ਆਸਟਰੇਲੀਅਨ ਏਅਰ ਫੋਰਸ ਵਿਚ ਚੁਣੀ ਗਈ ਪੰਜਾਬ ਦੀ ਧੀ ਗੁਰਵਿੰਦਰ ਕੌਰ

ਆਸਟਰੇਲੀਅਨ ਏਅਰ ਫੋਰਸ ਵਿਚ ਚੁਣੀ ਗਈ ਪੰਜਾਬ ਦੀ ਧੀ ਗੁਰਵਿੰਦਰ ਕੌਰ

ਗੁਰਵਿੰਦਰ ਕੌਰ ਆਪਣੇ ਸਹਿਯੋਗੀ ਸਟਾਫ ਦੇ ਨਾਲ।
ਐਡੀਲੇਡ/ਬਿਊਰੋ ਨਿਊਜ਼ :
ਪੰਜਾਬੀਆਂ ਨੇ ਸੱਤ ਸਮੁੰਦਰੋਂ ਪਾਰ ਜਾ ਕੇ ਵੀ ਦੇਸ਼ ਤੇ ਕੌਮ ਦਾ ਨਾਮ ਚਮਕਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ । ਅਜਿਹਾ ਹੀ ਇਕ ਹੋਰ ਕਾਰਨਾਮਾ ਪੰਜਾਬ ਦੀ ਧੀ ਗੁਰਵਿੰਦਰ ਕੌਰ ਨੇ ਅੰਜ਼ਾਮ ਦਿੱਤਾ ਹੈ। ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਨਾਲ ਸਬੰਧਤ ਗੁਰਵਿੰਦਰ ਕੌਰ ‘ਰਾਇਲ ਆਸਟਰੇਲੀਅਨ ਏਅਰ ਫੋਰਸ’ ਲਈ ਚੁਣੀ ਗਈ ਹੈ। ਉਸ ਨੂੰ ‘ਏਅਰ ਫੋਰਸ ਬੇਸ, ਪ੍ਰੋਟੈਕਸ਼ਨ ਐਂਡ ਸਕਿਉਰਿਟੀ’ ਵਿੰਗ ਵਿੱਚ ਨਿਯੁਕਤ ਕੀਤਾ ਗਿਆ ਹੈ। ਗੁਰਵਿੰਦਰ ਕੌਰ ਨੇ ਦੱਸਿਆ ਕਿ ਉਹ ਸੰਨ 2008 ਵਿੱਚ ਪਰਿਵਾਰ ਸਮੇਤ ਦੱਖਣੀ ਆਸਟਰੇਲੀਆ ਦੇ ਸ਼ਹਿਰ ਐਡੀਲੇਡ ਆ ਕੇ ਵਸੇ ਸਨ। ਇਸ ਤੋਂ ਬਾਅਦ ਉਨ੍ਹਾਂ ਇੱਥੇ ਆ ਕੇ ਸਿਹਤ ਵਿਭਾਗ ਵਿੱਚ ਸਹਾਇਕ ਵਰਕਰ ਵੱਜੋਂ ਕੰਮ ਕਰਨਾ ਸ਼ੁਰੂ ਕੀਤਾ।
ਗੁਰਵਿੰਦਰ ਨੇ ਦੱਸਿਆ ਕਿ ਬਚਪਨ ਤੋਂ ਹੀ ਉਸ ਦੀ ਦਿਲਚਸਪੀ ਏਅਰ ਫੋਰਸ ਵਿੱਚ ਸੀ, ਪਰ ਉਸ ਵੇਲੇ ਸਰੀਰਕ ਭਾਰ 106 ਕਿਲੋਗ੍ਰਾਮ ਹੋਣ ਕਾਰਨ ਉਹ ਅਜਿਹਾ ਨਹੀਂ ਕਰ ਸਕੀ। ਗੁਰਵਿੰਦਰ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਸਹਿਯੋਗ ਨਾਲ ਉਸ ਨੇ ਇਕ ਸਾਲ ਸਖ਼ਤ ਮਿਹਨਤ ਕਰਕੇ ਆਪਣਾ ਭਾਰ 30 ਕਿਲੋਗ੍ਰਾਮ ਘੱਟ ਕੀਤਾ ਤੇ ਸਰੀਰਕ ਤੌਰ ‘ਤੇ ਫਿੱਟ ਹੋ ਕੇ ਰਾਇਲ ਏਅਰ ਫੋਰਸ ਦੀਆਂ ਨਿਧਾਰਿਤ ਸ਼ਰਤਾਂ ਪੂਰੀਆਂ ਕੀਤੀਆਂ। ਉਸ ਨੇ ਕਿਹਾ ਕਿ ਉਸ ਨੂੰ ਆਪਣੀ ਪ੍ਰਾਪਤੀ ‘ਤੇ ਮਾਣ ਹੈ।