ਸਿੱਖਾਂ ਦੇ ਆਖਰੀ ਮਾਹਰਾਜੇ ਦਲੀਪ ਸਿੰਘ ਕੋਲੋਂ ਲਾਹੌਰ ਸੰਧੀ ਦੇ ਨਾਂ ਉਤੇ ਜ਼ਬਰਦਸਤੀ ਲਿਆ ਗਿਆ ਸੀ ਕੋਹਿਨੂਰ ਹੀਰਾ

ਸਿੱਖਾਂ ਦੇ ਆਖਰੀ ਮਾਹਰਾਜੇ ਦਲੀਪ ਸਿੰਘ ਕੋਲੋਂ ਲਾਹੌਰ ਸੰਧੀ ਦੇ ਨਾਂ ਉਤੇ ਜ਼ਬਰਦਸਤੀ ਲਿਆ ਗਿਆ ਸੀ ਕੋਹਿਨੂਰ ਹੀਰਾ

ਚੰਡੀਗੜ੍ਹ/ਬਿਊਰੋ ਨਿਊਜ਼ :
ਵਿਸ਼ਵ ਪ੍ਰਸਿੱਧ ਕੋਹਿਨੂਰ ਹੀਰਾ ਨਾ ਤਾਂ ਈਸਟ ਇੰਡੀਆ ਕੰਪਨੀ ਨੂੰ ਤੋਹਫੇ ਵਜੋਂ ਦਿੱਤਾ ਗਿਆ ਸੀ ਤੇ ਨਾ ਹੀ ਚੋਰੀ ਕੀਤਾ ਗਿਆ ਸੀ, ਬਲਕਿ ਲਾਹੌਰ ਦੇ ਮਹਾਰਾਜਾ ਦਲੀਪ ਸਿੰਘ ਨੂੰ ਦਬਾਅ ਹੇਠ ਇਹ ਹੀਰਾ ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਅੱਗੇ ਸਮਰਪਣ ਕਰਨਾ ਪਿਆ ਸੀ। ਇਹ ਖ਼ੁਲਾਸਾ ਭਾਰਤ ਦੇ ਪੁਰਾਤੱਤਵ ਸਰਵੇਖਣ ਵਿਭਾਗ ਵੱਲੋਂ ਇੱਕ ਆਰਟੀਆਈ ਦੇ ਜਵਾਬ ਵਿੱਚ ਕੀਤਾ ਗਿਆ ਹੈ।
ਲਾਹੌਰ ਸੰਧੀ ਤਹਿਤ ਦੇਣਾ ਪਿਆ ਕੋਹਿਨੂਰ : ਇੱਕ ਅੰਗਰੇਜ਼ੀ ਅਖ਼ਬਾਰ ਦੀ ਰਿਪੋਰਟ ਮੁਤਾਬਕ, ਵਿਭਾਗ ਨੇ ਆਰਟੀਆਈ ਦੇ ਜਵਾਬ ਵਿਚ ਲਾਹੌਰ ਸੰਧੀ ਦਾ ਜ਼ਿਕਰ ਕੀਤਾ। ਇਸ ਵਿੱਚ ਦੱਸਿਆ ਗਿਆ ਹੈ ਕਿ ਸੰਨ 1849 ਵਿੱਚ ਈਸਟ ਇੰਡੀਆ ਕੰਪਨੀ ਦੇ ਲਾਰਡ ਡਲਹੌਜ਼ੀ ਤੇ ਮਹਾਰਾਜਾ ਦਲੀਪ ਸਿੰਘ ਵਿਚਾਲੇ ਇੱਕ ਸਮਝੌਤਾ ਹੋਇਆ ਸੀ। ਇਸ ਵਿੱਚ ਮਹਾਰਾਜੇ ਨੂੰ ਕੋਹਿਨੂਰ ਸਮਰਪਣ ਕਰਨ ਲਈ ਕਿਹਾ ਗਿਆ ਸੀ। ਏਐਸਆਈ ਨੇ ਸਪਸ਼ਟ ਕੀਤਾ ਹੈ ਕਿ ਸੰਧੀ ਦੌਰਾਨ ਦਲੀਪ ਸਿੰਘ (ਜੋ ਉਸ ਵੇਲੇ ਸਿਰਫ ਨੌਂ ਸਾਲ ਦੀ ਉਮਰ ਦੇ ਸਨ) ਨੇ ਆਪਣੀ ਮਰਜ਼ੀ ਨਾਲ ਮਹਾਰਾਣੀ ਨੂੰ ਕੋਹਿਨੂਰ ਹੀਰਾ ਪੇਸ਼ ਨਹੀਂ ਕੀਤਾ, ਬਲਕਿ ਉਸ ਕੋਲੋਂ ਜ਼ਬਰਦਸਤੀ ਲਿਆ ਗਿਆ ਸੀ।
ਸਰਕਾਰੀ ਬਿਆਨਾਂ ਦੇ ਉਲਟ ਹੈ ਆਰਟੀਆਈ  ਦਾ ਜਵਾਬ : ਸੰਨ 2016 ਵਿੱਚ ਭਾਰਤ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਸੀ ਕਿ ਕੋਹਿਨੂਰ ਹੀਰਾ ਨਾ ਤਾਂ ਅੰਗਰੇਜ਼ਾਂ ਨੇ ਜ਼ਬਰਦਸਤੀ ਲਿਆ ਤੇ ਨਾ ਹੀ ਇਸ ਨੂੰ ਚੋਰੀ ਕੀਤਾ ਗਿਆ। ਸਰਕਾਰ ਨੇ ਕਿਹਾ ਸੀ ਕਿ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਦੇ ਵਾਰਸ ਨੇ ਐਂਗਲੋ-ਸਿੱਖ ਜੰਗ ਦੇ ਖ਼ਰਚ ਦੇ ਬਦਲੇ ਵਿੱਚ ‘ਸਵੈ-ਇੱਛਤ ਮੁਆਵਜ਼ੇ’ ਦੇ ਤੌਰ ‘ਤੇ ਅੰਗਰੇਜ਼ਾਂ ਨੂੰ ਕੋਹਿਨੂਰ ਪੇਸ਼ ਕੀਤਾ ਸੀ।
ਜ਼ਿਕਰਯੋਗ ਹੈ ਕਿ ਕੋਹਿਨੂਰ ਦੀ ਜਾਣਕਾਰੀ ਲਈ ਵਰਕਰ ਰੋਹਿਤ ਸਭਰਵਾਲ ਨੇ ਆਰਟੀਆਈ ਦਰਜ ਕੀਤੀ ਸੀ। ਉਨ੍ਹਾਂ ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਤੋਂ ਇਸ ਦਾ ਜਵਾਬ ਮੰਗਿਆ। ਆਰਟੀਆਈ ਵਿੱਚ ਪੁੱਛਿਆ ਗਿਆ ਸੀ ਕਿ ਕਿਸ ਆਧਾਰ ‘ਤੇ ਬ੍ਰਿਟੇਨ ਨੂੰ ਕੋਹਿਨੂਰ ਦਿੱਤਾ ਗਿਆ ਸੀ। ਪ੍ਰਧਾਨ ਮੰਤਰੀ ਦਫਤਰ ਨੇ ਇਹ ਅਰਜ਼ੀ ਭਾਰਤ ਦੀ ਪੁਰਾਤੱਤਵ ਸਰਵੇਖਣ ਵਿਭਾਗ ਨੂੰ ਭੇਜ ਦਿੱਤੀ ਸੀ।