ਰਸੋਈਏ ਦੀ ‘ਖੱਡ’ ‘ਚ ਡਿੱਗ ਸਕਦਾ ਹੈ ਰਾਣਾ ਗੁਰਜੀਤ ਸਿੰਘ

ਰਸੋਈਏ ਦੀ ‘ਖੱਡ’ ‘ਚ ਡਿੱਗ ਸਕਦਾ ਹੈ ਰਾਣਾ ਗੁਰਜੀਤ ਸਿੰਘ

ਚੰਡੀਗੜ੍ਹ/ਬਿਊਰੋ ਨਿਊਜ਼ :
ਬਿਜਲੀ ਤੇ ਸਿੰਜਾਈ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਰਸੋਈ ਅਮਿਤ ਬਹਾਦੁਰ ਵਲੋਂ 26 ਕਰੋੜ ਵਿਚ ਖ਼ਰੀਦੀ ਗਈ ਖੱਡ ਨੇ ਭਾਵੇਂ ਕੈਪਟਨ ਸਰਕਾਰ ਦਾ ਮੂੰਹ ਕੌੜਾ ਕਰ ਦਿੱਤਾ ਹੈ ਪਰ ਕੈਪਟਨ ਨੇ ਇਸ ਮਾਮਲੇ ਦੀ ਜਾਂਚ ਦਾ ਹੁਕਮ ਦੇ ਕੇ ਵਿਰੋਧੀਆਂ ਦਾ ‘ਮੂੰਹ ਮਿੱਠਾ’ ਕਰਾਉਣ ਦਾ ਯਤਨ ਕੀਤਾ ਹੈ। ਰਾਣਾ ਗੁਰਜੀਤ ਖ਼ਿਲਾਫ਼ ਨਾਰੰਗ ਜਾਂਚ ਕਮਿਸ਼ਨ ਬਿਠਾ ਕੈਪਟਨ ਅਮਰਿੰਦਰ ਸਿੰਘ ਨੇ ਵਿਰੋਧੀ ਧਿਰ ਤੇ ਕਾਂਗਰਸ ਦੇ ਅੰਦਰੂਨੀ ਵਿਰੋਧ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਨਾਰੰਗ ਜਾਂਚ ਕਮਿਸ਼ਨ ਨੂੰ ਇਕ ਮਹੀਨੇ ਦੇ ਅੰਦਰ ਅੰਦਰ ਰਿਪੋਰਟ ਦੇਣ ਲਈ ਕਿਹਾ ਹੈ। ਸਾਫ਼ ਹੈ ਕਿ ਕੈਪਟਨ ਦੀ ਨਜ਼ਰ ਆਉਣ ਵਾਲੇ ਬੱਜਟ ਸੈਸ਼ਨ ‘ਤੇ ਹੈ। ਕੈਪਟਨ ਜਾਣਦੇ ਹਨ ਕਿ ਜੇਕਰ ਰਾਣਾ ਦੇ ਮਾਮਲੇ ਵਿਚ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਬੱਜਟ ਸੈਸ਼ਨ ਵਿਚ ਵਿਰੋਧੀ ਧਿਰ ਦੇ ਵਿਰੋਧ ਦਾ ਸਾਹਮਣਾ ਕਰਨਾ ਪਏਗਾ। ਇਸ ਮਾਮਲੇ ਨੂੰ ਲੈ ਕੇ ਕੈਪਟਨ, ਪਾਰਟੀ ਪ੍ਰਧਾਨ ਸੁਨੀਲ ਜਾਖੜ, ਏ.ਜੀ. ਅਤੁਲ ਨੰਦਾ ਅਤੇ ਮੁੱਖ ਮੰਤਰੀ ਦਫ਼ਤਰ ਦੇ ਅਫਸਰਾਂ ਦੀਆਂ 3 ਮੀਟਿੰਗਾਂ ਹੋਈਆਂ, ਜਿਸ ਵਿਚ ਰਾਣਾ ਦੇ ਮਾਮਲੇ ਵਿਚ ਕੋਈ ਵਿਚ ਦਾ ਰਸਤਾ ਕੱਢਣ ਦੀ ਕੋਸ਼ਿਸ਼ ਕੀਤੀ ਗਈ। 3 ਦਿਨ ਪਹਿਲਾਂ ਮੁੱਖ ਮੰਤਰੀ ਨੇ ਆਪਣੇ ਅਫਸਰਾਂ ਦੀ ਡਿਊਟੀ ਲਗਾ ਕੇ ਇਸ ਮਾਮਲੇ ਦਾ ਸਨਅਤੀ ਵਿਭਾਗ ਤੋਂ ਰਿਕਾਰਡ ਤਲਬ ਕੀਤਾ। ਜਦੋਂ ਇਹ ਸਾਫ਼ ਹੋ ਗਿਆ ਕਿ ਰਾਣਾ ਦੇ ਰਸੋਈ ਅਮਿਤ ਬਹਾਦੁਰ ਦੀ ਟਰਾਂਜ਼ੈਕਸ਼ਨ ਨੂੰ ਲੈ ਕੇ ਪੇਚ ਫਸ ਸਕਦਾ ਹੈ, ਤਾਂ ਅਚਾਨਕ ਕੈਪਟਨ ਨੇ ਇਕ ਹੋਰ ਮੀਟਿੰਗ ਕਰਕੇ ਨਿਆਂਇਕ ਜਾਂਚ ਬਿਠਾ ਦਿੱਤੀ, ਜਿਸ ਨਾਲ ਬੱਜਟ ਸੈਸ਼ਨ ਕੱਢਣ ਤੱਕ ਦਾ ਸਮਾਂ ਲੈ ਲਿਆ।
ਕੈਪਟਨ ਸਰਕਾਰ ਨੂੰ ਬਹੁਮਤ ਮਿਲਦਿਆਂ ਹੀ ਸਿਆਸੀ ਵਿਸ਼ਲੇਸ਼ਕਾਂ ਅਤੇ ਪੰਜਾਬ ਦਰਦੀਆਂ ਵਲੋਂ ਲੁੱਟ-ਖਸੁੱਟ ਦੇ ਜੋ ਕਿਆਸ ਲਾਏ ਗਏ ਸਨ, ਉਹ ਮਹਿਜ਼ 3 ਮਹੀਨਿਆਂ ਵਿਚ ਸਾਹਮਣੇ ਆ ਰਹੇ ਹਨ। ਕਿਸੇ ਵੀ ਸਰਕਾਰ ਲਈ ਆਪਣੇ ਵਾਅਦੇ ਪੂਰੇ ਕਰਨਾ, ਕੰਮ-ਕਾਰ ਕਰ ਕੇ ਦਿਖਾਉਣ ਲਈ 3-4 ਮਹੀਨਿਆਂ ਦਾ ਸਮਾਂ ਬੇਸ਼ੱਕ ਬਹੁਤ ਥੋੜ੍ਹਾ ਹੁੰਦਾ ਹੈ ਪਰ ਭ੍ਰਿਸ਼ਟਾਚਾਰ, ਘਪਲੇਬਾਜ਼ੀਆਂ, ਸੌਦੇਬਾਜ਼ੀਆਂ, ਧੱਕੇਸ਼ਾਹੀਆਂ ਲਈ ਕੋਈ ਸਮਾਂ ਮਿੱਥਣ ਦੀ ਲੋੜ ਨਹੀਂ। ਕੈਪਟਨ ਦੀ ਅਗਵਾਈ ਹੇਠ ਸੱਤਾ ਵਿਚ ਆਈ ਕਾਂਗਰਸ ਸਰਕਾਰ ਦੇ ਮੰਤਰੀਆਂ-ਵਿਧਾਇਕਾਂ, ਛੋਟੇ-ਵੱਡੇ ਲੀਡਰਾਂ ਨੇ ਆਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਹਨ। ਹਰ ਚੀਜ਼ ‘ਤੇ ਕਬਜ਼ਿਆਂ ਲਈ ਕਾਂਗਰਸੀਆਂ ਤੇ ਅਕਾਲੀ-ਭਾਜਪਾ ਲੀਡਰਾਂ ਵਿਚਾਲੇ ਖੂਨੀ ਝੜਪਾਂ ਤਾਂ ਆਮ ਵਰਤਾਰਾ ਹੋ ਗਿਆ ਹੈ। ਪਰ 10 ਵਰ੍ਹਿਆਂ ਤੋਂ ਰੇਤੇ-ਬੱਜਰੀ ਲਈ ਹੋ ਰਹੀ ਗੁੰਡਾਗਰਦੀ ਨੂੰ ਪਾਣੀ ਪੀ ਪੀ ਕੇ ਕੋਸਣ ਵਾਲੀ ਕਾਂਗਰਸ ਨੇ ਮਹਿਜ਼ 3 ਮਹੀਨਿਆਂ ਵਿਚ ਹੀ ਆਪਣਾ ਜਲਵਾ ਦਿਖਾ ਦਿੱਤਾ ਹੈ। ਇਨ੍ਹਾਂ ਦੇ ਹੌਸਲੇ ਵੀ ਏਨੇ ਬੁਲੰਦ ਹਨ ਕਿ ਘਪਲਾ ਕਰਨ ਲੱਗਿਆਂ ਇਕ ਵਾਰ ਵੀ ਨਹੀਂ ਸੋਚਿਆ ਕਿ ਜੇ ਰੌਲਾ ਪਿਆ ਤਾਂ ਕੀ ਹੋਵੇਗਾ?
ਇਹ ਗੱਲ ਕਿਸੇ ਲਈ ਵੀ ਹਜ਼ਮ ਕਰਨੀ ਔਖੀ ਹੈ ਕਿ ਰਾਣਾ ਗੁਰਜੀਤ ਸਿੰਘ ਦਾ ਨੇਪਾਲੀ ਰਸੋਈਆ ਅਮਿਤ ਬਹਾਦੁਰ ਕਰੋੜਾਂ ਰੁਪਏ ਦੀ ਬੋਲੀ ਲਗਾ ਕੇ ਖੱਡ ਖ਼ਰੀਦ ਲੈਂਦਾ ਹੈ। ਉਸ ਨੇ ਈ-ਨਿਲਾਮੀ ਰਾਹੀਂ 26 ਕਰੋੜ ਰੁਪਏ ਦੀ ਬੋਲੀ ਦੇ ਕੇ ਰੇਤ ਦੀ ਖੱਡ ਹਾਸਲ ਕੀਤੀ ਹੈ, ਉਸ ਦੇ ਬੈਂਕ ਖ਼ਾਤੇ ਵਿੱਚ ਭਾਵੇਂ ਮਹਿਜ਼ 4000 ਰੁਪਏ ਹੋਣ, ਪਰ ਦਸਤਾਵੇਜ਼ਾਂ ਮੁਤਾਬਕ ਉਹ ਤਿੰਨ ਕੰਪਨੀਆਂ ਦਾ ਡਾਇਰੈਕਟਰ ਹੈ। ਇਨ੍ਹਾਂ ਵਿਚੋਂ ਇਕ ਕੰਪਨੀ ਰਾਣਾ ਦੀਆਂ ਹੋਰ ਕੰਪਨੀਆਂ ਵਾਲੇ ਹੀ ਸਿਰਨਾਵੇਂ ‘ਤੇ ਰਜਿਸਟਰਡ ਹੈ।
ਇਨ੍ਹਾਂ ਤਿੰਨ ਕੰਪਨੀਆਂ ਵਿਚੋਂ ਦੋ ਦਾ ਈਮੇਲ ਪਤਾ ਵੀ ਰਾਣਾ ਦੀਆਂ ਕੰਪਨੀਆਂ ਵਾਲਾ ਹੀ ਹੈ। ਰਾਣਾ ਨੇ ਬਹਾਦੁਰ ਨਾਲ ਕੋਈ ਵੀ ਸਬੰਧ ਹੋਣ ਤੋਂ ਇਨਕਾਰ ਕਰਦਿਆਂ ਦਾਅਵਾ ਕੀਤਾ ਕਿ ਬਹਾਦੁਰ ਤੇ ਤਿੰਨ ਹੋਰ ਮੁਲਾਜ਼ਮ ਕਾਫ਼ੀ ਸਮਾਂ ਪਹਿਲਾਂ ਉਨ੍ਹਾਂ ਕੋਲੋਂ ਕੰਮ ਛੱਡ ਕੇ ਜਾ ਚੁੱਕੇ ਹਨ।
