ਸਿਆਸੀ ਹਿੱਤਾਂ ਲਈ ‘ਟੋਪੀ’ ਨੂੰ ‘ਸਿਰੋਪਾ’
ਨਰਿੰਦਰ ਮੋਦੀ ਦੇ ਦਰਬਾਰ ਸਾਹਿਬ ਆਉਣ ਉੱਤੇ
ਸ਼੍ਰੋਮਣੀ ਕਮੇਟੀ ਨੇ ਕੀਤੀ ਮਰਿਆਦਾ ਦੀ ਅਣਦੇਖੀ
ਦੇਸ਼-ਵਿਦੇਸ਼ ਦੇ ਸਿੱਖਾਂ ਵਲੋਂ ਕਰੜੀ ਨਿਖੇਧੀ
ਅੰਮ੍ਰਿਤਸਰ/ਨਰਿੰਦਰ ਪਾਲ ਸਿੰਘ:
ਏਸ਼ਿਆਈ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀ ਦੋ ਰੋਜ਼ਾ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਅੰਮ੍ਰਿਤਸਰ ਪੁੱਜੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ੍ਰੀ ਦਰਬਾਰ ਸਾਹਿਬ ਫੇਰੀ, ਸਿਰ ‘ਤੇ ਟੋਪੀ ਪਹਿਨੀ ਹੋਣ ‘ਤੇ ਸਿਰੋਪਾਉ ਦਿੱਤੇ ਜਾਣ ਕਾਰਨ ਚਰਚਾ ਦਾ ਵਿਸ਼ਾ ਬਣ ਗਈ ਹੈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨਾਲ ਸਬੰਧਤ ਸ਼੍ਰੋਮਣੀ ਕਮੇਟੀ ਕਾਰਜਕਾਰਨੀ ਮੈਂਬਰ ਸ. ਸੁਰਜੀਤ ਸਿੰਘ ਕਾਲਾਬੂਲਾ ਨੇ ਕਿਹਾ ਕਿ ਜੇਕਰ ਪੰਜਾਬ ਵਿੱਚ ਵੋਟਾਂ ਮੰਗਣ ਆਏ ਮੋਦੀ ਨੂੰ ਬਾਦਲਕੇ ਸਿਰ ‘ਤੇ ਬੰਨ੍ਹੀ ਹੋਈ ਪੱਗ ਰੱਖ ਸਕਦੇ ਹਨ ਤਾਂ ਫਿਰ ਦਰਬਾਰ ਸਾਹਿਬ ਫੇਰੀ ਦੌਰਾਨ ਸਿਰ ‘ਤੇ ਰੁਮਾਲ ਬੰਨਣ ਤੋਂ ਗੁਰੇਜ਼ ਕਿਉਂ ਕੀਤਾ ਗਿਆ?
ਮੋਦੀ ਦੀ ਦਰਬਾਰ ਸਾਹਿਬ ਆਮਦ ਮੌਕੇ ਸਾਦੀ ਵਰਦੀ ਵਿਚ ਪੁਲੀਸ ਵਾਲਿਆਂ ਦੀ ਭਾਰੀ ਮੌਜੂਦਗੀ ਨਾਲ ਵੀ ਸੰਗਤ ਨੂੰ ਡਾਢੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜ਼ਿਕਰਯੋਗ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਫਗਾਨਿਸਤਾਨ ਦੇ ਰਾਸ਼ਟਰਪਤੀ ਜਨਾਬ ਅਸ਼ਰਫ ਗਨੀ, ਪੰਜਾਬ ਦੇ ਰਾਜਪਾਲ ਵੀ.ਪੀ. ਬਦਨੌਰ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਕੇਂਦਰੀ ਫੂਡ ਪ੍ਰੋਸੈਸਿੰਗ ਸਨਅਤ ਮੰਤਰੀ ਹਰਸਿਮਰਤ ਕੌਰ ਬਾਦਲ, ਕੇਂਦਰੀ ਵਿਦੇਸ਼ ਰਾਜ ਮੰਤਰੀ ਵੀ.ਕੇ. ਸਿੰਘ ਅਤੇ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਸਹਿਤ 3 ਦਸੰਬਰ ਦੇਰ ਸ਼ਾਮੀਂ 8.15 ਵਜੇ ਦਰਬਾਰ ਸਾਹਿਬ ਮੱਥਾ ਟੇਕਣ ਪੁਜੇ ਸਨ। ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਨਰਿੰਦਰ ਮੋਦੀ, ਜਨਾਬ ਅਸ਼ਰਫ ਗਨੀ ਸਮੇਤ ਪਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਨੂੰ ਸਿਰੋਪਾਉ ਦਿੱਤੇ। ਨਰਿੰਦਰ ਮੋਦੀ ਨੇ ਸਿਰ ‘ਤੇ ਉੱਨ ਦੀ ਟੋਪੀ ਪਾਈ ਹੋਈ ਸੀ ਜਦੋਂ ਕਿ ਅਸ਼ਰਫ ਗਨੀ ਰਵਾਇਤੀ ਪਠਾਣੀ ਟੋਪੀ ਨਾਲ ਲੈਸ ਸਨ। ਵੀ.ਪੀ. ਬਦਨੌਰ, ਵੀ.ਕੇ. ਸਿੰਘ, ਵਿਜੈ ਸਾਂਪਲਾ ਸਮੇਤ ਇਸ ਕਾਫਲੇ ਨਾਲ ਚਲ ਰਹੇ ਵੱਡੀ ਗਿਣਤੀ ਗੈਰ ਸਿੱਖ ਸੁਰੱਖਿਆ ਅਧਿਕਾਰੀਆਂ ਅਤੇ ਸਟਾਫ ਨੇ ਸਿਰਾਂ ਉਤੇ ਚਿੱਟੇ ਪਟਕੇ ਬੰਨ੍ਹੇ ਹੋਏ ਸਨ।
ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਪ੍ਰਬੰਧਕਾਂ ਵਲੋਂ ਸਿਰ ‘ਤੇ ਕਿਸੇ ਕਿਸਮ ਦੀ ਟੋਪੀ ਪਹਿਨ ਕੇ ਪਰਕਰਮਾ ਵਿੱਚ ਹੀ ਦਾਖਲ ਨਹੀਂ ਹੋਣ ਦਿੱਤਾ ਜਾਂਦਾ। ਅਜਿਹੀ ਰਵਾਇਤ ਦੇ ਹੁੰਦਿਆਂ ਸਿਰ ‘ਤੇ ਟੋਪੀ ਪਹਿਨੀ ਨਰਿੰਦਰ ਮੋਦੀ ਨੂੰ ਦਰਬਾਰ ਸਾਹਿਬ ਅੰਦਰ ਸਿਰੋਪਾਉ ਦੇਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸੁਰਜੀਤ ਸਿੰਘ ਕਾਲਾਬੂਲਾ ਨੇ ਕਿਹਾ ਹੈ ਕਿ ਦਸਤਾਰ ਸਿੱਖ ਦੇ ਸਿਰ ਦਾ ਤਾਜ ਹੈ ਤੇ ਇਹ ਸਰਦਾਰੀ ਹਾਸਲ ਕਰਨ ਹਿੱਤ ਅਨਗਿਣਤ ਸ਼ਹਾਦਤਾਂ ਦਿੱਤੀਆਂ ਗਈਆਂ ਪਰ ਪ੍ਰਕਾਸ਼ ਸਿੰਘ ਬਾਦਲ ਤੇ ਉਸ ਦੇ ਦਲ ਦੇ ਆਗੂਆਂ ਨੇ ਇਸ ਦਸਤਾਰ ਨੂੰ ਵੀ ਮਹਿਜ਼ ਵੋਟਾਂ ਬਟੋਰਨ ਦਾ ਸਾਧਨ ਹੀ ਬਣਾਇਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਅਕਾਲੀ ਦਲ (ਬਾਦਲ) ਵਾਲੇ ਜਦੋਂ ਵੀ ਮੌਕਾ ਮਿਲੇ ਹਰ ਗੈਰ ਸਿੱਖ ਆਗੂ ਦੇ ਸਿਰ ‘ਤੇ ਦਸਤਾਰ ਬੰਨ੍ਹਵਾ ਕੇ ਉਸ ਦੇ ਸਿੱਖ ਹਿਤੈਸ਼ੀ ਹੋਣ ਦਾ ਪ੍ਰਭਾਵ ਦਿੰਦੇ ਹਨ ਪਰ ਦਰਬਾਰ ਸਾਹਿਬ ਦੀ ਮਰਿਆਦਾ ਦਾ ਮਾਣ ਰੱਖਣ ਖਾਤਰ ਨਰਿੰਦਰ ਮੋਦੀ ਨੂੰ ਸਿਰ ‘ਤੇ ਪਟਕਾ ਜਾਂ ਰੁਮਾਲ ਬੰਨਣ ਲਈ ਵੀ ਪ੍ਰੇਰ ਨਹੀਂ ਸਕੇ। ਕਾਲਾਬੂਲਾ ਨੇ ਤਾੜਨਾ ਕੀਤੀ ਹੈ ਕਿ ਸਿੱਖ ਕੌਮ ਦੇ ਕੇਂਦਰੀ ਅਸਥਾਨ ਦੀ ਮਰਿਆਦਾ ਨਾਲ ਖਿਲਵਾੜ ਕਰਨਾ ਕੌਮ ਦੇ ਵਡੇਰੇ ਹਿੱਤਾਂ ਵਿੱਚ ਨਹੀਂ ਹੈ ਤੇ ਇਸ ਦਾ ਖਮਿਆਜ਼ਾ ਬਾਦਲਾਂ ਨੂੰ ਭੁਗਤਣਾ ਹੀ ਪਵੇਗਾ।
