ਚੀਨ ਦੇ ਵਿਰੋਧ ਨੂੰ ਨਜ਼ਰ ਅੰਦਾਜ਼ ਕਰਦਿਆਂ ਭਾਰਤੀ ਫ਼ੌਜ ਨੇ ਡੋਕਾਲਮ ‘ਚ ਗੱਡੇ ਪੱਕੇ ਤੰਬੂ
ਨਵੀਂ ਦਿੱਲੀ/ਬਿਊਰੋ ਨਿਊਜ਼ :
ਚੀਨ ਦੇ ਵਿਰੋਧ ਨੂੰ ਨਜ਼ਰ-ਅੰਦਾਜ਼ ਕਰਦੇ ਹੋਏ ਭਾਰਤ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਡੋਕਾਲਮ ਵਿਚੋਂ ਪਿੱਛੇ ਨਹੀਂ ਹਟੇਗਾ। ਭਾਰਤੀ ਫ਼ੌਜ ਨੇ ਭਾਰਤ, ਚੀਨ ਅਤੇ ਭੂਟਾਨ ਦੇ ਟਰਾਈ ਜੰਕਸ਼ਨ ਦੇ ਕੋਲ ਡੋਕਾਲਮ ਇਲਾਕੇ ਵਿਚ ਆਪਣਾ ਤੰਬੂ ਲਗਾ ਲਿਆ ਹੈ ਜਿਸ ਦਾ ਮਤਲਬ ਹੈ ਕਿ ਭਾਰਤੀ ਫ਼ੌਜ ਇਸ ਇਲਾਕੇ ਵਿਚ ਲੰਬੇ ਸਮੇਂ ਤੱਕ ਰਹੇਗੀ। ਇਹ ਇਸ ਗੱਲ ਦੇ ਵੀ ਸੰਕੇਤ ਹਨ ਕਿ ਚੀਨੀ ਸੈਨਿਕਾਂ ਦੇ ਪਿੱਛੇ ਹਟਣ ਤੋਂ ਪਹਿਲਾਂ ਭਾਰਤੀ ਸੈਨਾ ਸਰਹੱਦ ਨਹੀਂ ਛੱਡੇਗੀ। ਅਧਿਕਾਰਤ ਸੂਤਰਾਂ ਅਨੁਸਾਰ ਲਗਭਗ 10,000 ਫੁੱਟ ਦੀ ਉਚਾਈ ‘ਤੇ ਤੈਨਾਤ ਸੈਨਿਕਾਂ ਲਈ ਰਾਸ਼ਨ ਦੀ ਪੂਰਤੀ ਸੁਨਿਸ਼ਚਿਤ ਕਰ ਦਿੱਤੀ ਗਈ ਹੈ। ਭਾਰਤ ਨੇ ਇਸ ਦੌਰਾਨ ਸਾਫ਼ ਕਰ ਦਿੱਤਾ ਹੈ ਕਿ ਸਿੱਕਮ ਮੁੱਦੇ ਦਾ ਅਗਰ ਹੱਲ ਨਿਕਲੇਗਾ ਤਾਂ ਉਹ ਕੂਟਨੀਤਿਕ ਹੀ ਹੋਵੇਗਾ। ਉਥੇ ਦੂਜੇ ਪਾਸੇ ਚੀਨ ਇਥੋਂ ਤਕ ਧਮਕੀ ਦੇ ਚੁੱਕਿਆ ਹੈ ਕਿ ਉਹ ਇਸ ਮੁੱਦੇ ‘ਤੇ ‘ਝੁਕਣ’ ਵਾਲਾ ਨਹੀਂ ਅਤੇ ਹੁਣ ਭਾਰਤ ਨੂੰ ਤੈਅ ਕਰਨਾ ਹੈ ਕਿ ਉਹ ਇਸ ਮਾਮਲੇ ਵਿਚ ਯੁੱਧ ਚਾਹੁੰਦਾ ਹੈ ਜਾਂ ਸ਼ਾਂਤੀ। ਵਰਣਨਯੋਗ ਹੈ ਕਿ ਦੋਵਾਂ ਦੇਸ਼ਾਂ ਨੇ 2012 ਵਿਚ ਇਕ ਵਿਵਸਥਾ ਬਣਾਈ ਸੀ ਜਿਸ ਤਹਿਤ ਸਰਹੱਦ ਵਿਵਾਦ ਨਾਲ ਜੁੜੇ ਮੁੱਦਿਆਂ ਨੂੰ ਕਈ ਪੱਧਰਾਂ ਦੀ ਗੱਲਬਾਤ ਰਾਹੀਂ ਸੁਲਝਾਇਆ ਜਾਣਾ ਸੀ, ਪਰ ਭੂਟਾਨ ਟਰਾਈ ਜੰਕਸ਼ਨ ਨਾਲ ਜੁੜੇ ਮਾਮਲਿਆਂ ਵਿਚ ਇਹ ਵਿਵਸਥਾ ਕੰਮ ਕਰਦੀ ਨਜ਼ਰ ਨਹੀਂ ਆ ਰਹੀ। ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਤਿੰਨ ਹਫ਼ਤਿਆਂ ਤੋਂ ਇਥੇ ਆਹਮਣੇ-ਸਾਹਮਣੇ ਹਨ। ਭਾਰਤ ਇਹ ਸਾਫ਼ ਕਰ ਚੁੱਕਿਆ ਹੈ ਕਿ ਡੋਕਾ ਲਾ ਇਲਾਕੇ ਵਿਚ ਸੜਕ ਨਿਰਮਾਣ ਨਾਲ ਮੌਜੂਦਾ ਸਥਿਤੀ ਵਿਚ ਬਦਲਾਅ ਹੋਵੇਗਾ ਜੋ ਭਾਰਤ ਦੀ ਸੁਰੱਖਿਆ ਲਈ ਗੰਭੀਰ ਖ਼ਤਰਾ ਸਾਬਿਤ ਹੋ ਸਕਦਾ ਹੈ। ਚੀਨ ਵੱਲੋਂ ਬਣਾਈ ਜਾ ਰਹੀ ਸੜਕ ਰਣਨੀਤਿਕ ਰੂਪ ਨਾਲ ਚੀਨ ਨੂੰ ਭਾਰਤ ‘ਤੇ ਬੜ੍ਹਤ ਦਿਵਾ ਸਕਦੀ ਹੈ। ਸਬੰਧਤ ਇਲਾਕੇ ਨੂੰ ਭਾਰਤ ਡੋਕਾਲਮ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਜਦੋਂਕਿ ਭੂਟਾਨ ਇਸ ਨੂੰ ਡੋਕਾਲਮ ਕਹਿੰਦਾ ਹੈ ਅਤੇ ਚੀਨ ਇਸ ਨੂੰ ਡੋਂਗਲਾਂਗ ਖੇਤਰ ਦਾ ਹਿੱਸਾ ਮੰਨਦਾ ਹੈ।
Comments (0)