਖ ਮਲੇਰਕੋਟਲੇ ਨੇੜੇ ਆਰਾਮ ਲਈ ਰੁਕੇ ਹੋਏ ਸਨ। ਅਬਦਾਲੀ ਦੁਆਰਾ ਆਪਣੀਆਂ ਫ਼ੌਜਾਂ ਅਤੇ ਮਸ਼ੀਨਰੀ ਨਾਲ ਲਾਹੌਰ ਤੋਂ ਮਲੇਰਕੋਟਲੇ ਦੀ ਵਾਟ ਬਹੁਤੀ ਛੇਤੀ ਮੁਕਾ ਦੇਣ ਨਾਲ ਵੀ ਅਬਦਾਲੀ ਨੇ ਸਿੱਖਾਂ ਨੂੰ ਅਚਨਚੇਤ ਘੇਰਾ ਪਾ ਲਿਆ। ਪਰਿਵਾਰ ਨਾਲ ਹੋਣ ਕਰਕੇ ਭਾਵੇਂ ਸਿੱਖ ਦਲੇਰੀ ਅਤੇ ਜਾਨਾਂ ਹੂਲ ਕੇ ਸਾਰਾ ਦਿਨ ਲੜਦੇ ਅਤੇ ਅੱਗੇ ਵੀ ਵਧਦੇ ਗਏ, ਤਾਂ ਵੀ ਅਬਦਾਲੀ ਨੇ ਤਕਰੀਬਨ 30000 ਸਿੰਘ/ਸਿੰਘਣੀਆਂ ਨੂੰ ਸ਼ਹੀਦ ਕਰ ਦਿੱਤਾ।  

ਇਹ ਇਤਿਹਾਸ ਦਾ ਇਕੋ ਇਕ ਦਿਨ ਸੀ, ਜਿਸ ਵਿੱਚ ਇਕੱਠੇ ਹੀ ਅੱਧੀ ਕੌਮ ਦਾ ਕਤਲੇਆਮ ਹੋ ਗਿਆ ਸੀ। ਦੁਨਿਆਵੀ ਪੱਖ ਤੋਂ ਏਨਾ ਘਾਟਾ ਝੱਲ ਕੇ ਕੋਈ ਕੌਮ ਇਸ ਨਿਰਾਸ਼ਤਾ ਵਿਚੋਂ ਬਾਹਰ ਨਾ ਆ ਸਕਦੀ ਅਤੇ ਨਾ ਹੀ ਅਬਦਾਲੀ ਨਾਲ ਦੁਬਾਰਾ ਤੋਂ ਝਗੜਾ ਲੈਣ ਬਾਰੇ ਸੋਚ ਸਕਦੀ ਸੀ। ਪਰ ਸਿੱਖਾਂ ਦੀ ਅਵਸਥਾ ਦਾ ਓਸੇ ਸ਼ਾਮ ਇਕ ਨਿਹੰਗ ਸਿੰਘ ਦੇ ਬੋਲਾਂ ਤੋਂ ਸਹਿਜੇ ਹੀ ਪਤਾ ਚੱਲ ਜਾਂਦਾ ਹੈ ਹੈ ਜਦੋਂ ਸਿੰਘ ਉੱਚੀ-ਉੱਚੀ ਕਹਿ ਰਿਹਾ ਸੀ….  ਤੱਤ ਖਾਲਸੋ ਸੋ ਰਹਯੋ,  ਗਯੋ ਸੋ ਖੋਟ ਗਵਾਇ