ਇਹ ਵੀ ਜ਼ਿਕਰਯੋਗ ਹੈ ਕਿ ਸ਼ਨਿਚਰਵਾਰ ਰਾਤੀਂ ਨਰਿੰਦਰ ਮੋਦੀ ਦੇ ਨਾਲ ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਪੰਜਾਬ ਦੇ ਕੈਬਨਿਟ ਮੰਤਰੀ ਅਨਿਲ ਜੋਸ਼ੀ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਕੇ.ਜੇ.ਐਸ. ਚੀਮਾ, ਉਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਪੀ.ਐਸ.ਔਜਲਾ, ਵਿਸ਼ੇਸ਼ ਪ੍ਰਮੁੱਖ ਸਕੱਤਰ ਰਾਹੁਲ ਤਿਵਾੜੀ, ਪੁਲੀਸ ਕਮਿਸ਼ਨਰ ਲੋਕ ਨਾਥ ਆਂਗਰਾ ਅਤੇ ਆਈ.ਜੀ. ਕੁੰਵਰ ਵਿਜੇ ਪ੍ਰਤਾਪ, ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ, ਮੁੱਖ ਸਕੱਤਰ ਹਰਚਰਨ ਸਿੰਘ, ਕਾਰਜਕਾਰਨੀ ਮੈਂਬਰ ਰਾਮ ਸਿੰਘ, ਮੈਂਬਰ ਮਨਜੀਤ ਸਿੰਘ, ਰਜਿੰਦਰ ਸਿੰਘ ਮਹਿਤਾ ਅਤੇ ਬਾਵਾ ਸਿੰਘ ਗੁਮਾਨਪੁਰਾ ਤੇ ਕਮੇਟੀ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ।
ਵਰਨਣਯੋਗ ਹੈ ਕਿ 3 ਦਸੰਬਰ ਦੀ ਰਾਤ ਤਕਰੀਬਨ 8.30 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਫਗਾਨ ਰਾਸ਼ਟਰਪਤੀ ਅਸ਼ਰਫ ਘਨੀ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਬਾਦਲ ਤੇ ਹਰਮਿਸਰਤ ਕੌਰ ਬਾਦਲ ਸਮੇਤ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਤਕਰੀਬਨ ਸਾਰੇ ਭਾਰਤੀ ਚੈਨਲਾਂ ‘ਤੇ ਇਸ ਫੇਰੀ ਨੂੰ ਲਾਈਵ ਦਿਖਾਇਆ ਜਾ ਰਿਹਾ ਸੀ। ਕੁਝ ਚਿਰ ਬਾਅਦ ਹੀ ਲੋਕਾਂ ਨੇ ਆਪਣੇ ਫੋਨ ‘ਤੇ ਵੀਡੀਓ ਰਿਕਾਰਡ ਕਰਕੇ ਸੋਸ਼ਲ ਮੀਡੀਆ ‘ਤੇ ਪਾਉਣੀ ਸ਼ੁਰੂ ਕਰ ਦਿੱਤੀ ਜੋ ਲਗਾਤਾਰ ਸ਼ੇਅਰ ਹੋ ਰਹੀ ਹੈ।
ਮੋਦੀ ਦੀ ਦਰਬਾਰ ਸਾਹਿਬ ਆਮਦ ਵੇਲੇ ਮਰਯਾਦਾ ਦੀ ਉਲੰਘਣਾ
ਨਾਕਾਬਲੇ ਬਰਦਾਸ਼ਤ: ਯੂਨਾਇਟਿਡ ਖ਼ਾਲਸਾ ਦਲ ਯੂ.ਕੇ.