ਰਜਿਸਟਰਾਰ ਆਫ਼ ਕੰਪਨੀਜ਼ ਦੇ ਦਫ਼ਤਰ ਵਿੱਚ ਮੌਜੂਦ ਰਿਕਾਰਡ ਮੁਤਾਬਕ ਖੱਡਾਂ ਦੀ ਨਿਲਾਮੀ ਹਾਸਲ ਕਰਨ ਵਾਲੇ ਰਾਣਾ ਦੇ ਚਾਰ ਮੁਲਾਜ਼ਮਾਂ ਵਿੱਚੋਂ ਦੋ ਅਮਿਤ ਬਹਾਦੁਰ ਤੇ ਬਲਰਾਜ ਸਿੰਘ ਫਲਾਅਲੈਸ ਟਰੇਡਰਜ਼ ਪ੍ਰਾਈਵੇਟ ਲਿਮਟਿਡ ਨਾਮੀ ਕੰਪਨੀ ਦੇ ਡਾਇਰੈਕਟਰ ਹਨ। ਗ਼ੌਰਤਲਬ ਹੈ ਕਿ ਬੋਲੀ ਦੀ 55 ਫ਼ੀਸਦੀ ਰਕਮ ਜਮ੍ਹਾਂ ਕਰਾਉਣ ਦੀ ਗੱਲ ਆਉਣ ਉਤੇ ਬਲਰਾਜ ਬੋਲੀ ਤੋਂ ਪਿਛਾਂਹ ਹਟ ਗਿਆ ਸੀ। ਰਿਕਾਰਡ ਮੁਤਾਬਕ ਬਹਾਦੁਰ 17 ਅਗਸਤ, 2015 ਤੇ ਬਲਰਾਜ 25 ਜੂਨ, 2016 ਨੂੰ ਡਾਇਰੈਕਟਰ ਬਣਿਆ ਤੇ ਕੰਪਨੀ ਦਾ ਪਤਾ ਐਸਸੀਓ 51-52, ਸੈਕਟਰ 8-ਸੀ, ਦਰਜ ਹੈ। ਇਹੋ ਪਤਾ ਰਾਣਾ ਦੀ ਕੰਪਨੀ ਰਾਣਾ ਐਨਰਜੀ ਦਾ ਹੈ।
ਇੰਨਾ ਹੀ ਨਹੀਂ, ਇਹ ਦੋਵੇਂ ਦੋ ਹੋਰ ਕੰਪਨੀਆਂ ਦੇ ਵੀ ਡਾਇਰੈਕਟਰ ਹਨ। ਇਨ੍ਹਾਂ ਵਿਚੋਂ ਸੈਂਚਰੀ ਐਗਰੋਜ਼ ਪ੍ਰਾਈਵੇਟ ਲਿਮਟਿਡ ਦਾ ਈਮੇਲ ਪਤਾ ਰਾਣਾ ਗਰੁੱਪ ਵਾਲਾ ਹੀ ਹੈ। ਇਸ ਦਾ ਸਿਰਨਾਵਾਂ ਐਸਸੀਓ 1114, ਸੈਕਟਰ 22-ਬੀ ਚੰਡੀਗੜ੍ਹ ਦਾ ਹੈ ਪਰ ਇਸ ਥਾਂ ਬੱਚਿਆਂ ਦੇ ਸਾਮਾਨ ਦਾ ਮਸ਼ਹੂਰ ਮਾਲ ‘ਰਾਮਾ ਸਟੋਰਜ਼’ ਹੈ। ਸਟੋਰ ਦੇ ਮਾਲਕ ਵਰਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਤੇ ਉਤੇ ਅਜਿਹੀ ਕੋਈ ਕੰਪਨੀ ਰਜਿਸਟਰਡ ਨਹੀਂ ਹੈ ਤੇ ਦਹਾਕੇ ਤੋਂ ਵੱਧ ਸਮੇਂ ਤੋਂ ਉਨ੍ਹਾਂ ਸ਼ੋਅਰੂਮ ਕਿਰਾਏ ਉਤੇ ਵੀ ਨਹੀਂ ਦਿੱਤਾ। ਅਮਿਤ ਬਹਾਦੁਰ ਤੇ ਬਲਰਾਜ ਇਕ ਹੋਰ ਕੰਪਨੀ ਆਰਜੇ ਟੈਕਸਫੈਬ ਪ੍ਰਾਈਵੇਟ ਲਿਮਟਿਡ ਦੇ ਵੀ ਡਾਇਰੈਕਟਰ ਹਨ, ਜਿਸ ਦਾ ਵੱਖਰਾ ਈਮੇਲ ਪਤਾ ਹੈ।

ਰਾਜਬੀਰ ਇੰਟਰਪ੍ਰਾਈਜਜ਼ ਨੇ ਤੋੜੀ ਚੁੱਪ :
ਖੱਡਾਂ ਦੀ ਨਿਲਾਮੀ ਦੌਰਾਨ ਪਹਿਲੀ ਵਾਰ ਰਾਜਬੀਰ ਇੰਟਰਪ੍ਰਾਈਜਜ਼ ਨਾਂ ਦੀ ਕੰਪਨੀ ਨੇ ਚੁੱਪ ਤੋੜੀ ਹੈ ਤੇ ਦਾਅਵਾ ਕੀਤਾ ਹੈ ਕਿ ਖੱਡਾਂ ਲੈਣ ਲਈ ਜੋ ਵੀ ਨਿਵੇਸ਼ ਕੀਤਾ ਗਿਆ ਹੈ, ਉਹ ਉਨ੍ਹਾਂ ਦੀ ਕੰਪਨੀ ਵਲੋਂ ਕੀਤਾ ਗਿਆ ਹੈ। ਸੂਬੇ ਵਿਚ ਮਾਇਨਿੰਗ ਵਿਵਾਦਾਂ ਦੌਰਾਨ ਰਾਜਬੀਰ ਇੰਟਰਪ੍ਰਾਈਜਜ਼, ਰਾਜਬੀਰ ਇੰਟਰਪ੍ਰਾਈਜਜ਼ ਮੋਹਾਲੀ ਅਤੇ ਨਿਊ ਰਾਜਬੀਰ ਇੰਟਰਪ੍ਰਾਈਜਜ਼ ਵਲੋਂ ਬਿਆਨ ਜਾਰੀ ਕਰ ਕੇ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਸੈਦਪੁਰ, ਬੇਹਲੂਰ ਖੁਰਦ ਅਤੇ ਮਹਿੰਦੀਪੁਰ ਖੱਡਾਂ ਵਿਚ ਕਰੀਬ 30 ਕਰੋੜ ਦਾ ਨਿਵੇਸ਼ ਕੀਤਾ ਹੈ। ਅਮਿਤ ਬਹਾਦੁਰ ਦਾ ਨਾਂ ਲਾਏ ਜਾਣ ‘ਤੇ ਪ੍ਰਤੀਕਿਰਿਆ ਦਿੰਦਿਆਂ ਰਾਜਬੀਰ ਇੰਟਰਪ੍ਰਾਈਜਜ਼ ਦੀਆਂ ਤਿੰਨਾਂ ਯੂਨਿਟਾਂ ਨੇ ਸਪਸ਼ਟ ਕੀਤਾ ਹੈ ਕਿ ਕਾਰੋਬਾਰ ਵਿਚ ਲਾਈ ਗਈ ਪੂੰਜੀ ਸਾਹਿਲ ਸਿੰਗਲਾ ਅਤੇ ਕੈਪਟਨ ਜੇ.