ਏਜੀਪੀਸੀ ਵਲੋਂ ਖਾਲਸਾ ਰਾਜ ਦੇ ਮਹਾਰਾਜਾ ਦਲੀਪ ਸਿੰਘ ਉਤੇ ਬਣੀ ਫਿਲਮ ‘ਦੀ ਬਲੈਕ ਪ੍ਰਿੰਸ’ ਦੀ ਭਰਵੀਂ ਸ਼ਲਾਘਾ

ਏਜੀਪੀਸੀ ਵਲੋਂ ਖਾਲਸਾ ਰਾਜ ਦੇ ਮਹਾਰਾਜਾ ਦਲੀਪ ਸਿੰਘ ਉਤੇ ਬਣੀ ਫਿਲਮ ‘ਦੀ ਬਲੈਕ ਪ੍ਰਿੰਸ’ ਦੀ ਭਰਵੀਂ ਸ਼ਲਾਘਾ

‘ਸਿੱਖ ਕੌਮ ਦੇ ਲਹੂ ਭਿੱਜੇ ਮਹਾਨ ਇਤਿਹਾਸ ਤੇ ਧੋਖੇ ਨਾਲ ਖੋਹੇ ਗਏ ਖਾਲਸਾ ਰਾਜ ਦੀ ਮੁੜ ਪ੍ਰਾਪਤੀ ਦੀ ਤਾਂਘ ਦਰਸਾਉਂਦੀ ਹੈ ‘ਬਲੈਕ ਪ੍ਰਿੰਸ’
ਫਰੀਮੌਂਟ/ਬਲਵਿੰਦਰਪਾਲ ਸਿੰਘ ਖਾਲਸਾ :
ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੇ ਬਰੈਲਸਟੇਨ ਇੰਟਰਟੇਨਮੈਂਟ ਪਾਰਟਨਰਸ ਦੁਆਰਾ ਬਣਾਈ ਅਤੇ ਨਿਰਦੇਸ਼ਕ ਕਵੀ ਰਾਜ਼ ਦੁਆਰਾ ਨਿਰਦੇਸ਼ਤ ਫ਼ਿਲਮ ‘ਦੀ ਬਲੈਕ ਪ੍ਰਿੰਸ’ ਦੀ ਸ਼ਲਾਘਾ ਕਰਦਿਆਂ ਸਿੱਖ ਕੌਮ ਨੂੰ ਫ਼ਿਲਮ ਵੇਖਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀਆਂ ਸ਼ਹਾਦਤਾਂ, ਜੀਵਨੀਆਂ ਅਤੇ ਖੁਦ ਮੁਖ਼ਤਿਆਰ ਦੇਸ਼ ਦੀ ਰੀਝ ਨੂੰ ਦਰਸਾਉਂਦੀ ਫ਼ਿਲਮ ਹੈ ‘ਦੀ ਬਲੈਕ ਪ੍ਰਿੰਸ’। ਉਨ੍ਹਾਂ ਕਿਹਾ ਕਿ ਇਸ ਫ਼ਿਲਮ ਨੇ ਸਿੱਖ ਰਾਜ ਦੇ ਮਹੱਤਵਪੂਰਨ ਯੋਗਦਾਨ ਨੂੰ ਜ਼ਾਹਰ ਕੀਤਾ, ਇਹ ਉਪਰਾਲਾ ਸਲਾਹੁਣਯੋਗ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀਆਂ ਆਪਣੇ ਦੇਸ਼ ਦੀ ਪ੍ਰਾਪਤੀ ਤੇ ਬਚਾਉਣ ਲਈ ਦਿੱਤੀਆਂ ਸ਼ਹਾਦਤਾਂ, ਮੀਰੀ-ਪੀਰੀ ਸਿੱਖ ਸਿਧਾਂਤ ਲਈ ਮਹਾਨ ਸਿੱਖ ਜਰਨੈਲਾਂ ਦੀ ਜੀਵਨੀ ‘ਤੇ ਆਧਾਰਤ ਅਜਿਹੀਆਂ ਫ਼ਿਲਮਾਂ ਦਾ ਨਿਰਮਾਣ ਹੋਣਾ ਚਾਹੀਦਾ ਹੈ ਤਾਂ ਜੋ ਪੂਰੇ ਸੰਸਾਰ ਵਿਚ ਸਿੱਖ ਕੌਮ ਦੇ ਸਮੁੱਚੇ ਇਤਿਹਾਸ ਅਤੇ ਗੌਰਵਮਈ ਸਭਿਆਚਾਰ ਨੂੰ ਉਜਾਗਰ ਕੀਤਾ ਜਾ ਸਕੇ ਅਤੇ ਹੋਰ ਲੋਕ ਸਿੱਖਾਂ ਪ੍ਰਤੀ ਆਪਣਾ ਵਤੀਰਾ ਦਰੁਸਤ ਕਰ ਸਕੇ।
