ਮੈਕਰੌਨ ਬਣੇ ਫਰਾਂਸ ਦੇ ਸਭ ਤੋਂ ਛੋਟੀ ਉਮਰ ਦੇ ਰਾਸ਼ਟਰਪਤੀ;

ਮੈਕਰੌਨ ਬਣੇ ਫਰਾਂਸ ਦੇ ਸਭ ਤੋਂ ਛੋਟੀ ਉਮਰ ਦੇ ਰਾਸ਼ਟਰਪਤੀ;

65 ਫ਼ੀਸਦੀ ਵੋਟਾਂ ਮਿਲੀਆਂ
ਪੈਰਿਸ/ਬਿਊਰੋ ਨਿਊਜ਼ :
39 ਸਾਲ ਦੇ ਇਮੈਨੁਅਲ ਮੈਕਰੌਨ ਫਰਾਂਸ ਦੇ ਨਵੇਂ ਰਾਸ਼ਟਰਪਤੀ ਚੁਣੇ ਗਏ ਹਨ। ਉਹ ਦੇਸ਼ ਦੇ ਹੁਣ ਤਕ ਦੇ ਸਭ ਤੋਂ ਨੌਜਵਾਨ ਰਾਸ਼ਟਰਪਤੀ ਹਨ। ਐਤਵਾਰ ਨੂੰ ਹੋਈ ਵੋਟਿੰਗ ਵਿਚ ਉਨ੍ਹਾਂ ਨੂੰ 65.5% ਵੋਟਾਂ ਮਿਲੀਆਂ। ਮੈਕਰੌਨ ਨੇ ਲੀ ਪੇਨ ਨੂੰ ਹਰਾਇਆ। ਰਾਸ਼ਟਰਪਤੀ ਦੇ ਅਹੁਦੇ ਲਈ ਫਰਾਂਸ ਦੇ ਵੋਟਰਾਂ ਨੇ ਇਤਿਹਾਸਕ ਵੋਟਿੰਗ ਕੀਤੀ। ਇਸ ਮੌਕੇ ਮੈਕਰੌਨ ਨੇ ਕਿਹਾ, ‘ਫਰਾਂਸ ਦੇ ਲੰਬੇ ਇਤਿਹਾਸ ਵਿਚ ਇਕ ਨਵਾਂ ਅਧਿਆਏ ਸ਼ੁਰੂ ਹੋ ਰਿਹਾ ਹੈ। ਮੈਂ ਚਾਹੁੰਦਾ ਹੈ ਕਿ ਇਹ ਨਵੀਂ ਉਮੀਦ ਅਤੇ ਭਰੋਸਾ ਬਣ ਕੇ ਉਭਰੇ।’ ਜ਼ਿਕਰਯੋਗ ਹੈ ਕਿ ਇਨ੍ਹਾਂ ਚੋਣਾਂ ਵਿਚ 11 ਉਮੀਦਵਾਰ ਮੈਦਾਨ ਵਿਚ ਸਨ। ਪਹਿਲੇ ਗੇੜ ਵਿਚ ਲੀ ਪੇਨ ਅਤੇ ਮੈਕਰੌਨ ਸ਼ਿਖ਼ਰ ‘ਤੇ ਰਹੇ। ਚੋਣ ਮੁਹਿੰਮ ਦੌਰਾਨ ਬੇਹੱਦ ਹੇਠਲੇ ਪੱਧਰ ਦੀ ਭਾਸ਼ਾ ਵਰਤੀ ਗਈ। ਪੇਨ ਨੇ ਚੋਣ ਨਤੀਜਿਆਂ ਨੂੰ ਇਤਿਹਾਸਕ ਫ਼ੈਸਲਾ ਕਰਾਰ ਦਿੰਦਿਆਂ ਮੈਕਰੌਨ ਨੂੰ ਵਧਾਈ ਦਿੱਤੀ। ਬਰਤਾਨੀਆ ਦੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਤੇ ਜਰਨਲ ਚਾਂਸਲਰ ਏਂਜਲਾ ਮਰਕਲ ਵੱਲੋਂ ਵੀ ਵਧਾਈਆਂ ਆ ਚੁੱਕੀਆਂ ਹਨ ਤੇ ਦੁਨੀਆ ਭਰ ਵਿਚੋਂ ਹੋਰ ਵਧਾਈਆਂ ਦੇ ਸੁਨੇਹੇ ਉਨ੍ਹਾਂ ਨੂੰ ਮਿਲ ਰਹੇ ਹਨ।
