ਪੰਜਾਬ ਦੇ ਅਮੀਰ ਵਿਰਸੇ ਅਤੇ ਗੌਰਵਮਈ ਸਿੱਖ ਇਤਿਹਾਸ ਦਾ ਮੇਰੇ ‘ਤੇ ਪ੍ਰਭਾਵ ਰਿਹਾ : ਤਨਮਨਜੀਤ ਸਿੰਘ ਢੇਸੀ

ਪੰਜਾਬ ਦੇ ਅਮੀਰ ਵਿਰਸੇ ਅਤੇ ਗੌਰਵਮਈ ਸਿੱਖ ਇਤਿਹਾਸ ਦਾ ਮੇਰੇ ‘ਤੇ ਪ੍ਰਭਾਵ ਰਿਹਾ : ਤਨਮਨਜੀਤ ਸਿੰਘ ਢੇਸੀ

ਜਲੰਧਰ/ਬਿਊਰੋ ਨਿਊਜ਼ :
ਬਰਤਾਨੀਆ ਦੇ ਪਹਿਲੇ ਦਸਤਾਰਧਾਰੀ ਅਤੇ ਛੋਟੀ ਉਮਰ ਦੇ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਆਪਣੀ ਸਫ਼ਲਤਾ ਨੂੰ ਪ੍ਰਮਾਤਮਾ ਦੀ ਬਖਸ਼ਿਸ਼ ਦੱਸਦੇ ਹੋਏ ਕਿਹਾ ਕਿ ਉਹ ਲੋਕਾਂ ਵੱਲੋਂ ਮਿਲੇ ਪਿਆਰ ਤੇ ਸਹਿਯੋਗ ਨਾਲ ਹੀ ਅੱਜ ਇਸ ਮੁਕਾਮ ‘ਤੇ ਪੁੱਜ ਸਕਿਆ ਹੈ। ਜਲੰਧਰ ਵਿਚ ‘ਅਜੀਤ’ ਦੇ ਸੀਨੀਅਰ ਪੱਤਰਕਾਰਾਂ ਸਤਨਾਮ ਸਿੰਘ ਮਾਣਕ, ਜਸਪਾਲ ਸਿੰਘ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਉਨ•ਾਂ ਕਿਹਾ ਕਿ ਉਸ ਦਾ ਜਨਮ ਬੇਸ਼ੱਕ ਇੰਗਲੈਂਡ ਦੀ ਧਰਤੀ ‘ਤੇ ਹੋਇਆ ਪਰ ਆਪਣੇ ਵਤਨ ਨਾਲ ਉਸ ਦੀ ਹਮੇਸ਼ਾ ਡੂੰਘੀ ਸਾਂਝ ਰਹੀ ਹੈ। ਉਸ ਨੇ ਆਪਣੀ ਮੁੱਢਲੀ ਸਿੱਖਿਆ ਪੰਜਾਬ ਤੋਂ ਹਾਸਲ ਕਰਨ ਤੋਂ ਇਲਾਵਾ ਬਿਹਤਰ ਜ਼ਿੰਦਗੀ ਜਿਊਣ ਦਾ ਹੁਨਰ ਵੀ ਪੰਜਾਬ ਦੀ ਧਰਤੀ ਤੋਂ ਹੀ ਸਿੱਖਿਆ ਹੈ। ਲੰਬਾ ਸਮਾਂ ਇੰਗਲੈਂਡ ਵਿਚ ਰਹਿ ਕੇ ਵੀ ਪੰਜਾਬੀ ਸਭਿਆਚਾਰ ਤੇ ਸਿੱਖੀ ਨਾਲ ਜੁੜੇ ਰਹਿਣ ਬਾਰੇ ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਸ਼ੁਰੂ ਤੋਂ ਹੀ ਪੰਜਾਬ ਦੇ ਅਮੀਰ ਵਿਰਸੇ ਤੇ ਗੌਰਵਮਈ ਸਿੱਖ ਇਤਿਹਾਸ ਦਾ ਉਸ ਉੱਪਰ ਬਹੁਤ ਪ੍ਰਭਾਵ ਰਿਹਾ ਹੈ ਅਤੇ ਉਹ ਹਮੇਸ਼ਾ ਮੇਰੀ ਪ੍ਰੇਰਨਾ ਦਾ ਹਿੱਸਾ ਰਹੇ ਹਨ ਪਰ ਇਹ ਸਭ ਕੁਝ ਮੇਰੀ ਮਾਤਾ ਦਲਵਿੰਦਰ ਕੌਰ ਢੇਸੀ ਤੇ ਪਿਤਾ ਜਸਪਾਲ ਸਿੰਘ ਢੇਸੀ ਦੀ ਸੋਚ ਸਦਕਾ ਹੀ ਸੰਭਵ ਹੋ ਸਕਿਆ ਹੈ, ਕਿਉਂਕਿ ਉਹ ਚਾਹੁੰਦੇ ਸਨ ਕਿ ਮੈਂ ਆਪਣੀ ਮੁੱਢਲੀ ਸਿੱਖਿਆ ਆਪਣੀ ਮਾਤ ਭਾਸ਼ਾ ਵਿਚ ਹਾਸਲ ਕਰ ਸਕਾਂ।

ਸਾਕਾ ਨੀਲਾ ਤਾਰਾ ਵਿਚ ਬਰਤਾਨੀਆ ਦੀ ਭੂਮਿਕਾ ਦੀ ਜਾਂਚ :
ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਸਾਕਾ ਨੀਲਾ ਤਾਰਾ ਦਾ ਦਰਦ ਅੱਜ ਵੀ ਪੰਜਾਬੀਆਂ ਤੇ ਖਾਸ ਕਰਕੇ ਸਿੱਖ ਭਾਈਚਾਰੇ ਵਿਚ ਮਹਿਸੂਸ ਕੀਤਾ ਜਾਂਦਾ ਹੈ ਅਤੇ ਪਿਛਲੇ ਦਿਨੀਂ ਇਸ ਫ਼ੌਜੀ ਆਪ੍ਰੇਸ਼ਨ ਵਿਚ ਬਰਤਾਨੀਆ ਸਰਕਾਰ ਦੀ ਭੂਮਿਕਾ ਸਬੰਧੀ ਜੋ ਚਰਚਾ ਚੱਲੀ ਹੈ, ਉਸ ਦੀ ਬਾਕਾਇਦਾ ਜਾਂਚ ਹੋਣੀ ਚਾਹੀਦੀ ਹੈ। ਉਨ•ਾਂ ਦੱਸਿਆ ਕਿ ਇਸ ਸਬੰਧੀ ਉਨ•ਾਂ ਦੀ ਲੇਬਰ ਪਾਰਟੀ ਵਲੋਂ ਆਪਣੇ ਚੋਣ ਮਨੋਰਥ ਪੱਤਰ ਵਿਚ ਵੀ ਇਸ ਮੁੱਦੇ ਨੂੰ ਸ਼ਾਮਲ ਕੀਤਾ ਗਿਆ ਸੀ ਅਤੇ ਹੁਣ ਵੀ ਉਹ ਸੰਸਦ ਵਿਚ ਇਸ ਮਸਲੇ ਨੂੰ ਜ਼ੋਰ-ਸ਼ੋਰ ਨਾਲ ਉਠਾਉਣਗੇ।

ਯੂਰਪੀਅਨ ਯੂਨੀਅਨ ਤੋਂ ਵੱਖ ਹੋਣ ਦੇ ਕਾਰਨ :
ਪਿਛਲੇ ਸਾਲ ਇੰਗਲੈਂਡ ਵੱਲੋਂ ਯੂਰਪੀਅਨ ਯੂਨੀਅਨ ਤੋਂ ਵੱਖ ਹੋਣ ਪਿੱਛੇ ਛਿਪੇ ਕਾਰਨਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਬੇਸ਼ੱਕ ਇਸ ਸਬੰਧੀ ਲੋਕਾਂ ਦੀ ਰਾਏਸ਼ੁਮਾਰੀ ਬਹੁਤ ਨੇੜੇ (52-48%) ਦਾ ਮਾਮਲਾ ਸੀ ਪਰ ਫਿਰ ਵੀ ਉਹ ਮੋਟੇ ਤੌਰ ‘ਤੇ ਸਮਝਦੇ ਹਨ ਕਿ ਵੱਡੀ ਪੱਧਰ ‘ਤੇ ਹੋਰਨਾਂ ਮੁਲਕਾਂ ਦੇ ਲੋਕਾਂ ਦਾ ਇੱਥੇ ਆ ਕੇ ਵਸਣਾ ਤੇ ਦੂਸਰਾ ਇੰਗਲੈਂਡ ਦੇ ਲੋਕ ਇਹ ਸੋਚਣ ਲੱਗ ਪਏ ਸਨ ਕਿ ਯੂਰਪੀਅਨ ਯੂਨੀਅਨ ਵੱਲੋਂ ਬਣਾਏ ਕਾਨੂੰਨ ਇੰਗਲੈਂਡ ਦੇ ਲੋਕਾਂ ‘ਤੇ ਥੋਪੇ ਜਾ ਰਹੇ ਹਨ। ਉਨ•ਾਂ ਕਿਹਾ ਕਿ ਇਸ ਮਾਮਲੇ ਵਿਚ ਇੰਗਲੈਂਡ ਰਹਿੰਦੇ ਪੰਜਾਬੀ ਵੀ ਦੋ ਹਿੱਸਿਆਂ ਵਿਚ ਵੰਡੇ ਗਏ ਸਨ।

