ਗੁਰਸਿੱਖ ਉਮੀਦਵਾਰਾਂ ਨੂੰ ਹੀ ਹਮਾਇਤ ਦਿਆਂਗੇ : ਅਖੰਡ ਕੀਰਤਨੀ ਜਥਾ

ਗੁਰਸਿੱਖ ਉਮੀਦਵਾਰਾਂ ਨੂੰ ਹੀ ਹਮਾਇਤ ਦਿਆਂਗੇ : ਅਖੰਡ ਕੀਰਤਨੀ ਜਥਾ

ਕੈਪਸ਼ਨ-ਅਖੰਡ ਕੀਰਤਨੀ ਜਥੇ ਦੀ ਦਿੱਲੀ ਗੁਰਦੁਆਰਾ ਚੋਣਾਂ ਸਬੰਧੀ ਮੁਹਾਲੀ ਵਿੱਚ ਹੋਈ ਮੀਟਿੰਗ ਦਾ ਦ੍ਰਿਸ਼।
ਐਸ.ਏ.ਐਸ. ਨਗਰ (ਮੁਹਾਲੀ)/ਬਿਊਰੋ ਨਿਊਜ਼ :
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੋਣ ਪਿੜ ਭਖ ਗਿਆ ਹੈ। ਇਸ ਦੌਰਾਨ ਅਖੰਡ ਕੀਰਤਨੀ ਜਥੇ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਅਕਾਲੀ ਦਲ (ਬਾਦਲ) ਨੂੰ ਛੱਡ ਕੇ ਹੋਰ ਕਿਸੇ ਵੀ ਪੰਥਕ ਪਾਰਟੀ ਦੇ ਚੰਗੇ ਕਿਰਦਾਰ ਵਾਲੇ ਗੁਰਸਿੱਖ ਉਮੀਦਵਾਰਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਇਹ ਫ਼ੈਸਲਾ ਜਥੇ ਦੀ ਅਗਵਾਈ ਹੇਠ ਸਿੱਖਾਂ ਦੀ ਹੋਈ ਹੰਗਾਮੀ ਮੀਟਿੰਗ ਵਿੱਚ ਲਿਆ ਗਿਆ। ਅਖੰਡ ਕੀਰਤਨੀ ਜਥੇ ਦੇ ਮੁੱਖ ਬੁਲਾਰੇ ਭਾਈ ਆਰ.ਪੀ. ਸਿੰਘ ਨੇ ਦਿੱਲੀ ਦੀ ਸਿੱਖ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖ ਵਿਰੋਧੀ ਤਾਕਤਾਂ ਤੋਂ ਸੁਚੇਤ ਹੋ ਕੇ ਦਿੱਲੀ ਵਿੱਚ ਅਕਾਲ ਤਖ਼ਤ ਸਾਹਿਬ ਅਤੇ ਸਿੱਖ ਸਿਧਾਂਤਾਂ ਨੂੰ ਸਮਰਪਿਤ ਚੰਗੇ ਕਿਰਦਾਰ ਵਾਲੇ ਅਤੇ ਗੁਰਸਿੱਖ ਉਮੀਦਵਾਰਾਂ ਨੂੰ ਹੀ ਆਪਣੀ ਵੋਟ ਦੇਣ। ਇਸ ਤੋਂ ਇਲਾਵਾ ਇਨ੍ਹਾਂ ਚੋਣਾਂ ਵਿੱਚ ਸ਼ਰਾਬ ਅਤੇ ਪੈਸੇ ਵੰਡਣ ਵਾਲਿਆਂ ਨੂੰ ਵੀ ਨਕਾਰਿਆ ਜਾਵੇ ਅਤੇ ਗੁਰਦੁਆਰਾ ਪ੍ਰਬੰਧ ਸਿਰਫ਼ ਸਾਫ਼-ਸੁਥਰੇ ਤੇ ਗੁਰਸਿੱਖੀ ਨੂੰ ਸਮਰਪਿਤ ਸਿੱਖਾਂ ਦੇ ਹਵਾਲੇ ਕੀਤੇ ਜਾਣ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ ਚਾਰ ਦਹਾਕਿਆਂ ਤੋਂ ਪੰਜਾਬ ਵਿੱਚ ਸਿੱਖ ਵਿਰੋਧੀ ਤਾਕਤਾਂ ਦੇ ਪਿੱਠੂ ਬਣੇ ਬਾਦਲ ਦਲ ਦੇ ਆਗੂਆਂ ਨੇ ਹਮੇਸ਼ਾ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਸਿੱਖਾਂ ਦੀਆਂ ਬਲੀਆਂ ਦਿੱਤੀਆਂ ਹਨ। ਆਰ.ਪੀ. ਸਿੰਘ ਨੇ ਕਿਹਾ ਕਿ ਸਿੱਖੀ ਸੰਸਥਾਵਾਂ ਵਿੱਚ ਆਰਐਸਐਸ ਵਰਗੀਆਂ ਫਿਰਕੂ ਤੇ ਸਿੱਖ ਵਿਰੋਧੀ ਤਾਕਤਾਂ ਦੀ ਘੁਸਪੈਠ ਅਤੇ ਸਿੱਖ ਸਿਧਾਂਤਾਂ ‘ਤੇ ਹੋ ਰਹੇ ਮਾਰੂ ਹਮਲਿਆਂ ਨੂੰ ਰੋਕਣ ਲਈ ਬਾਦਲ ਦਲ ਨੂੰ ਗੁਰਦੁਆਰਾ ਪ੍ਰਬੰਧਕੀ ਸੰਸਥਾਵਾਂ ਵਿਚੋਂ ਬਾਹਰ ਕੱਢਣਾ ਬਹੁਤ ਜ਼ਰੂਰੀ ਹੈ। ਇਸ ਲਈ ਕਿਸੇ ਵੀ ਪਾਰਟੀ ਵਿਚੋਂ ਗੁਰਸਿੱਖੀ ਕਿਰਦਾਰ ‘ਤੇ ਖਰਾ ਉੱਤਰਨ ਵਾਲੇ ਉਮੀਦਵਾਰਾਂ ਨੂੰ ਵੋਟਾਂ ਪਾਈਆਂ ਜਾਣ।
ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਰਾਜ ਸਭਾ ਦੇ ਮੈਂਬਰ ਤੇ ਪਾਰਟੀ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਅਤੇ ਬਲਵਿੰਦਰ ਸਿੰਘ ਭੁੰਦੜ ਸਮੇਤ ਹੋਰ ਸੀਨੀਅਰ ਆਗੂਆਂ ਨੇ ਗੁਰਦੁਆਰਾ ਚੋਣਾਂ ਸਬੰਧੀ ਦਿੱਲੀ ਵਿੱਚ ਮੋਰਚਾ ਸੰਭਾਲ ਲਿਆ ਹੈ। ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਦੌਰਾਨ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਉਹ 26 ਫਰਵਰੀ ਤੱਕ ਦਿੱਲੀ ਵਿੱਚ ਹੀ ਰਹਿਣਗੇ। ਉਨ੍ਹਾਂ ਕਿਹਾ ਕਿ ਦਿੱਲੀ ਦੇ ਆਗੂ ਖ਼ੁਦ ਆਪਣੇ ਕੀਤੇ ਕੰਮਾਂ ਦੇ ਆਧਾਰ ‘ਤੇ ਲੋਕਾਂ ਦੀ ਕਚਿਹਰੀ ਵਿੱਚ ਜਾਣਗੇ।