ਕੈਨੇਡਾ ਵਿਚ ਗਾਇਕ  ਗਿੱਪੀ ਗਰੇਵਾਲ ਦੇ ਬੰਗਲੇ 'ਤੇ  ਚਲੀ ਗੋਲੀ

ਕੈਨੇਡਾ ਵਿਚ ਗਾਇਕ  ਗਿੱਪੀ ਗਰੇਵਾਲ ਦੇ ਬੰਗਲੇ 'ਤੇ  ਚਲੀ ਗੋਲੀ

ਲਾਰੈਂਸ ਬਿਸ਼ਨੋਈ ਨੇ ਲਈ ਜ਼ਿੰਮੇਵਾਰੀ,ਮਿਊਜ਼ਿਕ ਸਨਅਤ  ਚਿੰਤਾ ਵਿਚ

ਅੰਮ੍ਰਿਤਸਰ ਟਾਈਮਜ਼ ਬਿਊਰੋ

ਓਟਾਵਾ- ਬੀਤੇ ਦਿਨੀਂ ਵੈਨਕੂਵਰ ਵਾਈਟ ਰਾਕ ਇਲਾਕੇ ਵਿਚ ਪੰਜਾਬੀ ਗਾਇਕ ਗਿੱਪੀ ਗਰੇਵਾਲ ਦੇ ਬੰਗਲੇ  'ਤੇ ਗੋਲੀਬਾਰੀ ਕੀਤੀ ਗਈ ਸੀ ਅਤੇ ਇਸ ਦੀ ਜਿੰਮੇਵਾਰੀ ਲਾਰੈਂਸ ਗਰੁੱਪ ਨੇ ਲਈ ਸੀ । ਲਾਰੈਂਸ ਬਿਸ਼ਨੋਈ ਨੇ ਫੇਸਬੁੱਕ 'ਤੇ ਇਕ ਪੋਸਟ ਦੇ ਜ਼ਰੀਏ ਦਾਅਵਾ ਕੀਤਾ ਹੈ ਕਿ ਇਹ ਗੋਲੀਬਾਰੀ ਉਸ ਨੇ ਕਰਵਾਈ ਹੈ ।   ਉਸ ਨੇ ਅੱਗੇ ਲਿਖਿਆ, ਸਲਮਾਨ ਖ਼ਾਨ ਨੂੰ ਬਹੁਤ ਭਾਈ ਭਾਈ ਕਰਦਾ ਹੈ ਤੂੰ, ਬੋਲ ਹੁਣ ਤੈਨੂੰ ਬਚਾਏ ਤੇਰਾ ਭਾਈ ਅਤੇ ਸਲਮਾਨ ਖਾਨ ਨੂੰ ਵੀ ਮੈਸੇਜ ਹੈ ਕਿ ਦਾਊਦ ਤੁਹਾਡੀ ਮਦਦ ਕਰ ਦੇਵੇਗਾ, ਕੋਈ ਨਹੀਂ ਬਚਾ ਸਕਦਾ ਤੁਹਾਨੂੰ ਸਾਡੇ ਤੋਂ । ਸਿੱਧੂ ਮੂਸੇਵਾਲਾ ਦੇ ਮਰਨ 'ਤੇ ਬਹੁਤ ਓਵਰ ਐਕਟਿੰਗ ਕੀਤੀ ਹੈ ਤੁਸੀਂ, ਤੁਹਾਨੂੰ ਸਭ ਪਤਾ ਹੈ ਕਿ ਕਿੰਨਾ ਹੰਕਾਰੀ ਬੰਦਾ ਸੀ, ਇਸ ਦੇ ਕਿਸ ਕਿਸ ਤਰ੍ਹਾਂ ਦੇ ਬੰਦਿਆਂ ਨਾਲ ਸੰਪਰਕ ਸੀ ।ਬਿਸ਼ਨੋਈ ਨੇ ਕਿਹਾ, ਜਦ ਤੱਕ ਵਿੱਕੀ ਮਿੱਡੂਖੇੜਾ ਜਿਊ ਰਿਹਾ ਸੀ, ਤੁਸੀਂ ਅੱਗੇ ਪਿੱਛੇ ਫਿਰਦੇ ਸੀ, ਬਾਅਦ ਵਿਚ ਸਿੱਧੂ ਦਾ ਜ਼ਿਆਦਾ ਦੁੱਖ ਹੋ ਗਿਆ ਤੈਨੂੰ । ਰਡਾਰ 'ਤੇ ਆ ਗਿਆ ਤੂੰ ਵੀ ।ਹੁਣ ਦੱਸਦੇ ਹਾਂ ਤੁਹਾਨੂੰ, ਇਹ ਟ੍ਰੇਲਰ ਦਿਖਾਇਆ ਹੈ, ਹੁਣ ਫਿਲਮ ਜਲਦ ਰਿਲੀਜ਼ ਹੋਵੇਗੀ ।ਕਿਸੇ ਵੀ ਦੇਸ਼ ਵਿਚ ਦੌੜ ਜਾਓ, ਯਾਦ ਰੱਖਣਾ ਮੌਤ ਨੂੰ ਕਿਸੇ ਜਗ੍ਹਾ ਵੀਜ਼ਾ ਨਹੀਂ ਲੈਣਾ ਪੈਂਦਾ । ਜ਼ਿਕਰਯੋਗ ਹੈ ਕਿ ਗਿੱਪੀ ਗਰੇਵਾਲ ਨੂੰ ਪਹਿਲਾਂ ਵੀ ਗੈਂਗਸਟਰ ਤੋਂ ਧਮਕੀਆਂ ਮਿਲ ਚੁੱਕੀਆਂ ਹਨ, ਜਿਸ ਤੋਂ ਬਾਅਦ ਉਸ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਸੀ, ਉਹ ਫਿਲਹਾਲ ਕੈਨੇਡਾ ਵਿਚ ਹੈ ।

