ਪੰਜਾਬ ਅਤੇ ਸਿੱਖੀ ਨੂੰ ਦਰਪੇਸ਼ ਮਸਲਿਆਂ ਦੇ ਮੱਦੇਨਜ਼ਰ ਸਿੱਖ ਪੱਤਰਕਾਰ ਮੰਚ ਉਸਾਰਨ ਦੀ ਲੋੜ ਉੱਤੇ ਜ਼ੋਰ

ਪੰਜਾਬ ਅਤੇ ਸਿੱਖੀ ਨੂੰ ਦਰਪੇਸ਼ ਮਸਲਿਆਂ ਦੇ ਮੱਦੇਨਜ਼ਰ ਸਿੱਖ ਪੱਤਰਕਾਰ ਮੰਚ ਉਸਾਰਨ ਦੀ ਲੋੜ ਉੱਤੇ ਜ਼ੋਰ

ਮੌਜੂਦਾ ਪੰਜਾਬ ਦੇ ਹਾਲਾਤ ਇਤਿਹਾਸ ਵਿਚਲੇ ਪੰਜਾਬ ਤੋਂ ਬਿਲਕੁਲ ਉਲਟ-ਪੱਤਰਕਾਰ ਸੁਰਿੰਦਰ ਸਿੰਘ
ਯੂਨੀਅਨ ਸਿਟੀ (ਬੇਅ ਏਰੀਆ)/ਬਿਊਰੋ ਨਿਊਜ਼:
ਪੰਜਾਬੀ ਪੱਤਰਕਾਰਾਂ ਨੂੰ ਸਿੱਖ ਮਸਲਿਆਂ ਸਬੰਧੀ ਗੰਭੀਰਤਾ ਵਾਲੀ ਪਹੁੰਚ ਅਪਣਾਉਣ ਲਈ ਪ੍ਰੇਰਿਤ ਕਰਨ ਸਿੱਖ ਪੱਤਰਕਾਰ ਮੰਚ ਉਸਾਰਨ ਖ਼ਾਸ ਪਰਵਾਸੀ ਪੰਜਾਬੀ ਪੱਤਰਕਾਰੀ ਦਾ ਰੁਝਾਣ ਉਸਾਰੂ ਪੱਤਰਕਾਰਤਾ ਵਲ ਕੇਂਦਰਿਤ ਕਰਨਾ ਸਮੇਂ ਦੀ ਮੁੱਖ ਲੋੜ ਹੈ। ਇਸ ਸਬੰਧ ਵਿੱਚ ਜਿੱਥੇ ਵੱਕਾਰੀ ਸਿੱਖ ਮੀਡੀਆ ਅਦਾਰੇ ਖ਼ਾਸ ਕਰ ਅਖ਼ਬਾਰਾਂ ਤੇ ਟੀਵੀ ਚੈਨਲਾਂ ਕਾਇਮ ਕਰਨੇ ਚਾਹੀਦੇ ਹਨ ਉੱਥੇ ਸਿਆਸੀ ਤੇ ਧਾਰਮਿਕ ਆਗੂਆਂ ਦੇ ਨਾਲ ਨਾਲ ਪੱਤਰਕਾਰਾਂ ਨੂੰ ਵੀ ਅਪਣੀ ਭਰੋਸੇਯੋਗਤਾ ਵੀ ਕਾਇਮ ਕਰਨੀ ਹੋਵੇਗੀ। ਇਸ ਤਰ੍ਹਾਂ ਦੇ ਵਿਚਾਰ ਪੰਜਾਬ ਦੇ ਸੀਨੀਅਰ ਪੱਤਰਕਾਰ, ‘ਡੇਅ ਐਂਡ ਨਾਈਟ’ ਚੈਨਲ ਦੇ ਸਾਬਕਾ ਨਿਊਜ਼ ਐਂਕਰ ਅਤੇ ਅੱਜ ਕਲ੍ਹ ‘ਟਾਕਿੰਗ ਪੰਜਾਬ’ ਵਾਲੇ ਸੁਰਿੰਦਰ ਸਿੰਘ ਦੀ ਕੈਲੀਫੋਰਨੀਆਂ ਫੇਰੀ ਦੌਰਾਨ ਵੱਖ ਵੱਖ ਸਮਾਗਮਾਂ ਅਤੇ ਮਿਲਣੀਆਂ ਦੌਰਾਨ ਹੋਏ ਵਿਚਾਰ ਵਟਾਂਦਰੇ ਦੌਰਾਨ ਉੱਭਰ ਕੇ ਸਾਹਮਣੇ ਆਏ। ਇਨ੍ਹਾਂ ਮੌਕਿਆਂ ਉੱਤੇ ਸਥਾਨਕ ਸਿੱਖ ਆਗੂਆਂ ਨੇ ਭਖਵੇਂ ਮਸਲਿਆਂ ਬਾਰੇ ਅਹਿਮ ਸਰੋਤਿਆਂ ਨਾਲ ਸਾਂਝੇ ਕੀਤੇ।
