ਇੰਮੀਗਰੇਸ਼ਨ ਤੇ ਟੈਕਸ ਅਧਿਕਾਰੀ ਦੱਸ ਕੇ ਠੱਗੀਆਂ ਮਾਰਨ ਵਾਲੇ ਅੰਤਰਰਾਸ਼ਟਰੀ ਗਿਰੋਹ ਦਾ ਭਾਂਡਾ ਫੁੱਟਿਆ

ਇੰਮੀਗਰੇਸ਼ਨ ਤੇ ਟੈਕਸ ਅਧਿਕਾਰੀ ਦੱਸ ਕੇ ਠੱਗੀਆਂ ਮਾਰਨ ਵਾਲੇ ਅੰਤਰਰਾਸ਼ਟਰੀ ਗਿਰੋਹ ਦਾ ਭਾਂਡਾ ਫੁੱਟਿਆ

ਵਾਸ਼ਿੰਗਟਨ/ਬਿਊਰੋ ਨਿਊਜ਼ :
ਅਮਰੀਕਾ ਵਿਚ ਪਿਛਲੇ ਹਫਤੇ ਅੰਤਰਰਾਸ਼ਟਰੀ ਪੱਧਰ ਦੇ ਠੱਗ-ਗੈਂਗ ਦੇ 21 ਸਾਜ਼ਿਸ਼ਕਾਰੀਆਂ ਨੂੰ ਫੜ ਲੈਣ ਦਾ ਐਲਾਨ ਹੋਇਆ ਹੈ, ਜਿਨ੍ਹਾਂ ਦੇ ਤਾਰ ਭਾਰਤ ਨਾਲ ਵੀ ਜੁੜੇ ਹੋਏ ਹਨ। ਅਮਰੀਕੀ ਨਿਆਂ ਵਿਭਾਗ ਨੇ ਕਿਹਾ ਹੈ ਕਿ ਉਸ ਨੇ ਦੇਸ਼ ਵਿਚ ਪਹਿਲੇ ਵੱਡੇ ਪੈਮਾਨੇ ਉਤੇ ਬਹੁਰਾਸ਼ਟਰੀ ਟੈਲੀਫੋਨ ਧੋਖਾਧੜੀ ਕਰਨ ਵਾਲੇ ਗੈਂਗ ਦੀ ਨਿਸ਼ਾਨਦੇਹੀ ਕਰਕੇ ਚਾਰ ਸਾਲ ਤੋਂ ਵੱਧ ਦੇ ਸਮੇਂ ਦੌਰਾਨ ਸੰਯੁਕਤ ਰਾਜ ਅਮਰੀਕਾ ਵਿਚ ਠੱਗੀ ਦਾ ਸ਼ਿਕਾਰ ਹੋਏ 15,000 ਤੋਂ ਵੱਧ ਪੀੜਤਾਂ ਨੂੰ ਨਿਆਂ ਦੇਣ ਦੀ ਕੋਸ਼ਿਸ਼ ਕੀਤੀ ਹੈ।
ਗੌਰਤਲਬ ਹੈ ਕਿ ਠੱਗੀ ਦੇ ਇਸ ਨੈਟਵਰਕ ਵਿਚ ਫਸ ਕੇ ਬਹੁਤ ਸਾਰੇ ਲੋਕਾਂ ਨੇ ਸੈਂਕੜੇ ਮਿਲੀਅਨ ਡਾਲਰ ਗੁਆਏ ਹਨ। ਇਸ ਗੈਂਗ ਵੱਲੋਂ 50,000 ਤੋਂ ਵੱਧ ਲੋਕਾਂ ਦੀ ਨਿੱਜੀ ਜਾਣਕਾਰੀ ਦਾ ਦੁਰਉਪਯੋਗ ਕੀਤਾ ਗਿਆ ਹੈ। ਵਿਭਾਗ ਨੇ ਕਿਹਾ ਕਿ ਠੱਗੀ ਦਾ ਇਹ ਪੈਸਾ ਭਾਰਤ ਵਿਚ ਕਾਲ ਸੈਂਟਰਾਂ ਰਾਹੀਂ ਅੱਠ ਰਾਜਾਂ ਵਿਚ ਪਹੁੰਚਾਇਆ ਗਿਆ ਹੈ।
