ਭਾਈ ਹਰਮਿੰਦਰ ਸਿੰਘ ਮਿੰਟੂ ਨਾਭਾ ਬੰਬ ਕਾਂਡ ਕੇਸ ਵਿਚੋਂ ਬਰੀ

ਭਾਈ ਹਰਮਿੰਦਰ ਸਿੰਘ ਮਿੰਟੂ ਨਾਭਾ ਬੰਬ ਕਾਂਡ ਕੇਸ ਵਿਚੋਂ ਬਰੀ

ਪਟਿਆਲਾ/ਬਿਊਰੋ ਨਿਊਜ਼ :
ਨਾਭਾ ਜੇਲ੍ਹ ਕਾਂਡ ਦੇ ਮੁਲਜ਼ਮ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਕਾਰਕੁਨ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਇੱਥੋਂ ਦੀ ਇੱਕ ਅਦਾਲਤ ਵੱਲੋਂ ਨਾਭਾ ਗੈਸ ਬੌਟਲਿੰਗ ਪਲਾਂਟ ‘ਤੇ ਬੰਬ ਰੱਖਣ ਦੇ ਦੋਸ਼ਾਂ ‘ਤੇ ਆਧਾਰਿਤ ਕੇਸ ਵਿੱਚੋਂ ਬਰੀ ਕਰ ਦਿੱਤਾ ਗਿਆ ਹੈ। ਮਿੰਟੂ ‘ਤੇ ਇਸ ਬੰਬ ਲਈ ਲੋੜੀਂਦਾ ਸਾਮਾਨ ਮੁਹੱਈਆ ਕਰਵਾਉਣ ਦੇ ਦੋਸ਼ ਸਨ।
ਗੈਸ ਪਲਾਂਟ ਦੇ ਇੱਕ ਅਧਿਕਾਰੀ ਦੀ ਸ਼ਿਕਾਇਤ ‘ਤੇ ਥਾਣਾ ਸਦਰ ਨਾਭਾ ਵਿੱਚ ਇਹ ਕੇਸ 18 ਜਨਵਰੀ 2010 ਨੂੰ ਦਰਜ ਕੀਤਾ ਗਿਆ ਸੀ, ਜਿਸ ਦੌਰਾਨ ਪਲਾਂਟ ਦੇ ਬਾਹਰਲੇ ਪਾਸਿਉਂ ਦੁੱਧ ਵਾਲੀ ਇੱਕ ਕੇਨੀ ਵਿੱਚ ਬੰਬ ਫਿੱਟ ਕਰਕੇ ਰੱਖਿਆ ਹੋਣ ਦੀ ਗੱਲ ਆਖੀ ਗਈ ਸੀ। ਪੁਲੀਸ ਦਾ ਤਰਕ ਸੀ ਇਸ ਦੌਰਾਨ ਬਰਾਮਦ ਹੋਈਆਂ ਬਾਰੂਦੀ ਸਟਿੱਕਾਂ, ਡਰੰਮ, ਪੇਂਟ ਦਾ ਡੱਬਾ, ਬਿਜਲੀ ਯੰਤਰ, ਇਕ ਚਮਚਾ ਤੇ ਕਾਲੀ ਟੇਪ ਸਾਮਾਨ ਭਾਈ ਹਰਮਿੰਦਰ ਮਿੰਟੂ ਨੇ ਮੁਹੱਈਆ ਕਰਵਾਇਆ ਸੀ, ਜਦਕਿ ਇਹ ਬੰਬ ਇਸ ਗੈਸ ਪਲਾਂਟ ਨੂੰ ਉਡਾਉਣ ਲਈ ਨਿਜਾਮਨੀਵਾਲਾ ਦੇ ਵਾਸੀ ਬਖਸ਼ੀਸ਼ ਸਿੰਘ ਬਾਬਾ ਨੇ ਤਿੰਨ ਹੋਰ ਸਾਥੀਆਂ ਦੀ ਮਦਦ ਨਾਲ ਇੱਥੇ ਫਿੱਟ ਕੀਤਾ ਸੀ ਪਰ ਬਾਬੇ ਸਮੇਤ 2010 ਵਿੱਚ ਗ੍ਰਿਫ਼ਤਾਰ ਕੀਤੇ ਗਏ ਇਨ੍ਹਾਂ ਚਾਰਾਂ ਵਿਅਕਤੀਆਂ ਨੂੰ ਅਦਾਲਤ ਨੇ 2014 ਵਿਚ ਹੀ ਬਰੀ ਕਰ ਦਿੱਤਾ ਸੀ। ਪਟਿਆਲਾ ਦੇ ਵਧੀਕ ਸੈਸ਼ਨ ਜੱਜ ਰਵਦੀਪ ਸਿੰਘ ਹੁੰਦਲ ਦੀ ਅਗਵਾਈ ਹੇਠਲੀ ਅਦਾਲਤ ਨੇ ਭਾਈ ਮਿੰਟੂ ਨੂੰ ਬਰੀ ਕਰ ਦਿੱਤਾ ਹੈ। ਦੱਸਣਯੋਗ ਹੈ ਕਿ 27 ਨਵੰਬਰ 2016 ਨੂੰ ਭਾਈ ਮਿੰਟੂ ਪੰਜ ਹੋਰ ਕੈਦੀਆਂ ਸਮੇਤ ਨਾਭਾ ਜੇਲ੍ਹ ਵਿੱਚੋਂ ਫ਼ਰਾਰ ਹੋ ਗਿਆ ਸੀ ਤੇ ਉਸ ਨੂੰ ਉਸੇ ਰਾਤ ਦਿੱਲੀ ਤੋਂ ਫੜ ਲਿਆ ਗਿਆ ਸੀ। ਮਿੰਟੂ ਖ਼ਿਲਾਫ਼ ਜਿੱਥੇ ਨਾਭਾ ਜੇਲ੍ਹ ਕਾਂਡ ਸਬੰਧੀ ਕੇਸ ਚੱਲ ਰਿਹਾ ਹੈ, ਉਥੇ ਹੀ ਉਹ ਨਾਭਾ ਨਾਲ ਸਬੰਧਤ ਇੱਕ ਹੋਰ ਕੇਸ ਦਾ ਸਾਹਮਣਾ ਕਰ ਰਿਹਾ ਹੈ।