ਖਹਿਰਾ ਨੇ ਰੇਤੇ ਦੀ ਲੁੱਟ ਦੇ ਮਾਮਲੇ ‘ਚ ਹੁਣ ਚੰਨੀ ਨੂੰ ਘੇਰਿਆ

ਖਹਿਰਾ ਨੇ ਰੇਤੇ ਦੀ ਲੁੱਟ ਦੇ ਮਾਮਲੇ ‘ਚ ਹੁਣ ਚੰਨੀ ਨੂੰ ਘੇਰਿਆ

ਚੰਡੀਗਡ੍ਹ ਵਿੱਚ ਪ੍ਰੈੱਸ ਕਾਨਫਰੰਸ ਕਰਦੇ ਹੋਹੇ ਸੁਖਪਾਲ ਸਿੰਘ ਖਹਿਰਾ।
ਚੰਡੀਗੜ੍ਹ/ਬਿਊਰੋ ਨਿਊਜ਼:
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਉਂਦਿਆਂ ਕਿਹਾ ਕਿ ਮੰਤਰੀ ਆਪਣੇ ਭਾਣਜੇ ਰਾਹੀਂ ਸੂਬੇ ਵਿੱਚ ਨਾਜਾਇਜ਼ ਮਾਈਨਿੰਗ ਕਰ ਰਹੇ ਹਨ।
ਉਨ੍ਹਾਂ ਪੱਤਰਕਾਰਾਂ ਸਾਹਮਣੇ ਸਬੂਤ ਪੇਸ਼ ਕਰਦਿਆਂ ਕਿਹਾ ਕਿ ਨਵਾਂਸ਼ਹਿਰ ਦੇ ਮਲਕਪੁਰ ਪਿੰਡ ਦੀ ਖੱਡ ਸ੍ਰੀ ਚੰਨੀ ਦੇ ਭਾਣਜੇ ਦੇ ਨਜ਼ਦੀਕੀ ਨੂੰ ਅਲਾਟ ਹੋਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਿਸ ਤਰ੍ਹਾਂ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਆਪਣੇ ਰਸੋਈਏ ਅਮਿਤ ਬਹਾਦਰ ਰਾਹੀਂ ਆਪਣਾ ਪੈਸੇ ਰੇਤ ਦੀਆਂ ਖੱਡਾਂ ਵਿੱਚ ਲਾਇਆ ਸੀ, ਉਸੇ ਤਰ੍ਹਾਂ ਹੀ ਸ੍ਰੀ ਚੰਨੀ ਨੇ ਆਪਣੇ ਭਾਣਜੇ ਰਾਹੀਂ ਲਗਾਇਆ ਹੈ। ਉਨ੍ਹਾਂ ਕਿਹਾ ਕਿ ਇਹ ਸਿੱਧੇ ਤੌਰ ‘ਤੇ ਕਾਲੇ ਧਨ ਨੂੰ ਸਫੈਦ ਕਰਨ ਦਾ ਮਾਮਲਾ ਹੈ। ਉਨ੍ਹਾਂ ਕਾਂਗਰਸੀ ਮੰਤਰੀਆਂ ਚਰਨਜੀਤ ਸਿੰਘ ਚੰਨੀ ਤੇ ਤ੍ਰਿਪਤ ਰਾਜਿੰਦਰ ਬਾਜਵਾ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਖੱਡ ਦੇ ਅਲਾਟੀ ਅਤੇ ਸ੍ਰੀ ਚੰਨੀ ਦੇ ਭਾਣਜੇ ਦੀਆ ਤਸਵੀਰਾਂ ਦਿਖਾਉਂਦਿਆਂ ਕਿਹਾ ਕਿ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਇਨ੍ਹਾਂ ਦੇ ਸਬੰਧ ਕਾਂਗਰਸ ਦੇ ਵੱਡੇ ਆਗੂਆਂ ਨਾਲ ਹਨ। ਸ੍ਰੀ ਖਹਿਰਾ ਨੇ ਕਿਹਾ ਕਿ ਇਸ ਮਾਮਲੇ ਵਿੱਚ ਹਾਈ ਕੋਰਟ ਦੇ ਮੌਜੂਦਾ ਜਾਂ ਰਿਟਾਇਰਡ ਜੱਜ ਅਧੀਨ ਕਮਿਸ਼ਨ ਬਣਾ ਕੇ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਦੂਸਰੇ ਪਾਸੇ ਸ੍ਰੀ ਚੰਨੀ ਨੇ ਦੁਹਰਾਇਆ ਹੈ ਕਿ ਉਨ੍ਹਾਂ ਦੇ ਪਰਿਵਾਰ ਦੇ  ਕਿਸੇ ਮੈਂਬਰ ਦਾ ਮਾਈਨਿੰਗ ਕਾਰੋਬਾਰ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਸ੍ਰੀ ਖਹਿਰਾ ਜਾਂ ਤਾਂ ਉਨ੍ਹਾਂ ਦੇ ਪਰਿਵਾਰ ਦਾ ਜਾਇਜ਼ ਜਾਂ ਨਾਜਾਇਜ਼ ਮਾਈਨਿੰਗ ਵਿੱਚ ਇੱਕ ਵੀ ਪੈਸੇ ਦਾ ਲੈਣ-ਦੇਣ ਸਾਬਤ ਕਰਨ ਜਾਂ ਫਿਰ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ। ਉਨ੍ਹਾਂ ਕਿਹਾ ਕਿ ਸ੍ਰੀ ਖਹਿਰਾ ਪਹਿਲਾਂ ਕਹਿੰਦੇ ਸਨ ਕਿ ਉਨ੍ਹਾਂ ਦੇ ਰਿਸ਼ਤੇਦਾਰ ਨਾਜਾਇਜ਼ ਮਾਈਨਿੰਗ ਕਰਦੇ ਹਨ ਪਰ ਹੁਣ ਕਹਿ ਰਹੇ ਹਨ ਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਜਾਣਕਾਰਾਂ ਦੀ ਖੱਡ ਹੈ। ਸ੍ਰੀ ਖਹਿਰਾ ਨਿੱਤ ਦਿਨ ਆਪਣੇ ਹੀ ਬਿਆਨ ਬਦਲਦੇ  ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਖਹਿਰਾ ਵੱਲੋਂ ਖੱਡ ਦੇ ਜਾਇਜ਼ ਮਾਲਕ ਨਾਲ ਜੋ ਫੋਟੋਆਂ ਜਾਰੀ ਕੀਤੀਆਂ ਗਈਆਂ ਹਨ, ਉਹ ਜਨਤਕ ਸਮਾਗਮਾਂ/ਧਰਨੇ ਦੀਆਂ ਫੋਟੋਆਂ ਹਨ, ਜਿੱਥੇ ਕੋਈ ਵੀ ਸ਼ਾਮਲ ਹੋ ਸਕਦਾ ਹੈ। ਸ੍ਰੀ ਚੰਨੀ ਨੇ ਕਿਹਾ ਕਿ ਉਹ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪਰਿਵਾਰ ਸਮੇਤ ਇਹ ਸਹੁੰ ਖਾਣ ਲਈ ਤਿਆਰ ਹਨ ਕਿ ਮਾਈਨਿੰਗ ਦੇ ਕਾਰੋਬਾਰ ਵਿੱਚ ਜੇਕਰ ਉਨ੍ਹਾਂ ਦਾ ਜਾਂ ਉਨ੍ਹਾਂ ਦੇ ਪਰਿਵਾਰ ਦਾ ਇੱਕ ਵੀ ਜਾਇਜ਼ ਜਾਂ ਨਾਜਾਇਜ਼ ਪੈਸਾ ਲੱਗਿਆ ਹੋਵੇ ਤਾਂ ਉਹ ਦੇਣਦਾਰ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਸ੍ਰੀ ਖਹਿਰਾ ਵੀ ਪਰਿਵਾਰ ਸਮੇਤ ਇਸ ਅਰਦਾਸ ਵਿੱਚ ਸ਼ਾਮਲ ਹੋਣ।