ਆਪਣਿਆਂ ਨੂੰ ਹੀ ਖ਼ਰੀਆਂ-ਖੋਟੀਆਂ ਸੁਣਾਈਆਂ ਭਾਜਪਾ ਦੇ ‘ਸ਼ਤਰੂ’ ਨੇ

ਆਪਣਿਆਂ ਨੂੰ ਹੀ ਖ਼ਰੀਆਂ-ਖੋਟੀਆਂ ਸੁਣਾਈਆਂ ਭਾਜਪਾ ਦੇ ‘ਸ਼ਤਰੂ’ ਨੇ

ਕਿਹਾ, ਬਿਨਾਂ ਸਬੂਤ ਤੋਂ ਇਲਜ਼ਾਮ ਲਾਉਣੇ ਬੰਦ ਕਰਨ ਸਿਆਸਤਦਾਨ
ਨਵੀਂ ਦਿੱਲੀ/ਬਿਊਰੋ ਨਿਊਜ਼ :
ਆਪਣੇ ਬਾਗੀ ਤੇਵਰਾਂ ਲਈ ਜਾਣੇ ਜਾਂਦੇ ਭਾਜਪਾ ਸੰਸਦ ਮੈਂਬਰ ਸ਼ਤਰੂਘਨ ਸਿਨ੍ਹਾ ਇਕ ਵਾਰ ਫਿਰ ਆਪਣੇ ਬੇਬਾਕ ਬੋਲਾਂ ਕਾਰਨ ਚਰਚਾ ਵਿਚ ਹਨ। ਆਪਣੀ ਹੀ ਪਾਰਟੀ ਦੇ ਨੇਤਾ ਸੁਸ਼ੀਲ ਮੋਦੀ ਨਾਲ ਸ਼ਬਦੀ ਜੰਗ ਵਿਚ ਉਲਝੇ ਸ਼ਤਰੂਘਨ ਜਿਥੇ ਨਾਂਹ-ਪੱਖੀ ਸਿਆਸਤ ਤੋਂ ਬਚਣ ਦਾ ਮਸ਼ਵਰਾ ਦਿੰਦੇ ਨਜ਼ਰ ਆਏ, ਉਥੇ ਸੁਸ਼ੀਲ ਮੋਦੀ ਨੇ ਸ਼ਤਰੂਘਨ ਨੂੰ ਅਸਿੱਧੇ ਤੌਰ ‘ਤੇ ਗੱਦਾਰ ਕਹਿੰਦਿਆਂ ਉਸ ਨੂੰ ਪਾਰਟੀ ਤੋਂ ਬਾਹਰ ਕਰਨ ਦੀ ਸਲਾਹ ਦੇਣ ਤੋਂ ਵੀ ਗੁਰੇਜ਼ ਨਹੀਂ ਕੀਤਾ। ਸ਼ਤਰੂਘਨ ਸਿਨ੍ਹਾ ਟਵਿੱਟਰ ‘ਤੇ ਪਾਏ ਲੜੀਵਾਰ ਟਵੀਟਾਂ ਰਾਹੀਂ ਨਾ ਸਿਰਫ ਅਰਵਿੰਦ ਕੇਜਰੀਵਾਲ ਅਤੇ ਲਾਲੂ ਪ੍ਰਸਾਦ ਦੀ ਹਮਾਇਤ ਵਿਚ ਉਤਰੇ ਨਜ਼ਰ ਆਏ, ਸਗੋਂ ਇਲਜ਼ਾਮਾਂ ਦੇ ਨਾਲ ਸਬੂਤ ਪੇਸ਼ ਕਰਨ ਦੀ ਵੀ ਮੰਗ ਕੀਤੀ। ਪਟਨਾ ਸਾਹਿਬ ਤੋਂ ਭਾਜਪਾ ਆਗੂ ਨੇ ਕਿਹਾ ਕਿ ਨਾਂਹ-ਪੱਖੀ ਸਿਆਸਤ ਅਤੇ ਵਿਰੋਧੀਆਂ ਵੱਲੋਂ ਸਾਡੇ ਨੇਤਾਵਾਂ ‘ਤੇ ਚਿੱਕੜ ਸੁੱਟਣ ਦਾ ਕੰਮ ਬਹੁਤ ਹੋ ਗਿਆ। ਭਾਵੇਂ ਉਹ ਕੇਜਰੀਵਾਲ ਹੋਵੇ, ਲਾਲੂ ਹੋਵੇ ਜਾਂ ਫਿਰ ਸੁਸ਼ੀਲ ਮੋਦੀ। ਉਨ੍ਹਾਂ ਕਿਹਾ ਕਿ ਸਮਾਂ ਆ ਗਿਆ ਹੈ ਕਿ ਉਹ ਆਪਣੇ ਦਾਅਵਿਆਂ ਦੇ ਨਾਲ ਸਬੂਤ ਵੀ ਪੇਸ਼ ਕਰਨ। ਸ਼ਤਰੂਘਨ ਨੇ ਇਹ ਵੀ ਕਿਹਾ ਕਿ ਮੀਡੀਆ ਨੂੰ ਸਨਸਨੀਖੇਜ਼ ਖ਼ਬਰਾਂ ਦੇਣੀਆਂ ਬੰਦ ਕਰਨੀਆਂ ਚਾਹੀਦੀਆਂ ਹਨ। ਸਿਨ੍ਹਾ ਨੇ ਲੜੀਵਾਰ ਟਵੀਟਾਂ ਵਿਚ ਭਾਜਪਾ ਨੂੰ ਇਕ ਸ਼ਾਨਦਾਰ ਅਤੇ ਪਾਰਦਰਸ਼ੀ ਪਾਰਟੀ ਦੱਸਦਿਆਂ ਕਿਹਾ ਕਿ ਜਦੋਂ ਤੱਕ ਸਬੂਤ ਨਾ ਹੋਣ, ਤਦ ਤੱਕ ਕਿਸੇ ‘ਤੇ ਇਲਜ਼ਾਮ ਨਹੀਂ ਲਾਉਣੇ ਚਾਹੀਦੇ।