ਮਾਤਮ ‘ਚ ਬਦਲੇ ਜਨਮ ਦਿਨ ਦੇ ਜਸ਼ਨ ਮੁੰਬਈ ਦੇ ਪੱਬ ਦੀ ਭਿਆਨਕ ਅੱਗ ਨੇ 14 ਲੋਕਾਂ ਦੀ ਜਾਨ ਲਈ

ਮਾਤਮ ‘ਚ ਬਦਲੇ ਜਨਮ ਦਿਨ ਦੇ ਜਸ਼ਨ ਮੁੰਬਈ ਦੇ ਪੱਬ ਦੀ ਭਿਆਨਕ ਅੱਗ ਨੇ 14 ਲੋਕਾਂ ਦੀ ਜਾਨ ਲਈ

ਮੁੰਬਈ ਵਿੱਚ ਇਮਾਰਤ ਨੂੰ ਅੱਗ ਲੱਗਣ ਬਾਅਦ ਗਲੀ ਵਿੱਚ ਇਕੱਤਰ ਹੋਏ ਲੋਕ।
ਮੁੰਬਈ/ਬਿਊਰੋ ਨਿਊਜ਼:
ਇਥੇ ਇਕ ਇਮਾਰਤ ਦੀ ਛੱਤ ਉਤੇ ਬਣੇ ਪੱਬ ਵਿੱਚ ਪਾਰਟੀ ਦੌਰਾਨ ਲੱਗੀ ਅੱਗ ਨੇ 29ਵਾਂ ਜਨਮ ਦਿਨ ਮਨਾਉਣ ਆਈ ਔਰਤ ਸਮੇਤ 14 ਜਾਨਾਂ ਲੈ ਲਈਆਂ ਹਨ ਅਤੇ 21 ਜਣੇ ਝੁਲਸ ਗਏ ਹਨ। ਮੁੰਬਈ ਦੇ ਬ੍ਰਿਹਨਮੁੰਬਈ ਨਗਰ ਨਿਗਮ ਦੇ ਇਕ ਅਧਿਕਾਰੀ ਨੇ ਦੱਸਿਆ, ‘ਵੀਰਵਾਰ ਅੱਧੀ ਰਾਤ ਤਕਰੀਬਨ ਸਾਢੇ ਬਾਰ੍ਹਾਂ ਵਜੇ ‘1 ਅਬੱਵ’ ਪੱਬ ਵਿੱਚ ਅੱਗ ਲੱਗੀ ਸੀ ਅਤੇ ਇਹ ਦੇਖਦਿਆਂ ਦੇਖਦਿਆਂ ਤੀਜੀ ਮੰਜ਼ਿਲ ਉਤੇ ਸਥਿਤ ਮੋਜੋ ਪੱਬ ਵਿੱਚ ਵੀ ਫੈਲ ਗਈ। ਕੇਈਐਮ ਹਸਪਤਾਲ, ਜਿਥੇ ਜ਼ਖ਼ਮੀਆਂ ਤੇ ਮ੍ਰਿਤਕਾਂ ਨੂੰ ਲਿਜਾਇਆ ਗਿਆ ਸੀ, ਦੇ ਡੀਨ ਅਵਿਨਾਸ਼ ਸੂਪੇ ਨੇ ਦੱਸਿਆ ਕਿ ਜ਼ਿਆਦਾਤਰ ਮੌਤਾਂ ਦਮ ਘੁਟਣ ਨਾਲ ਹੋਈਆਂ ਹਨ।
ਮ੍ਰਿਤਕਾਂ ਵਿੱਚ 29ਵਾਂ ਜਨਮ ਦਿਨ ਮਨਾਉਣ ਆਈ ਖੁਸ਼ਬੂ ਬੰਸਾਲੀ ਅਤੇ 10 ਹੋਰ ਔਰਤਾਂ ਸ਼ਾਮਲ ਹਨ। ਬੰਸਾਲੀ ਦੇ ਦਾਦੇ ਬਾਬੂਲਾਲ ਮਹਿਤਾ ਨੇ ਇਸ ਘਟਨਾ ਲਈ ‘ਗ਼ੈਰਜ਼ਿੰਮੇਵਾਰ’ ਹੋਟਲ ਮੈਨੇਜਮੈਂਟ ਅਤੇ ਨਿਗਮ ਅਧਿਕਾਰੀਆਂ ਨੂੰ ਦੋਸ਼ੀ ਠਹਿਰਾਇਆ ਹੈ। ਉਨ੍ਹਾਂ ਕਿਹਾ, ‘ਇਸ ਹੋਟਲ ਨੇ ਬਾਂਸ ਸਹਾਰੇ ਆਰਜ਼ੀ ਢਾਂਚਾ ਖੜ੍ਹਾ ਕੀਤਾ ਸੀ, ਜਿਸ ਨੂੰ ਅੱਗ ਲੱਗੀ ਹੋ ਸਕਦੀ ਹੈ। ਅੱਗ ਬੁਝਾਉਣ ਦਾ ਵੀ ਕੋਈ ਪ੍ਰਬੰਧ ਨਹੀਂ ਸੀ। ਕਿਸੇ ਵੀ ਉਲੰਘਣਾ ਖ਼ਿਲਾਫ਼ ਕਾਰਵਾਈ ਕਰਨਾ ਪੁਲੀਸ ਤੇ ਨਿਗਮ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੁੰਦੀ ਹੈ।’
