ਦੋ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ‘ਚ ਚਲਿਆ ਮੋਦੀ ਦਾ ਮੰਤਰ

ਦੋ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ‘ਚ ਚਲਿਆ ਮੋਦੀ ਦਾ ਮੰਤਰ

ਗੁਜਰਾਤ ‘ਚ ਤਕੜੀ ਹੋਈ ਕਾਂਗਰਸ ਨੇ ਭਾਜਪਾ ਦੇ ਰੱਥ ਨੂੰ ਲਾਈਆਂ ਬਰੇਕਾਂ 
ਹਿਮਾਚਲ ਵਿੱਚ ‘ਕਮਲ’ ਖਿੜਿਆ, ‘ਹੱਥ’ ਹਾਰਿਆ
ਅਹਿਮਦਾਬਾਦ/ ਬਿਊਰੋ ਨਿਊਜ਼:
ਆਮ ਚੋਣਾਂ ਤੋਂ ਸਿਰਫ਼ 18 ਮਹੀਨੇ ਪਹਿਲਾਂ ਦੇਸ਼ ਦੀ ਸਿਆਸਤ ਉਤੇ ਪਕੜ ਮਜ਼ਬੂਤ ਕਰਦਿਆਂ ਭਾਜਪਾ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਰਿਕਾਰਡ ਲਗਾਤਾਰ ਛੇਵੀਂ ਵਾਰ ਜਿੱਤ ਦਰਜ ਕੀਤੀ ਅਤੇ ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਤੋਂ ਸੱਤਾ ਹਥਿਆ ਲਈ।
ਸੋਮਵਾਰ ਸਵੇਰੇ ਆਏ ਰੁਝਾਨਾਂ ਵਿੱਚ ਭਾਜਪਾ ਤੇ ਕਾਂਗਰਸ ਵਿਚਾਲੇ ਫਸਵੀਂ ਟੱਕਰ ਸੀ ਅਤੇ ਗੁਜਰਾਤ ਦਾ ਨਤੀਜਾ ਉਤਰਾਅ-ਚੜ੍ਹਾਅ ਵਾਲਾ ਲੱਗਿਆ। ਬਾਅਦ ਦੁਪਹਿਰ ਭਾਜਪਾ ਅੱਗੇ ਹੋਣੀ ਸ਼ੁਰੂ ਹੋ ਗਈ ਅਤੇ ਅੰਤ ਵਿੱਚ ਪਾਰਟੀ ਨੇ ਕੁੱਲ 182 ਮੈਂਬਰੀ ਵਿਧਾਨ ਸਭਾ ਵਿੱਚ 99 ਸੀਟਾਂ ਜਿੱਤੀਆਂ। ਹਾਲਾਂਕਿ ਇਹ ਅੰਕੜਾ ਇਸ ਭਗਵਾ ਭਾਰਟੀ ਦੇ ਕਿਆਸ ਤੋਂ ਕਾਫ਼ੀ ਘੱਟ ਹੈ। ਪਾਰਟੀ ਆਗੂਆਂ ਦਾ 150 ਤੋਂ ਵੱਧ ਸੀਟਾਂ ਜਿੱਤਣ ਦਾ ਟੀਚਾ ਸੀ ਪਰ ਰਾਹੁਲ ਗਾਂਧੀ ਦੀ ਅਗਵਾਈ ਹੇਠ ਉੱਭਰੀ ਕਾਂਗਰਸ ਦੇ ਨਾਲ ਨਾਲ ਪਾਟੀਦਾਰ ਤੇ ਦਲਿਤ ਆਗੂਆਂ ਹਾਰਦਿਕ ਪਟੇਲ, ਅਲਪੇਸ਼ ਠਾਕੁਰ ਤੇ ਜਿਗਨੇਸ਼ ਮੇਵਾਨੀ ਤੋਂ ਭਾਜਪਾ ਨੂੰ ਤਕੜੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ। ਕਾਂਗਰਸ ਨੂੰ ਕੁੱਲ 80 ਸੀਟਾਂ ਮਿਲੀਆਂ। 