40 ਸਾਲ ਪਹਿਲਾਂ ਭਾਰਤੀ ਜਹਾਜ਼ ਅਗਵਾ ਕਰਨ ਵਾਲੇ ਦਲ ਖਾਲਸਾ ਦੇ ਪੰਜ ਸਿੰਘਾਂ ਦਾ ਸੋਨੇ ਦਾ ਮੈਡਲ ਨਾਲ ਸਨਮਾਨ

40 ਸਾਲ ਪਹਿਲਾਂ ਭਾਰਤੀ ਜਹਾਜ਼ ਅਗਵਾ ਕਰਨ ਵਾਲੇ ਦਲ ਖਾਲਸਾ ਦੇ ਪੰਜ ਸਿੰਘਾਂ ਦਾ ਸੋਨੇ ਦਾ ਮੈਡਲ ਨਾਲ ਸਨਮਾਨ

ਖ਼ਾਲਿਸਤਾਨ ਦੇ ਨਿਸ਼ਾਨੇ ਨਾਲ ਸਮਝੌਤਾ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਛੁਟਿਆਉਣਾ ਹੋਵੇਗਾ 

ਭਾਰਤੀ ਸੰਵਿਧਾਨ ਦੇ ਦਾਇਰੇ ਵਿੱਚ ਖੁਦਮੁਖਤਿਆਰੀ ਜਾਂ ਵੱਧ ਅਧਿਕਾਰਾਂ ਦੀ ਮੰਗ ਆਜ਼ਾਦੀ ਦਾ ਬਦਲ ਨਹੀਂ ਹੋ ਸਕਦੀ - ਕੰਵਰਪਾਲ ਸਿੰਘ

ਅੰਮ੍ਰਿਤਸਰ ਟਾਈਮਜ਼

ਜਲੰਧਰ, : ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਦੀ ਰਿਹਾਈ, ਮਹਿਤਾ ਚੌਂਕ ਵਿੱਚ 13 ਸਿੱਖਾਂ ਦੇ ਕਤਲੇਆਮ ਵਿਰੁੱਧ ਅਤੇ ਦੁਨੀਆਂ ਦਾ ਧਿਆਨ ਹਿੰਦੂ-ਭਾਰਤ ਵਿੱਚ ਸਿੱਖਾਂ ਦੀ ਦੁਰਦਸ਼ਾ 'ਤੇ ਕੇਂਦਰਿਤ ਕਰਨ ਲਈ 40 ਸਾਲ ਪਹਿਲਾਂ ਭਾਰਤੀ ਜਹਾਜ਼ ਨੂੰ ਅਗਵਾ ਕਰਕੇ ਬਿਨਾਂ ਕਿਸੇ ਯਾਤਰੀ ਨੂੰ ਨੁਕਸਾਨ ਪਹੁੰਚਾਏ ਜਹਾਜ਼ ਪਾਕਿਸਤਾਨ ਲੈ ਕੇ ਜਾਣ ਵਾਲੇ ਭਾਈ ਗਜਿੰਦਰ ਸਿੰਘ ਸਮੇਤ ਦਲ ਖਾਲਸਾ ਦੇ ਪੰਜ ਮੈਂਬਰਾਂ ਨੂੰ ਸੋਨੇ ਦੇ ਮੈਡਲ ਨਾਲ ਸਨਮਾਨਿਤ ਕੀਤਾ ਗਿਆ।ਪੰਜ ਸਿੱਖਾਂ ਵਿੱਚੋਂ ਗਜਿੰਦਰ ਸਿੰਘ, ਜਸਬੀਰ ਸਿੰਘ, ਕਰਨ ਸਿੰਘ ਅਜੇ ਵੀ ਜਲਾਵਤਨੀ ਵਿੱਚ ਹਨ ਜਦ ਕਿ ਸਤਨਾਮ ਸਿੰਘ ਅਤੇ ਤੇਜਇੰਦਰਪਾਲ ਸਿੰਘ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਉਮਰ ਕੈਦ ਪੂਰੀ ਕਰਨ ਤੋਂ ਬਾਅਦ ਪੰਜਾਬ ਪਰਤ ਆਏ ਹਨ। ਗਜਿੰਦਰ ਸਿੰਘ ਦਾ ਸਨਮਾਨ ਬੀਬੀ ਯਸ਼ਪ੍ਰੀਤ ਕੌਰ ਅਤੇ ਕਰਨ ਸਿੰਘ ਤੇ ਜਸਬੀਰ ਸਿੰਘ ਦਾ ਸਨਮਾਨ ਜਗਜੀਤ ਸਿੰਘ ਗਾਬਾਂ ਨੇ ਲਿਆ। 


