ਬਾਦਲਾਂ ਦੇ ‘ਪਹਿਲਵਾਨ’ ਖ਼ਿਲਾਫ਼ ਵਿਜੀਲੈਂਸ ਨੇ ਕਸਿਆ ਲੰਗੋਟ

ਬਾਦਲਾਂ ਦੇ ‘ਪਹਿਲਵਾਨ’ ਖ਼ਿਲਾਫ਼ ਵਿਜੀਲੈਂਸ ਨੇ ਕਸਿਆ ਲੰਗੋਟ

ਸੁਰਿੰਦਰ ਸਿੰਘ ਪਹਿਲਵਾਨ ਸਮੇਤ ਦੋ ਕੰਪਨੀਆਂ ਵੀ ਜਾਂਚ ਘੇਰੇ ਵਿਚ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਵਿੱਚ ਬਾਦਲ ਸਰਕਾਰ ਦੇ ਸਮੇਂ ਪੁੱਡਾ ਤੇ ਗਮਾਡਾ ਵਿੱਚ ਅਹਿਮ ਥਾਵਾਂ ‘ਤੇ ਤਾਇਨਾਤ ਰਹੇ ਮੰਡੀ ਬੋਰਡ ਦੇ ਸੁਪਰਡੈਂਟ ਇੰਜਨੀਅਰ ਸੁਰਿੰਦਰ ਸਿੰਘ ਪਹਿਲਵਾਨ ਵਿਰੁੱਧ ਵਿਜੀਲੈਂਸ ਬਿਊਰੋ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਦੇ ਆਈਜੀ ਸ਼ਿਵ ਕੁਮਾਰ ਵਰਮਾ ਨੂੰ ਇਹ ਜਾਂਚ ਸੌਂਪੀ ਗਈ ਹੈ। ਬਿਊਰੋ ਦੀ ਡਾਇਰੈਕਟਰ ਵੀ. ਨੀਰਜਾ ਨੇ ਮੰਡੀ ਬੋਰਡ ਦੇ ਇਸ ਅਫ਼ਸਰ ਵਿਰੁੱਧ ਜਾਂਚ ਸ਼ੁਰੂ ਕਰਨ ਦੀ ਪੁਸ਼ਟੀ ਕੀਤੀ ਹੈ। ਇਹ ਅਫ਼ਸਰ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਅਤਿ ਕਰੀਬੀ ਮੰਨਿਆ ਜਾਂਦਾ ਸੀ, ਜਿਸ ਕਰ ਕੇ ਇਸ ਨੂੰ ਸਾਰੇ ਨਿਯਮ ਛਿੱਕੇ ਟੰਗ ਕੇ ਪੁੱਡਾ ਤੇ ਗਮਾਡਾ ਵਿੱਚ ਪ੍ਰਮੁੱਖ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਸਨ। ਬਿਊਰੋ ਨੇ ਇਹ ਜਾਂਚ ਗਮਾਡਾ ਅਤੇ ਪੂਡਾ ਵਿੱਚ ਸੁਰਿੰਦਰ ਸਿੰਘ ਪਹਿਲਵਾਨ ਦੀ ਨਿਗਰਾਨੀ ਹੇਠ ਹੋਏ ਕੰਮਾਂ ਨੂੰ ਆਧਾਰ ਬਣਾ ਕੇ ਸ਼ੁਰੂ ਕੀਤੀ ਹੈ ਤੇ ਦੋਵਾਂ ਅਦਾਰਿਆਂ ਤੋਂ ਪਿਛਲੇ ਪੰਜ ਸਾਲਾਂ ਦਾ ਰਿਕਾਰਡ ਵੀ ਹਾਸਲ ਕਰ ਲਿਆ ਹੈ। ਇਸ ਜਾਂਚ ਦੇ ਘੇਰੇ ਵਿੱਚ ਦੋ ਕੰਪਨੀਆਂ ‘ਇਕ ਓਂਕਾਰ ਬਿਲਡਰਜ਼’ ਅਤੇ ‘ਕੰਟਰੈਕਟਰਜ਼ ਪ੍ਰਾਈਵੇਟ ਲਿਮਟਿਡ ਤੇ ਰਾਜਿੰਦਰ ਐਂਡ ਕੰਪਨੀ’ ਨਾਮੀ ਫਰਮਾਂ ਵੀ ਆ ਗਈਆਂ ਹਨ। ਇਸ ਜਾਂਚ ਦਾ ਸੇਕ ਹਾਊਸਿੰਗ ਤੇ ਸ਼ਹਿਰੀ ਵਿਕਾਸ ਵਿਭਾਗ ਵਿੱਚ ਰਹੇ ਕੁੱਝ ਹੋਰ ਅਧਿਕਾਰੀਆਂ ਨੂੰ ਵੀ ਲੱਗ ਸਕਦਾ ਹੈ। ਵਿਜੀਲੈਂਸ ਨੂੰ ਮਿਲੀਆਂ ਮੁੱਢਲੀਆਂ ਰਿਪੋਰਟਾਂ ਮੁਤਾਬਕ ਪਿਛਲੇ ਸਾਲਾਂ ਦੌਰਾਨ ਨਿਯਮਾਂ ਨੂੰ ਅੱਖੋਂ-ਪਰੋਖੇ ਕਰ ਕੇ ਇਨ੍ਹਾਂ ਦੋਵਾਂ ਕੰਪਨੀਆਂ ਨੂੰ ਅਰਬਾਂ ਰੁਪਏ ਦਾ ਕੰਮ ਅਲਾਟ ਕੀਤਾ ਗਿਆ।