2012 ਦੀਆਂ ਚੋਣਾਂ ਵਿੱਚ ਉਸ ਕੋਲ 61 ਸੀਟਾਂ ਸਨ। ਹੋਰਾਂ ਦੇ ਖਾਤੇ ਵਿੱਚ ਤਿੰਨ ਸੀਟਾਂ ਗਈਆਂ। ਭਾਜਪਾ ਨੇ ਇਨ੍ਹਾਂ ਨਤੀਜਿਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਾਸ ਏਜੰਡੇ ਦੀ ਜਿੱਤ ਦੱਸਿਆ। ਕਾਂਗਰਸ ਨੂੰ ਸਿਰਫ਼ ਇਸੇ ਤੱਥ ਨਾਲ ਢਾਰਸ ਮਿਲੀ ਕਿ ਉਸ ਨੇ ਸ੍ਰੀ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਗ੍ਰਹਿ ਰਾਜ ਵਿੱਚ ਆਪਣੀ ਸੂਚੀ ਵਿੱਚ ਵਾਧਾ ਕੀਤਾ ਹੈ। ਸ੍ਰੀ ਸ਼ਾਹ ਨੇ ਇਸ ਨਤੀਜੇ ਉਤੇ ਤਸੱਲੀ ਜ਼ਾਹਰ ਕਰਦਿਆਂ ਕਿਹਾ ਕਿ ਗੁਜਰਾਤ ਵਿੱਚ ਪਾਰਟੀ ਦਾ ਵੋਟ ਫੀਸਦ ਪਿਛਲੀ ਵਾਰ ਦੇ 47.85 ਫੀਸਦੀ ਤੋਂ ਵਧ ਕੇ 49.10 ਫੀਸਦੀ ਰਿਹਾ। ਕਾਂਗਰਸ ਦਾ ਵੋਟ ਫੀਸਦ ਵੀ 38.93 ਤੋਂ ਵਧ ਕੇ 41.5 ਫੀਸਦੀ ਰਿਹਾ।

ਮੋਦੀ ਦੇ ਜ਼ੱਦੀ ਜਿਲ੍ਹੇ ‘ਚ ਭਾਜਪਾ ਮੂਧੇ ਮੂੰਹ
ਇਸ ਦੌਰਾਨ ਪ੍ਰਧਾਨ ਮੰਤਰੀ ਦੇ ਗ੍ਰਹਿ ਜ਼ਿਲ੍ਹੇ ਵਡਨਗਰ ਵਿੱਚ ਪੈਂਦੇ ਉਂਝਾ ਹਲਕੇ ਵਿੱਚ  ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਕਾਂਗਰਸ ਦੀ  ਆਸ਼ਾਬੇਨ ਪਟੇਲ ਨੇ ਭਾਜਪਾ ਦੇ ਪੰਜ  ਵਾਰ ਤੋਂ ਵਿਧਾਇਕ ਰਹੇ ਨਰਾਇਣਭਾਈ ਪਟੇਲ ਤੋਂ ਇਹ  ਸੀਟ ਜਿੱਤੀ। ਆਸ਼ਾਬੇਨ ਨੇ ਨਰਾਇਣਭਾਈ  ਨੂੰ 19,529 