ਪਾਕਿ ਚੋਣਾਂ : ਯੁਵਾ ਸ਼ਰੀਫ਼ਾਂ ਵੱਲੋਂ ਸਿਆਸੀ ਬੱਲੇਬਾਜ਼ੀ ਦੀ ਤਿਆਰੀ

ਪਾਕਿ ਚੋਣਾਂ :  ਯੁਵਾ ਸ਼ਰੀਫ਼ਾਂ ਵੱਲੋਂ ਸਿਆਸੀ ਬੱਲੇਬਾਜ਼ੀ ਦੀ ਤਿਆਰੀ

ਲਾਹੌਰ/ਬਿਊਰੋ ਨਿਊਜ਼ :
ਪਾਕਿਸਤਾਨ ਵਿੱਚ ਅੱਜਕੱਲ੍ਹ ਚੋਣਾਂ ਦਾ ਮੌਸਮ ਹੈ। ਚੋਣ ਬੁਖਾਰ ਦਾ ਅਸਰ ਹਰ ਪਾਸੇ ਨਜ਼ਰ ਆਉਣ ਲੱਗਾ ਹੈ। ਹੁਣ ਤਕ ਹੁਕਮਰਾਨ ਰਹੀ ਪਾਕਿਸਤਾਨ ਮੁਸਲਿਮ ਲੀਗ (ਐੱਨ) ਨੂੰ ਅਦਾਲਤੀ ਬੰਦਸ਼ਾਂ ਅਤੇ ਆਗੂਆਂ ਦੀ ਦਲ ਬਦਲੀ ਕਾਰਨ ਕਈ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਭ ਦੇ ਬਾਵਜੂਦ ਪਾਰਟੀ ਨੂੰ ਯਕੀਨ ਹੈ ਕਿ ਸੂਬਾ ਪੰਜਾਬ ਵਿਚ ਇਸ ਨੂੰ ਭਰਵੀਂ ਹਮਾਇਤ ਮਿਲੇਗੀ ਅਤੇ ਸੂਬਾ ਸਿੰਧ ਤੇ ਬਲੋਚਿਸਤਾਨ ਵਿਚ ਇਸ ਵੱਲੋਂ ਕੀਤੇ ਜਾ ਰਹੇ ਚੋਣ ਸਮਝੌਤੇ ਕਾਰਗਰ ਸਾਬਤ ਹੋਣਗੇ।
ਪਾਰਟੀ ਦੇ ਪਾਰਲੀਮਾਨੀ ਬੋਰਡ ਨੇ ਸੂਬਾ ਪੰਜਾਬ ਦੇ ਬਹੁਤੇ ਕੌਮੀ ਅਸੈਂਬਲੀ ਤੇ ਸੂਬਾਈ ਅਸੈਂਬਲੀ ਹਲਕਿਆਂ ਲਈ ਉਮੀਦਵਾਰਾਂ ਦੀਆਂ ਇੰਟਰਵਿਊਜ਼ ਦਾ ਅਮਲ ਮੁਕੰਮਲ ਕਰ ਲਿਆ ਹੈ। ਅੰਗਰੇਜ਼ੀ ਰੋਜ਼ਾਨਾ ‘ਡਾਅਨ’ ਦੀ ਰਿਪੋਰਟ ਮੁਤਾਬਿਕ ਸੂਬਾ ਪੰਜਾਬ ਵਿਚ ਪਾਰਟੀ ਵੱਲੋਂ ਅਜਿਹੇ ਉਮੀਦਵਾਰਾਂ ਨੂੰ ਮੁੱਖ ਤੌਰ ‘ਤੇ ਟਿਕਟ ਦਿੱਤੀ ਜਾਵੇਗੀ ਜੋ ਪਹਿਲਾਂ ਵੀ ਜੇਤੂ ਰਹਿ ਚੁੱਕੇ ਹਨ ਅਤੇ ਚੰਗੇ ਹੰਢੇ ਪਰਖੇ ਚਿਹਰੇ ਹਨ। ਪਾਰਟੀ ਪ੍ਰਤੀ ਵਫ਼ਾਦਾਰੀ ਦਿਖਾਉਣ ਵਾਲਿਆਂ ਨੂੰ ਮੁੱਖ ਤਰਜੀਹ ਦਿੱਤੀ ਜਾਵੇਗੀ।
ਇਕ ਸੀਨੀਅਰ ਆਗੂ ਨੇ ਦੱਸਿਆ ਕਿ ਸੁਪਰੀਮ ਕੋਰਟ ਵੱਲੋਂ ਮੀਆਂ ਨਵਾਜ਼ ਸ਼ਰੀਫ਼ ਉੱਤੇ ਚੋਣਾਂ ਲੜਨ ‘ਤੇ ਤਾ-ਉਮਰ ਪਾਬੰਦੀ ਲਾਏ ਜਾਣ ਤੋਂ ਬਾਅਦ ਇਹ ਖ਼ਤਰਾ ਮਹਿਸੂਸ ਕੀਤਾ ਜਾਂਦਾ ਸੀ ਕਿ ਕਈ ਵੱਡੇ ਆਗੂ ਪਾਰਟੀ ਛੱਡ ਜਾਣਗੇ ਅਤੇ ਪਾਰਟੀ ਸਫ਼ਾਂ ਨੂੰ ਜ਼ਮੀਨੀ ਪੱਧਰ ਉੱਤੇ ਵੀ ਖ਼ੋਰਾ ਲੱਗੇਗਾ ਪਰ ਅਜਿਹਾ ਵਰਤਾਰਾ ਬਹੁਤ ਸੀਮਤ ਰਿਹਾ ਹੈ। ਨਵਾਜ਼ ਸ਼ਰੀਫ਼ ਨੂੰ ਮੁੜ ਵਜ਼ੀਰੇ ਆਜ਼ਮ ਵਜੋਂ ਪੇਸ਼ ਨਾ ਕਰ ਸਕਣ ਦੀ ਮਜਬੂਰੀ ਦੇ ਬਾਵਜੂਦ ਇਕ-ਇਕ ਪਾਰਲੀਮਾਨੀ ਸੀਟ ਲਈ ਟਿਕਟ ਦੇ ਛੇ ਛੇ ਦਾਅਵੇਦਾਰ ਹੋਣੇ ਪੀਐੱਮਐੱਲ (ਐੱਨ) ਲਈ ਸ਼ੁਭ ਸ਼ਗਨ ਹੈ।
ਇਸ ਆਗੂ ਨੇ ਦੱਸਿਆ ਕਿ ਨਵਾਜ਼ ਸ਼ਰੀਫ਼ ਦੀ ਬੇਟੀ ਤੇ ਸਿਆਸੀ ਵਾਰਿਸ ਮਰੀਅਮ ਨਵਾਜ਼ ਆਪਣੇ ਪਿਤਾ ਵਾਲੀ ਐੱਨ.ਏ. 125 ਸੀਟ ਤੋਂ ਚੋਣ ਨਹੀਂ ਲੜੇਗੀ। ਉਸ ਨੂੰ ਕੌਮੀ ਅਸੈਂਬਲੀ ਦੀ ਕੋਈ ਹੋਰ ਸੀਟ ਚੁਣਨ ਅਤੇ ਆਪਣੀ ਆਜ਼ਾਦ ਸਿਆਸੀ ਹਸਤੀ ਸਥਾਪਿਤ ਕਰਨ ਲਈ ਕਿਹਾ ਗਿਆ ਹੈ। ਉਸ ਨੇ ਐੱਨ.ਏ. 127 ਸੀਟ ਤੋਂ ਟਿਕਟ ਲੈਣ ਲਈ ਵੀ ਦਰਖ਼ਾਸਤ ਦਿੱਤੀ ਹੋਈ ਹੈ। ਇਹ ਸੀਟ ਵੀ ਲਾਹੌਰ ਜ਼ਿਲ੍ਹੇ ਵਿੱਚ ਪੈਂਦੀ ਹੈ ਤੇ ਪੀਐੱਮਐੱਲ (ਐੱਨ)  ਦੇ ਕਾਰਜਕਾਰੀ ਮੁਖੀ ਸੂਬਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੇ ਬੇਟੇ ਸਲਮਾਨ ਸ਼ਾਹਬਾਜ਼ ਨੇ ਵੀ ਕੌਮੀ ਅਸੈਂਬਲੀ ਦੀ ਟਿਕਟ ਲਈ ਦਰਖ਼ਾਸਤ ਦਿੱਤੀ ਹੈ। ਉਸਦੀ ਨਜ਼ਰ ਲਾਹੌਰ ਦੇ ਬਾਹਰਵਾਰ ਪੈਂਦੇ ਹਲਕੇ ਉੱਪਰ ਹੈ। ਉਸ ਦਾ ਵੱਡਾ ਭਰਾ ਹਮਜ਼ਾ, ਜੋ ਕਿ ਭੰਗ ਹੋਈ ਕੌਮੀ ਅਸੈਂਬਲੀ ਦਾ ਮੈਂਬਰ ਸੀ, ਲਾਹੌਰ ਦੇ ਫਸੀਲ ਵਾਲੇ ਹਿੱਸੇ ਦੀ ਸੀਟ ਐੱਨ.ਏ. 123 ਤੋਂ ਚੋਣ ਲੜਨੀ ਚਾਹੁੰਦਾ ਹੈ।
