ਪੰਜਾਬ ‘ਚ ਬਹੁਤੀ ਥਾਈਂ ਕਰਫਿਊ ਕਾਰਨ ਸੁੰਨਾ ਰਿਹਾ ਦਰਬਾਰ ਸਾਹਿਬ

ਪੰਜਾਬ ‘ਚ ਬਹੁਤੀ ਥਾਈਂ ਕਰਫਿਊ ਕਾਰਨ ਸੁੰਨਾ ਰਿਹਾ ਦਰਬਾਰ ਸਾਹਿਬ

ਅੰਮ੍ਰਿਤਸਰ/ਬਿਊਰੋ ਨਿਊਜ਼ :
ਡੇਰਾ ਸਿਰਸਾ ਮੁਖੀ ਖ਼ਿਲਾਫ਼ ਆਏ ਫ਼ੈਸਲੇ ਦਾ ਭਾਵੇਂ ਸਿੱਧੇ ਤੌਰ ‘ਤੇ ਅੰਮ੍ਰਿਤਸਰ ਸ਼ਹਿਰ ਉਤੇ ਕੋਈ ਅਸਰ ਨਹੀਂ ਪਿਆ ਪਰ ਬੱਸ ਅਤੇ ਰੇਲ ਸੇਵਾਵਾਂ ਠੱਪ ਹੋਣ ਕਰ ਕੇ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਦੀ ਆਮਦ ਕਾਫ਼ੀ ਘਟ ਗਈ। ਇਹ ਆਮਦ ਆਮ ਦਿਨਾਂ ਨਾਲੋਂ ਚੌਥਾ ਹਿੱਸਾ ਹੀ ਰਹੀ।
ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਦੇਸ਼-ਵਿਦੇਸ਼ ਤੋਂ ਰੋਜ਼ਾਨਾ ਲਗਪਗ 80 ਹਜ਼ਾਰ ਤੋਂ 90 ਹਜ਼ਾਰ ਤੱਕ ਸ਼ਰਧਾਲੂ ਅੰਮ੍ਰਿਤਸਰ ਪੁੱਜਦੇ ਹਨ। ਹਰ ਹਫ਼ਤੇ ਸ਼ੁੱਕਰਵਾਰ ਤੋਂ ਐਤਵਾਰ ਸ਼ਰਧਾਲੂਆਂ ਦੀ ਗਿਣਤੀ ਇੱਕ ਲੱਖ ਤੋਂ ਵੀ ਵੱਧ ਜਾਂਦੀ ਹੈ, ਪਰ ਹਰਿਮੰਦਰ ਸਾਹਿਬ ਵਿਖੇ ਸ਼ਰਧਾਲੂਆਂ ਦੀ ਆਮਦ ਘੱਟ ਰਹੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਡੇਰਾ ਵਿਵਾਦ ਕਾਰਨ ਹਰਿਆਣੇ ਤੇ ਪੰਜਾਬ ਵਿੱਚ ਤਣਾਅ ਪੈਦਾ ਹੋਣ ਕਾਰਨ ਅਤੇ ਬੱਸ ਤੇ ਰੇਲ ਸੇਵਾਵਾਂ ਠੱਪ ਹੋਣ ਕਰ ਕੇ ਸ਼ਰਧਾਲੂਆਂ ਦੀ ਗਿਣਤੀ ਬਹੁਤ ਘੱਟ ਰਹੀ। ਉਨ੍ਹਾਂ ਦਾ ਦਾਅਵਾ ਸੀ ਕਿ ਆਮ ਦਿਨਾਂ ਨਾਲੋਂ 70 ਫ਼ੀਸਦ ਘੱਟ ਸ਼ਰਧਾਲੂ ਦਰਬਾਰ ਸਾਹਿਬ ਪੁੱਜੇ। ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਦੇ ਬਾਜ਼ਾਰ ਭਾਵੇਂ ਖੁੱਲ੍ਹੇ ਰਹੇ, ਪਰ ਗਾਹਕਾਂ ਦੀ ਆਮਦ ਬਹੁਤ ਘੱਟ ਰਹੀ। ਖਾਣ-ਪੀਣ ਵਾਲੀਆਂ ਦੁਕਾਨਾਂ ਵੀ ਸੁੰਨੀਆਂ ਨਜ਼ਰ ਆਈਆਂ। ਰੋਜ਼ਾਨਾ ਅੰਮ੍ਰਿਤਸਰ ਆਉਣ ਤੇ ਜਾਣ ਵਾਲੀਆਂ 90 ਰੇਲ ਗੱਡੀਆਂ ਵਿੱਚੋਂ ਕਰੀਬ 80 ਗੱਡੀਆਂ ਬੰਦ ਰਹੀਆਂ, ਇਸ ਕਾਰਨ ਕਈ ਲੋਕਾਂ ਨੂੰ ਇੱਥੇ ਰੇਲਵੇ ਸਟੇਸ਼ਨ ‘ਤੇ ਖੱਜਲ-ਖੁਆਰ ਹੋਣਾ ਪਿਆ।
ਸਾਰੇ ਗੁਰਦੁਆਰੇ ਸੁਰੱਖਿਅਤ  :
ਪਟਿਆਲਾ : ਡੇਰਾ ਪ੍ਰੇਮੀਆਂ ਦੇ ਹਿੰਸਕ ਰੁਖ਼ ਕਾਰਨ ਸੂਬੇ ਦੇ ਗੁਰਦੁਆਰਿਆਂ ਦੀ ਸੁਰੱਖਿਆ ਲਈ ਪਿੰਡਾਂ ਤੇ ਸ਼ਹਿਰਾਂ ਦੀ ਸੰਗਤ ਨੂੰ ਚੌਕਸੀ ਵਰਤਣ ਲਈ ਕਿਹਾ ਜਾ ਰਿਹਾ ਹੈ। ਸਥਾਨਕ ਪੁਲੀਸ ਵੱਲੋਂ ਪਿੰਡਾਂ ਦੇ ਗੁਰਦੁਆਰਿਆਂ ਦੇ ਲਾਊਡ ਸਪੀਕਰਾਂ ਤੋਂ ਬਾਕਾਇਦਾ ਨਿਰਦੇਸ਼ ਦਿੱਤੇ ਜਾ ਰਹੇ ਹਨ ਕਿ ਸਥਾਨਕ ਸੰਗਤ ਗੁਰਦੁਆਰਿਆਂ ਦੀ ਰਾਖੀ ਲਈ ਖ਼ੁਦ ਅੱਗੇ ਆਵੇ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ ਨੇ ਆਖਿਆ ਹੈ ਕਿ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਕਮੇਟੀ ਅਧੀਨ ਆਉਂਦੇ ਗੁਰਦੁਆਰਿਆਂ ਦੀ ਰਾਖੀ ਆਪਣੇ ਪੱਧਰ ‘ਤੇ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਗੁਰਦੁਆਰੇ ਪੂਰੀ ਤਰ੍ਹਾਂ ਸੁਰੱਖਿਅਤ ਹਨ।