ਵੋਟਾਂ ਦੇ ਫਰਕ ਨਾਲ ਹਰਾਇਆ। ਘੱਟੋ ਘੱਟ 16 ਹਲਕਿਆਂ ਵਿੱਚ ਮੁਕਾਬਲਾ ਕਾਫ਼ੀ ਸਖ਼ਤ ਰਿਹਾ। ਕਈ  ਥਾਈਂ ਦੋ ਹਜ਼ਾਰ ਤੋਂ ਵੀ ਘੱਟ ਵੋਟਾਂ ਨਾਲ ਜਿੱਤ-ਹਾਰ ਹੋਈ ਅਤੇ ਕੁੱਝ ਥਾਈਂ ਤਾਂ  ਜਿੱਤ-ਹਾਰ ਦਾ ਅੰਤਰ ਸਿਰਫ਼ ਦੋ ਸੌ ਵੋਟਾਂ ਸੀ। ਗੋਧਰਾ ਵਿੱਚ ਭਾਜਪਾ ਦੇ ਸੀ.ਕੇ. ਰੌਲਜੀ  ਸਿਰਫ਼ 258 ਵੋਟਾਂ ਦੇ ਫਰਕ ਨਾਲ ਜਿੱਤੇ। ਕੋਪਰਾੜਾ ਵਿੱਚ ਕਾਂਗਰਸ ਨੂੰ ਸਿਰਫ਼ 170  ਵੋਟਾਂ ਨਾਲ ਜਿੱਤ ਮਿਲੀ। ਢੋਲਕਾ ਸੀਟ ਕਾਂਗਰਸ ਨੇ 327 ਵੋਟਾਂ ਨਾਲ ਹਾਰੀ। ਫਤੇਪੁਰਾ  ਵਿੱਚ ਭਾਜਪਾ ਨੂੰ 2711 ਵੋਟਾਂ ਦੇ ਫਰਕ ਨਾਲ ਜਿੱਤ ਮਿਲੀ। ਕਾਂਗਰਸ ਨੇ ਬੋਤਾੜ ਸੀਟ 906  ਵੋਟਾਂ ਦੇ ਫਰਕ ਨਾਲ ਗੁਆਈ। ਭਾਜਪਾ ਨੇ ਮਾਨਸਾ ਸੀਟ 524 ਅਤੇ ਦਿਓਦਾਰ ਸੀਟ 972 ਵੋਟਾਂ  ਦੇ ਫਰਕ ਨਾਲ ਹਾਰੀ।

ਪੰਜ ਮੰਤਰੀਆਂ ਦੇ ਚਿਹਰੇ ਮੁਰਝਾਏ
ਗੁਜਰਾਤ ਸਰਕਾਰ ਦੇ ਪੰਜ ਮੰਤਰੀਆਂ ਨੂੰ ਹਾਰ ਸਾਹਮਣਾ ਕਰਨਾ ਪਿਆ। ਇਨ੍ਹਾਂ ਵਿੱਚ  ਕੈਬਨਿਟ ਮੰਤਰੀ ਆਤਮਾਰਾਮ ਪਰਮਾਰ ਤੇ ਚਿਮਨਭਾਈ ਸਪਾਰੀਆ ਸ਼ਾਮਲ ਹਨ। ਰਾਜ ਮੰਤਰੀਆਂ ਸ਼ੰਕਰ  ਚੌਧਰੀ, ਕੇਸ਼ਾਜੀ ਚੌਹਾਨ ਤੇ ਸ਼ਬਦਸ਼ਰਨ ਤਾਡਵੀ ਨੂੰ ਵੀ ਹਾਰ ਦਾ ਮੂੰਹ ਦੇਖਣਾ ਪਿਆ। ਕਾਂਗਰਸ ਦੇ ਵੀ ਕਈ ਸੀਨੀਅਰ ਆਗੂ ਵਿਧਾਨ ਸਭਾ ਵਿੱਚ ਪੁੱਜਣ ਵਿੱਚ ਨਾਕਾਮ ਰਹੇ। ਇਨ੍ਹਾਂ ਵਿੱਚ ਅਰਜੁਨ ਮੋਧਵਾੜੀਆ, ਸ਼ਕਤੀਸਿੰਹ ਗੋਹਿਲ, ਸਿਧਾਰਥ ਪਟੇਲ ਤੇ ਤੁਸ਼ਾਰ ਚੌਧਰੀ  ਸ਼ਾਮਲ ਹਨ। ਗੁਜਰਾਤ ਵਿੱਚ 5.5 ਲੱਖ ਵੋਟਰਾਂ ਨੇ ਨੋਟਾ (ਕਿਸੇ ਨੂੰ ਵੀ ਵੋਟ  ਨਹੀਂ) ਦਾ ਬਟਨ ਦਬਾਇਆ, ਜਦੋਂ ਕਿ ਹਿਮਾਚਲ ਵਿੱਚ 33 ਹਜ਼ਾਰ ਵੋਟਰਾਂ ਨੇ ਨੋਟਾ ਦਾ ਬਟਨ  ਨੱਪਿਆ।
