ਸੰਤ ਭਿੰਡਰਾਵਾਲੇ ‘ਤੇ ਟਿੱਪਣੀ ਕਰਨ ਦੇ ਵਿਰੋਧ ‘ਚ ਕੁਲਦੀਪ ਨਈਅਰ ਖ਼ਿਲਾਫ਼ ਮੁਜ਼ਾਹਰਾ

ਸੰਤ ਭਿੰਡਰਾਵਾਲੇ ‘ਤੇ ਟਿੱਪਣੀ ਕਰਨ ਦੇ ਵਿਰੋਧ ‘ਚ ਕੁਲਦੀਪ ਨਈਅਰ ਖ਼ਿਲਾਫ਼ ਮੁਜ਼ਾਹਰਾ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅਹੁਦੇਦਾਰ ਕੁਲਦੀਪ ਨਈਅਰ ਦਾ ਪੁਤਲਾ ਫੂਕ ਕੇ ਰੋਸ ਪ੍ਰਗਟਾਉਂਦੇ ਹੋਏ।
ਫਤਹਿਗੜ੍ਹ ਸਾਹਿਬ/ਬਿਊਰੋ ਨਿਊਜ਼ :
ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਾਰੇ ਕਥਿਤ ਮਾੜੇ ਸ਼ਬਦ ਲਿਖਣ ਦਾ ਦੋਸ਼ ਲਾ ਕੇ ਉੱਘੇ ਕਾਲਮਨਵੀਸ ਤੇ ਪੱਤਰਕਾਰ ਕੁਲਦੀਪ ਨਈਅਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਉਨ੍ਹਾਂ ਸ੍ਰੀ ਨਈਅਰ ਦਾ ਪੁਤਲਾ ਵੀ ਫੂਕਿਆ ਅਤੇ ਨਾਅਰੇਬਾਜ਼ੀ ਕੀਤੀ। ਪਾਰਟੀ ਦੇ ਬੁਲਾਰੇ ਇਕਬਾਲ ਸਿੰਘ ਟਿਵਾਣਾ, ਇਲਾਕਾ ਸਕੱਤਰ ਧਰਮ ਸਿੰਘ ਕਲੌੜ, ਹਲਕਾ ਇੰਚਾਰਜ ਕੁਲਦੀਪ ਸਿੰਘ ਪਹਿਲਵਾਨ ਅਤੇ ਸ਼ੰਗਾਰਾ ਸਿੰਘ ਬਡਲਾ ਨੇ ਕਿਹਾ ਕਿ ਕੁਲਦੀਪ ਨਈਅਰ ਨੇ ਆਪਣੀ ਇਕ ਰਚਨਾ ਵਿੱਚ ਭਿੰਡਰਾਂਵਾਲਿਆਂ ਦੀ ਤੁਲਨਾ ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨਾਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜਰਨੈਲ ਸਿੰਘ ਭਿੰਡਰਾਂਵਾਲੇ ਖ਼ਿਲਾਫ਼ 6 ਜੂਨ 1984 ਤਕ ਕੋਈ ਵੀ ਮੁਕੱਦਮਾ ਦਰਜ ਨਹੀਂ ਸੀ। ਇਸ ਤੋਂ ਇਲਾਵਾ ਲੇਖਕ ਨੇ ਉਨ੍ਹਾਂ ਨੂੰ ਅਤਿਵਾਦੀ ਕਹਿ ਕੇ ਵੀ ਸੰਬੋਧਿਤ ਕੀਤਾ ਹੈ। ਪਾਰਟੀ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੇ ਇਸ ਲੇਖ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਬੁਲਾਰਿਆਂ ਨੇ ਕਿਹਾ ਕਿ ਲੇਖਕ ਨੂੰ ਸਿੱਖ ਕੌਮ ਤੋਂ ਤੁਰੰਤ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਸਰਕਾਰ ਤੋਂ ਲੇਖਕ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੀ ਵੀ ਮੰਗ ਕੀਤੀ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਲੇਖਕ ਖ਼ਿਲਾਫ਼ ਢੁੱਕਵੀਂ ਕਾਰਵਾਈ ਨਾ ਕੀਤੀ ਜਾਂ ਲੇਖਕ ਨੇ ਮੁਆਫ਼ੀ ਨਾ ਮੰਗੀ ਤਾਂ ਪਾਰਟੀ ਵੱਲੋਂ ਪੂਰੇ ਪੰਜਾਬ ਵਿੱਚ ਰੋਸ ਮੁਜ਼ਾਹਰੇ ਕੀਤੇ ਜਾਣਗੇ। ਇਸ ਮੌਕੇ ਸ਼ਿੰਗਾਰਾ ਸਿੰਘ, ਧਰਮ ਸਿੰਘ ਕਲੌੜ, ਦਲਵੀਰ ਸਿੰਘ ਮੰਡੋਫਲ, ਬਲਵਿੰਦਰ ਸਿੰਘ ਚਰਨਾਥਲ, ਦਲਵਾਰਾ ਸਿੰਘ ਮੰਡੋਫਲ, ਕ੍ਰਿਸ਼ਨ ਸਿੰਘ ਸਲਾਣਾ, ਸੁਰਿੰਦਰ ਸਿੰਘ ਬਰਕਤਪੁਰ, ਸਤਨਾਮ ਸਿੰਘ ਬਰਕਤਪੁਰ ਤੇ ਹਰਮਨ ਸਿੰਘ ਲਟੌਰ ਹਾਜ਼ਰ ਸਨ।