ਸੁਖਬੀਰ ਬਾਦਲ ਦਾ ਕੈਪਟਨ ਉੱਤੇ ਕਰੜਾ ਹੱਲਾ ਕਹਿੰਦਾ : ‘ਅਮਰਿੰਦਰ ਦਾ ਤਾਂ ਦਿਮਾਗੀ ਹਿੱਲਿਆ ਹੋਇਐ’

ਸੁਖਬੀਰ ਬਾਦਲ ਦਾ ਕੈਪਟਨ ਉੱਤੇ ਕਰੜਾ ਹੱਲਾ ਕਹਿੰਦਾ : ‘ਅਮਰਿੰਦਰ ਦਾ ਤਾਂ ਦਿਮਾਗੀ ਹਿੱਲਿਆ ਹੋਇਐ’

ਸੈਲਾ ਖੁਰਦ ਵਿੱਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਸਿੰਘ ਬਾਦਲ।
ਹੁਸ਼ਿਆਰਪੁਰ/ਗੜ੍ਹਸ਼ੰਕਰ/ਬਿਊਰੋ ਨਿਊਜ਼:
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਸਰਕਾਰ ‘ਤੇ ਤਿੱਖੇ ਹਮਲੇ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੂੰ ਵਿਗੜੇ ਦਿਮਾਗੀ ਸੰਤੁਲਨ ਵਾਲਾ ਮੁੱਖ ਮੰਤਰੀ  ਕਿਹਾ ਹੈ। ਇੱਥੇ ਕਸਬਾ ਸੈਲਾ ਖੁਰਦ ਦੀ ਦਾਣਾ ਮੰਡੀ ਵਿੱਚ ਕਾਂਗਰਸ ਸਰਕਾਰ ਦੀਆਂ ਕਥਿਤ ਨਾਕਾਮੀਆਂ ਦੀ ਪੋਲ੍ਹ ਖੋਲ੍ਹਣ ਦੇ ਉਦੇਸ਼ ਨਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੱਖੀ ਗਈ ‘ਪੋਲ ਖੋਲ੍ਹ’ ਰੈਲੀ ਵਿੱਚ  ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਾਂਝੀ ਸਰਕਾਰ ਨੇ ਆਪਣੇ 10 ਸਾਲਾਂ ਦੇ ਕਾਰਜਕਾਲ ਵਿੱਚ ਜਿਹੜੀਆਂ ਲੋਕ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਸਨ, ਉਨ੍ਹਾਂ ਨੂੰ ਕੈਪਟਨ ਦੀ ਕਾਂਗਰਸ ਸਰਕਾਰ ਨੇ ਬੰਦ ਕਰਕੇ ਲੋਕ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਸ ਤਹਿਸੀਲ ਵਿੱਚ ਤਪ ਅਸਥਾਨ ਗੁਰੂ ਰਵਿਦਾਸ ਮਹਾਰਾਜ ਖੁਰਾਲਗੜ੍ਹ ਵਿਖੇ ਕਰੋੜਾਂ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤਾ ਮੀਨਾਰ-ਏ-ਬੇਗਮਪੁਰਾ ਪ੍ਰੋਜੈਕਟ ਵੀ ਅਕਾਲੀ ਸਰਕਾਰ ਨੇ ਸ਼ੁਰੂ ਕਰਵਾਇਆ ਸੀ ਪਰ  ਕੈਪਟਨ ਸਰਕਾਰ ਇੱਥੇ ਇੱਕ ਇੱਟ ਵੀ ਨਹੀਂ ਲਗਾ ਸਕੀ। ਉਨ੍ਹਾਂ ਕੈਬਨਿਟ ਮੰਤਰੀਆਂ ‘ਤੇ ਵੀ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਅਤੇ ਨਵਜੋਤ ਸਿੰਘ ਸਿੱਧੂ ਦਾ ਮਨ ਕਾਂਗਰਸ ਸਰਕਾਰ ਤੋਂ ਭਰ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਦੋਵੇਂ ਆਗੂ ਕਿਸੇ ਵੀ ਵੇਲੇ ਕਾਂਗਰਸ ਪਾਰਟੀ ਛੱਡ ਸਕਦੇ ਹਨ। ਉਨ੍ਹਾਂ ਕਿਹਾ ਕਿ  ਸ੍ਰੀ ਸਿੱਧੂ ਕਾਂਗਰਸ ਸਰਕਾਰ ਲਈ ਚਿੱਟਾ ਹਾਥੀ ਸਾਬਤ ਹੋ ਰਹੇ ਹਨ। ਉਹ ਸਰਕਾਰ ਵਿੱਚ ਕੋਈ  ਵੀ ਕਾਰਗੁਜ਼ਾਰੀ ਵਿਖਾਉਣ ਵਿੱਚ ਨਾਕਾਮ ਰਹਿਣ ਮਗਰੋਂ ਹੁਣ ਪਾਰਟੀ ਛੱਡਣ ਦੀ ਯੋਜਨਾ ਬਣਾ  ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸ੍ਰੀ ਸਿੱਧੂ ਤਾਂ ਅੰਮ੍ਰਿਤਸਰ ਵਿੱਚ ਸ੍ਰੀ ਦਰਬਾਰ  ਸਾਹਿਬ ਦੁਆਲੇ ਗਲਿਆਰੇ ਦੀ ਸਾਂਭ-ਸੰਭਾਲ ਕਰਨ ਵਾਲੀ ਕੰਪਨੀ ਨੂੰ ਵੀ ਉਸ ਦਾ ਬਕਾਇਆ ਨਹੀਂ  ਦੇ ਰਹੇ। ਇਸ ਲਈ ਹੁਣ ਇਸ ਕਾਰਜ ਨੂੰ ਅਕਾਲੀ ਦਲ ਦੇ ਵਾਲੰਟੀਅਰਾਂ ਨੇ ਆਪਣੇ ਹੱਥ ਵਿੱਚ  ਲਿਆ ਹੈ।
ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਨੇ ਪੰਜਾਬ ਦੇ ਗਰੀਬ ਲੋਕਾਂ ਨੂੰ ਪੈਨਸ਼ਨਾਂ ਵਧਾਉਣ, ਸ਼ਗਨ ਸਕੀਮਾਂ ਦੀ ਰਾਸ਼ੀ ਵਧਾਉਣ ਵਰਗੇ ਝੂਠੇ ਵਾਅਦੇ ਕਰਕੇ ਵੋਟਰਾਂ ਨਾਲ ਧ੍ਰੋਹ ਕਮਾਇਆ ਹੈ। ਉਨ੍ਹਾਂ ਕਿਹਾ ਕਿ ਆਗਾਮੀ ਲੋਕ ਸਭਾ ਚੋਣਾਂ ਵਿੱਚ ਸੂਬੇ ਦੇ ਲੋਕ ਕਾਂਗਰਸ ਸਰਕਾਰ ਦਾ ਸਫ਼ਾਇਆ ਕਰ ਦੇਣਗੇ  ਰੈਲੀ ਮੌਕੇ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ, ਡਾ. ਦਲਜੀਤ ਸਿੰਘ ਚੀਮਾ, ਬੀਬੀ ਜਗੀਰ ਕੌਰ, ਸਾਬਕਾ ਮੰਤਰੀ ਸੋਹਣ ਸਿੰਘ ਠੰਡਲ ਤੇ ਦੇਸ ਰਾਜ ਧੁੱਗਾ ਨੇ ਵੀ ਸੰਬੋਧਨ ਕੀਤਾ।