ਲੋਕਾਂ ਉੱਤੇ ਜ਼ਿਆਦਿਤੀਆਂ ਕਰਨ ਵਾਲੇ ਅਕਾਲੀ ਹੁਣ ਧਰਨੇ ਮਾਰ ਕੇ ਲੋਕਾਂ ਲਈ ਖੜ੍ਹੀਆਂ ਕਰ ਰਹੇ ਨੇ ਮੁਸ਼ਕਲਾਂ: ਰਜ਼ੀਆ ਸੁਲਤਾਨਾ

ਲੋਕਾਂ ਉੱਤੇ ਜ਼ਿਆਦਿਤੀਆਂ ਕਰਨ ਵਾਲੇ ਅਕਾਲੀ ਹੁਣ ਧਰਨੇ ਮਾਰ ਕੇ ਲੋਕਾਂ ਲਈ ਖੜ੍ਹੀਆਂ ਕਰ ਰਹੇ ਨੇ ਮੁਸ਼ਕਲਾਂ: ਰਜ਼ੀਆ ਸੁਲਤਾਨਾ

ਲਹਿਰਾਗਾਗਾ ਪੁੱਜੇ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਤੇ ਬਾਲ ਵਿਕਾਸ ਮੰਤਰੀ ਰਜ਼ੀਆ ਸੁਲਤਾਨਾ।
ਲਹਿਰਾਗਾਗਾ/ਬਿਊਰੋ ਨਿਊਜ਼:
ਪੰਜਾਬ ਦੀ ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਮੰਤਰੀ ਰਜ਼ੀਆ ਸੁਲਤਾਨਾ ਨੇ ਇੱਥੇ ਕਿਹਾ ਕਿ ਜਿਹੜੇ ਅਕਾਲੀ-ਭਾਜਪਾ ਆਗੂਆਂ ਨੇ ਪਹਿਲਾਂ ਲੋਕਾਂ ਨਾਲ ਧੱਕੇਸ਼ਾਹੀਆਂ ਤੇ ਜ਼ਿਆਦਤੀਆਂ ਕੀਤੀਆਂ ਹਨ, ਉਹੀ ਹੁਣ ਧਰਨੇ ਲਾ ਕੇ ਸੂਬੇ ਦਾ ਮਾਹੌਲ ਖ਼ਰਾਬ ਕਰ ਰਹੇ ਹਨ ਪਰ ਸਰਕਾਰ ‘ਤੇ ਇਸ ਦਾ ਕੋਈ ਅਸਰ ਨਹੀਂ ਪਵੇਗਾ।
ਰਜ਼ੀਆ ਸੁਲਤਾਨਾ ਨੇ ਕਿਹਾ ਕਿ ਹੇਰਾਫੇਰੀ ਰੋਕਣ ਲਈ ਲਾਭਪਾਤਰੀਆਂ ਨੂੰ ਪੈਨਸ਼ਨਾਂ ਬੈਂਕਾਂ ਰਾਹੀਂ ਆਨਲਾਈਨ ਦਿੱਤੀਆਂ ਜਾ ਰਹੀਆਂ ਹਨ। ਇਨ੍ਹਾਂ ਪੈਨਸ਼ਨਾਂ ਦੀ ਪੜਤਾਲ ਚੱਲ ਰਹੀ ਹੈ ਤੇ ਲਾਭਪਾਤਰੀਆਂ ਨੂੰ ਮਹੀਨੇ ਬਾਅਦ ਪੈਨਸ਼ਨਾਂ ਦੇਣ ਦੇ ਇੰਤਜ਼ਾਮ   ਕੀਤੇ ਜਾ ਰਹੇ ਹਨ। ਸਰਕਾਰ ਨੇ ਪਿਛਲੇ ਛੇ ਮਹੀਨਿਆਂ ਦੀ ਬਕਾਇਆ ਪੈਨਸ਼ਨ ਲਾਭਪਾਤਰੀਆਂ ਨੂੰ ਵੰਡੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦਾ ਵਿਭਾਗ ਔਰਤਾਂ ਨੂੰ ਹੱਕਾਂ ਬਾਰੇ ਜਾਗਰੂਕ ਕਰਨ ਲਈ ਇਸ਼ਤਿਹਾਰਬਾਜ਼ੀ ਕਰਨ ਜਾ ਰਿਹਾ ਹੈ। ਇਸ ਮੌਕੇ ਪੁੱਜੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਅਕਾਲੀਆਂ ਵੱਲੋਂ ਲਾਏ ਧਰਨਿਆਂ ਦੇ ਮਾਮਲੇ ‘ਤੇ ਕਿਹਾ ਕਿ ਅਕਾਲੀ ਕਿਹੜੇ ਮੂੰਹ ਨਾਲ ਧਰਨੇ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥਾਂ ਸਾਹਿਬ ਦੀ ਬੇਅਦਬੀ ਸਮੇਂ ਧਰਨੇ ਕਿਉਂ ਨਹੀਂ ਲਾਏ ਗਏ ਤੇ ਹੁਣ ਅਕਾਲੀ ਆਪਣੀ ਵਾਰੀ ਧਰਨਿਆਂ ਦੇ ਰਾਹ ਕਿਉਂ ਪਏ ਹਨ। ਉਨ੍ਹਾਂ ਸਟੇਡੀਅਮ ਦਾ ਨਾਂ ਡਾ. ਬੀ. ਆਰ ਅੰਬੇਦਕਰ ਦੇ ਨਾਂ ‘ਤੇ ਰੱਖਣ ਬਾਰੇ ਕਿਹਾ ਕਿ ਇਹ ਫ਼ੈਸਲਾ ਸਰਕਾਰ ਨੇ ਕਰਨਾ ਹੈ।
ਇਸ ਮੌਕੇ ਰਜ਼ੀਆ ਸੁਲਤਾਨਾ ਨੇ  ਰਾਜਿੰਦਰ ਕੌਰ ਭੱਠਲ ਦੇ ਪਤੀ ਮਰਹੂਮ ਲਾਲ ਸਿੰਘ ਲਾਲੀ ਦੀ ਯਾਦ ਵਿੱਚ ਕਰਵਾਏ ਜਾ ਰਹੇ ਦੋ ਰੋਜ਼ਾ ਕਬੱਡੀ ਕੱਪ ਦਾ ਉਦਘਾਟਨ ਕੀਤਾ ਅਤੇ ਦੋ ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਇਸ ਮੌਕੇ ਸਨਮੀਕ ਹੈਨਰੀ, ਸੰਜੀਵ ਹਨੀ, ਕ੍ਰਿਪਾਲ ਨਾਥਾ, ਭੂਸ਼ਨ ਗੋਇਲ, ਰਾਜੇਸ਼ ਭੋਲਾ ਤੇ ਮਹੇਸ਼ ਸ਼ਰਮਾ ਵੀ ਹਾਜ਼ਰ ਸਨ।