ਬਦ-ਇਖਲਾਕੀ ਦੀ ਘਟਨਾ ਦੇ ਰੋਸ ਵਜੋਂ ਕਮੇਟੀ ਖ਼ਿਲਾਫ਼ ਗੁਰਦੁਆਰਾ ਘੱਲੂਘਾਰਾ ਸਾਹਿਬ ਪੁੱਜੀ ਸੰਗਤ

ਬਦ-ਇਖਲਾਕੀ ਦੀ ਘਟਨਾ ਦੇ ਰੋਸ ਵਜੋਂ ਕਮੇਟੀ ਖ਼ਿਲਾਫ਼ ਗੁਰਦੁਆਰਾ ਘੱਲੂਘਾਰਾ ਸਾਹਿਬ ਪੁੱਜੀ ਸੰਗਤ

ਕਾਹਨੂੰਵਾਨ/ਬਿਊਰੋ ਨਿਊਜ਼ :
ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਵਿਖੇ 11 ਅਗਸਤ ਨੂੰ ਵਾਪਰੀ ਬਦ-ਇਖ਼ਲਾਕੀ ਦੀ ਘਟਨਾ ਸਬੰਧੀ ਇਲਾਕੇ ਦੀ ਸੰਗਤ ਵੱਲੋਂ ਮੌਜੂਦਾ ਗੁਰਦੁਆਰਾ ਘੱਲੂਘਾਰਾ ਦੀ ਕਮੇਟੀ ਦੇ ਵਿਰੋਧ ਵਿੱਚ ਸੱਦੇ ਇਕੱਠ ਵਿੱਚ ਵੱਡੀ ਗਿਣਤੀ ਸੰਗਤ ਗੁਰਦੁਆਰੇ ਪੁੱਜੀ। ਇਸ ਦੌਰਾਨ ਪਸ਼ਚਾਤਾਪ ਸਮਾਗਮ ਲਈ ਆਉਣ ਵਾਲੇ ਅਕਾਲੀ ਆਗੂਆਂ ਸਣੇ ਹੋਰ ਸੰਗਤ ਦੇ ਜਥਿਆਂ ਨੂੰ ਵੱਖ ਵੱਖ ਥਾਵਾਂ ‘ਤੇ ਪੁਲੀਸ ਨੇ ਰੋਕਿਆ।
ਜਥੇਦਾਰ ਸੁੱਚਾ ਸਿੰਘ ਲੰਗਾਹ, ਸੇਵਾ ਸਿੰਘ ਸੇਖਵਾਂ ਤੇ ਹੋਰ ਸੀਨੀਅਰ ਅਕਾਲੀ ਆਗੂਆਂ ਦਾ ਜਥਾ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਵਿੱਚ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਲਈ ਗੁਰਦੁਆਰਾ ਬੰਦਾ ਬਹਾਦਰ ਗੁਰਦਾਸ ਨੰਗਲ ਤੋਂ ਰਵਾਨਾ ਹੋਇਆ, ਜਿਸ ਨੂੰ ਪਿੰਡ ਮਾਨ ਚੋਪੜੇ ਨੇੜੇ ਪੁਲੀਸ ਨੇ ਰੋਕ ਲਿਆ। ਇਸ ਦੌਰਾਨ ਅਕਾਲੀ ਤੇ ਪੁਲੀਸ ਧੱਕਾ-ਮੁੱਕੀ ਹੋਏ ਤੇ ਜਥਾ ਨਾਕੇ ਤੋੜ ਕੇ ਗੁਰਦੁਆਰੇ ਦੇ ਦੀਵਾਨ ਹਾਲ ਤੱਕ ਪੁੱਜਣ ਵਿੱਚ ਸਫ਼ਲ ਹੋ ਗਿਆ। ਇਸੇ ਤਰ੍ਹਾਂ ਕੰਵਲਪ੍ਰੀਤ ਸਿੰਘ ਕਾਕੀ ਦੀ ਅਗਵਾਈ ਵਾਲੇ ਜਥੇ ਨੂੰ ਪੁਲੀਸ ਨੇ ਗੁਨੋਪੁਰ ਕੋਲ ਰੋਕਿਆ ਤੇ ਫਿਰ ਗੁਰਦੁਆਰੇ ਨੇੜੇ ਦੁਪਹਿਰ ਢਾਈ ਵਜੇ ਤੱਕ ਰੋਕੀ ਰੱਖਿਆ। ਇਸੇ ਦੌਰਾਨ ਕਾਹਨੂੰਵਾਨ ਵਿੱਚ ਅਕਾਲੀ ਆਗੂ ਹਰਦੇਵ ਸਿੰਘ ਸਠਿਆਲੀ, ਸਰਬਜੀਤ ਜਾਗੋਵਾਲ, ਬਲਦੇਵ ਸੇਖਵਾਂ ਤੇ ਨਰਿੰਦਰ ਸੇਖਵਾਂ ਨੂੰ ਜਥੇ ਸਮੇਤ ਥਾਣਾ ਕਾਹਨੂੰਵਾਨ ਦੀ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਅਤੇ ਸ਼ਾਮ 5 ਵਜੇ ਤੱਕ ਡੱਕੀ ਰੱਖਿਆ। ਉਧਰ, ਐਸਐਸਪੀ ਗੁਰਦਾਸਪੁਰ ਭੁਪਿੰਦਰ ਸਿੰਘ ਵਿਰਕ ਨੇ ਕਿਹਾ ਕਿ ਪੁਲੀਸ ਨੇ ਸ਼ਰਧਾਲੂਆਂ ਨੂੰ ਨਹੀਂ ਰੋਕਿਆ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਿਆਸੀ ਲਾਹੇ ਲਈ ਕਿਸੇ ਨੂੰ ਵੀ ਮਾਹੌਲ ਖ਼ਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਕਮੇਟੀ ਨੂੰ 28 ਅਗਸਤ ਤੱਕ ਪੱਖ ਪੇਸ਼ ਕਰਨ ਦੇ ਹੁਕਮ :
ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਵਿਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਗੁਰਦੁਆਰੇ ਵਿਖੇ ਵਾਪਰੀ ਘਟਨਾ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਕਮੇਟੀ 28 ਅਗਸਤ ਤੋਂ ਪਹਿਲਾਂ ਅਕਾਲ ਤਖ਼ਤ ‘ਤੇ ਪੇਸ਼ ਹੋ ਕੇ ਆਪਣਾ ਪੱਖ ਪੇਸ਼ ਕਰੇ। ਉਨ੍ਹਾਂ ਕਿਹਾ ਕਿ 28 ਅਗਸਤ ਤੱਕ ਇਲਾਕੇ ਦੀ ਸੰਗਤ ਤੇ ਸ਼੍ਰੋਮਣੀ ਕਮੇਟੀ ਮਿਲ ਕੇ ਸ਼ਹੀਦੀ ਦੀਵਾਨ ਹਾਲ ਵਿੱਚ ਅਖੰਡ ਪਾਠਾਂ ਦੀ ਲੜੀ ਜਾਰੀ ਰੱਖੇਗੀ।