ਭਾਜਪਾ ਦੇ ਮੀਤ ਪ੍ਰਧਾਨ ਸ਼ਿਆਮ ਜਾਜੂ ਨੇ ਕਿਹਾ ਕਿ ‘ਅਸੀਂ ਲਗਾਤਾਰ ਵਿਧਾਨ ਸਭਾ ਚੋਣਾਂ ਜਿੱਤ ਕੇ ਰਿਕਾਰਡ ਕਾਇਮ ਕੀਤਾ ਹੈ। ਸਰਕਾਰ ਵਿਰੋਧੀ ਲਹਿਰ ਨਹੀਂ ਚੱਲੀ। ਪ੍ਰਧਾਨ ਮੰਤਰੀ ਦੀ ਮਕਬੂਲੀਅਤ ਕਾਇਮ ਹੈ। ਅਮਿਤ ਸ਼ਾਹ ਦੀ ਰਣਨੀਤੀ ਕਾਰਗਰ ਰਹੀ।’ ਜਿੱਤ ਸਪੱਸ਼ਟ ਹੋਣ ਮਗਰੋਂ ਪਾਰਟੀ ਵਰਕਰ ਗਲੀਆਂ ਤੇ ਪਾਰਟੀ ਦਫ਼ਤਰਾਂ ਵਿੱਚ ਇਕੱਤਰ ਹੋ ਗਏ ਅਤੇ ਉਨ੍ਹਾਂ ਮਠਿਆਈਆਂ ਵੰਡੀਆਂ ਤੇ ਪਟਾਕੇ ਚਲਾਏ।

ਦਲਿਤ ਆਗੂ ਜਿਗਨੇਸ਼ ਮੇਵਾਨੀ ਨੇ ਭਾਜਪਾ ਦੀ ਬੂਥ ਲਵਾਈ
ਅਹਿਮਦਾਬਾਦ: ਦਲਿਤ ਆਗੂ ਜਿਗਨੇਸ਼ ਮੇਵਾਨੀ ਨੇ ਬਨਾਸਕਾਂਠਾ ਜ਼ਿਲ੍ਹੇ ਦੀ ਵੜਗਾਮ ਸੀਟ ਉਤੇ ਜਿੱਤ ਹਾਸਲ ਕੀਤੀ। ਉਨ੍ਹਾਂ ਭਾਜਪਾ ਉਮੀਦਵਾਰ ਵਿਜੈ ਚੱਕਰਵਰਤੀ ਨੂੰ 19,696 ਵੋਟਾਂ ਨਾਲ ਹਰਾਇਆ। ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਮੇਵਾਨੀ ਨੂੰ ਕਾਂਗਰਸ ਦੀ ਹਮਾਇਤ ਸੀ। ਇਸ ਦੌਰਾਨ ਹੋਰ ਪਛੜੀਆਂ ਸ਼੍ਰੇਣੀਆਂ (ਓਬੀਸੀ) ਦੇ ਆਗੂ ਅਲਪੇਸ਼ ਠਾਕੁਰ ਨੇ ਰਾਧਨਪੁਰ ਸੀਟ ਤੋਂ ਜਿੱਤ ਹਾਸਲ ਕੀਤੀ। ਹਾਲ ਹੀ ਵਿੱਚ ਕਾਂਗਰਸ ਵਿੱਚ ਸ਼ਾਮਲ ਹੋਏ ਅਲਪੇਸ਼ ਨੇ ਭਾਜਪਾ ਦੇ ਉਮੀਦਵਾਰ ਨੂੰ 15 ਹਜ਼ਾਰ ਵੋਟਾਂ ਨਾਲ ਹਰਾਇਆ।

ਭਾਜਪਾ ਦੀ ਵੋਟ ਫ਼ੀਸਦ ਘਟੀ
