ਪਾਕਿ ਵੱਲੋਂ ਸਰਹੱਦ ਉੱਤੇ ਫਾਇਰਿੰਗ ਨਾਲ ਇਕ ਹੋਰ ਭਾਰਤੀ ਦੀ ਮੌਤ

ਪਾਕਿ ਵੱਲੋਂ ਸਰਹੱਦ ਉੱਤੇ ਫਾਇਰਿੰਗ ਨਾਲ ਇਕ ਹੋਰ ਭਾਰਤੀ ਦੀ ਮੌਤ

ਆਰ ਐਸ ਪੁਰਾ ਸੈਕਟਰ ਦੇ ਪਿੰਡ ਸੁਚੇਤਗੜ੍ਹ ਵਿੱਚ ਪਾਕਿਸਤਾਨ ਵਾਲੇ ਪਾਸਿਓਂ ਦਾਗੇ ਗਏ ਮੋਰਟਾਰ ਗੋਲੇ ਦਿਖਾਉਂਦੀਆਂ ਔਰਤਾਂ।
ਜੰਮੂ/ਬਿਊਰੋ ਨਿਊਜ਼:
ਪਾਕਿਸਤਾਨੀ ਬਲਾਂ ਨੇ ਲਗਾਤਾਰ ਚੌਥੇ ਦਿਨ ਗੋਲੀਬੰਦੀ ਦੀ ਉਲੰਘਣਾ ਕਰਦਿਆਂ ਕੌਮਾਂਤਰੀ ਸੀਮਾ ਅਤੇ ਕੰਟਰੋਲ ਰੇਖਾ ਨੇੜਲੇ ਕਾਨਾਚੱਕ ਪ੍ਰਾਗਵਲ, ਨੌਸ਼ਹਿਰਾ, ਰਾਜੌਰੀ ਅਤੇ ਅਖਨੂਰ ਸੈਕਟਰਾਂ ਵਿੱਚ ਭਾਰੀ ਗੋਲਾਬਾਰੀ ਕੀਤੀ। ਇਸ ਦੌਰਾਨ ਐਤਵਾਰ ਰਾਤੀਂ ਕਾਨਾਚੱਕ ਪ੍ਰਾਗਵਲ ਸੈਕਟਰ ਵਿੱਚ ਦੋ ਭਰਾ ਉਦੋਂ ਫੱਟੜ ਹੋ ਗਏ ਜਦੋਂ ਪਿਕ ਵੱਲੋਂ ਕੀਤੀ ਜਾ ਰਹੀ ਗੋਲਾਬਾਰੀ ਦੌਰਾਨ ਉਨ੍ਹਾਂ ਦੇ ਘਰ ‘ਤੇ ਗੋਲੇ ਵੱਜੇ। ਹਸਪਤਾਲ ਵਿੱਚ  ਗੋਪਾਲ  ਨਾਮ ਦੇ ਇਕ ਭਰਾ ਦੀ ਮੌਤ ਹੋ ਗਈ, ਦੂਜਾ ਅਜੇ ਹਸਪਤਾਲ ਵਿੱਚ ਹੀ ਇਲਾਜ ਅਧੀਨ ਹੈ।
ਪਾਕਿ ਗੋਲੀਬਾਰੀ ਵਿੱਚ ਫੱਟੜ ਹੋਇਆ ਫ਼ੌਜ ਦਾ ਜਵਾਨ ਸ਼ਨਿਚਰਵਾਰ ਰਾਤੀਂ ਫ਼ੌਜੀ ਹਸਪਤਾਲ ਵਿੱਚ ਦਮ ਤੋੜ ਗਿਆ, ਜਿਸ ਨਾਲ ਵੀਰਵਾਰ ਬਾਅਦ ਸਰਹੱਦੀ ਗੋਲੀਬਾਰੀ ਵਿੱਚ ਮੌਤਾਂ ਦੀ ਗਿਣਤੀ 12 ਹੋ ਗਈ ਹੈ। ਪੁਣਛ ਜ਼ਿਲ੍ਹੇ ਦੇ ਮਨਕੋਟ ਸੈਕਟਰ ਵਿੱਚ ਸਰਹੱਦੀ ਚੌਕੀ ‘ਤੇ ਤਾਇਨਾਤ ਸਿਪਾਹੀ ਸੀ ਕੇ ਰੌਇ ਕੱਲ੍ਹ ਫੱਟੜ ਹੋਇਆ ਸੀ।  ਮ੍ਰਿਤਕਾਂ ਵਿੱਚ ਛੇ ਨਾਗਰਿਕ, ਤਿੰਨ ਫ਼ੌਜੀ ਅਤੇ ਬੀਐਸਐਫ ਦੇ ਦੋ ਜਵਾਨ ਸ਼ਾਮਲ ਹਨ। ਇਸ ਦੌਰਾਨ ਜੰਮੂ ਕਸ਼ਮੀਰ ਦੇ ਰਾਜਪਾਲ ਐਨ ਐਨ ਵੋਹਰਾ ਨੇ ਗੋਲੀਬਾਰੀ ਵਿੱਚ ਮੌਤਾਂ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ। ਉਨ੍ਹਾਂ ਨੇ ਜ਼ਖ਼ਮੀਆਂ ਦੀ ਜਲਦੀ ਸਿਹਤਯਾਬੀ ਲਈ ਦੁਆ ਕੀਤੀ। ਰਾਜੌਰੀ ਦੇ ਡੀਸੀ ਸ਼ਾਹਿਦ ਇਕਬਾਲ ਚੌਧਰੀ ਨੇ ਦੱਸਿਆ, ‘ਪਾਕਿ ਵੱਲੋਂ ਜ਼ਿਲ੍ਹੇ ਦੇ ਭਵਾਨੀ, ਕਰਾਲੀ, ਸੈਦ, ਨੰਬ ਅਤੇ ਸ਼ੇਰ ਮਕਰੀ ਇਲਾਕੇ ਵਿੱਚ ਮੁੜ ਗੋਲਾਬਾਰੀ ਕੀਤੀ।’ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਅਖਨੂਰ ਵਿੱਚ ਵੀ ਪਾਕਿ ਨੇ ਗੋਲੀਬਾਰੀ ਕੀਤੀ ਹੈ, ਜਿਸ ਦਾ ਭਾਰਤੀ ਜਵਾਨਾਂ ਵੱਲੋਂ ਕਰਾਰ ਜਵਾਬ ਦਿੱਤਾ ਜਾ ਰਿਹਾ ਹੈ।
ਬੀਐਸਐਫ ਤੇ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਜੰਮੂ, ਕਠੂਆ ਤੇ ਸਾਂਬਾ ਜ਼ਿਲ੍ਹਿਆਂ ਵਿੱਚ ਕੱਲ੍ਹ ਰਾਤ ਪਾਕਿ ਵੱਲੋਂ ਕੌਮਾਂਤਰੀ ਸਰਹੱਦ ‘ਤੇ ਗੋਲੀਬਾਰੀ ਨਹੀਂ ਕੀਤੀ ਗਈ। ਬੀਐਸਐਫ ਦੇ ਤਰਜਮਾਨ ਨੇ ਦੱਸਿਆ, ‘ਕੱਲ੍ਹ ਰਾਤ ਅਰਨੀਆ ਸੈਕਟਰ ਵਿੱਚ ਮਾੜੀ-ਮੋਟੀ ਗੋਲਾਬਾਰੀ ਕੀਤੀ ਗਈ ਅਤੇ ਕੁੱਲ ਮਿਲਾ ਕੇ ਕੌਮਾਂਤਰੀ ਸਰਹੱਦ ‘ਤੇ ਸ਼ਾਂਤੀ ਰਹੀ।’ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅਧਿਕਾਰੀਆਂ ਵੱਲੋਂ ਸਥਿਤੀ ਉਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ ਅਤੇ ਲੋਕਾਂ ਨੂੰ ਸਮੇਂ ਸਿਰ ਮਦਦ ਦੇਣ ਲਈ ਪੁਲੀਸ ਟੀਮਾਂ ਨੂੰ ਪ੍ਰਭਾਵਿਤ ਇਲਾਕਿਆਂ ਵਿੱਚ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਰਾਂ ਵਿੱਚ ਰਹਿਣ ਅਤੇ ਕਿਸੇ ਵੀ ਸ਼ੱਕੀ ਚੀਜ਼ ਨੂੰ ਹੱਥ ਨਾ ਲਾਉਣ ਲਈ ਕਿਹਾ ਗਿਆ ਹੈ ਕਿਉਂਕਿ ਸ਼ੱਕੀ ਚੀਜ਼ ਬੰਬ ਵੀ ਹੋ ਸਕਦੀ ਹੈ।  ਜੰਮੂ ਕਸ਼ਮੀਰ ਸਰਕਾਰ ਵੱਲੋਂ ਸਰਹੱਦੀ ਪਿੰਡਾਂ ਦੇ ਵਾਸੀਆਂ ਲਈ ਛੇ ਰਾਹਤ ਕੈਂਪ ਕਾਇਮ ਕੀਤੇ ਹਨ, ਜਿਨ੍ਹਾਂ ਵਿੱਚ ਸਾਰੀਆਂ ਲੋੜੀਂਦੀਆਂ ਵਸਤਾਂ ਦਾ ਪ੍ਰਬੰਧ ਕੀਤਾ ਗਿਆ ਹੈ। ਖੁਫ਼ੀਆ ਏਜੰਸੀਆਂ ਵੱਲੋਂ ਗਣਤੰਤਰ ਦਿਵਸ ਤੋਂ ਪਹਿਲਾਂ ਅਤਿਵਾਦੀਆਂ ਦੇ ਘੁਸਪੈਠ ਕਰਨ ਬਾਰੇ ਜਾਰੀ ਕੀਤੇ ਅਲਰਟ ਬਾਅਦ ਜੰਮੂ ਕਸ਼ਮੀਰ ਵਿੱਚ ਕੌਮਾਂਤਰੀ ਸਰਹੱਦ ‘ਤੇ ਸੁਰੱਖਿਆ ਬੰਦੋਬਸਤ ਹੋਰ ਮਜ਼ਬੂਤ ਕਰ ਦਿੱਤੇ ਗਏ ਹਨ। ਏਜੰਸੀਆਂ ਨੇ ਪੁਲੀਸ ਤੇ ਸੁਰੱਖਿਆ ਬਲਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਪਾਕਿਸਤਾਨ ਦੇ ਇਕ ਪਿੰਡ ਵਿੱਚ ਤਿੰਨ ਚਾਰ ਅਤਿਵਾਦੀਆਂ ਨੂੰ ਕੈਂਪ ਲਾਉਂਦੇ ਦੇਖਿਆ ਗਿਆ ਹੈ। ਸੂਤਰਾਂ ਮੁਤਾਬਕ ਏਜੰਸੀਆਂ ਨੇ ਦਾਅਵਾ ਕੀਤਾ ਹੈ ਕਿ  ਸੁਰੱਖਿਆ ਬਲਾਂ ਦੇ ਕੈਂਪਾਂ ਨੂੰ ਨਿਸ਼ਾਨਾ ਬਣਾਉਣ ਅਤੇ ਗੜਬੜ ਪੈਦਾ ਕਰਨ ਲਈ ਪਾਕਿਸਤਾਨ ਦੀ ਆਈਐਸਆਈ ਵੱਲੋਂ ਇਨ੍ਹਾਂ ਅਤਿਵਾਦੀਆਂ ਦੀ ਭਾਰਤ ‘ਚ ਘੁਸਪੈਠ ਕਰਾਉਣ ਦਾ ਯਤਨ ਕੀਤਾ ਜਾ ਰਿਹਾ ਹੈ।

ਪਾਕਿਸਤਾਨ ਨੇ ਭਾਰਤੀ ਸਫ਼ੀਰ ਨੂੰ ਤਲਬ ਕੀਤਾ
