ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਪੰਜਾਬ ਵਿਧਾਨ ਸਭਾ ‘ਚ ਪੇਸ਼,

ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਪੰਜਾਬ ਵਿਧਾਨ ਸਭਾ ‘ਚ ਪੇਸ਼,

ਸਦਨ ਦੀ ਕਾਰਵਾਈ ਦੀ ਲਾਇਵ ਟੈਲੀਕਾਸਟ ਦੀ ਮੰਗ ਮਨਜ਼ੂਰ,

ਲੋੜ ਪੈਣ ‘ਤੇ ਵਧਾਈ ਜਾਵੇਗੀ ਸੈਸ਼ਨ ਦੀ ਮਿਆਦ : ਸਪੀਕਰ

ਕਰਤਾਰਪੁਰ ਸਾਹਿਬ ਤਕ ਸੁਰੱਖਿਅਤ ਲਾਂਘੇ ਬਾਰੇ ਵਿਦੇਸ਼ ਮੰਤਰੀ ਨੂੰ ਚਿੱਠੀ,

ਚੰਡੀਗੜ੍ਹ, ੨੭ ਅਗਸਤ (ਮਨਜੀਤ ਸਿੰਘ ਟਿਵਾਣਾ) :

ਲੰਮੀ ਉਡੀਕ ਤੋਂ ਬਾਅਦ ਆਖਰ ਅੱਜ ਪੰਜਾਬ ਵਿਚ ਬੀਤੇ ਸਮੇਂ ਦੌਰਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਬਾਰੇ ਗਠਿਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਧਾਨ ਸਭਾ ਵਿਚ ਪੇਸ਼ ਕਰ ਦਿੱਤੀ ਗਈ।  ਕੱਲ੍ਹ ਇਸ ਉਤੇ ਭਖਵੀਂ ਬਹਿਸ ਤੋਂ ਬਾਅਦ ਸਰਕਾਰ ਅਗਲੀ ਕਾਰਵਾਈ ਦਾ ਫੈਸਲਾ ਲਵੇਗੀ। ਆਮ ਆਦਮੀ ਪਾਰਟੀ ਦੇ ਐਚਐਸ ਫੂਲਕਾ, ਸੁਖਪਾਲ ਸਿੰਘ ਖਹਿਰਾ ਤੇ ਕੁਝ ਹੋਰ ਵਿਧਾਇਕਾਂ ਦੀ ਇਸ ਮਹੱਤਵਪੂਰਨ ਵਿਸ਼ੇ ਉਤੇ ਸੈਸ਼ਨ ਦੀ ਮਿਆਦ ਵਧਾਉਣ ਦੀ ਮੰਗ ਉਤੇ ਸਪੀਕਰ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਲੋੜ ਪੈਣ ਉਤੇ ਇਹ ਕੀਤਾ ਜਾਵੇਗਾ। ਸਪੀਕਰ ਨੇ ਭਲਕੇ ਦੀ ਬਹਿਸ ਦੀ ਕਾਰਵਾਈ ਦੇ ਲਾਇਵ ਟੈਲੀਕਾਸਟ ਕਰਨ ਦੀ ਮੰਗ ਵੀ ਮੰਨ ਲਈ ਹੈ।
ਪੰਜਾਬ ਵਿਧਾਨ ਸਭਾ ਵਿਚ ਪਹਿਲਾਂ ਵਾਂਗ ਹੀ ਅੱਜ ਵੀ ਕਾਂਗਰਸ ਦੇ ਨਵਜੋਤ ਸਿੰਘ ਸਿੱਧੂ ਤੇ ਅਕਾਲੀ ਦਲ ਦੇ ਬਿਕਰਮ ਮਜੀਠੀਆ ਵਿਚਾਲੇ ਤੂੰ-ਤੂੰ, ਮੈਂ-ਮੈਂ ਹੁੰਦੀ ਰਹੀ। ਸਦਨ ਵਿਚ ਪ੍ਰਸ਼ਨ-ਉਤਰ ਕਾਲ ਤੋਂ ਬਾਅਦ ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ ਜਦੋਂ ਅਕਾਲੀ ਦਲ ਦੇ ਸੁਖਬੀਰ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਸੰਨ 1984 ਦੇ ਸਿੱਖ ਵਿਰੋਧੀ ਕਤਲੇਆਮ ‘ਤੇ ਕਾਂਗਰਸ ਦੇ ਸ਼ਾਮਲ ਨਾ ਹੋਣ ਦਾ ਝੂਠ ਬੋਲਿਆ ਹੈ। ਇਸ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਘਟਨਾ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਵਾਪਰੀ ਸੀ ਅਤੇ ਉਸ ਸਮੇਂ ਰਾਜੀਵ ਗਾਂਧੀ ਬੰਗਾਲ ਦੇ ਇਕ ਹਵਾਈ ਅੱਡੇ ‘ਤੇ ਸਨ। ਉਨ੍ਹਾਂ ਕਿਹਾ ਕਿ ਸੰਨ 1984 ਦੇ ਦੰਗਿਆਂ ‘ਚ ਕੁਝ ਲੋਕਾਂ ਤੋਂ ਇਲਾਵਾ ‘ਚ ਕਾਂਗਰਸ ਪਾਰਟੀ ਦੀ ਕੋਈ ਸ਼ਮੂਲੀਅਤ ਨਹੀਂ ਸੀ। ਇਸ ਘਟਨਾ ਦੇ ਸਬੰਧ ‘ਚ ਉਨ੍ਹਾਂ ਨੇ ਸੱਜਣ ਕੁਮਾਰ, ਧਰਮ ਦਾਸ ਸ਼ਾਸਤਰੀ, ਅਰਜੁਨ ਦਾਸ ਅਤੇ ਐਚਕੇਐਲ ਭਗਤ ਦੇ ਨਾਮ ਲਏ । ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਸੰਤ ਬਲਜੀਤ ਸਿੰਘ ਦਾਦੂਵਾਲ ਦੇ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਕੈਪਟਨ ਅਮਰਿੰਦਰ ਸਿੰਘ ਮਿਲਣ ਦੀ ਗੱਲ ਕਰਕੇ ਅਕਾਲੀ ਦਲ ਖਿਲਾਫ ਸਾਜ਼ਿਸ਼ਾਂ ਰਚਣ ਦਾ ਦੋਸ਼ ਵੀ ਲਗਾਇਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ਦੀ ਇਸ ਗੱਲ ਨਕਾਰਦਿਆਂ ਕਿਹਾ ਕਿ ਅਜਿਹਾ ਕੁਝ ਨਹੀਂ ਹੈ ਜੇਕਰ ਸਪੀਕਰ ਚਾਹੁਣ ਤਾਂ ਸੀਸੀਟੀਵੀ. ਚੈੱਕ ਕਰਨ ਅਤੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਜਾਣ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਝੂਠ ਨਿਕਲਿਆ ਤਾਂ ਸੁਖਬੀਰ ‘ਤੇ ਸਦਨ ਨੂੰ ਗੁੰਮਰਾਹ ਕਰਨ ‘ਤੇ ਕਾਰਵਾਈ ਕੀਤੀ ਜਾਵੇ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਵਿਧਾਨ ਸਭਾ ਨੇ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਵਸ ਸਮਾਗਮਾਂ ਮੌਕੇ ਕਰਤਾਰਪੁਰ ਸਹਿਬ ਦਾ ਗਲਿਆਰਾ ਖੁਲ੍ਹਵਾਉਣ ਲਈ ਪਾਕਿਸਤਾਨ ਦੇ ਕੋਲ ਮਾਮਲਾ ਉਠਾਉਣ ਵਾਸਤੇ ਕੇਂਦਰ ਸਰਕਾਰ ‘ਤੇ ਜ਼ੋਰ ਪਾਉਣ ਲਈ ਇਕ ਮਤਾ ਆਮ ਸਹਿਮਤੀ ਨਾਲ ਪਾਸ ਕਰ ਦਿੱਤਾ ਹੈ। ਇਹ ਮਤਾ ਪੇਸ਼ ਕਰਦੇ ਹੋਏ ਮੁੱਖ ਮੰਤਰੀ ਨੇ ਸਦਨ ਨੂੰ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਹੀ ਇਹ ਮਾਮਲਾ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕੋਲ ਇਕ ਪੱਤਰ ਰਾਹੀਂ ਉਠਾਇਆ ਹੈ ਅਤੇ ਉਨ੍ਹਾਂ ਨੂੰ ਪਾਕਿਸਤਾਨ ਦੇ ਹਮ ਰੁਤਬਾ ਕੋਲ ਇਹ ਮੁੱਦਾ ਉਠਾਉਣ ਦੀ ਬੇਨਤੀ ਕੀਤੀ ਹੈ।