‘1 ਅਬੱਵ’ ਅਤੇ ‘ਮੋਜੋ’ ਪੱਬ ਕਮਲਾ ਮਿੱਲਜ਼ ਕੰਪਾਊਂਡ ਵਿੱਚ ਟਰੇਡ ਹਾਊਸ ਇਮਾਰਤ ਵਿੱਚ ਸਥਿਤ ਹਨ। ਇਸ ਇਮਾਰਤ ਵਿੱਚ ਕੌਮੀ ਟੀਵੀ ਚੈਨਲਾਂ ਸਮੇਤ ਹੋਰ ਕਈ ਦਫ਼ਤਰ ਹਨ। ਅੱਗ ਦੀ ਘਟਨਾ ਵਿੱਚ ਰਾਤ ਦੀ ਡਿਊਟੀ ‘ਤੇ ਆਏ ਟੀਵੀ9 ਮਰਾਠੀ ਚੈਨਲ ਦੇ ਤਕਰੀਬਨ 15 ਮੁਲਾਜ਼ਮ ਵਾਲ ਵਾਲ ਬਚੇ। ਅੱਗ ਕਾਰਨ ਟਾਈਮਜ਼ ਨਾਓ ਸਮੇਤ ਕਈ ਚੈਨਲਾਂ ਦੀਆਂ ਸੇਵਾਵਾਂ ਵਿੱਚ ਵਿਘਨ ਪਿਆ ਹੈ।
ਇਸ ਘਟਨਾ ਕਾਰਨ ਬ੍ਰਿਹਨਮੁੰਬਈ ਨਗਰ ਨਿਗਮ ਨੇ ਅੱਜ ਆਪਣੇ ਪੰਜ ਅਧਿਕਾਰੀ ਮੁਅੱਤਲ ਕਰ ਦਿੱਤੇ ਹਨ। ਬੀਐਮਸੀ ਅਧਿਕਾਰੀ ਨੇ ਦੱਸਿਆ ਕਿ ਨਿਗਮ ਨੇ ਪਿਛਲੇ ਸਮੇਂ ਦੌਰਾਨ ਕਮਲਾ ਮਿੱਲ ਕੰਪਾਊਂਡ ‘ਚ ਨਿਯਮਾਂ ਦੀ ਉਲੰਘਣਾ ਲਈ ਨੋਟਿਸ ਭੇਜੇ ਸਨ। ਨਿਗਮ ਕਮਿਸ਼ਨਰ ਏ ਮਹਿਤਾ ਨੇ ਦੱਸਿਆ ਕਿ ਅੱਗ ਵਾਲੀ ਘਟਨਾ ਕਾਰਨ ਪੰਜ ਅਧਿਕਾਰੀ ਮੁਅੱਤਲ ਕੀਤੇ ਗਏ ਹਨ। ਚਸ਼ਮਦੀਦਾਂ ਨੇ ਦੱਸਿਆ ਕਿ ਕੁੱਝ ਲੋਕ ਅੱਗ ਕਾਰਨ ਉੱਠ ਰਹੇ ਧੂੰਏਂ ਵਿੱਚ ਸੈਲਫੀਆਂ ਲੈ ਰਹੇ ਸਨ ਅਤੇ ਕੁੱਝ ਸ਼ਰਾਬੀਆਂ ਕਾਰਨ ਵੀ ਬਚਾਅ ਕਾਰਜਾਂ ਵਿੱਚ ਅੜਿੱਕਾ ਪਿਆ। ਪੁਲੀਸ ਨੇ ਸੀ ਗਰੇਡ ਹੌਸਪਿਟੈਲਿਟੀ ਦੇ ਹਰਤੇਸ਼ ਸੰਘਵੀ, ਜਿਗਰ ਸੰਘਵੀ ਤੇ ਅਭਿਜੀਤ ਮਨਕਾ, ਜਿਨ੍ਹਾਂ ਵੱਲੋਂ ਇਹ ਪੱਬ ਚਲਾਇਆ ਜਾਂਦਾ ਸੀ, ਖ਼ਿਲਾਫ਼ ਆਈਪੀਸੀ ਦੀ ਧਾਰਾ 337 ਤੇ 338 ਤਹਿਤ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ‘ਚੋਂ ਦੋ ਜਣਿਆਂ ਨੂੰ ਕਾਬੂ ਕਰ ਲਿਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਇਸ ਘਟਨਾ ‘ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਵੀ ਇਸ ਘਟਨਾ ‘ਤੇ ਦੁੱਖ ਪ੍ਰਗਟਾਇਆ ਅਤੇ ਬੀਐਮਸੀ ਕਮਿਸ਼ਨਰ ਨੂੰ ਜਾਂਚ ਦਾ ਆਦੇਸ਼ ਦਿੱਤਾ ਹੈ।