ਦੋ ਧੜਿਆਂ ਵਿਚਾਲੇ ਗੋਲੀਬਾਰੀ ਦੌਰਾਨ ਦੋ ਨੌਜਵਾਨ ਹਲਾਕ

ਦੋ ਧੜਿਆਂ ਵਿਚਾਲੇ ਗੋਲੀਬਾਰੀ ਦੌਰਾਨ ਦੋ ਨੌਜਵਾਨ ਹਲਾਕ

ਅਰਸ਼ਦੀਪ ਸਿੰਘ, ਗੁਰਜੰਟ ਸਿੰਘ ਜੰਟਾ
ਗੋਇੰਦਵਾਲ ਸਾਹਿਬ/ਬਿਊਰੋ ਨਿਊਜ਼ :
ਪੰਜਾਬ ਦੇ ਗੋਇੰਦਵਾਲ ਸਾਹਿਬ ਦੇ ਮੁੱਖ ਬਾਜ਼ਾਰ ਵਿਚ ਨੌਜਵਾਨਾਂ ਦੇ ਦੋ ਧੜਿਆਂ ਵੱਲੋਂ ਇਕ-ਦੂਜੇ ਉਪਰ ਅੰਨ੍ਹੇਵਾਹ ਗੋਲੀਆਂ ਚਲਾਏ ਜਾਣ ਕਾਰਨ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਇਕ ਦੁਕਾਨਦਾਰ ਸਣੇ ਕੁਝ ਹੋਰ ਨੌਜਵਾਨ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਗੁਰਜੰਟ ਸਿੰਘ ਜੰਟਾ ਪੁੱਤਰ ਦਿਲਬਾਗ ਸਿੰਘ ਵਾਸੀ ਧੂੰਦਾ ਅਤੇ ਅਰਸ਼ਦੀਪ ਸਿੰਘ ਪੁੱਤਰ ਸੁਖਰਾਜ ਸਿੰਘ ਵਾਸੀ ਖਡੂਰ ਸਾਹਿਬ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਮਾਰੂ ਹਥਿਆਰਾਂ ਨਾਲ ਲੈਸ ਕਰੀਬ ਤੀਹ ਨੌਜਵਾਨ ਵੱਖ-ਵੱਖ ਗੱਡੀਆਂ ਰਾਹੀਂ ਇਥੇ ਮੁੱਖ ਬਾਜ਼ਾਰ ਵਿਚ ਪੁੱਜੇ, ਜੋ ਦੋ ਧੜਿਆਂ ਨਾਲ ਸਬੰਧਤ ਸਨ। ਉਨ੍ਹਾਂ ਇਕ-ਦੂਜੇ ਉਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆ। ਚਸ਼ਮਦੀਦਾਂ ਮੁਤਾਬਕ ਉਨ੍ਹਾਂ ਕੋਈ ਸੌ ਤੋਂ ਵੱਧ ਗੋਲੀਆਂ ਚਲਾਈਆਂ। ਗੋਲੀਬਾਰੀ ‘ਚ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਘਟਨਾ ਕਾਰਨ ਕਸਬੇ ਵਿੱਚ ਦਹਿਸ਼ਤ ਫੈਲ ਗਈ।
ਇਤਲਾਹ ਮਿਲਣ ‘ਤੇ ਡੀਐਸਪੀ ਗੋਇੰਦਵਾਲ ਸਾਹਿਬ ਹਰਦੇਵ ਸਿੰਘ ਬੋਪਾਰਾਏ ਪੁਲੀਸ ਪਾਰਟੀ ਨਾਲ ਮੌਕੇ ‘ਤੇ ਪੁੱਜੇ। ਪੁਲੀਸ ਨੇ ਲਾਸ਼ਾਂ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਪੁਲੀਸ ਨੇ ਮਾਰੂ ਹਥਿਆਰ ਅਤੇ ਦੋ ਗੱਡੀਆਂ ਵੀ ਕਬਜ਼ੇ ਵਿੱਚ ਲਈਆਂ ਹਨ। ਚਸ਼ਮਦੀਦਾਂ ਨੇ ਦੱਸਿਆ ਕਿ ਬਾਜ਼ਾਰ ਬੰਦ ਹੋਣ ਕਾਰਨ ਆਮ ਲੋਕਾਂ ਦਾ ਜਾਨੀ ਨੁਕਸਾਨ ਹੋਣੋਂ ਬਚ ਗਿਆ, ਕਿਉਂਕਿ ਕਾਫ਼ੀ ਗੋਲੀਆਂ ਬੰਦ ਦੁਕਾਨਾਂ ਵਿਚ ਵੀ ਵੱਜੀਆਂ ਹਨ। ਭਰੋਸੇਯੋਗ ਮੁਤਾਬਕ ਪਿਛਲੇ ਕੁਝ ਦਿਨਾਂ ਤੋਂ ਨੌਜਵਾਨਾਂ ਦੀ ਖਹਿਬਾਜ਼ੀ ਚੱਲ ਰਹੀ ਸੀ, ਜਿਸ ਤੋਂ ਪੁਲੀਸ ਵੀ ਵਾਕਫ਼ ਸੀ। ਦੇਰ ਸ਼ਾਮ ਜ਼ਿਲ੍ਹਾ ਤਰਨ ਤਾਰਨ ਦੇ ਪੁਲੀਸ ਮੁਖੀ ਦਰਸ਼ਨ ਸਿੰਘ ਮਾਨ ਨੇ ਵੀ ਘਟਨਾ ਸਥਾਨ ਦਾ ਦੌਰਾ ਕੀਤਾ ਤੇ ਘਟਨਾ ਬਾਰੇ ਜਾਣਕਾਰੀ ਹਾਸਲ ਕੀਤੀ।