ਲੰਡਨ/ਬਿਊਰੋ ਨਿਊਜ਼:
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦਰਬਾਰ ਸਾਹਿਬ ਆਮਦ ਮੌਕੇ ਸਿੱਖ ਸ਼ਰਧਾਲੂਆਂ ਨੂੰ ਬੁਰੀ ਤਰ੍ਹਾਂ ਤੰਗ ਪ੍ਰੇਸ਼ਾਨ ਕੀਤਾ ਗਿਆ, ਨਾਲ ਹੀ ਦਰਬਾਰ ਸਾਹਿਬ ਵਿੱਚ ਫੋਟੋ ਖਿੱਚਣ ਦੀ ਮਨਾਹੀ ਦੀ ਰੀਤ ਨੂੰ ਤੋੜਿਆ ਗਿਆ, ਸਿੱਖ ਮਰਿਆਦਾ ਦੇ ਉਲਟ ਬਾਦਲ ਪਰਿਵਾਰ ਵਲੋਂ ਰੱਜ ਕੇ ਚਮਚਾਗਿਰੀ ਕੀਤੀ ਗਈ। ਇਹ ਸਭ ਕੁੱਝ ਪੰਜਾਬ ‘ਤੇ ਹਕੂਮਤ ਕਰ ਰਹੇ ਬਾਦਲ ਪਰਿਵਾਰ ਦੇ ਹੁਕਮਾਂ ‘ਤੇ ਕੀਤਾ ਗਿਆ, ਜਿਸ ਦਾ ਖਮਿਆਜ਼ਾ ਉਸ ਨੂੰ ਆਉਂਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਅਤੇ ਅਕਾਲ ਪੁਰਖ ਦੀ ਦਰਗਾਹ ਵਿੱਚ ਹਰ ਹਾਲਤ ਵਿੱਚ ਭੁਗਤਣਾ ਪਵੇਗਾ।
ਚਿੱਟੀਆਂ ਕਮੀਜ਼ਾਂ ਵਿਚ ਪੰਜਾਬ ਪੁਲੀਸ ਅਤੇ ਦਿੱਲੀ ਦੀਆਂ ਏਜੰਸੀਆਂ ਦੇ ਬੰਦਿਆਂ ਨੇ ਮੋਦੀ ਦੇ ਆਉਣ ‘ਤੇ ‘ਸੁਰੱਖਿਆ ਘੇਰਾ’ ਬਣਾ ਕੇ ਸੰਗਤਾਂ ਨੂੰ ਕਾਫੀ ਪਰੇਸ਼ਾਨ ਕੀਤਾ।
ਯੂਨਾਈਟਿਡ ਖਾਲਸਾ ਦਲ ਯੂ.ਕੇ. ਦੇ ਪ੍ਰਧਾਨ ਨਿਰਮਲ ਸਿੰਘ ਸੰਧੂ ਅਤੇ ਜਨਰਲ ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਬਾਦਲਕਿਆਂ ਦੀ ਇਸ ਘਿਣੌਨੀ ਹਰਕਤ ਦੀ ਸਖ਼ਤ ਨਿਖੇਧੀ ਕਰਦਿਆਂ ਪੰਜਾਬ ਭਰ ਦੇ ਸਿੱਖਾਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਨ੍ਹਾਂ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਕਮਰਕੱਸੇ ਕਰ ਲਏ ਜਾਣ। ਪਿਛਲੇ ਕਈ ਦਹਾਕਿਆਂ ਤੋਂ ਇਹ ਰੀਤ ਰਹੀ ਹੈ ਕਿ ਕੋਈ ਵੀ ਵਿਅਕਤੀ ਦਰਬਾਰ ਸਾਹਿਬ ਵਿੱਚ ਫੋਟੋ ਨਹੀਂ ਖਿੱਚ ਸਕਦਾ ਪਰ ਮੋਦੀ ਨਾਲ ਆਏ ਕੈਮਰਾਮੈਨ ਸ਼ਰੇਆਮ ਫੋਟੋਆਂ ਖਿੱਚਦੇ ਰਹੇ, ਕਿਸੇ ਵੀ ਬਰਛੇ ਵਾਲੇ ਸੇਵਾਦਾਰ ਵਲੋਂ ਉਨ੍ਹਾਂ ਨੂੰ ਰੋਕਣਾ ਮੁਨਾਸਿਬ ਨਾ ਸਮਝਿਆ ਬਲਕਿ ਉਨ੍ਹਾਂ ਨੂੰ ਵੱਖ-ਵੱਖ ਪੋਜ਼ ਬਣਾਉਣ ਵਾਸਤੇ ਥਾਂ ਦਿੱਤੀ ਗਈ।
ਦੂਜੇ ਪਾਸੇ ਜਦੋਂ ਵਿਦੇਸ਼ਾਂ ਵਿੱਚ ਜਨਮੇ ਸਿੱਖੀ ਸਰੂਪ ਦੇ ਧਾਰਨੀ ਬੱਚੇ ਦਰਬਾਰ ਸਾਹਿਬ ਦਰਸ਼ਨ ਕਰਨ ਜਾਂਦੇ ਹਨ ਤਾਂ ਇਨ੍ਹਾਂ ਬਰਛਾਧਾਰੀਆਂ ਦੀਆਂ ਨਜ਼ਰਾਂ ਉਨ੍ਹਾਂ ਦੇ ਮੋਬਾਈਲ ਫੋਨਾਂ ਨੂੰ ਵਾਚਦੀਆਂ ਰਹਿੰਦੀਆਂ ਹਨ ਅਤੇ ਅਗਰ ਕੋਈ ਨੌਜਵਾਨ ਬੱਚਾ ਫੋਟੋ ਖਿੱਚਣੀ ਚਾਹੇ ਤਾਂ ਉਸ ਨੂੰ ਤੁਰੰਤ ਰੋਕ ਦਿੱਤਾ ਜਾਂਦਾ ਹੈ।
ਯੂਨਾਈਟਿਡ ਖਾਲਸਾ ਦਲ ਯੂ.ਕੇ. ਵਲੋਂ ਸਿਰ ‘ਤੇ ਟੋਪੀ ਲੈ ਕੇ ਆਏ ਮੋਦੀ ਅਤੇ ਉਸ ਦੇ ਨਾਲ ਆਏ ਕ੍ਰਿਕਟ ਸਟਾਈਲ ਟੋਪੀ ਵਾਲੇ ਨੂੰ ਸੇਵਾਦਾਰਾਂ ਕੋਲੋਂ ਬਾਦਲ ਪਿਉ-ਪੁੱਤ ਅਤੇ ਨੂੰਹ ਵਲੋਂ ਇਸ਼ਾਰੇ ਕਰ ਕਰ ਕੇ ਸਿਰੋਪਾਉ ਦਿਵਾਉਣ ਦੀ ਨਿਖੇਧੀ ਕਰਦਿਆਂ ਆਖਿਆ ਕਿ ਸਿੱਖ ਇਨ੍ਹਾਂ ਨੂੰ ਕਦੇ ਮਾਫ ਨਹੀਂ ਕਰਨਗੇ, ਬਾਦਲ ਪਰਿਵਾਰ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਘੱਟ ਹੈ।
‘ਸਿਆਸੀ ਮੁਫਾਦਾਂ ਲਈ ਬਾਦਲ ਹਕੂਮਤ ਵਲੋਂ ਚਾਪਲੂਸੀ ਦੇ ਹੱਦ ਬੰਨੇ ਟੱਪਣ ਦਾ ਹਿਸਾਬ ਕੌਮ ਜ਼ਰੂਰ ਲਵੇਗੀ’
ਟੋਰਾਂਟੋ/ਬਿਊਰੋ ਨਿਊਜ਼:
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਇੰਟਰਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਨੇ ਕਿਹਾ ਹੈ ਕਿ ਅੰਮ੍ਰਿਤਸਰ ਵਿਖੇ ਹਾਰਟ ਆਫ ਏਸ਼ੀਆ ਨਾਮੀ ਅੰਤਰਰਾਸ਼ਟਰੀ ਕਾਨਫਰੰਸ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਘਾਨੀ ਦੇ ਦਰਬਾਰ ਸਾਹਿਬ ਪਹੁੰਚਣ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚਾਪਲੂਸੀ ਦੀਆਂ ਹੱਦਾਂ-ਬੰਨ੍ਹੇ ਟੱਪ ਦਿੱਤੀਆਂ ਜਿਸ ਨਾਲ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ।
ਇਸ ਤੋਂ ਅੱਗੇ ਵਧਦਿਆਂ ਉਸ ਵੇਲੇ ਦੋਵੇਂ ਆਗੂ ਕੱਪੜੇ ਨਾਲ ਸਿਰ ਕੱਜਣ ਦੀ ਬਜਾਏ ਆਪਣੀਆਂ ਟੋਪੀ ਸਮੇਤ ਦਰਬਾਰ ਸਾਹਿਬ ਅੰਦਰ ਅੰਦਰ ਮੱਥਾ ਟੇਕਣ ਗਏ ਜਿਥੇ ਦੋਵਾਂ ਨੂੰ ਦਰਬਾਰ ਸਾਹਿਬ ਅੰਦਰ ਸਿਰੋਪਾਉ ਦਿੱਤੇ ਗਏ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਇੰਟਰਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਵਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਸ਼ਾਸਨ ਦੀ ਨਿਖੇਧੀ ਕਰਦਿਆਂ ਸਵਾਲ ਕੀਤਾ ਜਾਂਦਾ ਹੈ ਕਿ ਜਿਹੜੀ ”ਡਾਂਗਾਂਵਾਲੀ ਟਾਸਕ ਫੋਰਸ” ਸਿੱਖਾਂ ਤੇ ਡਾਂਗ ਵਰ੍ਹਾ ਰਹੀ ਹੁੰਦੀ ਹੈ, ਉਹ ਉਸ ਵੇਲੇ ਕਿਥੇ ਸੀ ਜਦੋਂ ਦਰਬਾਰ ਸਾਹਿਬ ਅੰਦਰ ਮੋਦੀ ਅਤੇ ਘਾਨੀ ਜੁੱਤੀਆਂ ਸਮੇਤ ਆਪਣੀ ਗਾਰਦ ਨਾਲ ਪ੍ਰਕਰਮਾ ਵਿੱਚ ਘੁੰਮ ਰਹੇ ਸਨ ਅਤੇ ਦਰਬਾਰ ਸਾਹਿਬ ਅੰਦਰ ਮੱਥਾ ਟੇਕਣ ਗਏ ਸਨ। ਕੀ ਇਹ ਮਰਯਾਦਾ ਦੀ ਘੋਰ ਬੇਅਦਬੀ ਨਹੀਂ ਸੀ ਰਹੀ ਸੀ?