ਵਿਜੀਲੈਂਸ ਨੂੰ ਮਿਲੀ ਜਾਣਕਾਰੀ ਮੁਤਾਬਕ ਸਿਰਫ਼ ਮੁਹਾਲੀ ਖੇਤਰ ਵਿੱਚ ਹੀ ‘ਇਕ ਉਂਕਾਰ ਬਿਲਡਰਜ਼’ ਤੇ ‘ਕੰਟਰੈਕਟਰਜ਼ ਪ੍ਰਾਈਵੇਟ ਲਿਮਟਿਡ’ ਨੂੰ 110 ਕਰੋੜ ਰੁਪਏ ਤੋਂ ਜ਼ਿਆਦਾ ਦੇ ਠੇਕੇ ਦਿੱਤੇ ਗਏ ਸਨ। ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਮੰਡੀ ਬੋਰਡ ਦੇ ਇਸ ਅਫ਼ਸਰ ਖ਼ਿਲਾਫ਼ ਪਿਛਲੇ ਕਈ ਸਾਲਾਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਪਰ ਪਿਛਲੀ ਸਰਕਾਰ ਦਾ ਸਿੱਧਾ ਆਸ਼ੀਰਵਾਦ ਹੋਣ ਕਾਰਨ ਵਿਜੀਲੈਂਸ ਬਿਊਰੋ ਨੇ ਕੋਈ ਕਾਰਵਾਈ ਨਹੀਂ ਕੀਤੀ। ਸੂਬੇ ਵਿੱਚ ਸੱਤਾ ਤਬਦੀਲੀ ਤੋਂ ਤੁਰੰਤ ਬਾਅਦ ਬਿਊਰੋ ਨੇ ਸੁਰਿੰਦਰ ਪਹਿਲਵਾਨ ਅਤੇ ਉਸ ਦੇ ਨਜ਼ਦੀਕ ਰਹੀਆਂ ਕੰਪਨੀਆਂ ਤੇ ਕੰਪਨੀ ਨੁਮਾਇੰਦਿਆਂ ਸਬੰਧੀ ਜਾਣਕਾਰੀ ਇਕੱਤਰ ਕਰਨੀ ਸ਼ੁਰੂ ਕਰ ਦਿੱਤੀ ਸੀ। ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਿਊਰੋ ਵੱਲੋਂ ਗਮਾਡਾ ਅਤੇ ਪੁੱਡਾ ਵਿੱਚ ਸੁਰਿੰਦਰ ਸਿੰਘ ਪਹਿਲਵਾਨ ਦੀ ਅਗਵਾਈ ਵਿੱਚ ਹੋਏ ਸਾਰੇ ਕੰਮਾਂ ਦੀ ਪੜਤਾਲ ਅਤੇ ਹਰ ਤਰ੍ਹਾਂ ਤੇ ਭ੍ਰਿਸ਼ਟ ਤਰੀਕਿਆਂ ਨੂੰ ਜਾਂਚ ਦਾ ਆਧਾਰ ਬਣਾਇਆ ਜਾਵੇਗਾ। ਮਹੱਤਵਪੂਰਨ ਤੱਥ ਇਹ ਹੈ ਕਿ ਸੁਰਿੰਦਰ ਸਿੰਘ ਪਹਿਲਵਾਨ ਜੋ ਮੰਡੀ ਬੋਰਡ ਵਿੱਚ ਕਾਰਜਕਾਰੀ ਇੰਜਨੀਅਰ (ਐਕਸੀਅਨ) ਸੀ, ਨੂੰ ਮੰਡੀ ਬੋਰਡ ਦੀ ਡਿਊਟੀ ਦੇ ਨਾਲ ਨਾਲ ਗਮਾਡਾ ਵਿੱਚ ਪਹਿਲਾਂ ਸੁਪਰਡੈਂਟ ਇੰਜਨੀਅਰ ਤੇ ਫਿਰ ਚੀਫ਼ ਇੰਜਨੀਅਰ ਦਾ ਚਾਰਜ ਦਿੱਤਾ ਗਿਆ। ਪੁੱਡਾ ਤੇ ਗਮਾਡਾ ਵਿੱਚ ਤਾਇਨਾਤੀ ਨੂੰ ਅਨਿਯਮਤ ਮੰਨਿਆ ਜਾਂਦਾ ਹੈ। ਪੰਜਾਬ ਵਿਧਾਨ ਸਭਾ ਚੋਣਾਂ ਦਾ ਅਮਲ ਸ਼ੁਰੂ ਹੋਣ ਤੋਂ ਕੁੱਝ ਮਹੀਨੇ ਪਹਿਲਾਂ ਹੀ ਇਹ ਅਫ਼ਸਰ ਵਾਪਸ ਆਪਣੇ ਪਿੱਤਰੀ ਅਦਾਰੇ ਪੰਜਾਬ ਮੰਡੀ ਬੋਰਡ ਵਿੱਚ ਆ ਗਿਆ। ਪਹਿਲਵਾਨ ਇਸ ਸਮੇਂ ਛੁੱਟੀ ‘ਤੇ ਚੱਲ ਰਿਹਾ ਹੈ।