ਐਸ. ਰੰਧਾਵਾ ਵਲੋਂ ਮੈਨੇਜ ਕੀਤੀ ਗਈ ਹੈ। ਕਿਹਾ ਗਿਆ ਹੈ ਕਿ ਰਾਜਬੀਰ ਇੰਟਰਪ੍ਰਾਈਜਜ਼ ਦੇ ਤਿੰਨ ਭਾਈਵਾਲ ਹਨ, ਜਿਨ੍ਹਾਂ ਵਿਚੋਂ ਸਾਹਿਲ ਸਿੰਗਲਾ ਤੇ ਸੰਜੀਤ ਸਿੰਘ ਰੰਧਾਵਾ ਨਿਵੇਸ਼ਕ ਹਨ ਤੇ ਅਮਿਤ ਬਹਾਦੁਰ ਵਰਕਿੰਗ ਭਾਈਵਾਲ ਹੈ। ਸਾਫ਼ ਕੀਤਾ ਗਿਆ ਹੈ ਕਿ ਨਾ ਹੀ ਅਮਿਤ ਬਹਾਦੁਰ ਤੇ ਨਾ ਕੁਲਵਿੰਦਰਪਾਲ ਸਿੰਘ ਨੇ ਕੋਈ ਪੈਸਾ ਨਿਵੇਸ਼ ਕੀਤਾ ਹੈ, ਉਹ ਸਿਰਫ਼ ਵਰਕਿੰਗ ਪਾਰਟਨਰ ਹਨ। ਕੰਪਨੀ ਦਾ ਕਹਿਣਾ ਹੈ ਕਿ ਮਾਈਨਿੰਗ ਵਿਚ ਲਾਏ ਗਏ ਇਕ ਇਕ ਪੈਸੇ ਦਾ ਹਿਸਾਬ ਹੈ ਤੇ ਸਹੀ ਚੈਨਲ ਰਾਹੀਂ ਲਾਇਆ ਗਿਆ ਹੈ। ਉਧਰ ਅਮਿਤ ਨੇ ਵੀ ਕਿਹਾ ਕਿ ਉਹ ਕਿਤੇ ਵੀ ਰਸੋਈਆ ਨਹੀਂ ਰਿਹਾ। ਉਹ ਲੇਬਰ ਕੰਟਰੈਕਟਰ ਵਜੋਂ ਕੰਮ ਕਰਦਾ ਰਿਹਾ ਹੈ, ਜਿਸ ਦੀ ਆਮਦਨ ਕਰੀਬ 9 ਲੱਖ ਰੁਪਏ ਸੀ।

ਖੱਡਾਂ ਦੀ ਘਪਲੇਬਾਜ਼ੀ ਨੇ ਮੰਤਰੀ ਮੰਡਲ ਦੇ ਵਿਸਤਾਰ ‘ਤੇ ਧੂੜ ਸੁੱਟੀ :
ਰੇਤ ਦੀਆਂ ਖੱਡਾਂ ਦੇ ਠੇਕੇ ਹਾਸਲ ਕਰਨ ਕਰਕੇ ਉਠੇ ਸਿਆਸੀ ਤੂਫ਼ਾਨ ਕਾਰਨ ਅਮਰਿੰਦਰ ਮੰਤਰੀ ਮੰਡਲ ਦੇ ਵਿਸਥਾਰ ਦਾ ਪ੍ਰੋਗਰਾਮ ਫਿਲਹਾਲ ਖਟਾਈ ਵਿਚ ਪੈਂਦਾ ਨਜ਼ਰ ਆ ਰਿਹਾ ਹੈ। ਅਮਰਿੰਦਰ ਮੰਤਰੀ ਮੰਡਲ ਵਿਚ ਮੁੱਖ ਮੰਤਰੀ ਸਣੇ 10 ਮੰਤਰੀ ਹਨ। ਇਸ ਵਿਚ ਅਜੇ ਅੱਠ ਹੋਰ ਕੈਬਨਿਟ ਮੰਤਰੀ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਹੈ। ਮੰਤਰੀ ਮੰਡਲ ਦੇ ਅਗਲੇ ਮਹੀਨੇ ਦੇ ਮੱਧ ਤੋਂ ਆਰੰਭ ਹੋਣ ਜਾ ਰਹੇ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਵਿਸਤਾਰ ਹੋ ਸਕਦਾ ਹੈ।