ਮੋਦੀ ਦੀ ਦਰਬਾਰ ਸਾਹਿਬ ਆਮਦ ਵੇਲੇ ਸੰਗਤਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ; ਚਿੱਟੇ ਕਮੀਜ਼ਾਂ ਵਿਚ ਪੰਜਾਬ ਪੁਲੀਸ ਅਤੇ ਦਿੱਲੀ ਦੀ ਏਜੰਸੀਆਂ ਪੂਰੀ ਪਰਕਰਮਾ ਵਿਚ ਹਾਜ਼ਰ ਸਨ ਅਤੇ ਅਮਨਦੀਪ ਸਿੰਘ ਨਿਊਯਾਰਕ, ਰੇਸ਼ਮ ਸਿੰਘ ਕੈਲੀਫੋਰਨੀਆ (ਗੈਰ ਹਾਜ਼ਰ), ਹਰਦੀਪ ਸਿੰਘ ਲੋਹਾਖੇੜਾ ਅਸਟਰੇਲੀਆ, ਜਗਰਾਜ ਸਿੰਘ ਮੱਦੋਕੇ, ਦਲਵਿੰਦਰ ਸਿੰਘ ਘੁੰਮਣ, ਤਰਲੋਚਨ ਸਿੰਘ ਨਾਰਵੇ ਅਤੇ ਗੁਰਇਕਬਾਲ ਸਿੰਘ ਸਵੀਡਨ ਵਲੋਂ ਜਾਰੀ ਪ੍ਰੈੱਸ ਨੋਟ ਵਿੱਚ ਕਿਹਾ ਗਿਆ ਹੈ ਕਿ ਬਾਦਲ ਲਾਣੇ ਵਲੋਂ ਆਪਣੇ ਸਿਆਸੀ ਗਰਜਾਂ ਵੱਸ ਪੈ ਕੇ ਕੀਤੀ ਜਾ ਰਹੇ ਸਿਧਾਂਤਾਂ ਦੇ ਘਾਣ ਦਾ ਪੰਥ ਇੱਕ ਦਿਨ ਲੇਖਾ ਜੋਖਾ ਕਰੇਗਾ।
ਨਰਿੰਦਰ ਮੋਦੀ ਲਈ ਮਰਿਆਦਾ ‘ਨਰਮ’
ਪਰ ਸਟੀਫਨ ਹਾਰਪਰ ਲਈ ‘ਸਖਤ’
ਸੈਨਹੋਜ਼ੇ/ਤਰਲੋਚਨ ਸਿੰਘ ਦੁਪਾਲਪੁਰ:
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ੍ਰੀ ਦਰਬਾਰ ਸਾਹਿਬ ਫੇਰੀ, ਸਿਰ ‘ਤੇ ਟੋਪੀ ਪਹਿਨੀ ਹੋਣ ‘ਤੇ ਸਿਰੋਪਾਉ ਦਿੱਤੇ ਜਾਣ ਕਰੜੀ ਨਿਖੇਧੀ ਕਰਦਿਆਂ ਅੰਤਰ ਰਾਸ਼ਟਰੀ ਸਿੱਖ ਪ੍ਰਚਾਰਕ ਭਾਈ ਬਲਵੀਰ ਸਿੰਘ ‘ਚੰਗਿਆੜਾ’ ਨੇ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਧਾਰਮਿਕ ਮੁਖੀਆਂ ਵਾਸਤੇ ਇਹ ਗੱਲ ਅਤਿਅੰਤ ਮੰਦਭਾਗੀ ਹੈ ਕਿ ਉਹ ਗੁਰਦੁਆਰਿਆਂ ਵਿਚ ਨਤਮਸਤਕ ਹੋਣ ਆਏ ਅਤਿਥੀਆਂ ਨੂੰ ਸਿਰੋਪਾ ਦੇਣ ਵੇਲੇ ਸਿਆਸੀ ਮੁਲਾਹਜ਼ੇਦਾਰੀਆਂ ਪਾਲਦੇ ਹਨ ਅਤੇ ਅਜਿਹਾ ਕਰਦਿਆਂ ਮਰਿਆਦਾ ਨੂੰ ਵੀ ਮਨਮਰਜ਼ੀ ਨਾਲ ਕਦੇ ‘ਨਰਮ’ ਤੇ ਕਦੇ ‘ਸਖ਼ਤ’ ਕਰ ਲੈਂਦੇ ਹਨ।
