ਸੰਘ ਦੀ ‘ਫੌਜ’ ਦੇਸ਼ ਦੀ ਫੌਜ ਤੋਂ ਵੱਧ ਤਾਕਤਵਰ : ਭਾਗਵਤ ਦੇ ਬਿਆਨ ਤੋਂ ਵਿਵਾਦ ਭਖਿਆ
ਇਹ ਫੌਜ ਦਾ ਅਪਮਾਨ ਹੈ : ਰਾਹੁਲ ਗਾਂਧੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਆਰ ਐਸ ਐਸ ਆਗੂ ਮੋਹਨ ਭਾਗਵਤ ਜਿਹੜੇ ਕਿ ਆਪਣੇ ਵਿਵਾਦਮਈ ਬਿਆਨਾਂ ਲਈ ਜਾਣੇ ਜਾਂਦੇ ਹਨ, ਦੇ ਇਕ ਹੋਰ ਬਿਆਨ ਨੇ ਸਿਆਸਤ ਦੀ ਗਰਮੀ ਵਧਾ ਦਿੱਤੀ ਹੈ। ਉਨ੍ਹਾਂ ਬਿਹਾਰ ‘ਚ ਕਿਹਾ ਕਿ ਆਰ ਐਸ ਐਸ ਫੌਜ ਨਾਲੋਂ ਕਿਤੇ ਵੱਧ ਤੇਜ਼ੀ ਨਾਲ ਜਵਾਨ ਤਿਆਰ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਸੰਘ ਆਪਣੇ ਜਵਾਨਾਂ ਦੀ ਫੌਜ ਤਿੰਨ ਦਿਨਾਂ ਅੰਦਰ ਤਿਆਰ ਕਰ ਸਕਦਾ ਹੈ ਜਦਕਿ ਫੌਜ ਨੂੰ 6 ਤੋਂ 7 ਮਹੀਨੇ ਤਿਆਰੀ ‘ਚ ਲਗ ਜਾਂਦੇ ਹਨ। ਇਹ ਸਾਡੀ ਤਾਕਤ ਹੈ। ਜੇਕਰ ਮੁਲਕ ਨੂੰ ਅਜਿਹੇ ਕਿਸੇ ਮਾਮਲੇ ਦਾ ਸਾਹਮਣਾ ਕਰਨਾ ਪਿਆ ਅਤੇ ਸੰਵਿਧਾਨ ਨੇ ਇਜਾਜ਼ਤ ਦਿੱਤੀ ਤਾਂ ਸਵੈ ਸੇਵਕ ਹਰ ਮੁਹਾਜ਼ ‘ਤੇ ਤਾਇਨਾਤ ਹੋਣਗੇ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਰ ਐਸ ਐਸ ਮੁਖੀ ਮੋਹਨ ਭਾਗਵਤ ‘ਤੇ ਫ਼ੌਜ ਅਤੇ ਮੁਲਕ ਲਈ ਜਾਨਾਂ ਵਾਰਨ ਵਾਲਿਆਂ ਦਾ ਅਪਮਾਨ ਕਰਨ ਦੇ ਦੋਸ਼ ਲਾਏ ਹਨ।
ਜਦੋਂ ਮਸਲਾ ਭੱਖ ਗਿਆ ਤਾਂ ਆਰ ਐਸ ਐਸ ਨੇ ਸਫ਼ਾਈ ਦਿੱਤੀ ਕਿ ਮੋਹਨ ਭਾਗਵਤ ਨੇ ਭਾਰਤੀ ਫ਼ੌਜ ਦੀ ਤੁਲਨਾ ਸੰਘ ਦੇ ਵਾਲੰਟੀਅਰਜ਼ ਨਾਲ ਨਹੀਂ ਕੀਤੀ ਸੀ ਅਤੇ ਉਨ੍ਹਾਂ ਦੇ ਬਿਆਨ ਨੂੰ ਗਲਤ ਢੰਗ ਨਾਲ ਲਿਆ ਗਿਆ। ਆਰ ਐਸ ਐਸ ਦੇ ਪ੍ਰਚਾਰ ਪ੍ਰਮੁੱਖ ਮਨਮੋਹਨ ਵੈਦਿਆ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਕਿ ਸੰਘ ਵਾਲੰਟੀਅਰਜ਼ ਦੀ ਤੁਲਨਾ ਭਾਰਤੀ ਫ਼ੌਜ ਨਾਲ ਕਿਸੇ ਵੀ ਤਰ੍ਹਾਂ ਨਹੀਂ ਕੀਤੀ ਜਾ ਸਕਦੀ। ਅਗਰਤਲਾ ‘ਚ ਭਾਜਪਾ ਦੇ ਜਨਰਲ ਸਕੱਤਰ ਰਾਮ ਮਾਧਵ ਨੇ ਕਿਹਾ ਕਿ ਭਾਗਵਤ ਦਾ ਬਿਆਨ ਜਥੇਬੰਦੀ ਦੀ ਤਿਆਰੀ ਬਾਰੇ ਦਿੱਤਾ ਗਿਆ ਹੋ ਸਕਦਾ ਹੈ।
ਰਿਜਿਜੂ ਵੱਲੋਂ ਭਾਗਵਤ ਦਾ ਬਚਾਅ
ਕੇਂਦਰੀ ਮੰਤਰੀ ਕੀਰੇਨ ਰਿਜਿਜੂ ਨੇ ਆਰ ਐਸ ਐਸ ਮੁਖੀ ਮੋਹਨ ਭਾਗਵਤ ਦਾ ਬਚਾਅ ਕਰਦਿਆਂ ਕਾਂਗਰਸ ਦੀ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਫ਼ੌਜ ਦੇ ਸਿਆਸੀਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਮੁਤਾਬਕ ਭਾਗਵਤ ਨੇ 6 ਤੋਂ 7 ਮਹੀਨਿਆਂ ‘ਚ ਨੌਜਵਾਨਾਂ ਦੇ ਸਿਖਲਾਈ ਪ੍ਰਾਪਤ ਕਰਕੇ ਫ਼ੌਜੀ ਬਣਨ ਦਾ ਜ਼ਿਕਰ ਕੀਤਾ ਸੀ ਅਤੇ ਜੇਕਰ ਸੰਵਿਧਾਨ ਇਜਾਜ਼ਤ ਦੇਵੇ ਤਾਂ ਆਰਐਸਐਸ ਕਾਡਰ ਆਪਣਾ ਯੋਗਦਾਨ ਪਾ ਸਕਦੇ ਹਨ। ਟਵੀਟ ਰਾਹੀਂ ਕਾਂਗਰਸ ‘ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਨੇ 2004 ‘ਚ ਫ਼ੌਜ ਨੂੰ ਧਰਮ ਦੇ ਆਧਾਰ ‘ਤੇ ਵੰਡਣ ਦੀ ਕੋਸ਼ਿਸ਼ ਕੀਤੀ ਸੀ।
Comments (0)