ਮਾਈਨਿੰਗ ਵਿਭਾਗ ਵਲੋਂ‘ਆਪ’ ਆਗੂ ਹਰਪ੍ਰੀਤ ਸਿੰਘ ਕਾਹਲੋਂ ਦੇ ਕਰੱਸ਼ਰ ਸੀਲ
ਨੂਰਪੁਰਬੇਦੀ/ਬਿਊਰੋ ਨਿਊਜ਼ :
ਮਾਈਨਿੰਗ ਵਿਭਾਗ ਚੰਡੀਗੜ੍ਹ ਦੀ ਟੀਮ ਨੇ ਪੁਲੀਸ ਫੋਰਸ ਨੂੰ ਨਾਲ ਲੈ ਕੇ ਐਲਗਰਾਂ, ਸੈਂਸੋਵਾਲ, ਸੁਆੜਾ ਅਤੇ ਪਲਾਟਾ ਵਿੱਚ ਸੁਆਂ ਦੇ ਕੰਢੇ ‘ਤੇ ਲੱਗੇ ਸਟੋਨ ਕਰੱਸ਼ਰਾਂ ਤੇ ਸਕਰੀਨਿੰਗ ਪਲਾਂਟਾਂ ‘ਤੇ ਛਾਪੇ ਮਾਰੇ। ਮਾਈਨਿੰਗ ਵਿਭਾਗ ਦੀਆਂ ਦੋ ਟੀਮਾਂ ਦੀ ਅਗਵਾਈ ਵਿਭਾਗ ਦੇ ਡਿਪਟੀ ਡਾਇਰੈਕਟਰ ਵਿਸ਼ਵਬੰਧੂ ਕਰ ਰਹੇ ਸਨ। ਉਨ੍ਹਾਂ ਮੁਹਾਲੀ ਪੁਲੀਸ ਫੋਰਸ ਨੂੰ ਨਾਲ ਲੈ ਕੇ ਜਿਸ ਦੀ ਅਗਵਾਈ ਐਸਪੀ (ਟਰੈਫ਼ਿਕ) ਮੁਹਾਲੀ ਤਰੁਨ ਰਤਨ ਕਰ ਰਹੇ ਸਨ, ‘ਆਪ’ ਦੇ ਯੂਥ ਵਿੰਗ ਦੇ ਸੂਬਾ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਕਾਹਲੋਂ ਦੇ ਦੋ ਸਟੋਨ ਕਰੱਸ਼ਰਾਂ ਤੇ ਸਕਰੀਨਿੰਗ ਪਲਾਂਟ ਪਿੰਡ ਪਲਾਟਾ ਤੇ ਐਲਗਰਾਂ ‘ਤੇ ਛਾਪਾ ਮਾਰਿਆ। ਟੀਮ ਦੇ ਨਾਲ ਮਾਈਨਿੰਗ ਵਿਭਾਗ ਤੇ ਜੁਆਇੰਟ ਡਾਇਰੈਕਟਰ ਦਲਜੀਤ ਸਿੰਘ ਸਿੱਧੂ, ਮਾਈਨਿੰਗ ਵਿਭਾਗ ਦੇ ਐਸਪੀ ਅਮਨਪ੍ਰੀਤ ਸਿੰਘ ਘੁੰਮਣ ਵੀ ਨਾਲ ਸਨ। ਆਪ ਯੂਥ ਆਗੂ ਸ੍ਰੀ ਕਾਹਲੋਂ ਦੇ ਦਸਮੇਸ਼ ਸਟੋਨ ਕਰੱਸ਼ਰ ਐਲਗਰਾਂ ਦੇ ਕਾਹਲੋਂ ਸਕਰੀਨਿੰਗ ਪਲਾਟ ਪਿੰਡ ਪਲਾਟਾ ਵਿੱਚ ਜਦੋਂ ਟੀਮਾਂ ਨੇ ਛਾਪਾ ਮਾਰਿਆ ਤਾਂ ਉਥੇ 100 ਟਿੱਪਰਾਂ ਦਾ ਮਾਲ ਪਿਆ ਸੀ ਤੇ ਉਨ੍ਹਾਂਕੋਲ ਸਿਰਫ ਦੋ ਹੀ ਟਿੱਪਰਾਂ ਦੇ ਕਾਗਜ਼ ਸਨ। ਵਾਧੂ ਮਾਲ ਨੂੰ ਜ਼ਬਤ ਕਰ ਲਿਆ ਗਿਆ ਹੈ। ‘ਆਪ’ ਆਗੂ ਕਾਹਲੋਂ ਦਸਮੇਸ਼ ਕਰੱਸ਼ਰ ਦੇ ਰਜਿਸਟਰੇਸ਼ਨ ਦੇ ਕਾਗਜ਼ ਵੀ ਨਹੀਂ ਦਿਖਾ ਸਕਿਆ। ਜੁਅਇੰਟ ਮਾਈਨਿੰਗ ਡਾਇਰੈਕਟਰ ਦਲਜੀਤ ਸਿੰਘ ਸਿੱੱਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਇੱਥੇ ਗੈਰਕਾਨੂੰਨੀ ਕੰਮ ਚੱਲ ਰਿਹਾ ਹੈ। ਜਾਂਚ ਕਰਨ ‘ਤੇ ਗੋਲ ਬਜ਼ਰੀ (ਗਰੈਬਲ) ਤੇ ਬਰੀਕ ਬਜ਼ਰੀ ਦੇ ਢੇਰ ਲੱਗੇ ਹੋਏ ਸਨ। 100 ਤੋਂ ਵੱਧ ਟਿੱਪਰਾਂ ਦਾ ਸਟਾਕ ਪਿਆ ਸੀ ਜਿਸ ਦਾ ਕੋਈ ਵੀ ਰਿਕਾਰਡ ਨਹੀਂ ਸੀ। ਉਨ੍ਹਾਂ ਕਿਹਾ ਕਿ ਦੋਨਾਂ ਸਟੋਨ ਕਰੱਸ਼ਰਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੋਵਾਂ ਸਟੋਨ ਕਰੱਸ਼ਰਾਂ ਵਿਰੁੱਧ ਸਥਾਨਕ ਪੁਲੀਸ ਕੋਲ ਪਰਚਾ ਦਰਜ ਕਰਕੇ ਦੋਵੇਂ ਕਰੱਸ਼ਰਾਂ ਨੂੰ ਸੀਲ ਕਰ ਦਿੱਤਾ ਗਿਆ ਹੈ।
ਕਾਹਲੋਂ ਨੇ ਕਿਹਾ-ਬਦਲਾਲਊ ਭਾਵਨਾ ਤਹਿਤ ਕੇਸ ਦਰਜ:
‘ਆਪ’ ਦੇ ਯੂਥ ਵਿੰਗ ਦੇ ਸੂਬਾ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਕਾਹਲੋਂ ਨੇ ਕਿਹਾ ਕਿ ਉਸ ਨੂੰ ਬਦਨਾਮ ਕਰਨ ਦੀ ਕਾਂਗਰਸ ਸਰਕਾਰ ਦੀ ਇਹ ਕੋਜੀ ਚਾਲ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਪਿੰਡ ਪਲਾਟਾ ਤੇ ਐਲਗਰਾਂ ਵਿੱਚ ਲੱਗੇ ਸਟੋਨ ਕਰੱਸ਼ਰ ਤੇ ਸਕਰੀਨਿੰਗ ਪਲਾਟ ਦੇ ਕਾਗਜ਼ ਪੱਤਰ ਪੂਰੇ ਹਨ ਤੇ ਉਸ ਨਾਲ ਧੱਕਾ ਕੀਤਾ ਗਿਆ ਹੈ।
ਹਲਕਾ ਰੂਪਨਗਰ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਦਾਅਵਾ ਕੀਤਾ ਕਿ ‘ਆਪ’ ਦੇ ਯੂਥ ਆਗੂ ਹਰਪ੍ਰੀਤ ਸਿੰਘ ਕਾਹਲੋਂ ‘ਤੇ ਇਸ ਹਲਕੇ ਤੋਂ ਚੋਣ ਲੜ ਚੁੱਕੇ ਕਾਂਗਰਸ ਆਗੂ ਬਰਿੰਦਰ ਸਿੰਘ ਢਿੱਲੋਂ ਦੇ ਕਹਿਣ ‘ਤੇ ਨਾਜਾਇਜ਼ ਮਾਈਨਿੰਗ ਦਾ ਪਰਚਾ ਦਰਜ ਕੀਤਾ ਗਿਆ ਹੈ।
ਕਾਂਗਰਸੀ ਨੇਤਾ ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਸਾਡਾ ਕੰਮ ਹਲਕੇ ਦਾ ਵਿਕਾਸ ਕਰਵਾਉਣਾ ਹੈ ਝੂਠੇ ਪਰਚੇ ਦਰਜ ਕਰਵਾਉਣਾ ਨਹੀਂ ਹੈ। ਹਲਕੇ ਵਿੱਚ ਕੀ ਗਲਤ ਹੋ ਰਿਹਾ ਹੈ ਇਹ ਦੇਖਣਾ ਜ਼ਿਲ੍ਹਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ।
Comments (0)