ਅਕਾਲੀ-ਭਾਜਪਾ ਤੇ ਸ਼੍ਰੋਮਣੀ ਕਮੇਟੀ ਵਲੋਂ ਕੈਪਟਨ ਸਰਕਾਰ ਖ਼ਿਲਾਫ਼ ਧਰਨੇ

ਅਕਾਲੀ-ਭਾਜਪਾ ਤੇ ਸ਼੍ਰੋਮਣੀ ਕਮੇਟੀ ਵਲੋਂ ਕੈਪਟਨ ਸਰਕਾਰ ਖ਼ਿਲਾਫ਼ ਧਰਨੇ
ਲੁਧਿਆਣਾ ਵਿੱਚ ਮਿੰਨੀ ਸਕੱਤਰੇਤ ਮੂਹਰੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਵਲੋਂ ਕਾਂਗਰਸ ਦੇ ਤਿੰਨ ਮਹੀਨਿਆਂ ਦੇ ‘ਕੁਸ਼ਾਸਨ’ ਖ਼ਿਲਾਫ਼ ਦਿੱਤੇ ਧਰਨੇ ਮੌਕੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਮੰਚ ਤੱਕ ਪਹੁੰਚਣ ਵਿੱਚ ਮੱਦਦ ਕਰਦੇ ਵਰਕਰ।

ਲੁਧਿਆਣਾ/ਬਿਊਰੋ ਨਿਊਜ਼ :
ਰੇਤੇ ਦੀਆਂ ਖੱਡਾਂ ਦੀ ਨਿਲਾਮੀ, ਦਲਿਤਾਂ ‘ਤੇ ਅੱਤਿਆਚਾਰ ਅਤੇ ਸੂਬੇ ਦੀ ਕਾਨੂੰਨ ਵਿਵਸਥਾ ਵਿਗੜਨ ਨੂੰ ਆਧਾਰ ਬਣਾ ਕੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਲੋਂ ਇੱਥੇ ਕਾਂਗਰਸ ਖ਼ਿਲਾਫ਼ ਦਿੱਤੇ ਧਰਨੇ ਵਿੱਚ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਸ਼ਾਮਲ ਹੋਏ। ਕੇਂਦਰੀ ਮੰਤਰੀ ਵਿਜੈ ਸਾਂਪਲਾ ਵੀ ਧਰਨੇ ਵਿੱਚ ਪੁੱਜੇ ਹੋਏ ਸਨ। ਇਸ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਤਿੰਨ ਮਹੀਨਿਆਂ ਵਿੱਚ ਹੀ ਕਾਂਗਰਸ ਨੇ ਸੂਬੇ ਦਾ ਮਾੜਾ ਹਾਲ ਕਰ ਦਿੱਤਾ ਹੈ। ਸੂਬੇ ਦੀ ਕਾਨੂੰਨ ਵਿਵਸਥਾ ਖ਼ਤਮ ਹੋ ਗਈ ਹੈ ਅਤੇ ਅਮਨ-ਸ਼ਾਂਤੀ ਭੰਗ ਹੋ ਗਈ ਹੈ। ਹਾਲਾਤ ਏਨੇ ਮਾੜੇ ਹਨ ਕਿ ਪੁਲੀਸ ਮੁਲਾਜ਼ਮ ਤੱਕ ਸੁਰੱਖਿਅਤ ਨਹੀਂ ਹਨ। ਕੁਝ ਦਿਨ ਪਹਿਲਾਂ ਹੀ ਮਹਿਲਾ ਸਿਪਾਹੀ ਨੇ ਖ਼ੁਦਕੁਸ਼ੀ ਕੀਤੀ ਹੈ।