ਨਵੀਂ ਦਿੱਲੀ: 2014 ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ 60 ਫ਼ੀਸਦ ਵੋਟਾਂ ਪਈਆਂ ਸਨ ਜਦੋਂ ਕਿ ਮੌਜੂਦਾ ਵਿਧਾਨ ਸਭਾ ਚੋਣਾਂ ‘ਚ ਇਸ ਪਾਰਟੀ ਹਿੱਸੇ 49.1 ਫ਼ੀਸਦ ਵੋਟਾਂ ਆਈਆਂ ਹਨ। ਦੱਸਣਯੋਗ ਹੈ ਕਿ 2012 ਵਿਧਾਨ ਸਭਾ ਚੋਣਾਂ ‘ਚ ਭਾਜਪਾ ਨੂੰ ਤਕਰੀਬਨ 48 ਫ਼ੀਸਦ ਵੋਟਾਂ ਪਈਆਂ ਸਨ। ਮੌਜੂਦਾ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦਾ ਵੋਟ ਹਿੱਸਾ ਵਧ ਕੇ 41.4 ਫ਼ੀਸਦ ਹੋ ਗਿਆ ਹੈ, ਜੋ 2014 ਲੋਕ ਸਭਾ ਚੋਣਾਂ ਵਿੱਚ 33 ਫ਼ੀਸਦ ਸੀ। 2012 ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਨੂੰ ਤਕਰੀਬਨ 39 ਫ਼ੀਸਦ ਵੋਟਾਂ ਪਈਆਂ ਸਨ।

ਹਿਮਾਚਲ ‘ਚ ਖੁਲ੍ਹ ਕੇ ਖਿੜਿਆ ‘ਕਮਲ’
ਕਾਂਗਰਸ ਦੇ ‘ਹੱਥ’ ਆਈਆਂ ਸਿਰਫ਼ 21 ਸੀਟਾਂ
ਸ਼ਿਮਲਾ/ਬਿਊਰੋ ਨਿਊਜ਼:
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਕਾਂਗਰਸ ਨੂੰ ਹਰਾ ਕੇ ਸੱਤਾ ਵਿੱਚ ਵਾਪਸੀ ਕੀਤੀ ਹੈ। 68 ਮੈਂਬਰੀ ਵਿਧਾਨ ਸਭਾ ਵਿੱਚ ਭਾਜਪਾ ਨੇ 44 ਸੀਟਾਂ ਜਿੱਤ ਕੇ ਬਹੁਮਤ ਹਾਸਲ ਕੀਤਾ ਹੈ। ਵੀਰਭੱਦਰ ਸਿੰਘ ਦੀ ਅਗਵਾਈ ਵਿੱਚ ਚੋਣ ਲੜਨ ਵਾਲੀ ਕਾਂਗਰਸ ਪਾਰਟੀ ਨੇ 21 ਸੀਟਾਂ ਉਤੇ ਜਿੱਤ ਹਾਸਲ ਕੀਤੀ ਹੈ ਅਤੇ ਤਿੰਨ ਹੋਰ ਉਮੀਦਵਾਰ ਜਿੱਤੇ ਹਨ। ਭਾਜਪਾ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਪ੍ਰੇਮ ਕੁਮਾਰ ਧੂਮਲ ਨੂੰ ਸੁਜਾਨਪੁਰ ਹਲਕੇ ਤੋਂ ਕਾਂਗਰਸ ਦੇ ਰਾਜਿੰਦਰ ਸਿੰਘ ਰਾਣਾ ਨੇ 3500 