ਗੁਰਮੀਤ ਰਾਮ ਰਹੀਮ ਦੀ ‘ਬੁਜ਼ਦਿਲੀ’ ਨੇ ਨਿਰਾਸ਼ ਕੀਤੇ ਡੇਰਾ ਪ੍ਰੇਮੀ

ਗੁਰਮੀਤ ਰਾਮ ਰਹੀਮ ਦੀ ‘ਬੁਜ਼ਦਿਲੀ’ ਨੇ ਨਿਰਾਸ਼ ਕੀਤੇ ਡੇਰਾ ਪ੍ਰੇਮੀ

ਮੇਜਰ ਸਿੰਘ
ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਵਲੋਂ ਅਦਾਲਤੀ ਕਟਹਿਰੇ ‘ਚ ਖੜ੍ਹ ਕੇ ਜਾਨ ਬਖਸ਼ੀ ਲਈ ਹਾੜੇ ਕੱਢਣ ਅਤੇ ਹੰਝੂ ਕੇਰਨ ਦੀ ਬੁਜ਼ਦਿਲੀ ਤੇ ਬੇਦਿਲੀ ਦਿਖਾਉਣ ਨੇ ਡੇਰਾ ਪ੍ਰੇਮੀਆਂ ਵਿਚ ਸਭ ਤੋਂ ਵੱਡੀ ਪੱਧਰ ‘ਤੇ ਨਿਰਾਸ਼ਾ ਪੈਦਾ ਕੀਤੀ ਹੈ। ਇਸ ਪੱਤਰਕਾਰ ਵੱਲੋਂ ਮਾਲਵਾ ਖੇਤਰ ਦੇ ਦੋ ਦਰਜਨ ਦੇ ਕਰੀਬ ਡੇਰਾ ਪ੍ਰੇਮੀਆਂ ਤੇ ਕੁਝ ਹੋਰ ਅਹਿਮ ਵਿਅਕਤੀਆਂ ਨਾਲ ਕੀਤੀ ਗੱਲਬਾਤ ਵਿਚ ਇਹ ਗੱਲ ਬੜੀ ਨਿੱਖਰ ਕੇ ਸਾਹਮਣੇ ਆ ਰਹੀ ਹੈ ਕਿ ਔਰਤਾਂ ਨਾਲ ਕਲੋਲਾਂ ਕਰਨ ਤੇ ਫਿਲਮੀ ਖਰਮਸਤੀਆਂ ਨੂੰ ਤਾਂ ਡੇਰਾ ਪ੍ਰੇਮੀ ਬਾਬੇ ਦੀਆਂ ਕਰਾਮਾਤੀ ਕਾਰਵਾਈਆਂ ਮੰਨ ਕੇ ਸਹਾਰਦੇ ਆ ਰਹੇ ਸਨ, ਪਰ ਸ਼ਰੇਆਮ ਸਾਹਮਣੇ ਆਈ ਬਦਇਖ਼ਲਾਕੀ ਤੇ ਪੰਚਕੂਲਾ ਤੇ ਸੁਨਾਰੀਆ ਜੇਲ੍ਹ ਵਿਚ ਲੱਗੀ ਅਦਾਲਤ ਵਿਚ ਆਪਣੇ-ਆਪ ਨੂੰ ਰੱਬ ਦੱਸਣ ਵਾਲੇ ਨੇ ਜੱਜ ਅੱਗੇ ਹੱਥ ਜੋੜ ਕੇ ਜਾਨ ਬਖ਼ਸ਼ੀ ਲਈ ਹਾੜੇ ਕੱਢਣ ਅਤੇ ਡੁਸਕਦਿਆਂ-ਡੁਸਕਦਿਆਂ ਫਰਸ਼ ਉੱਪਰ ਡਿੱਗ ਪੈਣ ਦੀਆਂ ਘਟਨਾਵਾਂ ਦਾ ਸਦਮਾ ਪ੍ਰੇਮੀਆਂ ਲਈ ਝੱਲਣਾ ਵੱਸੋਂ ਬਾਹਰ ਹੋ ਰਿਹਾ ਹੈ। ਰੱਬ ਕਹਾਉਂਦੇ ਕਿਸੇ ਵੀ ਬੰਦੇ ਦੀ ਅਜਿਹੀ ਬੁਜ਼ਦਿਲੀ ਉਪਾਸਕਾਂ ਦਾ ਦਿਲ ਦਹਿਲਾਉਣ ਵਾਲੀ ਹੁੰਦੀ ਹੈ। ਗੱਲਬਾਤ ਵਿਚ ਇਹ ਗੱਲ ਤਾਂ ਸਾਫ ਨਜ਼ਰ ਆਉਂਦੀ ਹੈ ਕਿ ਬਾਬੇ ਦੇ ਹਮਾਇਤੀਆਂ ਦਾ ਭਾਵੇਂ ਦਿਲ ਟੁੱਟਾ ਹੈ, ਪਰ ਅਜੇ ਵੀ ਮੋਹ ਭੰਗ ਨਹੀਂ ਹੋਇਆ। ਉਂਜ ਡੇਰਾ ਸਮਰਥਕ ਅੰਦਰੋ-ਅੰਦਰੀ ਬੁਰੀ ਤਰ੍ਹਾਂ ਹਿੱਲੇ ਨਜ਼ਰ ਆ ਰਹੇ ਹਨ। ਡੇਰਾ ਮੁਖੀ ਦੇ ਸਮਰਥਕ ਇਕ ਪਾਸੇ ਤਾਂ ਇਹ ਗੱਲ ਆਖ ਕੇ ਮਨ ਨੂੰ ਧਰਵਾਸ ਦੇਣ ਦਾ ਯਤਨ ਕਰਦੇ ਹਨ ਕਿ ਬਾਬੇ ਨੂੰ ਵੱਡੀ ਸਾਜਿਸ਼ ਦਾ ਸ਼ਿਕਾਰ ਬਣਾਇਆ ਗਿਆ ਹੈ, ਪਰ ਸਿਰ ਆਈ ਆਫ਼ਤ ਮੌਕੇ ਬਾਬੇ ਵਲੋਂ ਦਿਖਾਈ ਬੁਜ਼ਦਿਲੀ ਤੇ ਡਰਪੋਕਪੁਣਾ ਉਨ੍ਹਾਂ ਨੂੰ ਸ਼ਰਮਸਾਰ ਕਰਨ ਵਾਲਾ ਹੈ। ਬਠਿੰਡਾ ਜ਼ਿਲ੍ਹੇ ਵਿਚ 1500 ਦੇ ਕਰੀਬ ਵੋਟਾਂ ਵਾਲਾ ਪਿੰਡ ਕਮਾਲੂ ਡੇਰੇ ਦੇ ਪ੍ਰਭਾਵ ਵਾਲਾ ਪਿੰਡ ਸਮਝਿਆ ਜਾਂਦਾ ਰਿਹਾ ਹੈ। ਇਸ ਪਿੰਡ ਵਿਚ 4-5 ਸੌ ਲੋਕ ਬਾਬੇ ਦੇ ਸੇਵਕ ਦੱਸੇ ਜਾਂਦੇ ਹਨ। ਇਹ ਸਾਰੇ ਇਸ ਵੇਲੇ ਮਾਯੂਸੀ ਦੇ ਆਲਮ ਵਿਚ ਹਨ। ਪਿੰਡ ਦੇ ਇਕ ਪਤਵੰਤੇ ਨੇ ਦੱਸਿਆ ਕਿ ਪਹਿਲਾਂ ਜਿਵੇਂ ਬੜੇ ਮਾਣ ਨਾਲ ਉਹ ਬਾਬੇ ਬਾਰੇ ਗੱਲ ਕਰਦੇ ਸਨ, ਹੁਣ ਇਹ ਰੋਅਬ ਵਾਲੀ ਗੱਲ ਨਹੀਂ ਰਹੀ, ਸਗੋਂ ਹੁਣ ਤਾਂ ਬਹੁਤ ਸਾਰੇ ਲੋਕ ਬਾਬੇ ਬਾਰੇ ਗੱਲ ਕਰਨ ਤੋਂ ਅੱਖਾਂ ਚੁਰਾਉਣ ਲੱਗੇ ਹਨ। ਪਿੰਡ ਦੇ ਇਕ ਮੋਹਰੀ ਰਹੇ ਪ੍ਰੇਮੀ ਨਾਲ ਫੋਨ ਉੱਪਰ ਹੋਈ ਗੱਲਬਾਤ ਨੂੰ ਉਹ ਬੜੀ ਮਾਯੂਸੀ ਨਾਲ ਬਾਬੇ ਵੱਲੋਂ ਅਦਾਲਤ ਵਿਚ ਦਿਖਾਈ ਕਮਜ਼ੋਰੀ ਤੋਂ ਸਖ਼ਤ ਨਾਰਾਜ਼ ਨਜ਼ਰ ਆ ਰਹੇ ਸਨ। ਕਿਸੇ ਵੇਲੇ ਡੇਰੇ ਦੇ ਪ੍ਰਭਾਵ ਵਾਲੇ ਕਸਬਾ ਬਾਜਾਖਾਨਾ ਦਾ ਇਕ ਡੇਰਾ ਪ੍ਰੇਮੀ ਬੇਹੱਦ ਨਿਮੋਝੂਣਾ ਹੋਇਆ ਕਹਿ ਰਿਹਾ ਸੀ ਕਿ ਅਦਾਲਤ ਵਿਚ ਬਾਬੇ ਨੂੰ ਏਨਾ ਛੋਟਾ ਦਿਲ ਕਰਕੇ ਨਹੀਂ ਸੀ ਜਾਣਾ ਚਾਹੀਦਾ। ਜੇਕਰ ਕੋਈ ਮੁਸੀਬਤ ਹੀ ਆਣ ਪਈ ਸੀ ਤਾਂ ਖਿੜੇ ਮੱਥੇ ਪ੍ਰਵਾਨ ਕਰਦਾ। ਉਹ ਕਹਿ ਰਿਹਾ ਸੀ ਕਿ ਡੇਰੇ ਵਿਰੁੱਧ ਸਾਜ਼ਿਸ਼ ਤਹਿਤ ਹੀ ਪ੍ਰਚਾਰ ਕੀਤਾ ਗਿਆ ਹੈ। ਪਰ ਨਾਲ ਹੀ ਉਹ ਇਹ ਗੱਲ ਵੀ ਪ੍ਰਵਾਨ ਕਰ ਰਿਹਾ ਸੀ ਕਿ ਹੁਣ ਪਰਿਵਾਰਾਂ ਵਿਚ ਬੈਠ ਕੇ ਬਾਬੇ ਬਾਰੇ ਗੱਲ ਕਰਨ ਲੱਗਿਆਂ ਝਿਜਕ ਆਉਣ ਲੱਗ ਪਈ ਹੈ। ਡੇਰੇ ਦੇ ਪੰਜਾਬ ਦੇ ਹੈੱਡਕੁਆਰਟਰ ਸਲਾਬਤਪੁਰਾ ਦੇ ਮੁਖੀ ਸ. ਜੋਰਾ ਸਿੰਘ ਸਾਰੇ ਘਟਨਾਕ੍ਰਮ ਨੂੰ ਹੀ ਰੱਦ ਕਰਦੇ ਹਨ। ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਦਾਲਤ ਵਿਚ ਮੁਆਫੀ ਮੰਗਣ ਤੇ ਹੰਝੂ ਕੇਰਨ ਦੀ ਘਟਨਾ ਮੀਡੀਆ ਦਾ ਆਪੇ ਘੜਿਆ ਪ੍ਰਚਾਰ ਹੈ। ਉਹ ਕਹਿੰਦੇ ਹਨ ਕਿ ਅਜਿਹਾ ਹੋ ਨਹੀਂ ਸਕਦਾ ਤੇ ਨਾ ਹੋਇਆ ਹੈ। ਡੇਰਾ ਪ੍ਰੇਮੀਆਂ ਵਿਚ ਪੈਦਾ ਹੋ ਰਹੀ ਬਦਜ਼ਨੀ ਤੇ ਬੇਵਿਸ਼ਵਾਸੀ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਪੱਕੇ ਤੇ ਵਿਸ਼ਵਾਸ ਵਾਲੇ ਲੋਕ ਅਡੋਲ ਖੜ੍ਹੇ ਹਨ ਤੇ ਕੱਚੇ ਪਿੱਲੇ ਝੜ ਰਹੇ ਹਨ। ਮਾਲਵਾ ਖੇਤਰ ਦੇ ਪਿੰਡਾਂ ਤੇ ਸ਼ਹਿਰਾਂ ਵਿਚੋਂ ਕਾਫੀ ਗਿਣਤੀ ਵਿਚ ਡੇਰਾ ਸ਼ਰਧਾਲੂਆਂ ਦੇ ਬੱਚੇ ਸਿਰਸਾ ਡੇਰੇ ਵਿਖੇ ਚੱਲ ਰਹੇ ਸਕੂਲਾਂ, ਕਾਲਜਾਂ ਤੇ ਪ੍ਰੋਫੈਸ਼ਨਲ ਸੰਸਥਾਵਾਂ ਵਿਚ ਪੜ੍ਹ ਰਹੇ ਹਨ। ਇਹ ਸਾਰੀਆਂ ਸੰਸਥਾਵਾਂ ਇਸ ਵੇਲੇ ਬੰਦ ਹਨ। ਪਰ ਇਨ੍ਹਾਂ ਸੰਸਥਾਵਾਂ ਵਿਚ ਪੜ੍ਹਦੀਆਂ ਲੜਕੀਆਂ ਦੇ ਮਾਪੇ ਬੇਹੱਦ ਫਿਕਰਮੰਦ ਹਨ। ਡੇਰੇ ਵਿਚ ਬਦਇਖ਼ਲਾਕੀ ਬਾਰੇ ਛਪ ਰਹੀਆਂ ਖ਼ਬਰਾਂ ਤੋਂ ਚਿੰਤਤ ਅਜਿਹੇ ਬਹੁਤ ਮਾਪੇ ਆਪਣੀਆਂ ਲੜਕੀਆਂ ਨੂੰ ਡੇਰੇ ਦੀਆਂ ਵਿੱਦਿਅਕ ਸੰਸਥਾਵਾਂ ਵਿਚ ਪੜ੍ਹਨੋਂ ਹਟਾਉਣ ਬਾਰੇ ਸੋਚ ਰਹੇ ਹਨ। ਮਾਲਵਾ ਖੇਤਰ ਵਿਚ ਤਾਇਨਾਤ ਇਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਦੱਸਿਆ ਕਿ ਕਈ ਲੜਕੀਆਂ ਦੇ ਮਾਪਿਆਂ ਨੇ ਕਾਲਜ, ਸਕੂਲ ਬਦਲਣ ਲਈ ਉਨ੍ਹਾਂ ਤੱਕ ਪਹੁੰਚ ਵੀ ਕੀਤੀ ਹੈ।