ਗੁਰਦਾਸਪੁਰ ਜ਼ਿਮਨੀ ਚੋਣ : ਚੋਣ ਮਦਾਰੀਆਂ ਨੇ ਫੇਰ ਵਜਾਈ ਡੁਗਡੁਗੀ

ਗੁਰਦਾਸਪੁਰ ਜ਼ਿਮਨੀ ਚੋਣ : ਚੋਣ ਮਦਾਰੀਆਂ ਨੇ ਫੇਰ ਵਜਾਈ ਡੁਗਡੁਗੀ

ਵੋਟਰਾਂ ਨੂੰ ਵਾਅਦਿਆਂ-ਦਾਅਵਿਆਂ, ਲਾਲਚ ਦਾ ਪਾਇਆ ਦਾਣਾ
ਕੈਪਟਨ ਨੇ ਗੁਰਦਾਸਪੁਰ-ਬਟਾਲਾ ਦੀਆਂ ਖੰਡ ਮਿਲਾਂ ਨੂੰ ਦਿੱਤੀ ਪੂਰੀ ਅਦਾਇਗੀ, ਸੂਬੇ ਦੇ ਬਾਕੀ 10 ਹਜ਼ਾਰ ਕਿਸਾਨਾਂ ਨੂੰ ਠੇਂਗਾ
ਸੱਤਾਧਾਰੀ ਕਾਂਗਰਸ ਵਲੋਂ ਸੁਨੀਲ ਜਾਖੜ ਉਮੀਦਵਾਰ
ਵਿਰੋਧੀ ਧਿਰ ‘ਆਪ’ ਵਲੋਂ ਸੁਰੇਸ਼ ਖਜੂਰੀਆ ਮੈਦਾਨ ‘ਚ
ਅਕਾਲੀ-ਭਾਜਪਾ ਉਮੀਦਵਾਰ ਐਲਾਨਣ ‘ਚ ਫਾਡੀ
11 ਅਕਤੂਬਰ ਨੂੰ ਹੋਵੇਗੀ ਚੋਣ, 15 ਨੂੰ ਨਤੀਜੇ
ਚੰਡੀਗੜ੍ਹ/ਬਿਊਰੋ ਨਿਊਜ਼ :
ਅਦਾਕਾਰ ਤੋਂ ਸਿਆਸਤਦਾਨ ਬਣੇ ਵਿਨੋਦ ਖੰਨਾ ਦੇ ਦੇਹਾਂਤ ਕਾਰਨ ਖਾਲੀ ਹੋਈ ਗੁਰਦਾਸਪੁਰ ਦੀ ਲੋਕ ਸਭਾ ਸੀਟ ਤੇ ਹੁਣ 11 ਅਕਤੂਬਰ ਨੂੰ ਇਸ ਹਲਕੇ ਲਈ ਵੋਟਾਂ ਪੈਣ ਜਾ ਰਹੀਆਂ ਹਨ। ਇਸ ਦਾ ਨਤੀਜਾ 15 ਅਕਤੂਬਰ ਨੂੰ ਆਵੇਗਾ। ਭਾਵੇਂ ਮਹਿਜ਼ ਇਕ ਸੀਟ ਲਈ ਜ਼ਿਮਨੀ ਚੋਣ ਹੋਣ ਜਾ ਰਹੀ ਹੈ ਪਰ ਪੰਜਾਬੀਆਂ ਨੂੰ ਕੁਝ ਹੀ ਮਹੀਨਿਆਂ ਬਾਅਦ ਫੇਰ ਚੋਣ ਤਮਾਸ਼ਾ ਦੇਖਣ ਨੂੰ ਮਿਲ ਰਿਹਾ ਹੈ। ਸਿਰਫ਼ ਵੋਟਾਂ ਵੇਲੇ ਦਿਖਾਈ ਦੇਣ ਵਾਲੇ ਚੋਣ ਮਦਾਰੀ ਮਨਲੁਭਾਓ ਵਾਅਦਿਆਂ-ਦਾਅਵਿਆਂ ਨਾਲ ਡੁਗਡੁਗੀ ਵਜਾਉਂਦੇ ਇਕ ਵਾਰ ਫੇਰ ਮੈਦਾਨ ਵਿਚ ਸਜ ਗਏ ਹਨ। ਇਸ ਸੀਟ ਲਈ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਆਮ ਆਦਮੀ ਪਾਰਟੀ ਆਪਣਾ ਉਮੀਦਵਾਰ ਐਲਾਨਣ ਵਿਚ ਮੋਹਰੀ ਰਹੀ। ਉਸ ਨੇ ਸਾਬਕਾ ਫ਼ੌਜੀਆਂ ‘ਤੇ ਟੇਕ ਰੱਖਦਿਆਂ ਮੇਜਰ ਜਨਰਲ ਸੁਰੇਸ਼ ਖਜੂਰੀਆ ਨੂੰ ਮੈਦਾਨ ਵਿਚ ਉਤਾਰਿਆ ਹੈ। ਇਸ ਵਾਰ ‘ਆਪ’ ਦੇ ਪੱਖ ਵਿਚ ਚੰਗੀ ਗੱਲ ਇਹ ਰਹੀ ਕਿ ਦਿੱਲੀ ਹਾਈ ਕਮਾਂਡ ਨੇ ਉਮੀਦਵਾਰ ਦੀ ਚੋਣ ਕਰਨ ਵਿਚ ਦਖ਼ਲਅੰਦਾਜ਼ੀ ਨਹੀਂ ਕੀਤੀ। ਜ਼ਾਹਰ ਹੈ ਉਹ ਹਾਲੇ ਵਿਧਾਨ ਸਭਾ ਚੋਣਾਂ ਵਿਚ ਹੱਥੋਂ ਖਿਸਕੀ ਸੱਤਾ ਤੇ ਦਿੱਲੀ ਵਾਲਿਆਂ ਦੀ ਦਖ਼ਲਅੰਦਾਜ਼ੀ ਦੇ ਇਲਜ਼ਾਮਾਂ ਤੋਂ ਉਸ ਨੇ ਸਬਕ ਲਿਆ ਹੈ। ਇਸ ਚੋਣ ਦਾ ਕੁੱਲ ਮਿਲ ਕੇ ਸਾਰਾ ਦਾਰੋ-ਮਦਾਰ ਪੰਜਾਬ ਪਾਰਟੀ ਪ੍ਰਧਾਨ ਭਗਵੰਤ ਮਾਨ ਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ‘ਤੇ ਹੈ। ਇਨ੍ਹਾਂ ਦੋਹਾਂ ਆਗੂਆਂ ਦਾ ਵਕਾਰ ਦਾਅ ‘ਤੇ ਲੱਗਾ ਹੈ। ਹਾਲਾਂਕਿ ਸੱਤਾਧਿਰ ਕੋਲੋਂ ਇਹ ਸੀਟ ਖੋਹਣੀ ਮੁਸ਼ਕਲ ਹੈ ਕਿਉਂਕਿ ਵੈਸੇ ਵੀ ਮਾਝੇ ਵਿਚ ‘ਆਪ’ ਦਾ ਏਨਾ ਆਧਾਰ ਨਹੀਂ ਰਿਹਾ। ਵੋਟਰਾਂ ਦਾ ਝੁਕਾਅ ਵੀ ਹਕੂਮਤੀ ਧਿਰ ਵੱਲ ਹੀ ਹੁੰਦਾ ਹੈ। ਉਨ੍ਹਾਂ ਨੂੰ ਡਰ ਹੁੰਦਾ ਹੈ ਕਿ ਜੇਕਰ ਵਿਰੋਧੀ ਧਿਰ ਦੀ ਝੋਲੀ ਸੀਟ ਪਈ ਤਾਂ ਹਲਕੇ ਦੇ ਵਿਕਾਸ ਕਾਰਜ ਰੁਕ ਜਾਣਗੇ ਤੇ ਵੋਟਰਾਂ ਦਾ ਇਹ ਡਰ ਸੱਚ ਵੀ ਹੁੰਦਾ ਹੈ।
ਦੂਜੇ ਪਾਸੇ ਕਾਂਗਰਸ ਹਾਈ ਕਮਾਂਡ ਨੇ ਕਈ ਦਿਨਾਂ ਦੀ ਉਧੇੜ-ਬੁਣ ਤੋਂ ਬਾਅਦ ਸੂਬਾਈ ਪ੍ਰਧਾਨ ਸੁਨੀਲ ਜਾਖੜ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਭਾਵੇਂ ਟਿਕਟ ਲੈਣ ਦੀ ਦੌੜ ਵਿਚ ਪ੍ਰਤਾਪ ਸਿੰਘ ਬਾਜਵਾ ਦੀ ਪਤਨੀ ਤੇ ਸਾਬਕਾ ਵਿਧਾਇਕ ਚਰਨਜੀਤ ਕੌਰ ਬਾਜਵਾ ਵੀ ਸ਼ਾਮਲ ਸੀ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੂਰ ਤਾਣ ਸੁਨੀਲ ਜਾਖੜ ‘ਤੇ ਲੱਗਾ ਸੀ। ਕਿਉਂਕਿ ਹਾਲੀਆ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਦੀ ਅਗਵਾਈ ਵਿਚ ਕਾਂਗਰਸ ਨੂੰ 77 ਸੀਟਾਂ ਦਾ ‘ਸ਼ਗਨ’ ਪਿਆ ਸੀ ਤਾਂ ਜ਼ਾਹਰ ਹੈ ਹਾਈ ਕਮਾਂਡ ਨੂੰ ਕੈਪਟਨ ਦਾ ‘ਮਾਣ’ ਰੱਖ ਕੇ ਜਾਖੜ ਨੂੰ ਉਮੀਦਵਾਰ ਬਣਾਉਣਾ ਪਿਆ।
ਉਂਜ ਵੀ ਕੈਪਟਨ ਅਮਰਿੰਦਰ ਸਿੰਘ ਨੇ ਕਈ ਦਿਨ ਪਹਿਲਾਂ ਹੀ ਗੁਰਦਾਸਪੁਰ ਦੀ ਜ਼ਿਮਨੀ ਚੋਣ ਲਈ ਕਮਰ ਕੱਸ ਲਈ ਸੀ। ਇਸ ਵਕਤ ਕਿਸਾਨਾਂ ਦਾ ਕਰਜ਼ਾ ਮੁਆਫ਼ੀ ਤੇ ਦਿਨੋ-ਦਿਨ ਵਧ ਰਹੀਆਂ ਖ਼ੁਦਕੁਸ਼ੀ ਦੀਆਂ ਘਟਨਾਵਾਂ ਦਾ ਮੁੱਦਾ ਸਭ ਤੋਂ ਵੱਧ ਚਰਚਾ ਵਿਚ ਹੈ ਤੇ ਕੈਪਟਨ ਨੇ ਸਾਰੀਆਂ ਤੌਹਮਤਾਂ ਨੂੰ ਦਰਕਿਨਾਰ ਕਰਦਿਆਂ ਗੁਰਦਾਸਪੁਰ ਕਿਸਾਨਾਂ ‘ਤੇ ਖ਼ਾਸ ਮਿਹਰਬਾਨੀ ਦਿਖਾ ਦਿੱਤੀ। ਪੰਜਾਬ ਦੇ ਗੰਨਾ ਕਿਸਾਨਾਂ ਦਾ ਸਰਕਾਰ ‘ਤੇ 90 ਕਰੋੜ ਰੁਪਏ ਬਕਾਇਆ ਹੈ। ਇਹ ਰਕਮ 9 ਵਿਚੋਂ 7 ਸਹਿਕਾਰੀ ਮਿਲਾਂ ਵਿਚ ਫਸਲ ਵੇਚਣ ਵਾਲੇ ਕਿਸਾਨਾਂ ਦੀ ਹੈ। ਵੋਟ ਬੈਂਕ ਨੂੰ ਧਿਆਨ ਵਿਚ ਰਖਦਿਆਂ ਕੈਪਟਨ ਸਰਕਾਰ ਨੇ ਦੂਜੀਆਂ ਸਹਿਕਾਰੀ ਮਿਲਾਂ ਦਾ ਹਿੱਸਾ ਵੀ ਇਸ ਸੰਸਦੀ ਹਲਕੇ ਵਿਚ ਤਬਦੀਲ ਕਰ ਦਿੱਤਾ ਹੈ। ਹੁਣ ਤਕ ਖੰਡ ਮਿਲਾਂ ਨੂੰ ਬਕਾਇਆ ਰਕਮ ਦਾ ਭੁਗਤਾਨ ਬਰਾਬਰ ਕਿਸ਼ਤਾਂ ਵਿਚ ਹੁੰਦਾ ਸੀ। ਇਸ ਵਾਰ ਸਰਕਾਰ ਨੇ ਇਸ ਹਲਕੇ ਦੀਆਂ 2 ਖੰਡ ਮਿਲਾਂ ਨੂੰ ਕਰੀਬ 3 ਹਜ਼ਾਰ ਕਿਸਾਨਾਂ ਲਈ 24 