ਭਾਵ, ਖਾਲਸਾ ਜਿਉਂ ਦਾ ਤਿਉਂ ਅਡੋਲ ਹੈ ਮੋਹ ਮਾਇਆ ਦੀ ਨਾਸਵਾਨ ਮੂਰਤ ਜੋ ਸੀ ਉਹ ਅਲੋਪ ਹੋ ਗਈ ਹੈ।

ਇਹ ਹੈ ਚੜ੍ਹਦੀਕਲਾ, ਗੁਰੂ ਦੇ ਭਾਣੇ ਵਿੱਚ ਤੇ ਸਦਾ ਸ਼ੁਕਰ ਵਿੱਚ ਰਹਿਣ ਦੀ ਅਵਸਥਾ। ਇਸੇ ਸਦਕਾ ਇੰਨਾ ਵੱਡਾ ਘੱਲੂਘਾਰਾ ਵੀ ਸਿੱਖਾਂ ਨੂੰ ਡੁਲਾ ਨਾ ਸਕਿਆ ਤੇ ਉਸ ਤੋਂ ਬਾਅਦ ਵੀ ਸਿੱਖਾਂ ਨੇ ਕੋਈ ਸਮਝੌਤਾ ਨਹੀਂ ਕੀਤਾ ਬਲਕਿ ਜੰਗ ਕੀਤੀ। ਹੁਣ ਵੀ ਸਿੱਖ ਪਿਛਲੇ 50 ਸਾਲਾਂ ਤੋਂ ਕਈ ਕਤਲੇਆਮਾਂ ਵਿਚੋਂ ਲੰਘ ਚੁੱਕੇ ਸਨ। ਗੁਰੂ ਭਾਣੇ ਅੰਦਰ ਓਹ ਡੋਲੇ ਨਹੀਂ ਅਤੇ ਇਸ ਅਗੰਮੀ ਖੇਡ ਨੂੰ ਭਾਣਾ ਸਮਝ ਕੇ ਹੱਸ ਸਹਿ ਲਿਆ। ਸਿੱਖੀ ਦੀ ਓਟ ਗੁਰੂ ਉੱਤੇ ਹੋਣ ਕਰਕੇ ਸਿੱਖ ਅਜਿਹੇ ਮਨੋਵਿਗਿਆਨਿਕ ਹਮਲਿਆਂ ਵਿੱਚੋਂ ਨਿਕਲ ਆਉਂਦੇ ਹਨ। ਜੇ ਕੋਈ ਹੋਰ ਦੁਨਿਆਵੀ ਕਦਰਾਂ ਕੀਮਤਾਂ ਉੱਤੇ ਅਧਾਰਿਤ ਸਭਿਆਚਾਰ ਹੁੰਦਾ ਤਾਂ ਓਹਦੇ ਤੋਂ ਅਜਿਹੇ ਹਮਲੇ ਝੱਲ ਨਹੀਂ ਸੀ ਹੋਣੇ, ਬਾਕੀਆਂ ਨਾਲੋਂ ਸਿੱਖਾਂ ਦਾ ਫਰਕ ਇਹੀ ਹੈ। ਅਜਿਹੇ ਘੱਲੂਘਾਰਿਆਂ ਨੂੰ ਰੋਣ ਜਾਂ ਤਾਹਨੇ ਮਿਹਣੇ ਵਜੋਂ ਨਾ ਯਾਦ ਕਰਿਆ ਕਰੀਏ ਸਗੋਂ ਇਹਨਾਂ ਸੂਰਜਾਂ ਵਿਚੋਂ ਰੌਸ਼ਨੀ ਲੈ ਕੇ ਭਵਿੱਖ ਦੀਆਂ ਜੰਗਾਂ ਲਈ ਆਪਣੇ ਆਪ ਨੂੰ ਤਿਆਰ ਕਰੀਏ। ਮਹਾਰਾਜ ਕਿਰਪਾ ਕਰਨਗੇ, ਜਦੋਂ ਜਦੋਂ ਸਿੱਖ ਗੁਰੂ ਨੂੰ ਮਹਿਸੂਸ ਕਰੇਗਾ ਉਹ ਅਜਿਹੇ ਕਰੋੜਾਂ ਘੱਲੂਘਾਰੇ ਝੱਲੇਗਾ ਅਤੇ ਇਹਨਾਂ ਵਿੱਚੋਂ ਨਿੱਖਰ ਕੇ ਬਾਹਰ ਆਏਗਾ।  

 

ਸੰਪਾਦਕ