ਇਕ ਪਾਸੇ ਵਿਰੋਧੀ ਧਿਰ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਰਾਣਾ ਗੁਰਜੀਤ ਸਿੰਘ ਤੋਂ ਅਸਤੀਫ਼ੇ ਦੀ ਮੰਗ ਕਰ ਰਹੇ ਹਨ, ਉਥੇ ਕਾਂਗਰਸ ਦੇ ਅੰਦਰ ਵੀ ਇਸੇ ਮੁੱਦੇ ਨੂੰ ਲੈ ਕੇ ਘੁਸਰ-ਮੁਸਰ ਹੋ ਰਹੀ ਹੈ। ਕਈ ਕਾਂਗਰਸੀ ਵਿਧਾਇਕ ਦੱਬੀ ਜ਼ੁਬਾਨ ਕਹਿ ਰਹੇ ਹਨ ਕਿ ਲੁਧਿਆਣਾ ਸਿਟੀ ਸੈਂਟਰ ਸਕੈਮ ਵਿਚ ਤਤਕਾਲੀਨ ਮੰਤਰੀ ਚੌਧਰੀ ਜਗਜੀਤ ਸਿੰਘ ਦੀ ਕਾਫੀ ਵਿਵਾਦ ਭਰੀ ਭੂਮਿਕਾ ਸੀ। ਜੇਕਰ ਸਮਾਂ ਰਹਿੰਦੇ ਅਮਰਿੰਦਰ ਨੇ ਚੌਧਰੀ ਜਗਜੀਤ ਸਿੰਘ ਖਿਲਾਫ਼ ਕਾਰਵਾਈ ਕਰਦਿਆਂ ਆਪਣੇ ਮੰਤਰੀ ਮੰਡਲ ਤੋਂ ਵੱਖ ਕਰ ਦਿੱਤਾ ਹੁੰਦਾ ਤਾਂ ਸਾਲ 2007 ਵਿਚ ਕਾਂਗਰਸ ਪਾਰਟੀ ਮੁੜ ਵਿਧਾਨ ਸਭਾ ਚੋਣਾਂ ਜਿੱਤ ਸਕਦੀ ਸੀ ਪਰ ਅਮਰਿੰਦਰ ਨੇ ਅਜਿਹਾ ਨਹੀਂ ਕੀਤਾ ਤੇ ਸਿਟੀ ਸੈਂਟਰ ਸਕੈਮ ਕਾਂਗਰਸ ਨੂੰ ਚੋਣਾਂ ਵਿਚ ਲੈ ਬੈਠਿਆ।
ਇਸ ਵਾਰ ਮਾਮਲਾ ਰਾਣਾ ਗੁਰਜੀਤ ਦੇ ਇਰਦ-ਗਿਰਦ ਘੁੰਮ ਰਿਹਾ ਹੈ। ਜੇਕਰ ਉਨ੍ਹਾਂ ਵਿਰੁੱਧ ਮੁੱਖ ਮੰਤਰੀ ਵਲੋਂ ਕੋਈ ਠੋਸ ਕਾਰਵਾਈ ਨਾ ਕੀਤੀ ਗਈ ਤਾਂ ਜਨਤਾ ਵਿਚ ਬਹੁਤ ਹੀ ਗਲਤ ਸੰਦੇਸ਼ ਜਾਵੇਗਾ, ਜਿਸ ਦੇ ਨਤੀਜੇ ਆਉਣ ਵਾਲੇ ਸਮੇਂ ਵਿਚ ਸਾਹਮਣੇ ਆ ਸਕਦੇ ਹਨ।
ਰਾਣਾ ਗੁਰਜੀਤ ਦੀਆਂ ਅਮਰਿੰਦਰ ਨਾਲ ਨਜ਼ਦੀਕੀਆਂ ਜਗ-ਜ਼ਾਹਰ ਹਨ। ਇਸ ਲਈ ਸਿਆਸੀ ਹਲਕਿਆਂ ਵਿਚ ਇਹ ਆਮ ਧਾਰਨਾ ਹੈ ਕਿ ਅਮਰਿੰਦਰ ਸਿੰਘ ਆਪਣੇ ਕੈਬਨਿਟ ਸਾਥੀ ਦੇ ਵਿਰੁੱਧ ਕੋਈ ਸਖ਼ਤ ਕਾਰਵਾਈ ਕਰਨ ਤੋਂ ਗੁਰੇਜ਼ ਕਰਨਗੇ।