ਰੁਝਾਨਾਂ ਤੋਂ ਹੀ ਮੈਕਰੌਨ ਦੀ ਜਿੱਤ ਤੈਅ ਲੱਗਣ ਲੱਗੀ :
ਵੋਟਿੰਗ ਸ਼ੁਰੂ ਹੋਣ ਤੋਂ ਕੁਝ ਹੀ ਦੇਰ ਪਹਿਲਾਂ ਮੁੱਖ ਉਮੀਦਵਾਰ ਮਰੀਨ ਲੀ ਪੇਨ ਦੇ ਪਿਤਾ ਜਯਾਂ ਮੇਰੀ ਲੀ ਪੇਨ ਨੇ ਕਿਹਾ, ‘ਮੇਰੀ ਧੀ ਰਾਸ਼ਟਰਪਤੀ ਦੇ ਅਹੁਦੇ ਦੇ ਲਾਇਕ ਨਹੀਂ ਹੈ।’ ਵੋਟਿੰਗ ਰੁਝਾਨ ਤੋਂ ਹੀ ਲੱਗਣ ਲੱਗਾ ਸੀ ਕਿ ਯੂਰਪ ਤੇ ਵਪਾਰਕ ਸਮਰਥਕ ਮੈਕਰੌਨ ਦੇ ਹੱਕ ਵਿਚ ਜ਼ਿਆਦਾ ਲੋਕ ਹਨ। ਫਰਾਂਸ ਵਿਚ ਵੋਟਿੰਗ ਪੇਪਰ ਬੈਲਟ ਨਾਲ ਹੋਈ। ਇਹ ਪਹਿਲਾ ਮੌਕਾ ਸੀ ਜਦੋਂ ਚੋਣਾਂ ਵਿਚ ਫਰਾਂਸ ਦੀ ਕੋਈ ਮੁੱਖ ਪਾਰਟੀ ਨਹੀਂ ਸੀ। ਮੌਜੂਦਾ ਰਾਸ਼ਟਰਪਤੀ ਫਰਾਂਸਵਾ ਓਲਾਂਦ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਤੇ ਉਨ੍ਹਾਂ ਦੀ ਪਾਰਟੀ ਦੇ ਉਮੀਦਵਾਰ ਪਹਿਲੇ ਦੌਰ ਦੀ ਵੋਟਿੰਗ ਵਿਚ ਹੀ ਮੈਦਾਨ ਤੋਂ ਬਾਹਰ ਹੋ ਗਏ।
ਕੌਣ ਹੈ ਮੈਕਰੌਨ? :
ਮੈਕਰੌਨ ਇਕ ਸਾਬਕਾ ਬੈਂਕਰ ਹਨ। ਉਨ੍ਹਾਂ ਨੇ ਪਹਿਲੀ ਵਾਰ ਚੋਣ ਲੜੀ ਹੈ। ਮੈਕਰੌਨ ਦਾ ਜਨਮ ਉਤਰੀ ਫਰਾਂਸ ਵਿਚ ਹੋਇਆ ਸੀ। 2012 ਵਿਚ ਉਨ੍ਹਾਂ ਨੇ ਰਾਸ਼ਟਰਪਤੀ ਓਲਾਂਦ ਦਾ ਸੀਨੀਅਰ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ। 2014 ਵਿਚ ਇਨ੍ਹਾਂ ਨੂੰ ਵਿਤ ਮੰਤਰਾਲੇ ਵਿਚ ਕੰਮਕਾਜ ਸੌਂਪਿਆ ਗਿਆ ਸੀ। 2016 ਵਿਚ ਮੈਕਰੌਨ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਵਜੋਂ ਸਾਹਮਣੇ ਆਏ। ਮੈਕਰੌਨ ਨੂੰ ਬਰਾਕ ਓਬਾਮਾ ਦਾ ਵੀ ਸਮਰਥਨ ਮਿਲਿਆ ਹੈ।