ਆਲਮੀ ਬਾਜ਼ਾਰ ‘ਚ ਭਾਰਤੀ ਕਰੰਸੀ ਦੀ ਹਾਲਤ ਖਸਤਾ

ਆਲਮੀ ਬਾਜ਼ਾਰ ‘ਚ ਭਾਰਤੀ ਕਰੰਸੀ ਦੀ ਹਾਲਤ ਖਸਤਾ

ਨਵੀਂ ਦਿੱਲੀ/ਬਿਊਰੋ ਨਿਊਜ਼ :

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਦੌਰਾਨ ਜਿੱਥੇ ਅਮਰੀਕੀ ਡਾਲਰ ਮੁਕਾਬਲੇ ਰੁਪਏ ‘ਚ ਇਤਿਹਾਸਕ ਗਿਰਾਵਟ ਜਾਰੀ ਹੈ, ਨਾਲ ਹੀ ਤੇਲ ਦੀਆਂ ਕੀਮਤਾਂ ਵੀ ਲਗਾਤਾਰ ਵਧਦੀਆਂ ਜਾ ਰਹੀਆਂ ਹਨ । ਸਵੇਰ ਦੇ ਵਪਾਰ ਦੌਰਾਨ ਰੁਪਏ ‘ਚ 22 ਪੈਸੇ ਦੀ ਗਿਰਾਵਟ ਦੇਖਣ ਨੂੰ ਮਿਲੀ ਤੇ ਡਾਲਰ ਦੇ ਮੁਕਾਬਲੇ ਰੁਪਇਆ ਇਤਿਹਾਸਕ ਗਿਰਾਵਟ ਨਾਲ 70.96 ਪੈਸੇ ‘ਤੇ ਪਹੁੰਚ ਗਿਆ ਹੈ।
ਪੈਟ੍ਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਹਾਲ ਹੀ ‘ਚ ਰਿਕਾਰਡ ਤੋੜ ਵਾਧਾ ਹੋਇਆ ਹੈ। ਕੌਮੀ ਰਾਜਧਾਨੀ ਦਿੱਲੀ ਵਿਚ ਪੈਟ੍ਰੋਲ ਦੀਆਂ ਕੀਮਤਾਂ ਵਿਚ 22 ਪੈਸੇ ਦੇ ਵਾਧੇ ਨਾਲ ਇੱਕ ਲੀਟਰ ਪੈਟ੍ਰੋਲ ਖਰੀਦਣ ਲਈ 78 ਰੁਪਏ 52 ਪੈਸੇ ਖਰਚਣੇ ਪੈਣਗੇ। ਉੱਥੇ ਹੀ ਡੀਜ਼ਲ ਵਿਚ 28 ਪੈਸੇ ਦਾ ਵਾਧਾ ਹੋਇਆ ਹੈ ਤੇ ਇੱਕ ਲੀਟਰ ਡੀਜ਼ਲ ਦੀ ਕੀਮਤ 70 ਰੁਪਏ 21 ਪੈਸੇ ਹੋ ਗਈ ਹੈ।
ਆਮ ਲੋਕਾਂ ਨੂੰ ਵਧਦੀ ਮਹਿੰਗਾਈ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਤੇਲ ਦੀਆਂ ਲਗਾਤਾਰ ਵਧਦੀਆਂ ਕੀਮਤਾਂ ‘ਤੇ ਵਿਰੋਧੀ ਪਾਰਟੀਆਂ ਲਗਾਤਾਰ ਮੋਦੀ ਸਰਕਾਰ ‘ਤੇ ਨਿਸ਼ਾਨੇ ਲਾ ਰਹੀਆਂ ਹਨ। ਕਾਂਗਰਸ ਦਾ ਕਹਿਣਾ ਹੈ ਕਿ ਅਜਿਹੇ ਹਾਲਾਤ ਵਿੱਚ ਪੈਟ੍ਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵੈਟ ਦੀ ਕਟੌਤੀ ਕੀਤੀ ਜਾਣੀ ਚਾਹੀਦੀ ਹੈ।