ਭਾਈ ਬਲਵੀਰ ਸਿੰਘ ‘ਚੰਗਿਆੜਾ’ ਨੇ ਅਜਿਹੀ ਹੀ ਕੁਤਾਹੀ ਦੀ ਇੱਕ ਹੋਰ ਉਦਾਹਰਣ ਦਿੰਦਿਆਂ ਕਿਹਾ ਕਿ ਬੀਤੇ ਦਿਨੀਂ 25 ਨਵੰਬਰ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿਰੋਪਾ ਦਿੱਤੇ ਜਾਣਾ ਵੀ ਗਲਤ ਕਾਰਵਾਈ ਹੈ। ਉਨ੍ਹਾਂ ਇਸ ਸਬੰਧੀ ਟਿੱਪਣੀ ਕਰਦਿਆਂ ਕਿਹਾ ਕਿ 2015 ਵਿਚ ਅਹੁਦਾ ਤਿਆਗ ਗਏ ਸਟੀਫਨ ਹਾਰਪਰ ਜਦੋਂ ਬਤੌਰ ਕੈਨੇਡੀਅਨ ਪ੍ਰਧਾਨ ਮੰਤਰੀ ਸ਼ਰਧਾ ਸਤਿਕਾਰ ਸਹਿਤ ਸ੍ਰੀ ਕੇਸਗੜ੍ਹ ਸਾਹਿਬ ਮੱਥਾ ਟੇਕਣ ਆਏ ਸਨ ਤਾਂ ਉਨ੍ਹਾਂ ਨੂੰ ਤਖ਼ਤ ਸਾਹਿਬ ਵਿਖੇ ਸਿਰੋਪਾ ਦੇਣੋ ਇਹ ਕਹਿ ਕੇ ਇਨਕਾਰ ਕਰ ਦਿੱਤਾ ਗਿਆ ਸੀ ਕਿ ਇੱਥੇ ਕਿਸੇ ਪੂਰਨ ਗੁਰਸਿੱਖ ਵਿਅਕਤੀ ਨੂੰ ਹੀ ਸਿਰੋਪਾ ਦੇਣ ਦੀ ਮਰਿਆਦਾ ਹੈ। ਨਾਲ ਇਹ ਵੀ ਕਿਹਾ ਗਿਆ ਸੀ ਕਿ ਇੱਥੇ ਕਿਸੇ ਪੰਡਿਤ ਜਾਂ ਗੈਰ ਸਿੱਖ ਨੂੰ ਵੀ ਸਿਰੋਪਾ ਨਹੀਂ ਦਿੱਤਾ ਜਾਂਦਾ।
ਵੈਨਕੂਵਰ ਨਿਵਾਸੀ ਸ੍ਰੀ ਚੰਗਿਆੜਾ, ਜੋ ਇਨ੍ਹੀਂ ਦਿਨੀਂ ਪੰਜਾਬ ਯਾਤਰਾ ‘ਤੇ ਹਨ, ਨੇ ਇਸ ਪੱਤਰਕਾਰ ਨਾਲ ਫੋਨ ‘ਤੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਹਾਲਾਂਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਆਉਣ ਵਾਲੇ ਸ੍ਰੀ ਸਟੀਫਨ ਹਾਰਪਰ ਪਹਿਲੇ ਵਿਦੇਸ਼ੀ ਪ੍ਰਧਾਨ ਮੰਤਰੀ ਸਨ, ਜੋ ਕਿ ਖਾਲਸੇ ਦੇ ਪ੍ਰਗਟ ਸਥਾਨ ‘ਤੇ ਵੱਡੀ ਉਤਸੁਕਤਾ ਨਾਲ ਪਹੁੰਚੇ ਸਨ। ਪਰ ਉਨ੍ਹਾਂ ਨੂੰ ‘ਚੱਲਦੀ ਮਰਿਆਦਾ’ ਦਾ ਪਾਲਣ ਕਰਦਿਆਂ ਤਖ਼ਤ ਸਾਹਿਬ ਤੋਂ ਬਾਹਰ ਹੀ ਪੌੜੀਆਂ ਥੱਲੇ ਟੇਬਲ ਲਾ ਕੇ ਸਿਰੋਪਾ ਦਿੱਤਾ ਗਿਆ ਸੀ।