ਵੋਟਾਂ ਦੇ ਫਰਕ ਨਾਲ ਧੂੜ ਚਟਾ ਦਿੱਤੀ। ਇਸ ਪਹਾੜੀ ਰਾਜ ‘ਚ 75.28 ਫ਼ੀਸਦ ਮਤਦਾਨ ਹੋਇਆ ਸੀ। ਪਿਛਲੀਆਂ ਚੋਣਾਂ ਵਿੱਚ ਕਾਂਗਰਸ ਨੂੰ 36 ਅਤੇ ਭਾਜਪਾ ਨੂੰ 26 ਸੀਟਾਂ ਉਤੇ ਜਿੱਤ ਮਿਲੀ ਸੀ। ਜ਼ਿਕਰਯੋਗ ਹੈ ਕਿ 1990 ਵਿੱਚ ਭਾਜਪਾ ਨੇ ਕਾਂਗਰਸ ਨੂੰ ਸੱਤਾ ਤੋਂ ਬਾਹਰ ਕੀਤਾ ਸੀ। ਕਾਂਗਰਸ ਨੇ 1993 ਵਿੱਚ ਭਾਜਪਾ ਨੂੰ ਇਸ ਹਾਰ ਦੀ ਭਾਜੀ ਮੋੜ ਦਿੱਤੀ ਸੀ। 1998 ਵਿੱਚ ਭਾਜਪਾ ਨੇ ਹਿਮਾਚਲ ਵਿਕਾਸ ਕਾਂਗਰਸ ਦੀ ਮਦਦ ਨਾਲ ਸਰਕਾਰ ਬਣਾਈ ਸੀ ਅਤੇ 2003 ਵਿੱਚ ਕਾਂਗਰਸ ਮੁੜ ਸੱਤਾ ਉਤੇ ਕਾਬਜ਼ ਹੋ ਗਈ ਸੀ। 2007 ਵਿੱਚ ਭਾਜਪਾ ਨੇ ਸੱਤਾ ਵਿੱਚ ਵਾਪਸੀ ਕੀਤੀ ਸੀ ਪਰ 2012 ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਨੇ ਉਸ ਨੂੰ ਹਰਾ ਦਿੱਤਾ ਸੀ।
07744 ਚੋਪੇਨਵੀਂ ਦਿੱਲੀ: ਹਿਮਾਚਲ ਪ੍ਰਦੇਸ਼ ਦੇ ਠਿਯੋਗ ‘ਚ ਸੀਪੀਐਮ ਦੇ ਰਾਕੇਸ਼ ਸਿੰਘਾ ਦੀ ਜਿੱਤ ਨੂੰ ਪਾਰਟੀ ਨੇ ਲੋਕਾਂ ਨੂੰ ਸਮਰਪਿਤ ਕੀਤਾ ਹੈ। ਸੀਪੀਐਮ ਪੋਲਿਟਬਿਉਰੋ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਸ੍ਰੀ ਸਿੰਘਾ ਦੀ ਜਿੱਤ ਅਹਿਮ ਹੈ ਕਿਉਂਕਿ ਦੋਵੇਂ ਵੱਡੀਆਂ ਪਾਰਟੀਆਂ ਨੇ ਚੋਣਾਂ ਦਾ ਧਰੁੱਵੀਕਰਨ ਕਰ ਦਿੱਤਾ ਸੀ। ਪਾਰਟੀ ਨੇ ਕਿਹਾ ਕਿ ਲੋਕਾਂ ਦੇ ਹੱਕਾਂ ਅਤੇ ਹਿੱਤਾਂ ਲਈ ਵਿਧਾਨ ਸਭਾ ‘ਚ ਕੰਮ ਕਰਨ ਲਈ ਉਨ੍ਹਾਂ ਨੂੰ ਇਹ ਫ਼ਤਵਾ ਮਿਲਿਆ ਹੈ। ਸ੍ਰੀ ਸਿੰਘਾ ਦੂਜੀ ਵਾਰ ਵਿਧਾਇਕ ਦੀ ਚੋਣ ਜਿੱਤੇ ਹਨ।