8 ਭਾਸ਼ਾਵਾਂ ਦੀ ਮੁਹਾਰਤ :
ਤਨਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਉਸ ਨੂੰ ਅੰਗਰੇਜ਼ੀ, ਹਿੰਦੀ ਤੇ ਪੰਜਾਬੀ ਸਮੇਤ 8 ਭਾਸ਼ਾਵਾਂ ਦੀ ਜਾਣਕਾਰੀ ਹੋਣ ਕਾਰਨ ਉਸ ਨੂੰ ਚੋਣਾਂ ਲੜਨ ਵਿਚ ਕਾਫੀ ਸੌਖ ਰਹੀ। ਉਨ•ਾਂ ਦੱਸਿਆ ਕਿ ਸਲੋਹ ਬੇਸ਼ੱਕ ਮੇਰਾ ਜਨਮ ਸਥਾਨ ਹੈ ਪਰ ਫਿਰ ਵੀ ਇੱਥੇ ਦੁਨੀਆ ਭਰ ਦੇ ਮੁਲਕਾਂ ਵੱਖ-ਵੱਖ ਨਸਲਾਂ ਤੇ ਵਰਗਾਂ ਦੇ ਲੋਕ ਆ ਕੇ ਰਹਿੰਦੇ ਹਨ ਤੇ ਉਨ•ਾਂ ਦੀਆਂ ਭਾਸ਼ਾਵਾਂ ਵੀ ਵੱਖੋ-ਵੱਖਰੀਆਂ ਹਨ ਪਰ ਇਸ ਮਾਮਲੇ ਵਿਚ ਉਹ ਕਾਫੀ ਖੁਸ਼ਕਿਸਮਤ ਰਹੇ ਕਿ ਉਨ•ਾਂ ਨੂੰ ਕੁਝ ਭਾਸ਼ਾਵਾਂ ਦਾ ਗਿਆਨ ਹੋਣ ਕਾਰਨ ਉਹ ਲੋਕਾਂ ਨਾਲ ਆਪਣਾ ਤਾਲਮੇਲ ਬਿਹਤਰ ਢੰਗ ਨਾਲ ਬਣਾ ਸਕੇ।
ਬਰਤਾਨੀਆ ਦੀ ਸੰਸਦ ‘ਚ ਪੰਜਾਬੀਆਂ ਦੀ ਆਵਾਜ਼ :
ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਬਰਤਾਨੀਆ ਦੀ ਸੰਸਦ ਵਿਚ ਉਨ•ਾਂ ਨੇ ਆਪਣੀ ਪਹਿਲੇ ਭਾਸ਼ਣ ਦੌਰਾਨ ਹੀ ਆਪਣੇ ਇਰਾਦੇ ਸਪਸ਼ਟ ਕਰ ਦਿੱਤੇ ਸਨ ਤੇ ਉਹ ਅੱਗੇ ਤੋਂ ਵੀ ਆਪਣੇ ਭਾਈਚਾਰੇ ਦੀਆਂ ਮੁਸ਼ਕਲਾਂ ਨੂੰ ਇਸੇ ਤਰ•ਾਂ ਜ਼ੋਰਦਾਰ ਢੰਗ ਨਾਲ ਸੰਸਦ ਵਿਚ ਉਠਾਉਂਦੇ ਰਹਿਣਗੇ। ਖਾਸ ਕਰਕੇ ਸਿੱਖਾਂ ਦੀ ਪਛਾਣ ਦੇ ਮੁੱਦੇ ਨੂੰ ਉਹ ਹੋਰ ਵੀ ਅਸਰਦਾਰ ਢੰਗ ਨਾਲ ਚੁੱਕਣਗੇ। ਇਸ ਦੇ ਇਲਾਵਾ ਉਹ ਆਪਣੇ ਹਲਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਵਾਉਣ ਦਾ ਵੀ ਯਤਨ ਕਰਨਗੇ।

ਸਾਕਾ ਨੀਲਾ ਤਾਰਾ ‘ਚ ਬਰਤਾਨੀਆ ਦੀ ਭੂਮਿਕਾ ਲਈ ਥੈਰੇਸਾ ਮੇਅ ‘ਤੇ ਜਾਂਚ ਕਰਾਉਣ ਦਾ ਦਬਾਅ
ਲੰਡਨ/ਬਿਊਰੋ ਨਿਊਜ਼ :