ਅਦਾਲਤ ਦੇ ਦਸਤਾਵੇਜ਼ਾਂ ਅਨੁਸਾਰ ਇਹ ਘੁਟਾਲਾ ਸੰਨ 2012 ਤੋਂ ਸੰਨ 2016 ਤਕ ਹੋਇਆ। ਆਮ ਲੋਕਾਂ ਨੂੰ ਧੋਖਾਧੜੀ ‘ਚ ਫਸਾਉਣ ਵਾਸਤੇ ਅਕਸਰ ਕਾਲਾਂ ਆਉਂਦੀਆਂ ਸਨ। ਫੋਨ ਕਰਕੇ ਕਿਹਾ ਜਾਂਦਾ ਸੀ ਕਿ ਅਮਰੀਕਾ ਦਾ ਟੈਕਸ ਸੇਵਾ ਜਾਂ ਇਮੀਗ੍ਰੇਸ਼ਨ ਅਫਸਰ ਬੋਲ ਰਿਹਾ ਹੈ ਅਤੇ ਧਮਕੀ ਦਿਤੀ ਜਾਂਦੀ ਸੀ ਕਿ ਤੁਹਾਨੂੰ  ਗ੍ਰਿਫਤਾਰ ਕਰਕੇ ਦੇਸ਼ ਨਿਕਾਲਾ ਜਾਂ ਹੋਰ ਜੁਰਮਾਨੇ ਕੀਤੇ ਜਾਣਗੇ, ਕਿਉਂਕਿ ਤੁਸੀਂ ਟੈਕਸ ਚੋਰੀ ਕੀਤੀ ਹੈ ਜਾਂ ਆਪਣਾ ਕਰਜ਼ਾ ਨਹੀਂ ਦਿਤਾ ਹੈ। ਇਸ ਤੋਂ ਬਚਣ ਲਈ ਪੀੜਤਾਂ ਨੂੰ ਤੁਰੰਤ ਔਨਲਾਇਨ ਪੈਸਾ ਟਰਾਂਸਫਰ ਕਰਨ ਲਈ ਕਿਹਾ ਜਾਂਦਾ ਸੀ। ਇਨ੍ਹਾਂ ਨੇ ਆਪਣਾ ਸ਼ਿਕਾਰ ਸਭ ਤੋਂ ਕਮਜ਼ੋਰ ਅਮਰੀਕੀਆਂ ਨੂੰ ਬਣਾਇਆ, ਜਿਨ੍ਹਾਂ ਵਿਚ ਇੰਮੀਗਰਾਂਟ ਅਤੇ ਬਜ਼ੁਰਗ ਹਨ।.
ਸੇਨ ਡਿਊਗੋ ਵਿਚ ਇਕ 85 ਸਾਲਾ ਬਜ਼ੁਰਗ ਔਰਤ ਨੇ ਆਈਆਰਐੱਸ. ਹੋਣ ਦਾ ਦਾਅਵਾ ਕਰਨ ਵਾਲੇ ਇਕ ਠੱਗ ਨੂੰ 12,300 ਡਾਲਰ ਅਦਾ ਕੀਤੇ ਸਨ, ਕਿਉਂਕਿ ਉਸ ਨੇ ਉਕਤ ਔਰਤ ਨੂੰ ਟੈਕਸ ਉਲੰਘਣਾ ਦੇ ਦੋਸ਼ ਵਿਚ ਗ੍ਰਿਫਤਾਰ ਕਰਨ ਦੀ ਧਮਕੀ ਦਿਤੀ ਸੀ।