ਦੂਜੇ ਪਾਸੇ ਪਾਰਟੀ ਲੀਡਰਸ਼ਿਪ ਨਾਲ ਰਿਸ਼ਤਾ ਵਿਗਾੜ ਲੈਣ ਵਾਲੇ ਚੌਧਰੀ ਨਿਸਾਰ ਬਾਰੇ ਕਿਹਾ ਜਾ ਰਿਹਾ ਹੈ ਕਿ ਜੇਕਰ ਉਹ ਪਾਰਟੀ ਪਾਰਲੀਮਾਨੀ ਬੋਰਡ ਅੱਗੇ ਇੰਟਰਵਿਊ ਲਈ ਹਾਜ਼ਰ ਨਹੀਂ ਹੁੰਦਾ ਤਾਂ ਉਸਨੂੰ ਟਿਕਟ ਨਹੀਂ ਮਿਲੇਗੀ। ਸਾਬਕਾ ਕੌਮੀ ਸੂਚਨਾ ਮੰਤਰੀ ਪਰਵੇਜ਼ ਰਸ਼ੀਦ ਨੇ ਸਪੱਸ਼ਟ ਕੀਤਾ ਕਿ ਪਾਰਟੀ ਟਿਕਟ ਸਿਰਫ਼ ਉਨ੍ਹਾਂ ਨੂੰ ਮਿਲੇਗੀ, ਜਿਨ੍ਹਾਂ ਨੇ ਇਸ ਲਈ ਦਰਖ਼ਾਸਤ ਦਿੱਤੀ ਹੈ। ਚੌਧਰੀ ਨਿਸਾਰ ਨੇ ਅਜੇ ਤਕ ਦਰਖ਼ਾਸਤ ਨਹੀਂ ਦਿੱਤੀ। ਉਹ ਰਾਵਲਪਿੰਡੀ ਡਿਵੀਜ਼ਨ ਵਿਚੋਂ ਟਿਕਟ ਚਾਹੁੰਦਾ ਹੈ, ਪਰ ਅਜਿਹੀ ਕਿਸੇ ਕਾਮਯਾਬੀ ਲਈ ਉਸ ਨੂੰ ਪੀਐੱਮਐੱਲ ਐੱਨ ਦੇ ਮਾਡਲ ਟਾਊਨ ਲਾਹੌਰ ਸਥਿਤ ਹੈੱਡਕੁਆਰਟਰ ਵਿਚ ਹਾਜ਼ਰੀ ਭਰਨੀ ਪਵੇਗੀ। ਸ਼ਾਹਬਾਜ਼ ਸ਼ਰੀਫ਼ ਚਾਹੁੰਦਾ ਹੈ ਕਿ ਨਿਸਾਰ ਨੂੰ ਚਕਰੀ ਇਲਾਕੇ ਵਿਚੋਂ ਟਿਕਟ ਦਿੱਤੀ ਜਾਵੇ, ਪਰ ਨਿਸਾਰ ਆਪਣੀ ਤਿੜ ਤਿਆਗਣ ਦੇ ਰੌਂਅ ਵਿੱਚ ਨਹੀਂ। ਉਹ ਚਾਹੁੰਦਾ ਹੈ ਕਿ ਪਾਰਟੀ ਉਸ ਨੂੰ ਉਮੀਦਵਾਰ ਬਣਾਉਣ ਦੀ ਪੇਸ਼ਕਸ਼ ਕਰੇ। ਇਹ ਮੰਗ ਮੰਨੀ ਜਾਣੀ ਔਖੀ ਜਾਪਦੀ ਹੈ।
ਉਧਰ ਪਾਕਿਸਤਾਨ ਵਿਚ ਪੱਤਰਕਾਰਾਂ ਉੱਤੇ ਹਮਲਿਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਪਿਛਲੇ ਸਮੇਂ ਲਾਹੌਰ ਦੇ ਅਲਾਮਾ ਇਕਬਾਲ ਕੌਮਾਤਰੀ ਹਵਾਈ ਅੱਡੇ ਉੱਤੇ ਕੁਝ ਨਕਾਬਪੋਸ਼ਾਂ ਨੇ ਸੀਨੀਅਰ ਪੱਤਰਕਾਰ ਤੇ ਟੀਵੀ ਐਂਕਰ ਅਸਦ ਖਰਲ ਉੱਪਰ ਹਮਲਾ ਕੀਤਾ। ਰੋਜ਼ਨਾਮਾ ‘ਨਵਾਏ ਵਕਤ’ ਦੀ ਰਿਪੋਰਟ ਅਨੁਸਾਰ ਖਰਲ ਹਵਾਈ ਅੱਡੇ ਤੋਂ ਆਪਣੇ ਘਰ ਜਾ ਰਿਹਾ ਸੀ ਕਿ ਉਸਦੀ ਕਾਰ ਨੂੰ ਰੋਕਿਆ ਗਿਆ, ਉਸ ਨੂੰ ਜਬਰੀ ਕਾਰ ਵਿਚੋਂ ਬਾਹਰ ਕੱਢਿਆ ਗਿਆ ਅਤੇ ਮਾਰਿਆ ਕੁੱਟਿਆ ਗਿਆ। ਖਰਲ ਨੇ ਜ਼ਖ਼ਮੀ ਹਾਲਤ ਵਿੱਚ ਪੁਲੀਸ ਐਮਰਜੈਂਸੀ ਨੂੰ ਫ਼ੋਨ ਕੀਤਾ। ਪੁਲੀਸ ਨੇ ਉਸ ਨੂੰ ਲਾਹੌਰ ਦੇ ਸਰਵਿਸਿਜ਼ ਹਸਪਤਾਲ ਵਿਚ ਦਾਖ਼ਲ ਕਰਵਾਇਆ। ਖਰਲ ਪਿਛਲੀ ਪੀਐੱਮਐੱਲ ਐੱਨ ਸਰਕਾਰ ਦਾ ਕੱਟੜ ਆਲੋਚਕ ਸੀ।
ਅਸਦ ਖਰਲ ਵਾਲੀ ਘਟਨਾ ਤੋਂ ਪਹਿਲਾਂ ਕਾਲਮਨਵੀਸ ਤੇ ਟੀਵੀ ਐਂਕਰ ਗੁਲ ਬੁਖਾਰੀ ਨੂੰ ਅਗਵਾ ਕਰਨ ਦੀ ਘਟਨਾ ਵਾਪਰੀ। ਭਾਵੇਂ ਇਸ ਘਟਨਾ ਦੀ ਚੁਪਾਸਿਓਂ ਨਿੰਦਾ ਹੋਈ, ਫਿਰ ਵੀ ਗੁਲ ਜਾਂ ਉਸਦੇ ਪਰਿਵਾਰ ਦੀ ਤਰਫ਼ੋਂ ਕੋਈ ਪੁਲੀਸ ਰਿਪੋਰਟ ਦਰਜ ਨਹੀਂ ਕਰਵਾਈ ਗਈ। ‘ਨਵਾਏ ਵਕਤ’ ਅਨੁਸਾਰ ਗੁਲ ਬੁਖਾਰੀ ਇੱਕ ਪ੍ਰਾਈਵੇਟ ਨਿਊਜ਼ ਚੈਨਲ ਦੇ ਦਫ਼ਤਰ ਤੋਂ ਕਾਰ ਰਾਹੀਂ ਘਰ ਪਰਤ ਰਹੀ ਸੀ ਕਿ ਲਾਹੌਰ ਦੀ ਆਬਿਦ ਮਜੀਦ ਰੋਡ ਉੱਤੇ ਉਸਦੀ ਕਾਰ ਨੂੰ ਤਿੰਨ ਵਾਹਨਾਂ ਨੇ ਘੇਰ ਲਿਆ। ਉਸ ਨੂੰ ਜਬਰੀ ਇੱਕ ਵਾਹਨ ਵਿੱਚ ਬਿਠਾਇਆ ਗਿਆ ਅਤੇ ‘ਅਣਪਛਾਤੇ’ ਉਸ ਨੂੰ ਅਣਦੱਸੀ ਥਾਂ ‘ਤੇ ਲੈ ਗਏ। ਚੰਦ ਘੰਟਿਆਂ ਬਾਅਦ ਉਸ ਨੂੰ ਉਸ ਦੇ ਘਰ ਨੇੜੇ ਛੱਡ ਦਿੱਤਾ ਗਿਆ। ਜਦੋਂ ਉਸ ਦੇ ਘਰ ਪੁੱਜਣ ਦੀ ਸੂਚਨਾ ਪੁਲੀਸ ਨੂੰ ਮਿਲੀ, ਉਸ ਸਮੇਂ ਉਸਦਾ ਪਤੀ ਨਾਦਿਰ ਅਲੀ ਤੇ ਕਾਰ ਡਰਾਈਵਰ ਅਹਿਮਦ ਅਲੀ ਥਾਣੇ ਵਿੱਚ ਹੀ ਸਨ। ਡਰਾਈਵਰ ਦੇ ਦੱਸਣ ਅਨੁਸਾਰ ‘ਅਗਵਾਕਾਰ’ ਫ਼ੌਜੀ ਵਰਦੀਆਂ ਵਿੱਚ ਸਨ, ਪਰ ਪਾਕਿਸਤਾਨੀ ਥਲ ਸੈਨਾ ਨੇ ਇਸ ਘਟਨਾ ਵਿੱਚ ਹੱਥ ਹੋਣ ਤੋਂ ਸਪਸ਼ਟ ਇਨਕਾਰ ਕੀਤਾ ਹੈ।