ਆਮ ਆਦਮੀ ਪਾਰਟੀ ਦੇ ਨਵੇਂ ਬਣੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਐਚਐਸ ਫੂਲਕਾ, ਵਿਧਾਇਕ ਅਮਨ ਅਰੋੜਾ, ਸਰਬਜੀਤ ਕੌਰ ਮਾਣੂੰਕੇ, ਕੁਲਤਾਰ ਸਿੰਘ ਸੰਧਵਾਂ ਤੇ ਰੁਪਿੰਦਰ ਕੌਰ ਰੂਬੀ ਨੇ ਵੀ ਵੱਖ-ਵੱਖ ਮੁੱਦਿਆਂ ਉਤੇ ਸਰਕਾਰ ਨੂੰ ਘੇਰਿਆ।  ਫੂਲਕਾ ਨੇ ਰਾਹੁਲ ਗਾਂਧੀ ਤੇ ਦਿੱਲੀ ਦੇ ਸਿੱਖ ਕਤਲੇਆਮ ਵਿਚ ਸ਼ਾਮਲ ਕਾਂਗਰਸੀ ਆਗੂਆਂ ਦੇ ਨਾਮ ਵਿਧਾਨ ਸਭਾ ਦੀ ਕਾਰਵਾਈ ਵਿਚੋਂ ਖਾਰਜ ਕਰਨ ਦੇ ਸਪੀਕਰ ਦੇ ਹੁਕਮਾਂ ਦਾ ਜੰਮ ਕੇ ਵਿਰੋਧ ਕੀਤਾ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸਪੀਕਰ ਦੀ ਕੁਰਸੀ ਦੇ ਮੂਹਰੇ ਆ ਕੇ ਨਾਹਰੇਬਾਜ਼ੀ ਕਰਨ ਲੱਗੇ। ਇਸ ਸਮੇਂ ਐਚਐਸ ਫੂਲਕਾ ਦੇ ਕਹਿਣ ਉਤੇ ਵੀ ਖਹਿਰਾ ਧੜੇ ਨੇ ਉਨ੍ਹਾਂ ਦਾ ਸਾਥ ਨਾ ਦਿੱਤਾ ਤਾਂ ਕਾਂਗਰਸੀ ਵਿਧਾਇਕਾਂ ਦੇ ‘ਆਪ’ ਦੀ ਫੁੱਟ ਉਤੇ ਤਨਜ਼ ਕੱਸਣ ਉਤੇ ਫੂਲਕਾ ਸਦਨ ਦੇ ਵਿਚਕਾਰ ਆ ਕੇ ਕਹਿਣ ਲੱਗੇ ਕਿ, ” ਉਹ ਦਿੱਲੀ ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਖਿਲਾਫ ਲੜਾਈ ਵਾਸਤੇ ਇਕੱਲੇ ਹੀ ਕਾਫੀ ਹਨ।”
ਵਿਧਾਇਕ ਅਮਨ ਅਰੋੜਾ ਦੁਆਰਾ ਛੋਟੀਆਂ ਬਾਲੜੀਆਂ ਨਾਲ ਬਲਾਤਕਾਰਾਂ ਦਾ ਗੰਭੀਰ ਚੁੱਕਿਆ ਗਿਆ ਜੋ ਰੌਲੇ-ਰੱਪੇ ਵਿਚ ਹੀ ਰੁਲ ਕੇ ਰਹਿ ਗਿਆ। ਅੱਜ ਸਦਨ ਵਿਚ ਬਿਨਾਂ ਕਿਸੇ ਬਹਿਸ ਦੇ ਜ਼ਬਾਨੀ ਵੋਟਾਂ ਨਾਲ ਹੀ ਅਨੂਸੂਚਿਤ ਤੇ ਪੱਛੜੀਆਂ ਸ਼੍ਰੈਣੀਆਂ ਦੇ ਰਾਖਵਾਂਕਰਨ ਬਿੱਲ ‘ਚ ਸੋਧ ਤੇ ਵਿਧਾਇਕਾਂ ਬਾਰੇ ਲਾਭ ਦੇ ਅਹੁਦੇ ਬਾਰੇ ਰੋਕ ‘ਚ ਸੋਧ ਦੇ ਦੋ ਅਹਿਮ ਬਿੱਲ ਮਿੰਟਾਂ ਵਿਚ ਹੀ ਪਾਸ ਕਰ ਦਿੱਤੇ ਗਏ।
ਝਲਕੀਆਂ : ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਕਰਤਾਰ ਸਾਹਿਬ ਬਾਰੇ ਗੱਲ ਕਰਦਿਆਂ ”ਸਿੱਖਾਂ ਦਾ ਮੱਥਾ-ਮੁੱਥਾ ਟੇਕਣਾ” ਕਹਿਣ ਉਤੇ ਬੈਂਸ ਭਰਾਵਾਂ ਨੇ ਕੀਤਾ ਇਤਰਾਜ਼
”ਗੁਰੂ ਦੇ ਕਾਤਲ- ਮੁਰਦਾਬਾਦ” ਦੇ ਨਾਹਰੇ ਬਣੇ ਅਕਾਲੀਆਂ ਲਈ ਨਮੋਸ਼ੀ ਦਾ ਕਾਰਨ
ਨਵਜੋਤ ਸਿੱਧੂ ਵੱਲੋਂ ਸੁਖਬੀਰ ਬਾਦਲ ਨੂੰ ਸ਼ੇਖਚਿਲੀ ਕਹਿਣ ‘ਤੇ ਹੋਇਆ ਹੰਗਾਮਾ