ਅਕਾਲੀ ਦਲ ਜਥੇਦਾਰ ਟੌਹੜਾ ਦੀ ਬਰਸੀ ਪਹਿਲੀ ਅਪ੍ਰੈਲ ਨੂੰ ਮਨਾਏਗਾ

ਅਕਾਲੀ ਦਲ ਜਥੇਦਾਰ ਟੌਹੜਾ ਦੀ ਬਰਸੀ ਪਹਿਲੀ ਅਪ੍ਰੈਲ ਨੂੰ ਮਨਾਏਗਾ

ਕੈਪਸ਼ਨ-ਸੁਖਬੀਰ ਸਿੰਘ ਬਾਦਲ ਨਾਲ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ
ਪਟਿਆਲਾ/ਬਿਊਰੋ ਨਿਊਜ਼ :
ਸ਼੍ਰੋਮਣੀ ਅਕਾਲੀ ਦਲ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ 13ਵੀਂ ਬਰਸੀ ਪਹਿਲੀ ਅਪ੍ਰੈਲ ਨੂੰ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ ਵਿਖੇ ਮਨਾਏਗਾ। ਇਸ ਬਾਬਤ ਫ਼ੈਸਲਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਸਮੇਤ ਹੋਰ ਆਗੂਆਂ ਨਾਲ ਗੱਲਬਾਤ ਮਗਰੋਂ ਲਿਆ।
ਇਸ ਬਰਸੀ ਸਮਾਗਮ ਦੀ ਤਿਆਰੀ ਲਈ ਭਲਕੇ 30 ਮਾਰਚ ਨੂੰ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਹਾਦਰਗੜ੍ਹ ਵਿਖੇ ਅਕਾਲੀ ਦਲ ਦੇ ਜ਼ਿਲ੍ਹਾ ਪਟਿਆਲਾ ਦੇ ਸਰਕਲ ਪ੍ਰਧਾਨਾਂ ਦੀ ਅਹਿਮ ਬੈਠਕ ਵੀ ਸੱਦੀ ਗਈ ਹੈ। ਦੱਸਣਯੋਗ ਹੈ ਕਿ ਕੈਪਟਨ ਸਰਕਾਰ ਵੱਲੋਂ ਪੰਥ ਰਤਨ ਟੌਹੜਾ ਦੀ ਬਰਸੀ ਪਹਿਲੀ ਅਪ੍ਰੈਲ ਨੂੰ ਪਿੰਡ ਟੌਹੜਾ ਵਿੱਚ ਰਾਜ ਪੱਧਰੀ ਤੌਰ ‘ਤੇ ਮਨਾਉਣ ਦਾ ਐਲਾਨ ਕੀਤਾ ਸੀ। ਉੱਧਰ ਅਕਾਲੀ ਦਲ ਨੇ ਆਪਣੇ ਪੱਧਰ ‘ਤੇ ਪੰਥ ਰਤਨ ਦੀ ਬਰਸੀ ਮਨਾਉਣ ਦਾ ਫ਼ੈਸਲਾ ਲਿਆ ਹੈ। ਬਰਸੀ ਸਮਾਗਮ ਦੇ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੋ. ਚੰਦੂਮਾਜਰਾ ਨੇ ਦੱਸਿਆ ਕਿ ਪਹਿਲੀ ਅਪ੍ਰੈਲ ਨੂੰ ਸਵੇਰੇ 10 ਵਜੇ ਗੁਰਦੁਆਰਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੇ ਭੋਗ ਪਾਏ ਜਾਣਗੇ। ਉਧਰ, ਜ਼ਿਲ੍ਹਾ ਅਕਾਲੀ ਜਥਾ ਦਿਹਾਤੀ ਦੇ ਪ੍ਰਧਾਨ ਰਣਧੀਰ ਸਿੰਘ ਰੱਖੜਾ ਨੇ ਦੱਸਿਆ ਕਿ ਬਹਾਦਰਗੜ੍ਹ ਵਿੱਚ ਬਰਸੀ ਮਨਾਉਣ ਲਈ ਅਕਾਲੀ ਦਲ ਨੇ ਤਿਆਰੀਆਂ ਖਿੱਚ ਲਈਆਂ ਹਨ ਤੇ ਗੁਰਦੁਆਰਾ ਨੌਵੀਂ ਪਾਤਸ਼ਾਹੀ ਵਿਖੇ ਜ਼ਿਲ੍ਹੇ ਦੇ ਸਰਕਲ ਪ੍ਰਧਾਨਾਂ ਦੀ ਬੈਠਕ ਵੀ ਸੱਦ ਲਈ ਹੈ।