ਕੈਪਟਨ ਵਲੋਂ ਸ਼ਹੀਦ ਦੀ ਵੱਡੀ ਧੀ ਤੇ ਪੁੱਤਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ

ਕੈਪਟਨ ਵਲੋਂ ਸ਼ਹੀਦ ਦੀ ਵੱਡੀ ਧੀ ਤੇ ਪੁੱਤਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ
ਕੈਪਸ਼ਨ-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਹੀਦ ਪਰਮਜੀਤ ਸਿੰਘ ਦੇ ਪਰਿਵਾਰ ਨਾਲ ਦੁੱਖ ਵੰਡਾਉਂਦੇ ਹੋਏ।

 

ਤਰਨ ਤਾਰਨ/ਬਿਊਰੋ ਨਿਊਜ਼ :
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੰਮੂ-ਕਸ਼ਮੀਰ ਵਿੱਚ ਸ਼ਹੀਦ ਹੋਏ ਸੂਬੇਦਾਰ ਮੇਜਰ ਪਰਮਜੀਤ ਸਿੰਘ ਦੇ ਘਰ ਪਿੰਡ ਵੇਈਂ ਪੂਈਂ ਪੁੱਜੇ। ਉਨ੍ਹਾਂ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਅਤੇ ਹਰ ਸੰਭਵ ਮਦਦ ਦੇਣ ਦਾ ਯਕੀਨ ਦਿੱਤਾ। ਉਨ੍ਹਾਂ ਪਰਿਵਾਰ ਨੂੰ ਪਹਿਲਾਂ ਐਲਾਨੀ ਸਹਾਇਤਾ ਵਿੱਚੋਂ ਪੰਜ ਲੱਖ ਰੁਪਏ ਦਾ ਚੈੱਕ ਵੀ ਭੇਟ ਕੀਤਾ।
ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦ ਦੀ ਵੱਡੀ ਪੁੱਤਰੀ ਸਿਮਰਨਦੀਪ ਕੌਰ ਨੂੰ ਨਾਇਬ ਤਹਿਸੀਲਦਾਰ ਦੀ ਨੌਕਰੀ ਦੇਣ ਅਤੇ ਲੜਕੇ ਸਾਹਿਲਦੀਪ ਸਿੰਘ ਲਈ ਪੁਲੀਸ ਵਿੱਚ ਏਐਸਆਈ ਦੀ ਨੌਕਰੀ ਰਾਖਵੀਂ ਰੱਖਣ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਦੇਸ਼ ਵਾਸਤੇ ਜਾਨ ਵਾਰਨ ਵਾਲੀ ਹਰੇਕ ਫੋਰਸ ਦੇ ਹਰੇਕ ਪੰਜਾਬੀ ਨੂੰ ਮੁਆਵਜ਼ਾ ਦੇਣ ਲਈ ਵਿਆਪਕ ਨੀਤੀ ਛੇਤੀ ਕੈਬਨਿਟ ਸਾਹਮਣੇ ਪੇਸ਼ ਕਰੇਗੀ। ਸ਼ਹੀਦ ਪਰਮਜੀਤ ਸਿੰਘ ਦੀ ਮੌਤ ‘ਤੇ ਦੁੱੱਖ ਪ੍ਰਗਟ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼ਹੀਦ ਦੇ ਵਾਰਸਾਂ ਲਈ ਪਹਿਲਾਂ ਹੀ ਐਲਾਨੇ ਮੁਆਵਜ਼ੇ ਤੋਂ ਇਲਾਵਾ ਪਰਿਵਾਰ ਵੱਲੋਂ ਸਰਕਾਰ ਤੋਂ ਕੀਤੀ ਮੰਗ ਅਨੁਸਾਰ ਸ਼ਹੀਦ ਦੇ ਦੋ ਵੱਡੇ ਬੱਚਿਆਂ ਨੂੰ ਨੌਕਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸ਼ਹੀਦ ਦੇ ਪਰਿਵਾਰ ਨੂੰ 12 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ, ਜਿਸ ਵਿੱਚ ਪਤਨੀ ਅਤੇ ਬੱਚਿਆਂ ਨੂੰ ਪੰਜ ਲੱਖ ਰੁਪਏ, ਦੋ ਲੱਖ ਰੁਪਏ ਉਸ ਦੇ ਮਾਪਿਆਂ ਅਤੇ ਪਰਿਵਾਰ ਨੂੰ ਪੰਜ ਲੱਖ ਰੁਪਏ ਦਾ ਪਲਾਟ ਦੇਣਾ ਸ਼ਾਮਲ ਹੈ। ਇਸ ਤੋਂ ਇਲਾਵਾ ਸਥਾਨਕ ਰੈਸਟ ਹਾਊਸ ਦਾ ਨਾਂ ਸ਼ਹੀਦ ਦੇ ਨਾਂ ‘ਤੇ ਰੱਖਣ ਲਈ ਇਕ ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ ਗਿਆ। ਇਲਾਕੇ ਦੇ ਸਕੂਲ ਅਤੇ ਸਟੇਡੀਅਮ ਦਾ ਨਾਂ ਵੀ ਸ਼ਹੀਦ ਦੇ ਨਾਂ ‘ਤੇ ਰੱਖਣ ਦਾ ਐਲਾਨ ਕੀਤਾ।
ਮੁੱਖ ਮੰਤਰੀ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸ਼ਹੀਦ ਦੀ ਦੂਜੀ ਲੜਕੀ ਸਿਮਰਨਦੀਪ ਕੌਰ ਨੂੰ ਗੋਦ ਲੈਣ ਦਾ ਐਲਾਨ ਕੀਤਾ ਹੈ, ਜਦੋਂ ਕਿ ਸ਼ਹੀਦ ਦੀ 10 ਸਾਲਾ ਛੋਟੀ ਲੜਕੀ ਖ਼ੁਸ਼ਦੀਪ ਕੌਰ ਨੂੰ ਹਿਮਾਚਲ ਪ੍ਰਦੇਸ਼ ਦੀ ਆਈਏਐਸ-ਆਈਪੀਐਸ ਜੋੜੀ ਨੇ ਗੋਦ ਲੈਣ ਦਾ ਐਲਾਨ ਕੀਤਾ ਸੀ। ਉਨ੍ਹਾਂ ਦੱਸਿਆ ਕਿ ਸਿਮਰਨਜੀਤ ਕੌਰ ਅਤੇ ਸਾਹਿਲਦੀਪ ਸਿੰਘ ਦੋਵਾਂ ਨੂੰ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਸਰਕਾਰ ਵੱਲੋਂ ਨੌਕਰੀ ਦਿੱਤੀ ਜਾਵੇਗੀ। ਇਹ ਪੁੱਛੇ ਜਾਣ ਉਤੇ ਕਿ ਇਸ ਨਾਲ ਸ਼ਹੀਦ ਦੇ ਤੀਜੇ ਬੱਚੇ ਨਾਲ ਵਿਤਕਰਾ ਨਹੀਂ ਹੋਵੇਗਾ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਪਰਿਵਾਰ ਦੇ ਹਰੇਕ ਮੈਂਬਰ ਨੂੰ ਵਿਅਕਤੀਗਤ ਆਧਾਰ ‘ਤੇ ਮੁਆਵਜ਼ਾ ਦੇਣਾ ਸੰਭਵ ਨਹੀਂ ਹੈ ਪਰ ਉਨ੍ਹਾਂ ਸਪਸ਼ਟ ਕੀਤਾ ਕਿ ਪਰਿਵਾਰ ਨਾਲ ਕੀਤੇ ਸਾਰੇ ਵਾਅਦੇ ਉਨ੍ਹਾਂ ਦੀ ਸਰਕਾਰ ਵੱਲੋਂ ਪੂਰੇ ਕੀਤੇ ਜਾਣਗੇ ਅਤੇ ਜੇ ਜ਼ਰੂਰਤ ਹੋਈ ਤਾਂ ਹੋਰ ਵੀ ਸਹਾਇਤਾ ਦਿੱਤੀ ਜਾਵੇਗੀ। ਇਕ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਸਰਹੱਦਾਂ ਦੀ ਰਾਖੀ ਕਰਨ ਵਾਲੇ ਜਵਾਨਾਂ ਦੀ ਸੁਰੱਖਿਆ ਲਈ ਕੁਝ ਵੀ ਨਹੀਂ ਕਰ ਰਹੀ। ਇਸ ਤਰ੍ਹਾਂ ਦੀਆਂ ਘਿਨਾਉਣੀਆਂ ਕਾਰਵਾਈਆਂ ਵਿਰੁੱਧ ਸਖ਼ਤ ਕਾਰਵਾਈ ਦੀ ਜ਼ਰੂਰਤ ਹੈ। ਜੇ ਇਕ ਵਾਰ ਕਾਰਵਾਈ ਹੁੰਦੀ ਹੈ ਤਾਂ ਭਾਰਤ ਨੂੰ ਇਸ ਦਾ ਤਿੰਨ ਵਾਰ ਬਦਲਾ ਲਵੇ।