 

 

ਮਿਊਜ਼ਿਕ ਸਨਅਤ ਵਿੱਚ ਚਿੰਤਾ ਵਧੀ

 

ਇਸ ਘਟਨਾ ਦੇ ਬਾਅਦ ਮਿਊਜ਼ਿਕ ਸਨਅਤ ਵਿੱਚ ਚਿੰਤਾ ਵੱਧ ਗਈ ਹੈ,ਸਾਰੇ ਸਦਮੇ ਵਿੱਚ ਆ ਗਏ ਹਨ। ਗਿੱਪੀ ਦੇ ਫੈਨਸ ਅਤੇ ਮਿਊਜ਼ਿਕ ਸਨਅਤ ਨੂੰ ਗਿੱਪੀ ਗਰੇਵਾਲ ਦੀ ਸੁਰੱਖਿਆ ਦੀ ਚਿੰਤਾ ਹੋ ਗਈ ਹੈ। 

 

ਗਿਪੀ ਦੇ ਪ੍ਰੇਮੀਆਂ ਦਾ ਮੰਨਣਾ ਹੈ ਕਿ ਬਿਸ਼ਨੋਈ ਸਰਕਾਰੀ ਗੈਂਗਸਟਰ ਹੈ।ਉਸ ਰਾਹੀਂ ਪੰਜਾਬ ਤੇ ਕਿਸਾਨ ਵਿਰੋਧੀ ਤਾਕਤਾਂ ਘਟ ਗਿਣਤੀ ਕੌਮਾਂ ਦੇ ਕਲਾਕਾਰਾਂ ਨੂੰ ਡਰਾ ਰਹੀਆਂ ਹਨ।ਇਹ ਤਾਕਤਾਂ ਹੀ ਸਿਧੂ ਮੂਸੇਵਾਲ ਦੇ ਕਤਲ ਲਈ ਜ਼ਿੰਮੇਵਾਰ ਸਨ।ਹੁਣ ਗਿਪੀ ਗਰੇਵਾਲ ਨਿਸ਼ਾਨੇ ਉਪਰ ਹੈ ਤਾਂ ਜੋ ਉਸਦੀ ਪੰਜਾਬ ਪਖੀ ਅਵਾਜ਼ ਨੂੰ ਦਬਾਇਆ ਜਾ ਸਕੇ ਤੇ ਬਾਕੀ ਕਲਾਕਾਰਾਂ ਨੂੰ ਧਮਕਾਇਆ ਜਾ ਸਕੇ।