ਉੱਤਰੀ ਕੈਰੋਲੀਨਾ ਵਿਚ ਸਬ ਸਟੇਸ਼ਨਾਂ 'ਤੇ ਗੋਲੀਬਾਰੀ ਕਾਰਨ ਹਜਾਰਾਂ ਲੋਕਾਂ ਦੀ ਬਿਜਲੀ ਸਪਲਾਈ ਗੁੱਲ

ਉੱਤਰੀ ਕੈਰੋਲੀਨਾ ਵਿਚ ਸਬ ਸਟੇਸ਼ਨਾਂ 'ਤੇ ਗੋਲੀਬਾਰੀ ਕਾਰਨ ਹਜਾਰਾਂ ਲੋਕਾਂ ਦੀ ਬਿਜਲੀ ਸਪਲਾਈ ਗੁੱਲ
ਕੈਪਸ਼ਨ: ਉੱਤਰੀ ਕੈਰੋਲੀਨਾ ਵਿਚ ਗੋਲੀਬਾਰੀ ਉਪਰੰਤ ਨੁਕਸਾਨੇ ਸਬ ਸਟੇਸ਼ਨ ਦੀ ਮੁਰੰਮਤ ਕਰਦੇ ਹੋਏ ਇੰਜੀਨੀਅਰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ 6 ਦਸੰਬਰ (ਹੁਸਨ ਲੜੋਆ ਬੰਗਾ)-ਉੱਤਰੀ ਕੈਰੋਲੀਨਾ ਵਿਚ ਕਾਰਥੇਜ ਵਿਖੇ ਗੋਲੀਬਾਰੀ ਕਾਰਨ ਸਬ ਸਟੇਸ਼ਨਾਂ ਨੂੰ ਪੁੱਜੇ ਨੁਕਸਾਨ ਦੇ ਸਿੱਟੇ ਵਜੋਂ 40000 ਦੇ ਕਰੀਬ ਖਪਤਕਾਰਾਂ ਦੀ ਬਿਜਲੀ ਸਪਲਾਈ ਗੁੱਲ ਹੋ ਗਈ। ਅਧਿਕਾਰੀਆਂ ਵੱਲੋਂ ਖੁਲਾਸਾ ਕੀਤਾ ਗਿਆ ਹੈ ਕਿ ਉਨਾਂ ਨੂੰ ਅਜਿਹੇ ਸਬੂਤ ਮਿਲੇ ਹਨ ਜਿਨਾਂ ਤੋਂ ਪਤਾ ਲੱਗਦਾ ਹੈ ਕਿ ਗੋਲੀਬਾਰੀ ਕਰਕੇ ਸਬ ਸਟੇਸ਼ਨਾਂ ਨੂੰ ਜਾਣ ਬੁਝ ਕੇ ਨੁਕਸਾਨ ਪਹੁੰਚਾਇਆ ਗਿਆ ਹੈ। ਇਸ ਖੁਲਾਸੇ ਤੋਂ ਬਾਅਦ ਹੰਗਾਮੀ ਸਥਿੱਤੀ ਦਾ ਐਲਾਨ ਕੀਤਾ ਗਿਆ ਹੈ ਤੇ ਘਟਨਾ ਦੀ ਅਪਰਾਧਿਕ ਨਜਰੀਏ ਤੋਂ ਜਾਂਚ ਪੜਤਾਲ ਕੀਤੀ ਜਾਵੇਗੀ। ਮੂਰੀ ਕਾਊਂਟੀ ਦੇ ਸ਼ੈਰਿਫ ਰੋਨੀ ਫੀਲਡਸ ਅਨੁਸਾਰ ਅਜਿਹੇ ਸੰਕੇਤ ਮਿਲੇ ਹਨ ਕਿ ਵੱਖ ਵੱਖ ਥਾਵਾਂ 'ਤੇ ਦੋ ਸਬ ਸਟੇਸ਼ਨਾਂ ਨੂੰ ਗਿਣਮਿੱਥਕੇ ਨਿਸ਼ਾਨਾ ਬਣਾਇਆ ਗਿਆ ਹੈ। ਮਾਮਲਾ ਜਾਂਚ ਅਧੀਨ ਹੈ। ਉਨਾਂ ਕਿਹਾ ਕਿ ਇਕ ਜਾਂ ਇਕ ਤੋਂ ਵਧ ਹਮਲਾਵਰਾਂ ਨੇ ਸਬ ਸਟੇਸ਼ਨਾਂ ਉਪਰ ਗੋਲੀਬਾਰੀ ਕੀਤੀ ਹੈ।