ਕਰੋੜ ਦੀ ਪੂਰੀ ਅਦਾਇਗੀ ਕਰ ਦਿੱਤੀ ਹੈ। ਇਨ੍ਹਾਂ ਵਿਚੋਂ ਇਕ ਸਹਿਕਾਰੀ ਮਿਲ ਗੁਰਦਾਸਪੁਰ ਦੇ ਪਨਿਆੜ ਵਿਚ ਤੇ ਦੂਸਰੀ ਬਟਾਲਾ ਵਿਚ ਹੈ। ਇਥੋਂ ਦੇ ਕਿਸਾਨਾਂ ਦੀ ਕੋਈ ਅਦਾਇਗੀ ਪੈਂਡਿੰਗ ਨਹੀਂ। ਇਸ ਨਾਲ ਬਾਕੀ ਸੂਬੇ ਦੇ 10 ਹਜ਼ਾਰ ਕਿਸਾਨ ਠੱਗੇ ਜਿਹੇ ਮਹਿਸੂਸ ਕਰ ਰਹੇ ਹਨ।
ਉਧਰ ਪੰਜਾਬ ਭਾਜਪਾ ਦੀ ਚੋਣ ਕਮੇਟੀ ਨੇ ਮੀਟਿੰਗ ਕਰਕੇ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਸਾਬਕਾ ਮੈਂਬਰ ਪਾਰਲੀਮੈਂਟ ਮਰਹੂਮ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਅਤੇ ਸੀਨੀਅਰ ਆਗੂ ਸਵਰਨ ਸਲਾਰੀਆ ਦੇ ਨਾਂ ਪਾਰਟੀ ਹਾਈਕਮਾਂਡ ਨੂੰ ਭੇਜ ਦਿੱਤੇ ਹਨ, ਜਿਨ੍ਹਾਂ ਵਿਚੋਂ ਕਿਸੇ ਇਕ ‘ਤੇ ਪਾਰਟੀ ਦਾ ਸੰਸਦੀ ਬੋਰਡ ਅੰਤਿਮ ਫੈਸਲਾ ਲਵੇਗਾ। ਕਿਉਂਕਿ ਇਹ ਭਾਜਪਾ ਦੀ ਸੀਟ ਹੈ ਤਾਂ ਅਕਾਲੀ ਦਲ ਉਸ ਦੀ ਪੂਰੀ ਹਮਾਇਤ ਕਰੇਗਾ।
ਫ਼ਿਲਹਾਲ ਗੁਰਦਾਸਪੁਰ ਹਲਕੇ ਦੀ ਸੱਤਾ ਕਿਸੇ ਵੀ ਧਿਰ ਕੋਲ ਆਵੇ, ਹਾਰ ਤਾਂ ਆਮ ਬੰਦੇ ਦੀ ਹੋਣੀ ਹੈ। 10 ਵਰ੍ਹਿਆਂ ਵਿਚ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਨੂੰ ਕਈ ਕਦਮ ਪਿਛੇ ਸੁੱਟ ਦਿੱਤਾ, 6 ਮਹੀਨਿਆਂ ਵਿਚ ਕਾਂਗਰਸ ਸਰਕਾਰ ਨੇ ਵੀ ਕੱਖ ਨਹੀਂ ਸੰਵਾਰਿਆ। ਪੰਜਾਬ ਦੀ ਸੱਤਾ ਦਾ ਸਿਰਫ਼ ਚਿਹਰਾ ਹੀ ਬਦਲਿਆ ਹੈ, ਨੀਅਤ ਬਦਨੀਅਤ ਹੀ ਹੈ। ‘ਆਪ’ ਲਈ ਇਹ ਪੈਂਡਾ ਲੰਬਾ ਹੈ, ਸੋ ਉਸ ਨੂੰ ਬਿਆਨਬਾਜ਼ੀਆਂ ਛੱਡ ਕੇ ਪੰਜਾਬ ਦੇ ਲੋਕਾਂ ਤਕ ਪਹੁੰਚ ਕਰਨ ਦੀ ਲੋੜ ਹੈ।