ਬਰਤਾਨੀਆ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ‘ਤੇ 1984 ਵਿਚ ਸ੍ਰੀ ਦਰਬਾਰ ਸਾਹਿਬ ‘ਤੇ ਭਾਰਤੀ ਫ਼ੌਜ ਵੱਲੋਂ ਕੀਤੇ ਗਏ ਹਮਲੇ ਵਿਚ ਬਰਤਾਨਵੀ ਸਰਕਾਰ ਦੀ ਭੂਮਕਾ ਦੀ ਨਿਰਪੱਖ ਜਾਂਚ ਕਰਵਾਉਣ ਲਈ ਦਿਨੋ-ਦਿਨ ਦਬਾਅ ਵਧਦਾ ਜਾ ਰਿਹਾ ਹੈ। ਨਵੇਂ ਜਾਰੀ ਹੋਏ ਸਰਕਾਰੀ ਦਸਤਾਵੇਜ਼ਾਂ ਨੇ ਇਕ ਵਾਰ ਫਿਰ ਸਰਕਾਰ ਨੂੰ ਕਟਹਿਰੇ ਵਿਚ ਲਿਆ ਖੜ•ਾ ਕੀਤਾ ਹੈ। ਸਿੱਖ ਫੈਡਰੇਸ਼ਨ ਯੂ.ਕੇ. ਵੱਲੋਂ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੂੰ ਲਿਖੇ ਗਏ ਪੱਤਰ ਵਿਚ ਮੁੜ ਕਿਹਾ ਗਿਆ ਹੈ ਕਿ ਸਿੱਖ ਭਾਈਚਾਰਾ ਇਸ ਘਟਨਾਕ੍ਰਮ ਦੀ ਪੂਰੀ ਨਿਰਪੱਖ ਜਾਂਚ ਦੀ ਮੰਗ ਕਰਦਾ ਹੈ। ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਦੀ ਸਰਕਾਰ ਵੇਲੇ ਸਰ ਜੈਮਰੀ ਹੇਵੁਡ ਵੱਲੋਂ ਫਰਵਰੀ 2014 ਵਿਚ ਬਰਤਾਨਵੀ ਸੰਸਦ ਵਿਚ ਪੇਸ਼ ਕੀਤੀ ਜਾਂਚ ਰਿਪੋਰਟ ਤੋਂ ਸਿੱਖ ਸੰਤੁਸ਼ਟ ਨਹੀਂ, ਇਸ ਰਿਪੋਰਟ ਨੇ ਸੰਸਦ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਭਾਈ ਅਮਰੀਕ ਸਿੰਘ ਗਿੱਲ ਚੇਅਰਮੈਨ ਸਿੱਖ ਫੈਡਰੇਸ਼ਨ ਯੂ.ਕੇ. ਦੇ ਦਸਤਖ਼ਤਾਂ ਹੇਠ ਭੇਜੀ ਗਈ ਇਕ ਚਿੱਠੀ ਵਿਚ ਕਿਹਾ ਗਿਆ ਹੈ ਕਿ ਐਫ.ਸੀ.ਓ. ਫਾਈਲਾਂ 1984 ਅਤੇ 1985 ਸਾਬਿਤ ਕਰਦੀਆਂ ਹਨ ਕਿ ਸਰਕਾਰ ਵੱਲੋਂ ਇਸ ਮਾਮਲੇ ‘ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿੱਖ ਫੈਡਰੇਸ਼ਨ ਯੂ.ਕੇ. ਨੇ ਕਿਹਾ ਹੈ ਕਿ ਸਿੱਖਾਂ ਦੀ ਇਸ ਮੰਗ ਵਿਚ ਉਨ•ਾਂ ਨੂੰ ਕਰਾਸ ਪਾਰਟੀ ਸੰਸਦ ਮੈਂਬਰਾਂ ਦਾ ਸਹਿਯੋਗ ਹਾਸਲ ਹੈ, ਜਿਸ ਵਿਚ ਲੇਬਰ ਅਤੇ ਐਸ.ਐਨ.ਪੀ. ਦੇ ਸਮੂਹ ਸੰਸਦ ਮੈਂਬਰ ਉਨ•ਾਂ ਨਾਲ ਹਨ।