ਇਨ੍ਹਾਂ ਵਿਚਾਰ ਗੋਸ਼ਟੀਆਂ ਦੌਰਾਨ ਇਹ ਗੱਲ ਵੀ ਉੱਭਰ ਕੇ ਸਾਹਮਣੇ ਆਈ ਕਿ ਪਿਛਲੇ ਵਰ੍ਹਿਆਂ ਦੌਰਾਨ ਸਿੱਖ ਧਾਰਮਿਕ ਸੰਸਥਾਵਾਂ ਅਤੇ ਸਿਆਸੀ ਜਥੇਬੰਦੀਆਂ ਨੇ ਸਿੱਖ ਮਸਲਿਆਂ ਦੇ ਹੱਲ ਲਈ ਪਹਿਰਾ ਦੇਣ ਦੀ ਥਾਂ ਸਰਕਾਰ ਅਤੇ ਸੱਤਾਧਾਰੀਆਂ ਦੀ ਬੋਲੀ ਬੋਲੀ ਅਤੇ ਉਨ੍ਹਾਂ ਦੇ ਹਿੱਤਾਂ ਅਨੁਸਾਰ ਕੰਮ ਕੀਤਾ ਹੈ। ਖ਼ਾਸ ਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਰੋਲ ਸਿੱਖ ਮਸਲਿਆਂ ਬਾਰੇ ਪਹੁੰਚ ਚਿੰਤਾਜਨਕ ਚਲੀ ਆ ਰਹੀ ਹੈ।

ਵਿਸ਼ੇਸ਼ ਵਿਚਾਰ ਗੋਸ਼ਟੀ ‘ਚ ਪੰਜਾਬ ਮਸਲੇ ਵਿਚਾਰੇ
ਮੌਜੂਦਾ ਪੰਜਾਬ ਦੇ ਹਾਲਾਤਾਂ ਤੇ ਗੰਭੀਰ ਵਿਚਾਰ ਚਰਚਾ ਕਰਨ ਲਈ ਪੰਜਾਬ ਤੋਂ ਆਏ ਵਿਸ਼ੇਸ਼ ਮਹਿਮਾਨ ਸਰਦਾਰ ਸੁਰਿੰਦਰ ਸਿੰਘ ਪੱਤਰਕਾਰ ਨਾਲ 29 ਜੁਲਾਈ ਸ਼ਨਿਚਰਵਾਰ ਨੂੰ ਕਰਾਊਨ ਪਲਾਜਾ ਯੂਨੀਅਨ ਸਿਟੀ ਵਿਖੇ ਕੀਤੀ ਵਿਸ਼ੇਸ਼ ਵਿਚਾਰ ਗੋਸ਼ਟੀ ਕੀਤੀ ਗਈ। ਵਿਚਾਰ ਗੋਸ਼ਟੀ ਦੇ ਮੁੱਖ ਬੁਲਾਰੇ ਸਰਦਾਰ ਸੁਰਿੰਦਰ ਸਿੰਘ ਨੇ ਅਪਣੀ ਬੜੀ ਹੀ ਭਾਵਪੂਰਤ ਅਤੇ ਇਤਿਹਾਸਕ ਹਵਾਲਿਆਂ ਨਾਲ ਭਰਪੂਰ ਤਕਰੀਰ ਦੌਰਾਨ ਮੌਜੂਦਾ ਪੰਜਾਬ ਦੇ ਹਾਲਾਤ ਸਬੰਧੀ ਅਹਿਮ ਨੁਕਤੇ ਉਠਾਏ। ਇਤਿਹਾਸ ਦੇ ਪੰਨੇ ਪਲਟਦੇ ਹੋਏ  ਖ਼ਾਸ ਕਰ ਖਾਲਸਾ ਰਾਜ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀ ਅਮੀਰ ਆਰਥਿਕਤਾ ਦਾ ਜ਼ਿਕਰ ਕਰਦਿਆਂ, ਸਮੇਂ ਸਮੇਂ ਤੇ ਹੋਈਆਂ ਇਤਿਹਾਸਕ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਪੰਜਾਬ ਜਿਨ੍ਹਾਂ ਨੂੰ ਪੁਸਤਕਾਂ ਵਿਚ ਪੜ੍ਹਿਆ ਜਾਂਦਾ ਸੀ, ਅੱਜ ਉਸ ਪੰਜਾਬ ਦੀ ਹਾਲਤ ਬਿਲਕੁਲ ਉਲਟ ਹੈ। ਸਮੇਂ ਦੀਆਂ ਸਰਕਾਰਾਂ ਨੇ ਹਰ ਪੈਰ ਦੇ ਉੱਤੇ ਪੰਜਾਬ ਨਾਲ ਧਰੋਹ ਕਮਾਇਆ। ਸਰਦਾਰ ਸੁਰਿੰਦਰ ਸਿੰਘ ਦੇ ਵਿਚਾਰਾਂ ਨੂੰ ਸਰੋਤਿਆਂ ਨੇ ਬੜੀ ਹੀ ਗੰਭੀਰਤਾ ਨਾਲ ਸੁਣਿਆ ਅਤੇ ਉਪਰੰਤ ਉਨ੍ਹਾਂ ਨੂੰ ਪੰਜਾਬ ਬਾਰੇ ਸਿੱਖ ਕੌਮ ਦੀ ਅਜੋਕੀ ਹਾਲਤ ਬਾਰੇ ਸਵਾਲ ਕੀਤੇ ਜਿਨ੍ਹਾਂ ਦਾ ਉਤਰ ਉਨ੍ਹਾਂ ਨੇ ਬੜੇ ਹੀ ਸੁੱਚਜੇ ਢੰਗ ਨਾਲ ਦਿੱਤੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਾਰ ਵਾਰ ਕੌਮੀ ਜ਼ਜ਼ਬਾਤ ਨੂੰ ਪਰਖਿਆ ਜਾ ਰਿਹਾ ਹੈ ਇਸ ਲਈ ਅੱਜ ਲੋੜ ਹੈ ਕੌਮ ਨੂੰ ਇਕ ਪਲੇਟ ਫਾਰਮ ਤੇ ਇਕੱਤਰ ਕਰਕੇ ਯੋਗ ਅਗਵਾਈ ਦੇਣ ਦੀ।
ਗੋਸ਼ਟੀ ਦੀ ਸ਼ੁਰੂਆਤ ਕਰਦੇ ਹੋਏ ਸ. ਕਸ਼ਮੀਰ ਸਿੰਘ ਸ਼ਾਹੀ ਨੇਂ ਸਮੂਹ ਬੁਲਾਰਿਆਂ ਅਤੇ ਸਰੋਤਿਆਂ ਨੂੰ ਜੀ ਆਇਆਂ ਆਖਦਿਆਂ ਵਿਚਾਰ ਗੋਸ਼ਟੀ ਦਾ ਮੁੱਖ ਮਕਸਦ ਦਸਦਿਆਂ ਕਿਹਾ ਕਿ ਮੁੱਖ ਵਿਸ਼ਾ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਵਿਚਾਰ ਵਟਾਂਦਰਾ ਕਰਨ ਤੇ ਕੇਂਦਰਿਤ ਹੈ।
ਉਨ੍ਹਾਂ ਤੋਂ ਉਪਰੰਤ ਗੁਰਦੁਆਰਾ ਸਾਹਿਬ ਫਰੀਮਾਂਟ ਦੇ ਸਾਬਕਾ ਸੁਪਰੀਮ ਕੌਂਸਲ ਮੈਂਬਰ ਭਾਈ ਰਾਮ ਸਿੰਘ ਨੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਦਸਿਆ ਕਿ ਪੰਜਾਬ ਤੋਂ ਬਾਹਰ ਬੈਠਾ ਸਿੱਖ ਕਿਵੇਂ ਆਪਣੀਆਂ ਆਂਦਰਾਂ ਪੰਜਾਬ ਦੀ ਮਿੱਟੀ ਵਿਚ ਦੱਬ ਕੇ ਹਰ ਪਲ ਪੰਜਾਬ ਲਈ ਚਿੰਤਤ ਹੈ। ਚਾਹੇ ਪੰਜਾਬ ਦਾ ਕੋਈ ਵੀ ਮਸਲਾ ਹੋਵੇ, ਪੰਜਾਬ ਦੀ ਆਰਥਿਕਤਾ ਦਾ ਮਸਲਾ ਜਾਂ ਪੰਜਾਬ ਦੇ ਪਾਣੀਆਂ ਦਾ ਮਸਲਾ ਵਿਦੇਸ਼ੀਂ ਵਸਦਾ ਹਰ ਸਿੱਖ ਉਸ ਨਾਲ ਜੁੜਿਆ ਹੋਇਆ ਹੈ। ਭਾਈ ਰਾਮ ਸਿੰਘ ਨੇ ਧਾਰਾ 25ਬੀ ਦਾ ਜ਼ਿਕਰ ਕਰਦਿਆਂ ਹੋਇਆ ਸੰਨ 1978 ਤੋਂ ਲੈ ਕੇ ਅੱਜ ਤੱਕ ਸਿੱਖ ਕੌਮ ਤੇ ਹੋ ਰਹੇ ਅੱਤਿਆਚਾਰਾਂ ਦੀ ਗੱਲ ਕਰਦਿਆਂ ਮੌਜੂਦਾ ਸਿੱਖ ਲੀਡਰਸ਼ਿਪ ਦੀ ਘਟੀਆ ਕਾਰਗੁਜ਼ਾਰੀ ਤੇ ਚਿੰਤਾ ਪ੍ਰਗਟਾਈ.
ਅਮੈਰਿਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਨੇ ਸਿੱਖ ਕੌਮ ਨੂੰ ਪੁਰਾਤਨ ਸਮੇਂ ਤੋਂ ਲੈ ਕੇ ਮੌਜੂਦਾ ਸਮੇਂ ਤੱਕ ਜਿਨ੍ਹਾਂ ਚੈਲੰਜਾਂ ਦਾ ਸਾਹਮਣਾ ਕਰ ਰਹੀ ਹੈ, ਉਨ੍ਹਾਂ ਚੈਲੰਜਾਂ ਦਾ ਜ਼ਿਕਰ ਕਰਦਿਆਂ ਮੌਜੂਦਾ ਸਮੇਂ ਅੰਦਰ ਦੁਨੀਆਂ ਅੰਦਰ ਹੋ ਰਹੀਆਂ ਤਬਦੀਲੀਆਂ ਵੱਲ ਧਿਆਨ ਦਿਵਾਉਂਦਿਆਂ ਮੀਡੀਆ ਵਲੋਂ ਨਿਭਾਏ ਜਾ ਰਹੇ ਰੋਲ ਬਾਰੇ ਵਿਚਾਰ ਪੇਸ਼ ਕੀਤੇ। ਇਸ ਤੋਂ ਇਲਾਵਾ ਭਾਈ ਬਲਵਿੰਦਰਪਾਲ ਸਿੰਘ ਖਾਲਸਾ ਨੇ ਆਖਿਆ ਕਿ ਅੱਜ ਸਿੱਖ ਕੌਮ ਦਾ ਨਸਲਘਾਤ ਹੋ ਰਿਹਾ, ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਉਪਰ ਦੁਸ਼ਮਣ ਕਾਮਯਾਬ ਹੋ ਰਿਹਾ ਹੈ। ਉਸ ਨੂੰ ਪਛਾਨਣ ਅਤੇ ਪਛਾੜਨ ਦੀ ਲੋੜ ਹੈ। ਸਰਗਰਮ ਸਿਖ ਆਗੂ ਸ.ਜਸਵਿੰਦਰ ਸਿੰਘ ਜੰਡੀ ਨੇ ਪੱਤਰਕਾਰ ਸਰਦਾਰ ਸੁਰਿੰਦਰ ਸਿੰਘ ਦੀ ਨਿਧੜਕ ਪੱਤਰਕਾਰੀ ਦੀ ਗੱਲ ਕਰਦਿਆਂ ਮੌਜੂਦਾ ਸੰਘਰਸ਼ ਦੇ ਮਹਾਨ ਸ਼ਹੀਦ ਭਾਈ ਸੁਰਜੰਟ ਸਿੰਘ, ਬੁੱਧ ਸਿੰਘ ਵਾਲਾ ਤੇ ਹੋਰਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਇਸ ਤੋਂ ਬਾਅਦ ਸਰਦਾਰ ਜਸਜੀਤ ਸਿੰਘ ਨੇ ਪੰਜਾਬ ਅਤੇ ਪੰਜਾਬ ਤੋਂ ਬਾਹਰ ਬੈਠੇ ਸਿੱਖ ਪੱਤਰਕਾਰਾਂ ਦਾ ਜ਼ਿਕਰ ਕਰਦਿਆਂ ਆਖਿਆ ਕਿ ਮੌਜੂਦ ਸਮੇਂ ਅੰਦਰ ਕਿੰਨੇ ਕੁ ਸਿੱਖ ਪੱਤਰਕਾਰ ਨੇ ਜਿਨ੍ਹਾਂ ਨੂੰ ਪੰਜਾਬ ਦੀ ਅਤੇ ਕੌਮ ਦੇ ਭਵਿੱਖ ਦੀ ਚਿੰਤਾ ਹੈ। ਲੋੜ ਹੈ ਅੱਜ ਸਿੱਖ ਪੱਤਰਕਾਰ ਮੰਚ ਉਸਾਰਨ ਦੀ।
ਗੋਸ਼ਟੀ ਦੇ ਪ੍ਰਬੰਧਕਾਂ ਵੱਲੋਂ ਪੱਤਰਕਾਰ ਸੁਰਿੰਦਰ ਸਿੰਘ ਅਤੇ ਪਹੁੰਚੇ ਹੋਏ ਸਮੂਹ ਸਰੋਤਿਆਂ ਦਾ ਧੰਨਵਾਦ ਕਰਦਿਆਂ ਚਾਹ ਪਾਣੀ ਦੇ ਲੰਗਰ ਵਰਤਾਏ ਗਏ। ਭਵਿੱਖ ਵਿਚ ਇਹੋ ਜਿਹੀਆਂ ਵਿਚਾਰ ਗੋਸ਼ਟੀਆਂ ਦਾ ਪ੍ਰਬੰਧ ਕੀਤਾ ਜਾਂਦਾ ਰਹੇਗਾ। ਇਨ੍ਹਾਂ ਵਿਚਾਰਾਂ ਨਾਲ ਇਸ ਵਿਚਾਰ ਗੋਸ਼ਟੀ ਨੂੰ ਸਮਾਪਤ ਕੀਤਾ ਗਿਆ। ਸਮੂਹ ਮੀਡੀਏ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।

‘ਸ਼੍ਰੋਮਣੀ ਕਮੇਟੀ ਨੂੰ ਸੱਤਧਾਰੀਆਂ ਦੀ ਜਕੜ ਤੋਂ 
ਮੁਕਤ ਕਰਵਾਏ ਬਿਨਾਂ ਸਿੱਖਾਂ ਦਾ ਭਲਾ ਨਹੀਂ’
ਕੌਮਾਂਤਰੀ ਪੱਧਰ ਦਾ ਟੀ.ਵੀ ਚੈਨਲ ਛੇਤੀ ਸ਼ੁਰੂ ਹੋਵੇਗਾ : ਸੁਰਿੰਦਰ ਸਿੰਘ
ਫਰੀਮੌਂਟ/ਬਿਊਰੋ ਨਿਊਜ਼:
ਸਿੱਖ ਸੰਘਰਸ਼ ਨਾਲ ਜੁੜੇ ਰਹੇ ਸਰਗਰਮ ਪੱਤਰਕਾਰ ਅਤੇ ‘ਟਾਕਿੰਗ ਪੰਜਾਬ’ ਦੇ ਮੋਹਰੀ ਸੁਰਿੰਦਰ ਸਿੰਘ ਦਾ ਕਹਿਣਾ ਹੈ ਕਿ ਜਦੋਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੱਤਧਾਰੀਆਂ ਖ਼ਾਸ ਕਰ ਅਕਾਲੀ ਦਲ (ਬਾਦਲ) ਉੱਤੇ ਕਾਬਜ਼ ਬਾਦਲ ਪਰਿਵਾਰ ਦੇ ਹੱਥਾਂ ਵਿਚੋਂ ਨਹੀਂ ਕੱਢਿਆ ਜਾਂਦਾ ਓਦੋਂ ਤੱਕ ਇਸ ਕੋਲੋਂ ਸਿੱਖਾਂ ਦੇ ਭਲੇ ਦੀ ਆਸ ਨਹੀਂ ਕੀਤੀ ਜਾ ਸਕਦੀ। ਸਿੱਖਾਂ ਦੇ ਭਲੇ ਲਈ ਜਰੂਰੀ ਹੈ ਕਿ ਇਸ ਦਾ ਪ੍ਰਬੰਧ ਆਮ ਸਿੱਖਾਂ ਦੇ ਹੱਥਾਂ ਵਿਚ ਆਵੇ। ਉਨ੍ਹਾਂ ਇਹ ਗੱਲ ਇੰਟਰਨੈਸ਼ਨਲ ਸਿੱਖ ਸਹਿਤ ਸਭਾ ਵੱਲੋਂ ਉਨ੍ਹਾਂ ਦੇ ਸਨਮਾਨ ਵਿਚ ਕਰਵਾਏ ਡਿਨਰ ਸਮਾਗਮ ਵਿੱਚ ਬੋਲਦਿਆਂ ਕਹੀ। ਟੇਸਟ ਆਫ ਇੰਡੀਆ ਰੈਸਟੋਰੈਂਟ ਫਰੀਮਾਂਟ ਵਿਚ ਹੋਏ ਇਸ ਡਿਨਰ ਸਮਾਗਮ ਵਿਚ ਬਹੁਤ ਹੀ ਥੋੜ੍ਹੇ ਸਮੇਂ ‘ਤੇ ਦਿੱਤੇ ਗਏ ਸੱਦੇ ਦੇ ਬਾਵਜੂਦ 40 ਤੋਂ ਵਧ ਅਹਿਮ ਸਖਸ਼ੀਅਤਾਂ ਪੁੱਜੀਆਂ।
ਸੁਰਿੰਦਰ ਸਿੰਘ ਨੇ ਇਸ ਮੌਕੇ ਅਹਿਮ ਐਲਾਨ ਕਰਦਿਆਂ ਕਿਹਾ ਕਿ ਬਹੁਤ ਛੇਤੀ ਇਕ ਕੌਮਾਂਤਰੀ ਪੱਧਰ ਦਾ ਹਾਈ ਕੁਆਲਿਟੀ ਟੀ.ਵੀ ਚੈਨਲ ਸ਼ੁਰੂ ਕੀਤਾ ਜਾਵੇਗਾ ਤਾਂ ਜੋ ਸਿੱਖਾਂ ਦੀ ਆਵਾਜ਼ ਕਾਰਗਰ ਢੰਗ ਨਾਲ ਉਠਾਈ ਜਾ ਸਕੇ। ਉਨ੍ਹਾਂ ਨੇ ਆਪਣੇ 20 ਸਾਲਾਂ ਦੇ ਕੌਮੀ ਸੰਘਰਸ਼ ਦਾ ਜ਼ਿਕਰ ਵੀ ਕੀਤਾ।
ਪੰਜਾਬ ਦੇ ਕਿਸਾਨਾਂ ਦੇ ਕਰਜ਼ੇ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕਰਜ਼ਾ ਮੁਆਫੀ ਮਸਲੇ ਦਾ ਹੱਲ ਨਹੀਂ ਹੈ। ਅਸਲ ਵਿਚ ਫਸਲਾਂ ਦੇ ਵਧੀਆ ਭਾਅ ਦੇ ਕੇ ਖੇਤੀਬਾੜੀ ਨੂੰ ਲਾਹਵੰਦ ਬਣਾਇਆ ਜਾਣਾ ਚਾਹੀਦਾ ਹੈ। ਹੋਰ ਬੁਲਾਰਿਆਂ ਨੇ ਵੀ ਪੰਜਾਬ ਦੇ ਦਰਦ ਦੀ ਗੱਲ ਕੀਤੀ।
ਸਮਾਗਮ ਵਿਚ ਦਲ ਖਾਲਸਾ, ਅਮੈਰੀਕਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਈ ਘਨ੍ਹਈਆ ਸੇਵਾ ਸੁਸਾਇਟੀ, ਇੰਟਰਨੈਸ਼ਨਲ ਗਦਰ ਮੈਮੋਰੀਅਲ ਟਰੱਸਟ ਤੇ ‘ਸਾਂਝੀ ਸੋਚ’ ਅਖ਼ਬਾਰ ਦੇ ਪ੍ਰਤੀਨਿੱਧ ਹਾਜਰ ਸਨ।