ਕੈਨੇਡਾ ਵਿਚ ਚਾਲੀ ਸਾਲ ਪਹਿਲਾਂ ਸਥਾਪਿਤ ਗੁਰਦੁਆਰਾ ਸਾਹਿਬ ਬੰਦ

ਕੈਨੇਡਾ ਵਿਚ ਚਾਲੀ ਸਾਲ ਪਹਿਲਾਂ ਸਥਾਪਿਤ ਗੁਰਦੁਆਰਾ ਸਾਹਿਬ ਬੰਦ

ਪਿੰਡ ਕਲੀਅਰ ਵਾਟਰ ਵਿਚ ਵਸਦੇ ਸਿੱਖ ਪਰਿਵਾਰ।

ਵੈਨਕੂਵਰ/ਬਿਊਰੋ ਨਿਊਜ਼ :

ਸਿੱਖਾਂ ਨੂੰ ਕਈ ਦਹਾਕੇ ਪਹਿਲਾਂ ਕੈਨੇਡਾ ਦੇ ਕਲੀਅਰ ਵਾਟਰ ਨਾਂ ਦੇ ਪਿੰਡ ਵਿਚ ਸਥਾਪਿਤ ਕੀਤੇ ਗੁਰੂਦੁਆਰਾ ਸਾਹਿਬ ਨੂੰ ਹੁਣ ਬੰਦ ਕਰਨਾ ਪੈ ਗਿਆ ਹੈ। ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਜੰਗਲੀ ਖੇਤਰ ਵਾਲੇ ਇਸ ਪਿੰਡ ਵਿਚ 40 ਸਾਲ ਪਹਿਲਾਂ ਬਣਾਏ ਇਸ ਗੁਰਦੁਆਰਾ ਸਾਹਿਬ ਨੂੰ ਹਾਲ ਹੀ ਵਿਚ ਬੰਦ ਕਰ ਦਿੱਤਾ ਗਿਆ ਹੈ। ਇਹ ਗੁਰਦੁਆਰਾ ਇਸ ਕਰ ਕੇ ਬੰਦ ਕਰਨਾ ਪਿਆ ਹੈ, ਕਿਉਂਕਿ ਉਥੇ ਰਹਿੰਦੇ ਬਹੁਤੇ ਸਿੱਖ ਪਰਿਵਾਰ ਵੱਡੇ ਸ਼ਹਿਰਾਂ ਵਿਚ ਵਸ ਗਏ ਹਨ। ਇਸ ਅਸਥਾਨ ਉਤੇ ਕਈ ਸਾਲਾਂ ਤੋਂ ਸੇਵਾ-ਸੰਭਾਲ ਕਰਦੇ ਆ ਰਹੇ 100 ਸਾਲਾ ਸਵਰਨ ਸਿੰਘ ਹੀਰ ਦੀ ਕੁਝ ਦਿਨ ਪਹਿਲਾਂ ਮੌਤ ਹੋ ਗਈ ਸੀ।
ਮਰਹੂਮ ਹੀਰ ਦੇ ਪੁੱਤਰ ਨਰਿੰਦਰ ਸਿੰਘ ਨੇ ਦੱਸਿਆ ਕਿ ਦਹਾਕੇ ਪਹਿਲਾਂ ਕਲੀਅਰ ਵਾਟਰ ਨਾਂ ਦੇ ਇਸ ਪਿੰਡ ਵਿੱਚ 60-70 ਸਿੱਖ ਪਰਿਵਾਰ ਰਹਿੰਦੇ ਸਨ, ਪਰ ਉਨ੍ਹਾਂ ਵਿੱਚੋਂ ਬਹੁਤਿਆਂ ਦੇ ਬੱਚੇ ਵੱਡੇ ਸ਼ਹਿਰਾਂ ਵਿੱਚ ਜਾ ਕੇ ਵਸਣ ਕਾਰਨ ਪਰਿਵਾਰਾਂ ਦੀ ਗਿਣਤੀ ਹੁਣ ਤਿੰਨ ਕੁ ਰਹਿ ਗਈ ਹੈ। ਉਸ ਦੇ ਪਿਤਾ ਜਿਨ੍ਹਾਂ ਦੀ ਉਮਰ 100 ਸਾਲ ਤੋਂ ਵੱਧ ਸੀ, ਮੌਤ ਤੱਕ ਗੁਰਦੁਆਰੇ ਦੀ ਸੇਵਾ-ਸੰਭਾਲ ਕਰਦੇ ਰਹੇ। ਪਿਛਲੇ ਐਤਵਾਰ ਨੂੰ ਗੁਰਦੁਆਰੇ ਤੋਂ ਗੁਰੂ ਗ੍ਰੰਥ ਸਾਹਿਬ ਨੂੰ ਮਰਿਆਦਾ ਅਨੁਸਾਰ ਨੇੜਲੇ ਸ਼ਹਿਰ ਕਾਮਲੂਪ ਸਥਿਤ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੂੰ ਸੌਂਪਿਆ ਗਿਆ। ਇਸ ਮਗਰੋਂ ਸਤਿਕਾਰ ਨਾਲ ਨਿਸ਼ਾਨ ਸਾਹਿਬ ਉਤਾਰਿਆ ਗਿਆ ਤੇ ਅਰਦਾਸ ਕੀਤੀ ਗਈ। ਨਰਿੰਦਰ ਸਿੰਘ ਹੀਰ ਅਨੁਸਾਰ ਉਸ ਦੇ ਪਿਤਾ ਤੇ ਹੋਰ ਪਰਿਵਾਰਕ ਮੈਂਬਰ ਕਰੀਬ 80 ਸਾਲ ਪਹਿਲਾਂ ਕੈਨੇਡਾ ਆਏ ਸਨ। ਉਦੋਂ ਸੂਬੇ ਦੇ ਅੰਦਰੂਨੀ ਖੇਤਰ ਵਿੱਚ ਲੱਕੜੀ ਦੀਆਂ ਵੱਡੀਆਂ ਮਿੱਲਾਂ ਹੁੰਦੀਆਂ ਸਨ।