ਸਾਕਾ ਨਕੋਦਰ ਦੇ ਸ਼ਹੀਦਾਂ ਦੀ ਯਾਦ ਕੈਲੇਫਰਨੀਆ ‘ਚ ਸ਼ਰਧਾ ਅਤੇ ਖਾਲਸਾਈ ਸ਼ਾਨ ਨਾਲ ਮਨਾਈ

ਸਾਕਾ ਨਕੋਦਰ ਦੇ ਸ਼ਹੀਦਾਂ ਦੀ ਯਾਦ ਕੈਲੇਫਰਨੀਆ ‘ਚ ਸ਼ਰਧਾ ਅਤੇ ਖਾਲਸਾਈ ਸ਼ਾਨ ਨਾਲ ਮਨਾਈ

ਮਿਲਪੀਟਸ ‘ਚ ਸੈਮੀਨਾਰ ਅਤੇ ਫਰੀਮਾਂਟ ‘ਚ ਸ਼ਹੀਦੀ ਸਮਾਗਮ
ਮਿਲਪੀਟਸ/ ਬਿਊਰੋ ਨਿਊਜ਼:
ਸਾਕਾ ਨਕੋਦਰ ਦੇ ਸ਼ਹੀਦਾਂ ਦੀ ਯਾਦ ਸ਼ਰਧਾ ਅਤੇ ਖਾਲਸਾਈ ਸ਼ਾਨ ਨਾਲ ਕੈਲੇਫਰਨੀਆਂ ਦੇ ਦੋ ਸ਼ਹਿਰਾਂ ਮਿਲਪੀਟਸ ਅਤੇ ਫਰੀਮਾਂਟ ਵਿਖੇ ਦੋ ਅੱਡ-ਅੱਡ ਸਮਾਗਮਾਂ ਦੌਰਾਨ ਮਨਾਈ ਗਈ। ਦੋਵੇਂ ਥਾਂਈਂ ਵੱਡੀ ਗਿਣਤੀ ‘ਚ ਸੰਗਤ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸ਼ਹੀਦ ਪਰਿਵਾਰਾਂ ਦਾ ਸਨਮਾਨ ਕੀਤਾ।

ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਾਕਾ ਨਕੋਦਰ ਦੇ ਸ਼ਹੀਦਾਂ ਦੀ 31ਵੀਂ ਬਰਸੀ ਮੌਕੇ ”ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਅਤੇ ਸਿੱਖ ਪ੍ਰਤੀਕਰਮ 1986-2017” ਵਿਸ਼ੇ ‘ਤੇ ਸੈਮੀਨਾਰ 4 ਫਰਵਰੀ 2017 ਸ਼ਨੀਵਾਰ ਨੂੰ ਗੁਰਦੁਆਰਾ ਸਿੰਘ ਸਭਾ ਬੇ-ਏਰੀਆ ਮਿਲਪੀਟਸ ਵਿਖੇ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਡਾ. ਹਰਿੰਦਰ ਸਿੰਘ ਵਲੋਂ ਸਾਕਾ ਨਕੋਦਰ ਦੌਰਾਨ ਹੋਈ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਜੋਂ ਹੋਏ ਸਿੱਖ ਪ੍ਰਤੀਕਰਮ ਬਾਰੇ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਤੱਥਾਂ ਅਤੇ ਸਬੂਤਾਂ ਸਮੇਤ ਪੇਸ਼ ਕੀਤੀ ਗਈ।  ਡਾ. ਹਰਿੰਦਰ ਸਿੰਘ ਨੇ ਸ਼ਹੀਦ ਸਿੰਘਾਂ ਭਾਈ ਹਰਮਿੰਦਰ ਸਿੰਘ ਚਲੂਪੁਰ ਅਤੇ ਭਾਈ ਬਲਧੀਰ ਸਿੰਘ ਜੀ ਦੀਆਂ ਪੋਸਟ ਮਾਰਟਮ ਰਿਪੋਰਟਾਂ ਪੇਸ਼ ਕੀਤੀਆਂ, ਜਿਨ•ਾਂ ‘ਤੇ ਇਨ•ਾਂ ਸਿੰਘਾਂ ਦੇ ਅਤੇ ਸਿੰਘਾਂ ਦੇ ਪਿਤਾ ਜੀ ਦੇ ਨਾਮ ਅੰਕਿਤ ਹਨ ਅਤੇ ਉਨ•ਾਂ ਦੇ ਪਤੇ ਵੀ ਅੰਕਿਤ ਹਨ। ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸਭਾ ਦੀ ਰਿਪੋਰਟ ਵੀ ਪੇਸ਼ ਕੀਤੀ ਗਈ, ਜਿਸ ਵਿੱਚ ਮੌਕੇ ਦੇ ਐੱਸ.ਡੀ. ਐੱਮ. ਨੇ ਮੰਨਿਆ ਹੈ ਕਿ 3 ਸ਼ਹੀਦ ਸਿੰਘਾਂ ਦੀ ਪਹਿਚਾਣ 4 ਫਰਵਰੀ ਦੀ ਸ਼ਾਮ ਨੂੰ ਹੋ ਗਈ ਸੀ। ਇਸ ਰਿਪੋਰਟ ਵਿੱਚ ਇਹ ਵੀ ਲਿਖਿਆ ਹੈ ਕਿ ਭਾਈ ਹਰਮਿੰਦਰ  ਸਿੰਘ ਚਲੂਪੁਰ ਨੂੰ ਪੁਲੀਸ ਅਧਿਕਾਰੀਆਂ ਵਲੋਂ ਫੜ ਕੇ ਕਤਲ ਕੀਤਾ ਗਿਆ। ਯਾਦ ਰਹੇ ਕਿ ਪੁਲੀਸ ਵਲੋਂ ਉਸ ਮੌਕੇ ਇਨ•ਾਂ ਸਿੰਘਾਂ ਨੂੰ ਅਣਪਛਾਤੇ ਅਤੇ ਲਾਵਾਰਿਸ ਕਹਿ ਕੇ ਸਾੜ ਦਿੱਤਾ ਗਿਆ ਸੀ।
ਡਾ. ਹਰਿੰਦਰ ਸਿੰਘ ਵਲੋਂ ਇਹ ਪੋਸਟ ਮਾਰਟਮ ਰਿਪੋਰਟਾਂ ਪੇਸ਼ ਕਰਕੇ ਇਹ ਸਾਬਤ ਕੀਤਾ ਕਿ ਪੁਲੀਸ ਨੇ ਇਨ•ਾਂ ਸਿੰਘਾਂ ਦੀ ਪਛਾਣ ਨਾ ਹੋਣ ਬਾਰੇ ਝੂਠ ਬੋਲਿਆ। ਸ਼ਹੀਦ ਭਾਈ ਰਵਿੰਦਰ ਸਿੰਘ ਜੀ ਦੇ ਪਿਤਾ ਜੀ ਉਸ ਸਮੇਂ ਮੌਕੇ ‘ਤੇ ਹਾਜ਼ਰ ਸਨ ਅਤੇ ਉਨ•ਾਂ ਵਲੋਂ ਆਪਣੇ ਪੁੱਤਰ ਦੀ ਪਹਿਚਾਣ ਕਰਕੇ ਪੁਲੀਸ ਤੋਂ ਆਪਣੇ ਪੁੱਤਰ ਦਾ ਮ੍ਰਿਤਕ ਸਰੀਰ ਲੈਣ ਲਈ ਮੰਗ ਕੀਤੀ ਸੀ, ਜੋ ਇਹ ਸਾਬਿਤ ਕਰਦਾ ਹੈ ਕਿ ਪੁਲੀਸ ਵਲੋਂ ਇਨ•ਾਂ ਸਿੰਘਾਂ ਨੂੰ ਜਾਣ ਬੁੱਝ ਕੇ ਲਾਵਾਰਿਸ ਕਰਾਰ ਦਿੱਤਾ ਗਿਆ। ਡਾ. ਹਰਿੰਦਰ ਸਿੰਘ ਵਲੋਂ ਪੇਸ਼ ਕੀਤੀਆਂ ਚਾਰੇ ਪੋਸਟ ਮਾਰਟਮ ਰਿਪੋਰਟਾਂ ਵਿੱਚ ਲਿਖਿਆ ਹੈ ਕਿ ਪੁਲੀਸ ਵਲੋਂ ਤਿੰਨ ਸਿੰਘਾਂ ਦੀਆਂ ਛਾਤੀਆਂ ਵਿੱਚ ਗੋਲੀਆਂ ਮਾਰੀਆਂ ਸਨ ਅਤੇ ਇੱਕ ਸਿੰਘ ਦੇ ਮੂੰਹ ਵਿੱਚ ਗੋਲੀਆਂ ਮਾਰੀਆਂ ਸਨ।
ਇਸ ਸੈਮੀਨਾਰ ਦੇ ਦੂਸਰੇ ਬੁਲਾਰੇ ਡਾ. ਅਮਰਜੀਤ ਸਿੰਘ ਵਲੋਂ 1986 ਦੇ ਇਸ ਸਾਕੇ ਤੋਂ ਲੈ ਕੇ ਹੁਣ ਤੱਕ ਹੋਈਆਂ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਸਾਕਾ ਨਕੋਦਰ ਦੀ ਸਿੱਖ ਇਤਿਹਾਸ ਵਿੱਚ ਮਹੱਤਤਾ ਬਾਰੇ ਵੀ ਬਹੁਤ ਹੀ ਸਾਰਥਿਕ ਜਾਣਕਾਰੀ ਦਿੱਤੀ ਗਈ। ਉਨ•ਾਂ ਨੇ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਨ•ਾਂ ਸ਼ਹੀਦ ਸਿੰਘਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਨਾ ਲਗਾਉਣ ਦੀ ਸਖ਼ਤ ਨਿਖੇਧੀ ਕੀਤੀ।
ਇਸ ਮੌਕੇ ਇਕੱਤਰ ਸੰਗਤਾਂ ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੁਰਜ਼ੋਰ ਅਪੀਲ ਕੀਤੀ ਗਈ ਕਿ ਇਨ•ਾਂ ਸਿੰਘਾਂ ਦੀਆਂ ਤਸਵੀਰਾਂ ਬਿਨਾਂ ਹੋਰ ਦੇਰੀ ਦੇ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਸੁਸ਼ੋਭਤ ਕੀਤੀਆਂ ਜਾਣ।
ਇਸ ਸਮਾਗਮ ਵਿੱਚ ਸ਼ਹੀਦ ਭਾਈ ਰਵਿੰਦਰ ਸਿੰਘ ਲਿੱਤਰਾਂ ਜੀ ਦੇ ਮਾਤਾ ਬਲਦੀਪ ਕੌਰ ਅਤੇ ਬਾਪੂ ਬਲਦੇਵ ਸਿੰਘ ਜੀ ਨੂੰ ਏ. ਜੀ. ਪੀ. ਸੀ. ਅਤੇ ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਵਲੋਂ ਸਨਮਾਨਿਤ ਵੀ ਕੀਤਾ ਗਿਆ।
ਇਸ ਸੈਮੀਨਾਰ ਦਾ ਟੀ ਵੀ ’84 ਵਲੋਂ ਸਿੱਧਾ ਪ੍ਰਸਾਰਣ ਕੀਤਾ ਗਿਆ।