ਬਾਬਾ ਨਾਨਕ ਤੇ ਮਾਤਾ ਸੁਲੱਖਣੀ ਦੇ ਵਿਆਹ ਪੁਰਬ ‘ਤੇ ਡੇਢ ਲੱਖ ਸੰਗਤ ਪਹੁੰਚੀ

ਬਾਬਾ ਨਾਨਕ ਤੇ ਮਾਤਾ ਸੁਲੱਖਣੀ  ਦੇ ਵਿਆਹ ਪੁਰਬ ‘ਤੇ ਡੇਢ ਲੱਖ ਸੰਗਤ ਪਹੁੰਚੀ

ਬਟਾਲਾ ਵਿੱਚ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਸਜਾਏ ਗਏ ਨਗਰ ਕੀਰਤਨ ਦੀ ਇੱਕ ਝਲਕ।

ਬਟਾਲਾ/ਬਿਊਰੋ ਨਿਊਜ਼:
ਇੱਥੇ ਦੇਸ਼-ਵਿਦੇਸ਼ ਤੋਂ ਪੁੱਜੀਆਂ ਸੰਗਤਾਂ ਵੱਲੋਂ ਗੁਰੂ ਨਾਨਕ ਦੇਵ ਜੀ ਅਤੇ ਮਾਤਾ  ਸੁਲੱਖਣੀ ਜੀ ਦਾ ਵਿਆਹ ਪੁਰਬ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਇਤਿਹਾਸਿਕ ਗੁਰਦੁਆਰਾ ਡੇਹਰਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਗਿਆ, ਜੋ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚੋਂ ਲੰਘਿਆ।
ਨਗਰ ਕੀਰਤਨ ਦੀ ਸ਼ੁਰੂਆਤ ਮੌਕੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਸਮੇਤ ਹੋਰ ਹਸਤੀਆਂ ਹਾਜ਼ਰ ਸਨ। ਇਤਿਹਾਸਿਕ ਗੁਰਦੁਆਰਾ ਸ੍ਰੀ ਕੰਧ ਸਾਹਿਬ, ਗੁਰਦੁਆਰਾ ਡੇਹਰਾ ਸਾਹਿਬ (ਜਿੱਥੇ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਦੇ ਆਨੰਦ ਕਾਰਜ ਹੋਏ ਸਨ) ਅਤੇ ਗੁਰਦੁਆਰਾ ਸਤਿਕਰਤਾਰੀਆ ਵਿਖੇ ਵੱੱਡੀ ਗਿਣਤੀ ਸੰਗਤਾਂ ਨਤਮਸਤਕ ਹੋਈਆਂ। ਲੰਘੀ ਦੇਰ ਰਾਤ ਸੁਲਤਾਨਪੁਰ ਲੋਧੀ (ਕਪੂਰਥਲਾ) ਤੋਂ ਬਾਬਾ ਜੀ ਦੀ ਬਰਾਤ ਰੂਪੀ ਨਗਰ ਕੀਰਤਨ ਇੱਥੇ ਪੁੱਜਿਆ, ਜਿਸ ਦਾ ਸੰਗਤ ਨੇ ਥਾਂ-ਥਾਂ ‘ਤੇ ਸਵਾਗਤ ਕੀਤਾ। ਸ਼ਹਿਰ  ਵਿੱਚ ਵੱਖ-ਵੱਖ ਸਥਾਨਾਂ ‘ਤੇ ਰੱਖੇ ਗਏ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਉਪਰੰਤ ਰਾਗੀ ਜਥਿਆਂ ਤੇ ਢਾਡੀ ਸਿੰਘਾਂ ਵੱਲੋਂ ਸੰਗਤ ਦੀ ਗੁਰੂ ਜਸ ਤੇ ਸਿੱਖ ਇਤਿਹਾਸ ਨਾਲ ਸਾਂਝ ਪੁਆਈ ਗਈ। ਸ਼ਹਿਰ ਵਿੱਚ ਵੱਖ-ਵੱਖ ਪਕਵਾਨਾਂ ਦੇ  ਲੰਗਰ ਲਗਾਏ ਗਏ ਸਨ।