ਜਾਰੀ ਬਿਆਨ ਵਿਚ ਏਜੀਪੀਸੀ ਦੇ ਪ੍ਰਧਾਨ ਸ. ਜਸਵੰਤ ਸਿੰਘ ਹੋਠੀ ਅਤੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਨੇ ਕਿਹਾ ਕਿ ਮਹਾਰਾਜਾ ਦਲੀਪ ਸਿੰਘ ਦੇ ਜੀਵਨ ‘ਤੇ ਆਧਾਰਤ ਇਸ ਫ਼ਿਲਮ ਵਿਚ ਸਤਿੰਦਰ ਸਰਤਾਜ ਮੁੱਖ ਭੂਮਿਕਾ ਵਿਚ ਅਤੇ ਅਮੰਡਾ ਰੂਟ, ਜੋਸਨ ਫ਼ਲੈਮਿੰਗ, ਅਤੁਲ ਸ਼ਰਮਾ ਵਰਗੇ ਦਮਦਾਰ ਕਲਾਕਾਰਾਂ ਨੇ ਆਪਣੀ ਅਦਾਕਾਰੀ ਨਾਲ ਸਿੱਖ ਇਤਿਹਾਸ ਨੂੰ ਬੜੇ ਹੀ ਸੁਚੱਜੇ ਅਤੇ ਲਾਜਵਾਬ ਢੰਗ ਨਾਲ ਪੇਸ਼ ਕੀਤਾ ਹੈ। ਮਹਾਰਾਣੀ ਜਿੰਦਾਂ ਦੇ ਰੋਲ ਵਿਚ ਪ੍ਰਸਿੱਧ ਅਦਾਕਾਰਾ ਸ਼ਬਾਨਾ ਆਜ਼ਮੀ ਨੇ ਜਾਨ ਭਰ ਦਿੱਤੀ ਹੈ। ਫਿਲਮ ਦਾ ਨਿਰਮਾਣ ਪੰਜਾਬੀ ਤੋਂ ਇਲਾਵਾ ਹਿੰਦੀ ਅਤੇ ਅੰਗਰੇਜ਼ੀ ਵਿਚ ਵੀ ਨਿਰਮਾਣ ਕੀਤਾ ਗਿਆ ਹੈ। ਉਨ੍ਹਾਂ ਇਸ ਮੌਕੇ ਕਿਹਾ ਕਿ ਭਾਵੇਂ ਕਿ ਸਿੱਖਾਂ ਦੀ ਗਿਣਤੀ ਘੱਟ ਹੈ ਪਰ ਉਨ੍ਹਾਂ ਦੀਆਂ ਸ਼ਹਾਦਤਾਂ ਅਣਗਿਣਤ ਹਨ ਜਿਨ੍ਹਾਂ ਨੇ ਦੂਸਰਿਆਂ ਦੇ ਭਲੇ ਲਈ ਕਦੇ ਪਿੱਠ ਨਹੀਂ ਵਿਖਾਈ।
ਇੱਥੇ ਵਰਨਣਯੋਗ ਹੈ ਕਿ ਇਸ ਕਹਾਣੀ ਦੇ ਲੇਖਕ ਜਸਜੀਤ ਸਿੰਘ, ਅੰਤਰਰਾਸ਼ਟਰੀ ਪੱਧਰ ਦੇ ਉਘੇ ਖਿਡਾਰੀ ਅਤੇ ਇਤਿਹਾਸਕ ਖੋਜ-ਕਰਤਾ ਹਨ। ਡਾ. ਪ੍ਰਿਤਪਾਲ ਸਿੰਘ ਨੇ ਕਿਹਾ ਕਿ ਜਿੱਥੇ ਲੋਕਾਂ ਨੂੰ ਇਸ ਫ਼ਿਲਮ ਨੇ ਉਤਸ਼ਾਹਿਤ ਕੀਤਾ, ਉੱਥੇ ਉਨ੍ਹਾਂ ਫ਼ਿਲਮਾਂ ਦਾ ਨਿਰਮਾਣ ਕਰਨ ਵਾਲੇ ਨਿਰਮਾਤਾ ਅਤੇ ਨਿਰਦੇਸ਼ਕ ਨੂੰ ਬੇਨਤੀ ਕੀਤੀ ਕਿ ਅਜਿਹੀਆਂ ਹੋਰ ਫ਼ਿਲਮਾਂ ਦਾ ਵੀ ਨਿਰਮਾਣ ਕਰਨ ਤਾਂ ਜੋ ਦੇਸ਼ਾਂ-ਵਿਦੇਸ਼ਾਂ ਵਿਚ ਬੇਕਸੂਰ ਸਿੱਖ ਕੌਮ ਕਿਸੇ ਹਿੰਸਾ ਦਾ ਸ਼ਿਕਾਰ ਨਾ ਬਣ ਸਕੇ।