ਹਾਈਜੈਕਿੰਗ ਦੇ 40ਵੇਂ ਵਰ੍ਹੇ ਨੂੰ ਮਨਾਉਣ ਲਈ, ਦਲ ਖਾਲਸਾ ਵੱਲੋਂ ਸਥਾਨਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ।ਸ਼ਹੀਦ ਸੰਤ ਭਿੰਡਰਾਵਾਲਿਆਂ ਦੇ ਪੁੱਤਰ ਭਾਈ ਈਸ਼ਰ ਸਿੰਘ, ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਅਤੇ ਮੈਂਬਰ ਕਰਨੈਲ ਸਿੰਘ ਪੰਜੋਲੀ, ਸ਼ਹੀਦ ਜਨਰਲ ਸੁਬੇਗ ਸਿੰਘ ਦੇ ਭਰਾ ਬੇਅੰਤ ਸਿੰਘ, ਨਰਾਇਣ  ਸਿੰਘ ਨੇ ਪੰਜਾਂ ਸਿੱਖਾਂ ਨੂੰ ਸਨਮਾਨ ਦਿੱਤਾ। ਕਿਉਂਕਿ ਉਨ੍ਹਾਂ ਵਿੱਚੋਂ ਤਿੰਨ ਜਲਾਵਤਨੀ ਵਿੱਚ ਹਨ, ਇਸ ਲਈ ਉਨ੍ਹਾਂ ਦੇ ਨੇੜਲੇ ਅਤੇ ਪਿਆਰੇ ਲੋਕਾਂ ਨੇ ਉਨ੍ਹਾਂ ਦੀ ਤਰਫੋਂ ਸੋਨੇ ਦਾ ਮੈਡਲ ਕਬੂਲ ਕੀਤਾ। ਪਿਛੋਕੜ ਨੂੰ ਯਾਦ ਕਰਦਿਆਂ ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਪਿਛਲੀ ਸਦੀ ਦੇ 70ਵੇਂ ਦੇ ਦਹਾਕੇ ਵਿੱਚ ਪੰਜਾਬ ਦੇ ਸਿੱਖਾਂ ਨੂੰ ਸੱਭਿਆਚਾਰਕ ਅਤੇ ਰਾਜਨੀਤਿਕ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਇਨਸਾਫ਼ ਦੀ ਕੋਈ ਸੰਭਾਵਨਾ ਨਜ਼ਰ ਨਾ ਆਉਂਦੀ ਵੇਖਦੇ ਹੋਏ ਦਲ ਖਾਲਸਾ ਦੇ ਉੱਚ ਅਧਿਕਾਰੀਆਂ ਨੇ 29 ਸਤੰਬਰ 1981 ਨੂੰ ਜਹਾਜ਼ ਹਾਈਜੈਕ ਕਰਨ ਦਾ ਕਦਮ ਚੁੱਕਿਆ। ਉਨ੍ਹਾਂ ਕਿਹਾ ਕਿ ਦਲ ਖਾਲਸਾ ਦੇ ਇਸ ਇੱਕ ਕਾਰਜ ਨਾਲ, ਖਾਲਿਸਤਾਨ ਲਈ ਚੱਲ ਰਹੇ ਸੰਘਰਸ਼ ਨੇ ਅੰਤਰਰਾਸ਼ਟਰੀ ਧਿਆਨ ਖਿੱਚਿਆ ਜਿਸ ਨਾਲ ਦੁਨੀਆਂ ਨੂੰ ਸਿੱਖ ਆਜ਼ਾਦੀ ਦੇ ਟੀਚੇ ਬਾਰੇ ਪਤਾ ਲੱਗਾ। ਉਨ੍ਹਾਂ ਕਿਹਾ ਕਿ ਅਸੀਂ ਉਸੇ ਸੰਘਰਸ਼ ਨੂੰ ਜਮਹੂਰੀ ਤਰੀਕੇ ਨਾਲ ਅੱਗੇ ਲੈ ਕੇ ਜਾ ਰਹੇ ਹਾਂ ਅਤੇ ਟੀਚੇ ਦੇ ਨਾਲ ਕੋਈ ਵੀ ਸਮਝੌਤਾ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਛੋਟਾ ਕਰਨ ਦੇ ਬਰਾਬਰ ਹੋਵੇਗਾ। ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਦੇ ਦਾਇਰੇ ਵਿੱਚ ਸੰਘਵਾਦ, ਖੁਦਮੁਖਤਿਆਰੀ ਜਾਂ ਵੱਧ ਅਧਿਕਾਰਾਂ ਦੀ ਮੰਗ ਆਜ਼ਾਦੀ ਦਾ ਬਦਲ ਨਹੀਂ ਹੋ ਸਕਦੀ।ਪਾਰਟੀ ਦੇ ਮੁਖੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਦਲ ਖਾਲਸਾ ਅੱਜ ਉਸ ਦਿਨ ਨੂੰ ਮਾਣ ਨਾਲ ਯਾਦ ਕਰਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਲੀਡਰਸ਼ਿਪ ਹਾਈਜੈਕਿੰਗ ਦੇ ਨਤੀਜਿਆਂ ਬਾਰੇ ਪੂਰੀ ਤਰ੍ਹਾਂ ਜਾਣੂ ਸੀ। ਹਾਈਜੈਕਿੰਗ ਲਈ ਉਨ੍ਹਾਂ ਨੂੰ 14 ਸਾਲ ਪਾਕਿਸਤਾਨ ਵਿੱਚ ਜੇਲ੍ਹ ਕੱਟਣੀ ਪਈ। ਰਿਹਾਅ ਹੋਣ ਤੋਂ ਬਾਅਦ ਗਜਿੰਦਰ ਸਿੰਘ ਅਤੇ ਦੋ ਹੋਰਾਂ ਨੇ ਜਲਾਵਤਨੀ ਵਿੱਚ ਜੀਵਨ ਬਤੀਤ ਕਰਨਾ ਚੁਣਿਆ, ਕਿਉਂਕਿ ਉਨ੍ਹਾਂ ਦਾ ਵਤਨ ਪੰਜਾਬ ਅਜੇ ਵੀ ਦਿੱਲੀ ਦੀ ਗੁਲਾਮੀ ਹੰਢਾਅ ਰਿਹਾ ਹੈ। 

ਭਾਰਤੀ ਸਰਕਾਰ ਨੇ ਗਜਿੰਦਰ ਸਿੰਘ ਨੂੰ ਸਭ ਤੋਂ ਲੋੜੀਂਦਾ ਵਿਅਕਤੀ ਐਲਾਨਿਆ ਹੋਇਆ ਹੈ ਅਤੇ ਪਾਕਿਸਤਾਨ ਤੋਂ ਉਸ ਦੀ ਹਵਾਲਗੀ ਦੀ ਮੰਗ ਕੀਤੀ ਹੈ।ਇਨਕਲਾਬੀ ਕਵੀ -ਗਜਿੰਦਰ ਸਿੰਘ ਨੇ ਜਲਾਵਤਨੀ ਦੀ ਜਿੰਦਗੀ ਗੁਜਾਰਦੇ ਹੋਏ ਸਿੱਖਾਂ ਨੂੰ ਵਿਚਾਰਧਾਰਕ ਸੇਧ ਦੇਣ ਦੀ ਚੋਣ ਕੀਤੀ ਹੈ।ਨੌਜਵਾਨ ਆਗੂ ਪਰਮਜੀਤ ਸਿੰਘ ਮੰਡ ਨੇ ਕਿਹਾ ਉਹ ਦਲ ਖਾਲਸਾ ਆਗੂਆਂ ਦੀ ਕੁਰਬਾਨੀ ਅਤੇ ਚੜ੍ਹਦੀਕਲਾ ਵਾਲੀ ਭਾਵਨਾ ਦੇ ਮੁਰੀਦ ਹਨ। ਉਨ੍ਹਾਂ ਕਿਹਾ ਕਿ ਉਹ ਦਲ ਖਾਲਸਾ ਦੀ ਇਸ ਵਿਰਾਸਤ 'ਤੇ ਮਾਣ ਮਹਿਸੂਸ ਕਰਦੇ ਹਨ ਅਤੇ ਪੰਜਾਬ ਦੀ ਆਜਾਦੀ ਲਈ ਵਚਨਬੱਧ ਹਨ।ਇਸ ਮੌਕੇ ਜਗਜੀਤ ਸਿੰਘ ਗਾਬਾਂ, ਦਲ ਖਾਲਸਾ ਦੇ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ, ਸਰਬਜੀਤ ਸਿੰਘ ਘੁਮਾਣ, ਪਰਮਜੀਤ ਸਿੰਘ ਟਾਂਡਾ, ਗੁਰਨਾਮ ਸਿੰਘ ਮੂਨਕਾਂ, ਸੁਰਜੀਤ ਸਿੰਘ ਖਾਲਿਸਤਾਨੀ, ਗੁਰਪ੍ਰੀਤ ਸਿੰਘ ਖੁੱਡਾ, ਗੁਰਵਿੰਦਰ ਸਿੰਘ ਬਠਿੰਡਾ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਰਣਜੀਤ ਸਿੰਘ ਦਮਦਮੀ ਟਕਸਾਲ, ਗਗਨਦੀਪ ਸਿੰਘ ਸੁਲਤਾਨਵਿੰਡ, ਰਾਮ ਸਿੰਘ ਢਪਾਲੀ, ਗੁਰਦੀਪ ਸਿੰਘ ਕਾਲਕੱਟ,  ਪ੍ਰਭਜੀਤ ਸਿੰਘ ਆਦਿ ਹਾਜ਼ਰ ਸਨ।