ਇਸ ਮੌਕੇ ਲੋਕ ਸੇਵਾ ਤੇ ਜਾਗਰੂਕਤਾ ਦੇ ਕਾਰਜ ਵੀ ਕੀਤੇ ਗਏ। ਗਰੀਬ ਨਿਵਾਜ਼ ਚੈਰੀਟੇਬਲ ਟਰੱਸਟ ਦੇ ਮੁਖੀ ਬਾਬਾ ਹਰਜੀਤ ਸਿੰਘ ਮਹਿਤਾ ਚੌਕ ਵੱਲੋਂ ਸੱਤ ਲੋੜਵੰਦ ਜੋੜਿਆਂ ਦੇ ਵਿਆਹ ਕਰਵਾਏ ਗਏ। ਜੋੜ ਮੇਲੇ ਦੌਰਾਨ ਸੁੱਖਾ ਸਿੰਘ-ਮਹਿਤਾਬ ਸਿੰਘ ਚੌਕ ਵਿੱਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਲੋਕ ਜਾਗਰੂਕਤਾ ਹਿੱਤ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਕਾਨੂੰਨੀ ਮਾਹਰਾਂ ਨੇ ਆਮ ਲੋਕਾਂ ਨੂੰ ਕਿਰਤੀਆਂ ਦੇ ਹੱਕਾਂ, ਘਰੇਲੂ ਜਾਂ ਜ਼ਮੀਨੀ ਝਗੜਿਆਂ ਵਿੱਚ ਸਸਤਾ ਤੇ ਛੇਤੀ ਨਿਆਂ ਪ੍ਰਾਪਤ ਕਰਨ ਅਤੇ ਮੋਟਰ ਵਹੀਕਲ ਦੁਰਘਟਨਾਵਾਂ ਸਬੰਧੀ ਜਾਗਰੂਕਤਾ ਪ੍ਰਦਾਨ ਕੀਤੀ।
ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ 10 ਪ੍ਰਮੁੱਖ ਉਤਸਵ ਸਰਕਾਰੀ ਤੌਰ ‘ਤੇ ਮਨਾਏ ਜਾਇਆ ਕਰਨਗੇ। ਇੱਥੇ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਨਤਮਸਤਕ ਹੋਣ ਤੋਂ ਪਹਿਲਾਂ ਸ੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਗਲੇ ਸਾਲ ਤੋਂ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਸਰਕਾਰੀ ਤੌਰ ‘ਤੇ ਮਨਾਇਆ ਜਾਵੇਗਾ। ਇਸ ਤੋਂ ਇਲਾਵਾ ਬਟਾਲਾ ਵਿੱਚ ਸ਼ਿਵ ਕੁਮਾਰ ਬਟਾਲਵੀ ਦਾ ਜਨਮ ਦਿਨ, ਬਾਬਾ ਫ਼ਰੀਦ ਪੁਰਬ ਫ਼ਰੀਦਕੋਟ, ਕਪੂਰਥਲਾ ਵਿਰਾਸਤੀ ਉਤਸਵ, ਡਿਫੈਂਸ ਲਿਟਰੇਰੀ ਫੈਸਟੀਵਲ ਚੰਡੀਗੜ੍ਹ, ਅੰਮ੍ਰਿਤਸਰ ਵਿਰਾਸਤੀ ਮੇਲਾ, ਸੂਫੀ ਫੈਸਟੀਵਲ ਅੰਮ੍ਰਿਤਸਰ, ਹਰਵੱਲਭ ਸੰਗੀਤ ਸੰਮੇਲਨ ਜਲੰਧਰ, ਕਿਲ੍ਹਾ ਰਾਏਪੁਰ ਖੇਡਾਂ ਲੁਧਿਆਣਾ ਅਤੇ ਪਟਿਆਲਾ ਵਿਰਾਸਤੀ ਮੇਲਾ ਤੇ ਕਰਾਫਟ ਮੇਲਾ ਵੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਤੌਰ ‘ਤੇ ਮਨਾਏ ਜਾਣਗੇ। ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਵੱਲੋਂ 2019 ਵਿੱਚ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਸੁਲਤਾਨਪੁਰ ਲੋਧੀ ਵਿੱਚ ਵੱਡੇ ਪੱਧਰ ‘ਤੇ ਮਨਾਇਆ ਜਾਵੇਗਾ। ਇਸ ਲਈ ਬਟਾਲਾ ਸ਼ਹਿਰ ਦੇ ਵਿਕਾਸ ਲਈ ਸੂਬਾ ਸਰਕਾਰ ਨੇ 42 ਕਰੋੜ ਰੁਪਏ ਮਨਜ਼ੂਰ ਕੀਤੇ ਹਨ।