ਸੰਤ ਫਤਹਿ ਸਿੰਘ ਅਤੇ ਮਾਸਟਰ ਤਾਰਾ ਸਿੰਘ ਦੇ ਵੇਲਿਆਂ ਤੋਂ ਹੀ ਅਕਾਲੀ ਦਲ ਦੇ ਸਰਗਰਮ ਵਰਕਰ ਰਹੇ ਅਤੇ ਲੰਮਾ ਅਰਸਾ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਰਹੇ ਜਥੇਦਾਰ ਚੰਗਿਆੜਾ ਨੇ ਐਸ.ਜੀ.ਪੀ.ਸੀ. ਦੇ ਮੌਜੂਦਾ ਆਗੂਆਂ ਅਤੇ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਜੀ ਨੂੰ ਸਵਾਲ ਕੀਤਾ ਹੈ ਕਿ ਉਨ੍ਹਾਂ ਸ੍ਰੀ ਮੋਦੀ ਨੂੰ ਸਿਰੋਪਾ ਦੇਣ ਵੇਲੇ ਸਖ਼ਤ ਮਰਿਆਦਾ ਨੂੰ ‘ਨਰਮ’ ਕਿਹੜੀ ਮਜਬੂਰੀ ਵਿਚ ਕਰ ਲਿਆ ਸੀ?
ਸਾਹਿਤਕ ਮੱਸ ਰੱਖਦੇ ਭਾਈ ਚੰਗਿਆੜਾ ਨੇ ‘ਇਸ ਘਰ ਕੋ ਆਗ ਲਗ ਗਈ ਘਰ ਕੇ ਚਿਰਾਗ ਸੇ’ ਵਾਲਾ ਸ਼ਿਅਰ ਬੋਲਦਿਆਂ ਭਾਰੀ ਦੁੱਖ ਪ੍ਰਗਟਾਇਆ ਕਿ ਅੱਜ ਸਿੱਖੀ ਜਾਂ ਪੰਥ ਨੂੰ ਉਨਾ ਖਤਰਾ ਬਾਹਰੋਂ ਨਹੀਂ ਜਿੰਨਾ ‘ਆਪਣਿਆਂ’ ਤੋਂ ਹੀ ਹੈ। ਵੱਖ ਵੱਖ ਇਤਿਹਾਸਕ ਗੁਰਧਾਮਾ ਦੀ ਯਾਤਰਾ ਕਰ ਚੁੱਕੇ ਸ੍ਰੀ ਚੰਗਿਆੜਾ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਗੁਰਦੁਆਰਿਆਂ ਵਿਚ ਸ਼ਰਧਾਲੂਆਂ ਦੀ ਰਿਹਾਇਸ਼ ਲਈ ਸ਼੍ਰੋਮਣੀ ਕਮੇਟੀ ਵੱਲੋਂ ਆਧੁਨਿਕ ਸਰਾਵਾਂ ਉਸਾਰੀਆਂ ਗਈਆਂ ਹਨ। ਪਰ ਬਹੁਤੀ ਥਾਈਂ ਵਿਰਾਸਤੀ ਇਤਿਹਾਸਕ ਦਿੱਖ ਨੂੰ ਸਾਂਭਣ ਵਿਚ ਪ੍ਰਬੰਧਕ ਨਾਕਾਮ ਰਹੇ ਹਨ। ਮੌਜੂਦਾ ਕਥਿਤ ਪੰਥਕ ਆਗੂਆਂ ‘ਤੇ ਉਨ੍ਹਾਂ ਇਹ ਰੋਸਾ ਵੀ ਜ਼ਾਹਰ ਕੀਤਾ ਕਿ ਪੰਥ ਦੀ ਸ਼ਾਹ-ਰਗ ਮੰਨੀ ਜਾਂਦੀ ਢਾਡੀ ਕਲਾ ਨੂੰ ਇਨ੍ਹਾਂ ਤਿਲਾਂਜਲੀ ਹੀ ਦੇ ਛੱਡੀ ਹੈ ਅਤੇ ਪੰਥਕ ਸਟੇਜਾਂ ਉਤੇ ਵੀ ਲੱਚਰ ਪੁਣੇ ਨੂੰ ਤਰਜੀਹ ਦੇਣੀ ਸ਼ੁਰੂ ਕੀਤੀ ਹੋਈ ਹੈ ਜੋ ਕਿ ਘੋਰ ਚਿੰਤਾ ਦਾ ਵਿਸ਼ਾ ਹੈ।
Comments (0)