ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਹੋਈ ਗੋਲੀਬਾਰੀ ਵਿੱਚ ਇਕ ਬੱਚੀ ਦੀ ਮੌਤ ਤੇ 7 ਜਖਮੀ
ਜਖਮੀਆਂ ਵਿਚੋਂ 2 ਬੱਚਿਆਂ ਦੀ ਹਾਲਤ ਗੰਭੀਰ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਸ਼ਿਕਾਗੋ (ਇਲੀਨੋਇਸ) ਵਿਚ ਇਕ ਪਰਿਵਾਰਕ ਸਮਾਗਮ ਦੌਰਾਨ ਬਾਹਰ ਖੜੇ ਬੱਚਿਆਂ ਉਪਰ ਚਲਾਈਆਂ ਗੋਲੀਆਂ ਦੇ ਸਿੱਟੇ ਵਜੋਂ ਇਕ 8 ਸਾਲਾ ਲੜਕੀ ਦੀ ਮੌਤ ਹੋਣ ਤੇ 7 ਹੋਰਨਾਂ ਦੇ ਜਖਮੀ ਹੋਣ ਦੀ ਖਬਰ ਹੈ। ਜਖਮੀਆਂ ਵਿਚ ਇਕ ਤੇ ਸੱਤ ਸਾਲ ਦੇ ਦੋ ਲੜਕੇ ਵੀ ਸ਼ਾਮਿਲ ਹਨ । ਪੁਲਿਸ ਅਨੁਸਾਰ ਲੜਕੀ ਜਿਸ ਦੇ ਸਿਰ ਵਿਚ ਗੋਲੀ ਵੱਜੀ ਸੀ, ਮੌਕੇ ਉਪਰ ਹੀ ਦਮ ਤੋੜ ਗਈ। ਸ਼ਿਕਾਗੋ ਪੁਲਿਸ ਡਿਪਟੀ ਚੀਫ ਡਾਨ ਜਰੋਮ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਇਕ ਤੇ ਸੱਤ ਸਾਲ ਦੇ ਲੜਕਿਆਂ ਦੇ ਇਕ ਤੋਂ ਵਧ ਗੋਲੀਆਂ ਵੱਜੀਆਂ ਹਨ ਜਿਨਾਂ ਦੀ ਹਾਲਤ ਗੰਭੀਰ ਹੈ। ਬਾਕੀ 5 ਜਖਮੀਆਂ ਵਿਚ 19 ਤੋਂ 40 ਸਾਲਾਂ ਦੇ ਵਿਅਕਤੀ ਸ਼ਾਮਿਲ ਹਨ ਜਿਨਾਂ ਨੂੰ ਸਥਾਨਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜਰੋਮ ਨੇ ਕਿਹਾ ਹੈ ਕਿ ਇਹ ਅਚਾਨਕ ਵਾਪਰੀ ਘਟਨਾ ਨਹੀਂ ਹੈ। ਉਨਾਂ ਕਿਹਾ ਕਿ ਘਟਨਾ ਦਾ ਕਾਰਨ ਸਪੱਸ਼ਟ ਨਹੀਂ ਹੈ ਪਰੰਤੂ ਇਸ ਵਿਚ 3 ਨਿਰਦੋਸ਼ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜਿਨਾਂ ਵਿਚੋਂ ਇਕ ਦੀ ਮੌਤ ਹੋ ਗਈ ਹੈ। ਉਨਾਂ ਕਿਹਾ ਕਿ ਮੌਕੇ ਦੇ ਗਵਾਹਾਂ ਅਨੁਸਾਰ 2 ਸ਼ੂਟਰ ਪੈਦਲ ਹੀ ਆਏ ਸਨ। ਅਜੇ ਤੱਕ ਸ਼ੱਕੀ ਹਮਲਾਵਰਾਂ ਦੀ ਪਛਾਣ ਨਹੀਂ ਹੋਈ ਤੇ ਨਾ ਹੀ ਕਿਸੇ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਪੁਲਿਸ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਵੀ ਘਟਨਾ ਸਬੰਧੀ ਕੋਈ ਜਾਣਕਾਰੀ ਹੈ ਤਾਂ ਉਹ ਪੁਲਿਸ ਨਾਲ ਸੰਪਰਕ ਕਰੇ।
Comments (0)