ਇਸਲਾਮਾਬਾਦ: ਭਾਰਤੀ ਬਲਾਂ ਵੱਲੋਂ ਕਥਿਤ ਤੌਰ ‘ਤੇ ਬਿਨਾਂ ਕਿਸੇ ਭੜਕਾਹਟ ਦੇ ਕੀਤੀ ਗਈ ਗੋਲੀਬਾਰੀ, ਜਿਸ ‘ਚ ਦੋ ਵਿਅਕਤੀ ਮਾਰੇ ਗਏ ਹਨ, ਲਈ ਪਾਕਿਸਤਾਨ ਨੇ ਅੱਜ ਲਗਾਤਾਰ ਚੌਥੇ ਦਿਨ ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਜੇ ਪੀ ਸਿੰਘ ਨੂੰ ਤਲਬ ਕੀਤਾ ਹੈ। ਵਿਦੇਸ਼ ਦਫ਼ਤਰ ਮੁਤਾਬਕ ਡਾਇਰੈਕਟਰ ਜਨਰਲ (ਦੱਖਣੀ ਏਸ਼ੀਆ ਤੇ ਸਾਰਕ) ਮੁਹੰਮਦ ਫੈਸਲ ਨੇ ਭਾਰਤੀ ਬਲਾਂ ਵੱਲੋਂ ਬਗ਼ੈਰ ਭੜਕਾਹਟ ਦੇ ਗੋਲੀਬੰਦੀ ਦੀ ਉਲੰਘਣਾ ਦੀ ਆਲੋਚਨਾ ਕੀਤੀ ਹੈ।

ਲਗਾਤਾਰ ਤਣਾਅ ਕਾਰਨ ਸਰਹੱਦੀ ਪਿੰਡਾਂ  
ਦੇ ਲੋਕ ਘਰ-ਬਾਰ ਛੱਡਣ ਲਈ ਮਜਬੂਰ
ਆਰ ਐਸ ਪੁਰਾ: ਭਾਰਤ-ਪਾਕਿਸਤਾਨ ਸਰਹੱਦ ਨੇੜਲੇ ਪਿੰਡਾਂ ਅਤੇ ਅਰਨੀਆ ਸ਼ਹਿਰ ਵਿੱਚ ਸੁੰਨ ਪੱਸਰ ਗਈ ਹੈ ਕਿਉਂਕਿ ਪਾਕਿ ਵੱਲੋਂ ਕੀਤੀ ਜਾ ਰਹੀ ਗੋਲੀਬਾਰੀ ਕਾਰਨ 40 ਹਜ਼ਾਰ ਤੋਂ ਵੱਧ ਲੋਕ ਘਰ-ਬਾਰ ਛੱਡ ਕੇ ਸੁਰੱਖਿਅਤ ਥਾਵਾਂ ਵੱਲ ਕੂਚ ਕਰ ਗਏ ਹਨ। 18 ਹਜ਼ਾਰ ਦੀ ਆਬਾਦੀ ਵਾਲੇ ਸ਼ਹਿਰ ਅਰਨੀਆ ਅਤੇ ਨੇੜਲੇ ਪਿੰਡਾਂ ਵਿੱਚ ਕੋਈ ਵਿਰਲਾ-ਟਾਂਵਾ ਵਿਅਕਤੀ ਹੀ ਮਿਲਦਾ ਹੈ, ਜੋ ਪਸ਼ੂਆਂ ਅਤੇ ਮਕਾਨਾਂ ਦੀ ਦੇਖ-ਭਾਲ ਲਈ ਰੁਕੇ ਹੋਏ ਹਨ। ਪਾਕਿ ਗੋਲੀਬਾਰੀ ਕਾਰਨ ਸਰਹੱਦੀ ਪਿੰਡਾਂ ਵਿੱਚ ਜ਼ਿੰਦਗੀ ਰੁਕ ਗਈ ਹੈ। ਸਰਹੱਦੀ ਪਿੰਡਾਂ ਦੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਜਿਵੇਂ ਉਹ ਜੰਗ ਦੇ ਮੈਦਾਨ ਵਿੱਚ ਹਨ ਕਿਉਂਕਿ ਇਲਾਕੇ ਵਿੱਚ ਚੁਫੇਰੇ ਬੰਬਾਂ ਅਤੇ ਗੋਲੀਆਂ ਦੀ ਆਵਾਜ਼ ਗੂੰਜ ਰਹੀ ਹੈ। ਪਿੰਡਾਂ ਵਿੱਚ ਚੁਫੇਰੇ ਨੁਕਸਾਨ ਦਿਖਾਈ ਦੇ ਰਿਹਾ ਹੈ। ਫਰਸ਼ ‘ਤੇ ਖੂਨ, ਟੁੱਟੀਆਂ ਖਿੜਕੀਆਂ, ਜ਼ਖ਼ਮੀ ਪਸ਼ੂ ਅਤੇ ਕੰਧਾਂ ‘ਤੇ ਗੋਲੀਆਂ ਦੇ ਨਿਸ਼ਾਨ ਹਨ। ਬੁਲੇਟ-ਪਰੂਫ ਜੈਕੇਟਾਂ ਪਾਈ ਬੀਐਸਐਫ ਦੇ ਜਵਾਨ ਦੁਸ਼ਮਣਾਂ ਨੂੰ ਮੂੰਹ ਤੋੜ ਜਵਾਬ ਦੇਣ ਲਈ ਮੋਰਚਿਆਂ ‘ਤੇ ਡਟੇ ਹੋਏ ਹਨ। 80 ਸਾਲਾ ਯਸ਼ਪਾਲ ਨੇ ਦੱਸਿਆ ਕਿ ਰਾਤ ਨੂੰ ਗੋਲੀਬਾਰੀ ਸ਼ੁਰੂ ਹੁੰਦੇ ਸਾਰ ਉਹ ਤੇ ਉਨ੍ਹਾਂ ਦਾ ਪਰਿਵਾਰ ਜਾਨ ਬਚਾਉਣ ਲਈ ਕਮਰੇ ਵਿੱਚ ਬੈੱਡ ਥੱਲੇ ਵੜ ਜਾਂਦਾ ਹੈ।  ਆਰ ਐਸ ਪੁਰਾ ਦੇ ਸਬ ਡਿਵੀਜ਼ਨਲ ਪੁਲੀਸ ਅਫ਼ਸਰ ਸੁਰਿੰਦਰ ਚੌਧਰੀ ਨੇ ਦੱਸਿਆ, ‘ਅਰਨੀਆ ਸ਼ਹਿਰ ਨੂੰ ਖਾਲੀ ਕਰਾਇਆ ਗਿਆ ਹੈ। ਅਰਨੀਆ ਤੇ ਸਰਹੱਦੀ ਪਿੰਡਾਂ ਤੋਂ ਅਸੀਂ ਵੱਡੀ ਗਿਣਤੀ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਹੈ। ਜ਼ਿਆਦਾਤਰ ਪਿੰਡ ਖਾਲੀ ਕਰਾਏ ਜਾ ਚੁੱਕੇ ਹਨ।’ ਜੰਮੂ ਦੇ ਡਿਪਟੀ ਕਮਿਸ਼ਨਰ ਕੁਮਾਰ ਰਜੀਵ ਰੰਜਨ ਨੇ ਦੱਸਿਆ ਕਿ ਪਾਕਿ ਗੋਲੀਬਾਰੀ ਕਾਰਨ ਅਰਨੀਆ ਦੇ 58 ਪਿੰਡ ਅਤੇ ਜੰਮੂ ਜ਼ਿਲ੍ਹੇ ਦਾ ਸੁਚੇਤਗੜ੍ਹ ਸੈਕਟਰ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਦੱਸਿਆ, ’36 ਹਜ਼ਾਰ ਤੋਂ ਵੱਧ ਸਰਹੱਦੀ ਲੋਕ ਕੂਚ ਕਰ ਚੁੱਕੇ ਹਨ।
ਗੋਲੀਬਾਰੀ ਵਿੱਚ 131 ਪਸ਼ੂ ਮਾਰੇ ਗਏ ਹਨ ਅਤੇ 93 ਜ਼ਖ਼ਮੀ ਹੋਏ ਹਨ। 74 ਮਕਾਨ ਤੇ ਇਮਾਰਤਾਂ ਨੁਕਸਾਨੀਆਂ ਗਈਆਂ ਹਨ। ਜ਼ਿਆਦਾਤਰ ਸਰਹੱਦੀ ਲੋਕ ਆਪਣੇ ਰਿਸ਼ਤੇਦਾਰਾਂ ਕੋਲ ਰੁਕੇ ਹੋਏ ਹਨ ਅਤੇ 1000 ਤੋਂ ਵੱਧ ਵਿਅਕਤੀ ਸਰਕਾਰ ਵੱਲੋਂ ਬਣਾਏ ਕੈਂਪਾਂ ਵਿੱਚ ਰਹਿ ਰਹੇ ਹਨ।