ਭਾਰਤ ਦੇ ਗ੍ਰਹਿ ਮੰਤਰੀ ਨੇ ਸੰਸਦ ਵਿਚ ਮੰਨਿਆ

ਭਾਰਤ ਦੇ ਗ੍ਰਹਿ ਮੰਤਰੀ ਨੇ ਸੰਸਦ ਵਿਚ ਮੰਨਿਆ

”1984 ‘ਚ ਸਿੱਖਾਂ ਖਿਲਾਫ ਦੰਗੇ ਦੇਸ਼ ਦਾ ਸਭ ਤੋਂ ਵੱਡਾ ਸਮੂਹਿਕ ਕਤਲ ਕਾਂਡ ਸੀ”

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਲੋਕ ਸਭਾ ਵਿਚ ਸਰਕਾਰ ਖ਼ਿਲਾਫ਼ ਬੇਵਿਸਾਹੀ ਦੇ ਮਤੇ ਦੇ ਹੱਕ ਵਿਚ ਭਾਸ਼ਣ ਦੇਣ ਪਿੱਛੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੱਫੀ ਪਾਉਂਦੇ ਹੋਏ।

ਨਵੀਂ ਦਿੱਲੀ/ਬਿਊਰੋ ਨਿਊਜ਼ :

ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਖ਼ਿਲਾਫ਼ ਲੋਕ ਸਭਾ ਵਿਚ ਪੇਸ਼ ਬੇਵਿਸਾਹੀ ਮਤੇ ‘ਤੇ ਬੋਲਦਿਆਂ ਕਾਂਗਰਸ ਤੇ ਤਿੱਖਾ ਹਮਲਾ ਬੋਲਦਿਆਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ 1984 ਦਾ ਸਿੱਖ ਕਤਲੇਆਮ ਦੇਸ਼ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਸਮੂਹਿਕ ਕਤਲੇਆਮ ਹੈ। ਉਹਨਾਂ ਨੇ ਕਿਹਾ ਕਿ ਕੇਂਦਰ ਭਵਿੱਖ ‘ਚ  ਅਜਿਹੇ ਦੰਗਿਆ ਨੂੰ ਰੋਕਣ ਲਈ ਰਾਜਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਮੁਹੱਇਆ ਕਰਵਾਏਗੀ, ਪਰ ਰਾਜ ਸਰਕਾਰਾਂ ਨੂੰ ਵੀ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਆਪਣੇ ਪੱਧਰ ਤੇ ਪੁਖਤਾ ਇੰਤਜਾਮ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ 31 ਅਕਤੂਬਰ 1984 ਨੂੰ ਹੱਤਿਆ ਤੋਂ ਬਾਅਦ ਬਹੁਤ ਵੱਡੇ ਪੱਧਰ ਤੇ ਹਿੰਸਾ ਫੈਲੀ, ਜਿਸ ਨੂੰ ਰੋਕਣ ਲਈ ਉਸ ਸਮੇਂ ਦੀ ਸਰਕਾਰ ਵੱਲੋਂ ਸਖਤ ਕਦਮ ਨਹੀਂ ਉਠਾਏ ਗਏ। ਉਨ੍ਹਾਂ ਕਿਹਾ ਕਿ ਇਸ ਕਤਲ ਕਾਂਡ ਦੀ ਜਾਂਚ ਲਈ ਸਪੈਸ਼ਲ ਜਾਂਚ ਟੀਮ (ਐੱਸਆਈਟੀ)ਦਾ ਗਠਨ ਕੀਤਾ ਗਿਆ ਹੈ ਤੇ ਸਿੱਖ ਕੌਮ ਨੂੰ ਇਨਸਾਫ ਦਿੱਤਾ ਜਾਵੇਗਾ। ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਕਾਂਗਰਸ ਨੂੰ ਹਾਲੇ ਤੱਕ ਆਪਣੇ ਪ੍ਰਧਾਨ ਦੇ ਮਾਮਲੇ ‘ਚ ਦੁਬਿਧਾ ਹੈ, ਕਾਂਗਰਸ ਦੇ ਮੰਤਰੀਆਂ ਨੂੰ ਇਹ ਵੀ ਨਹੀਂ ਪਤਾ ਕਿ ਕਾਂਗਰਸ ਪਾਰਟੀ ਦੀ ਭਵਿੱਖ ‘ਚ ਕੀ ਨੀਤੀਆਂ ਹੋਣਗੀਆਂ।
ਵਿਰੋਧੀ ਧਿਰ ਵੱਲੋਂ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਖ਼ਿਲਾਫ਼ ਲੋਕ ਸਭਾ ਵਿੱਚ ਪੇਸ਼ ਕੀਤਾ ਬੇਵਿਸਾਹੀ ਦਾ ਮਤਾ 325 ਦੇ ਮੁਕਾਬਲੇ 126 ਵੋਟਾਂ ਨਾਲ ਡਿੱਗ ਗਿਆ। ਬੀਜੂ ਜਨਤਾ ਦਲ (ਬੀਜੇਡੀ), ਸ਼ਿਵ ਸੈਨਾ ਤੇ ਤਿਲੰਗਾਨਾ ਰਾਸ਼ਟਰ ਸਮਿਤੀ (ਟੀਆਰਐਸ) ਦੇ ਮੈਂਬਰ ਸਦਨ ਵਿਚੋਂ ਗ਼ੈਰਹਾਜ਼ਰ ਰਹੇ। ਮਤੇ ਉਤੇ ਵੋਟਿੰਗ ਸਮੇਂ 451 ਮੈਂਬਰ ਹਾਜ਼ਰ ਸਨ। ਇਨ੍ਹਾਂ ਸਭਨਾਂ ਦੀਆਂ ਵੋਟਾਂ ਸਹੀ ਨਿਕਲੀਆਂ ਤੇ ਕੋਈ ਵੋਟ ਰੱਦ ਨਹੀਂ ਹੋਈ। ਅੰਨਾ ਡੀਐਮਕੇ  ਦੇ ਕਈ ਮੈਂਬਰਾਂ ਨੇ ਸਰਕਾਰ ਦਾ ਸਾਥ ਦਿੱਤਾ।
ਪਹਿਲਾਂ ਬੇਵਿਸਾਹੀ ਮਤੇ ਉਤੇ ਦਸ ਘੰਟੇ ਚੱਲੀ ਬਹਿਸ ਦਾ ਲੰਮਾ ਜੁਆਬ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ, ਇਸ ਦੇ ਨੇਤਾ ਰਾਹੁਲ ਗਾਂਧੀ ਅਤੇ ਹੋਰ ਵਿਰੋਧੀ ਆਗੂਆਂ ਉਤੇ ਤਿੱਖੇ ਵਾਰ ਕੀਤੇ ਅਤੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦੀ ਪੂਰੀ ਤਫ਼ਸੀਲ ਪੇਸ਼ ਕੀਤੀ। ਉਨ੍ਹਾਂ ਨੇ ਰਾਹੁਲ ਗਾਂਧੀ ਦਾ ਮਜ਼ਾਕ ਉਡਾਉਂਦਿਆਂ ਲੋਕ ਸਭਾ ਵਿਚ ਕਿਹਾ ਕਿ ਉਹ ਆਪਣੀ ਸੀਟ ਤੋਂ ਉੱਠ ਕੇ ਇਸ ਲਈ ਉਨ੍ਹਾਂ ਨੂੰ ਜੱਫੀ ਪਾਉਣ ਆਇਆ, ਕਿਉਂਕਿ ਉੁਸ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਉੱਤੇ ਬੈਠਣ ਦੀ ਕਾਹਲ ਹੈ, ਇਹ ਉਸਦੇ ਘੁਮੰਡ ਦਾ ਪ੍ਰਤੀਕ ਹੈ।
ਗੌਰਤਲਬ ਹੈ ਕਿ ਜਦੋਂ ਰਾਹੁਲ ਗਾਂਧੀ ਅਚਾਨਕ ਪ੍ਰਧਾਨ ਮੰਤਰੀ ਕੋਲ ਪੁੱਜ ਗਏ ਤਾਂ ਪਹਿਲਾਂ ਤਾਂ ਉਹ ਥੋੜ੍ਹਾ ਹੱਕਾ-ਬੱਕਾ ਰਹਿ ਗਏ ਪਰ ਫਿਰ ਜਲਦੀ ਹੀ ਸੰਭਲ ਗਏ। ਜਦੋਂ ਰਾਹਲੁ ਗਾਧੀ ਮੁੜੇ ਤਾਂ ਉਨ੍ਹਾਂ ਨੇ ਉਸ ਦੀ ਪਿੱਠ ਥਪਥਪਾਈ ਅਤੇ ਬਾਅਦ ਵਿਚ ਉਸ ਦੀ ਕਾਰਵਾਈ ਨੂੰ ਥੋੜ੍ਹਾ ਹੱਸ ਕੇ ਛੁਟਿਆਉਣ ਦੀ ਕੋਸ਼ਿਸ਼ ਵਜੋਂ ਮੁਸਕਰਾਹਟ ਵੀ ਦਿਖਾਈ। ਉਹ ਕੁਝ ਸ਼ਬਦ ਕਹਿੰਦੇ ਵੀ ਦਿਖੇ ਪਰ ਸੁਣਾਈ ਨਹੀਂ ਦਿੱਤੇ। ਰਾਹੁਲ ਗਾਂਧੀ ਦੀ ਕਾਰਵਾਈ ਉੱਤੇ ਪ੍ਰਧਾਨ ਮੰਤਰੀ ਪਿੱਛੇ ਬੈਠੇ ਭਾਜਪਾ ਦੇ ਮੈਂਬਰ ਵੀ ਹੱਕੇ-ਬੱਕੇ ਰਹਿ ਗਏ।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭ੍ਰਿਸ਼ਟਾਚਾਰ ਦਾ ‘ਭਾਗੀਦਾਰ’ ਦੱਸ ਕੇ ਤਿੱਖੀਆਂ ਚੋਭਾਂ ਲਾਈਆਂ। ਰਾਹੁਲ ਨੇ ਕਿਹਾ ਕਿ ਲੋਕ ਮੋਦੀ ਦੇ ‘ਜੁਮਲਈ’ ਹਮਲਿਆਂ ਤੋਂ ਪੀੜਤ ਹਨ। ਕਾਂਗਰਸ ਪ੍ਰਧਾਨ ਨੇ ਹਾਲਾਂਕਿ ਇਨ੍ਹਾਂ ਚੁਭਵੇਂ ਹਮਲਿਆਂ ਮਗਰੋਂ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੀ ਸੀਟ ‘ਤੇ ਜਾ ਕੇ ਜੱਫ਼ੀ ਪਾਈ। ਰਾਹੁਲ ਨੇ ਕਿਹਾ ਕਿ ਉਹ ਭਾਜਪਾ ਤੇ ਆਰਐਸਐਸ ਦਾ ਇਸ ਗੱਲੋਂ ਸ਼ੁਕਰਗੁਜ਼ਾਰ ਹੈ ਕਿ ਉਨ੍ਹਾਂ ਉਸ ਨੂੰ ਭਗਵਾਨ ਸ਼ਿਵ ਦਾ ਅਰਥ ਦੱਸਿਆ ਤੇ ਇਹ ਦੱਸਿਆ ਕਿ ਹਿੰਦੂ ਤੇ ਕਾਂਗਰਸੀ ਹੋਣ ਦਾ ਕੀ ਅਰਥ ਹੈ। ਆਪਣੀ ਸੀਟ ‘ਤੇ ਪਰਤਣ ਮਗਰੋਂ ਰਾਹੁਲ ਨੇ ਕਿਹਾ, ‘ਇਕ ਹਿੰਦੂ ਹੋਣ ਦਾ ਇਹ ਅਰਥ ਹੈ।’ ਇਸ ਦੌਰਾਨ ਰਾਹੁਲ ਦੀ ਮਾਂ ਸੋਨੀਆ ਗਾਂਧੀ ਤੇ ਹੋਰਨਾਂ ਆਗੂਆਂ ਸਮੇਤ ਹੋਰ ਕਾਂਗਰਸੀ ਸੰਸਦ ਮੈਂਬਰ ਮੇਜ਼ਾਂ ਨੂੰ ਥਪਥਪਾਉਂਦੇ ਰਹੇ। ਬੇਵਿਸਾਹੀ ਮਤੇ ‘ਤੇ ਬਹਿਸ ਦੌਰਾਨ ਕੁਝ ਨਾਟਕੀ ਪਲਾਂ ਮੌਕੇ ਰਾਹੁਲ ਪਾਰਟੀ ਵਿਚਲੇ ਸਾਥੀਆਂ ਨੂੰ ਅੱਖ ਮਾਰਦੇ ਵੀ ਨਜ਼ਰ ਆਏ। ਉਧਰ ਭਾਜਪਾ ਨੇ ਕਾਂਗਰਸ ਪ੍ਰਧਾਨ ਦੇ ਰਵੱਈਏ ਨੂੰ ‘ਬਚਕਾਨਾ’ ਦੱਸਦਿਆਂ ਕਿਹਾ ਕਿ ਅਜਿਹਾ ਗਿਣੀ ਮਿਥੀ ਯੋਜਨਾ ਤਹਿਤ ਕੀਤਾ ਗਿਆ ਹੈ। ਰਾਹੁਲ ਗਾਂਧੀ ਨੇ ਬੇਵਿਸਾਹੀ ਮਤੇ ‘ਤੇ ਚਲ ਰਹੀ ਬਹਿਸ ਦੌਰਾਨ ਇੱਕ ਘੰਟਾ ਲੰਮੀ ਆਪਣੀ ਤਕਰੀਰ ‘ਚ ਵਿਵਾਦਿਤ ਰਾਫੇਲ ਜੈੱਟ ਖਰੀਦ ਸਮਝੌਤੇ ਸਮੇਤ ਹੋਰਨਾਂ ਕਈ ਮੁੱਦਿਆਂ ‘ਤੇ ਮੋਦੀ ਸਰਕਾਰ ਨੂੰ ਘੇਰਦਿਆਂ ਚੰਗੇ ਰਗੜੇ ਲਾਏ। ਰਾਹੁਲ ਨੇ ਟੀਡੀਪੀ ਵੱਲੋਂ ਪੇਸ਼ ਬੇਵਿਸਾਹੀ ਮਤੇ ਦੀ ਹਮਾਇਤ ਕਰਦਿਆਂ ਕਿਹਾ ਕਿ ਟੀਡੀਪੀ ਵਾਂਗ ਹੋਰ ਕਈ ਜਣੇ ਭਾਜਪਾ ਦੇ ਸਿਆਸੀ ਹਥਿਆਰ ਜਿਸ ਨੂੰ ‘ਜੁਮਲਾ ਹੱਲਾ’ ਕਿਹਾ ਜਾਂਦਾ ਹੈ, ਦੇ ਸ਼ਿਕਾਰ ਹਨ। ਰਾਹੁਲ ਨੇ ਮੋਦੀ ਦੇ ਜੁਮਲਿਆਂ ਨੂੰ 21ਵੀਂ ਸਦੀ ਦਾ ਸ਼ਾਨਦਾਰ ਸਿਆਸੀ ਹਥਿਆਰ ਦੱਸਿਆ। ਰਾਫ਼ੇਲ ਜੈੱਟ ਸਮਝੌਤੇ ਦੀ ਗੱਲ ਕਰਦਿਆਂ ਰਾਹੁਲ ਨੇ ਕਿਹਾ ਕਿ ਉਸ ਨੂੰ ਇਹ ਕਹਿਣ ‘ਚ ਕੋਈ ਝਿਜਕ ਨਹੀਂ ਕਿ ਪ੍ਰਧਾਨ ਮੰਤਰੀ ਦੇ ਦਬਾਅ ਕਰਕੇ ਨਿਰਮਲਾ ਸੀਤਾਰਾਮਨ (ਰੱਖਿਆ ਮੰਤਰੀ) ਨੇ ਝੂਠ ਬੋਲਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ‘ਚੌਕੀਦਾਰ’ ਬਣਨ ਦਾ ਵਾਅਦਾ ਕੀਤਾ ਸੀ ਪਰ ਉਹ ਭ੍ਰਿਸ਼ਟਾਚਾਰ ਦੇ ਭਾਗੀਦਾਰ ਬਣ ਗਏ ਹਨ।
ਲੋਕ ਸਭਾ ਦੀ ਸਪੀਕਰ ਸੁਮਿੱਤਰਾ ਮਹਾਜਨ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਸੰਸਦ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਾਈ ਜੱਫੀ ਨੂੰ ‘ਡਰਾਮਾ’ ਦਸਦਿਆਂ ਝਾੜ ਪਾਈ ਹੈ। ਸਪੀਕਰ ਨੇ ਕਿਹਾ ਕਿ ਸੰਸਦ ਵਿੱਚ ਹਰੇਕ ਲਈ ਮਰਿਆਦਾ ਨੂੰ ਬਰਕਰਾਰ ਰੱਖਣਾ ਲਾਜ਼ਮੀ ਹੈ। ਮਹਾਜਨ ਨੇ ਕਿਹਾ ਕਿ ਉਹ ਰਾਹੁਲ ਵੱਲੋਂ ਪਾਈ ਜੱਫੀ ਦਾ ਵਿਰੋਧ ਨਹੀਂ ਕਰਦੇ ਪਰ ਸੰਸਦੀ ਮਰਿਆਦਾ ਦੀ ਕਾਇਮੀ ਹਰੇਕ ਲਈ ਜ਼ਰੂਰੀ ਹੈ। ਕੋਈ ਵੀ ਮੇਰਾ ਦੁਸ਼ਮਣ ਨਹੀਂ ਹੈ, ਰਾਹੁਲ ਮੇਰੇ ਪੁੱਤ ਵਾਂਗ ਹੈ।