ਸ੍ਰੀ ਬਾਦਲ ਨੇ ਕੈਪਟਨ ਸਰਕਾਰ ਨੂੰ ਕਿਹਾ ਕਿ ਉਹ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ। ਉਨ੍ਹਾਂਂ ਕਿਹਾ ਕਿ  ਅਕਾਲੀ ਦਲ-ਭਾਜਪਾ ਕਿਸੇ ਵੀ ਕੀਮਤ ‘ਤੇ ਕੈਪਟਨ ਸਰਕਾਰ ਨੂੰ ਕੀਤੇ ਵਾਅਦਿਆਂ ਤੋਂ ਭੱਜਣ ਨਹੀਂ ਦੇਵੇਗੀ। ਅਕਾਲੀ ਦਲ ਨੇ ਸੋਚਿਆ ਸੀ ਕਿ ਕੈਪਟਨ ਸਰਕਾਰ ਨੂੰ ਛੇ ਮਹੀਨੇ ਕੰਮ ਕਰਨ ਦਾ ਮੌਕਾ ਦਿੱਤੇ ਜਾਵੇ ਪਰ ਸਰਕਾਰ ਨੇ ਆਪਣੇ ਤਿੰਨ ਮਹੀਨੇ ਦੇ ਕਾਰਜਕਾਲ ਵਿੱਚ ਹੀ ਘੁਟਾਲੇ ਕਰਨੇ ਸ਼ੁਰੂ ਕਰ ਦਿੱਤੇ ਹਨ। ਕੈਪਟਨ ਸਰਕਾਰ ਨੇ ਹਰ ਵਾਅਦੇ ਤੋਂ ਮੁੱਕਰਦਿਆਂ ਲੋਕਾਂ ਲਈ ਸ਼ੁਰੂ ਕੀਤੀਆਂ ਸਹੂਲਤਾਂ ਬੰਦ ਕਰ ਦਿੱਤੀਆਂ ਹਨ ਤੇ ਵਿਰੋਧ ਕਰਨ ਵਾਲਿਆਂ ‘ਤੇ ਝੂਠੇ ਕੇਸ ਪਾਏ ਜਾ ਰਹੇ ਹਨ।
ਸੁਖਬੀਰ ਨੇ ਪੁਲੀਸ ਅਧਿਕਾਰੀਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਝੂਠੇ ਕੇਸ ਦਰਜ ਕਰਨ ਵਾਲੇ ਅਧਿਕਾਰੀਆਂ ਨੂੰ ਹਾਈ ਕੋਰਟ ਵਿੱਚ ਲਿਜਾਇਆ ਜਾਵੇਗਾ। ਉਨ੍ਹਾਂਂ ਦਾਅਵਾ ਕੀਤਾ ਕਿ ਰੇਤ ਨਿਲਾਮੀ ਘੁਟਾਲੇ ਵਿੱਚ ਕਥਿਤ ਤੌਰ ‘ਤੇ ਸਿਰਫ਼ ਰਾਣਾ ਗੁਰਜੀਤ ਨਹੀਂ ਸਗੋਂ 15 ਕਾਂਗਰਸੀ ਵਿਧਾਇਕ ਸ਼ਾਮਲ ਹਨ। ਅਮਰਿੰਦਰ ਸਿੰਘ ਨੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਉਹ ਇਸ ਵਾਅਦੇ ਤੋਂ ਪਿੱਛੇ ਹਟਣ ਲੱਗੇ ਹਨ। ਉਧਰ ਯੂਪੀ ਦੀ ਭਾਜਪਾ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰ ਦਿੱਤਾ ਹੈ ਤੇ ਮਹਾਰਾਸ਼ਟਰ ਦੀ ਭਾਜਪਾ ਸਰਕਾਰ ਨੇ ਕਰਜ਼ਾ ਮੁਆਫ਼ ਕਰਨ ਦਾ ਐਲਾਨ ਕਰ ਦਿੱਤਾ ਹੈ।  ਉਨ੍ਹਾਂਂ ਕਿਹਾ ਕਿ ਅਮਰਿੰਦਰ ਸਿੰਘ ਤੇ ਰਾਹੁਲ ਗਾਂਧੀ ਨੇ ਰਲ਼ ਕੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਕਹਿ ਕੇ ਬਦਨਾਮ ਕੀਤਾ ਸੀ। ਹੁਣ ਕੈਪਟਨ ਪੰਜਾਬ ‘ਚੋਂ ਨਸ਼ਾ ਖਤਮ ਹੋਣ ਦੀ ਗ਼ੱਲ ਆਖ ਰਹੇ ਹਨ ਪਰ ਸਵਾਲ ਇਹ ਹੈ ਕਿ ਰਾਹੁਲ ਗਾਂਧੀ ਦੇ ਕਹਿਣ ਅਨੁਸਾਰ 70 ਫੀਸਦ ਨਸ਼ੇੜੀ ਨੌਜਵਾਨ ਆਖਰ ਕਿਸ ਨਸ਼ਾ ਮੁਕਤੀ ਕੇਂਦਰ ਜਾਂ ਹਸਪਤਾਲ ਵਿੱਚ ਭਰਤੀ ਹਨ। ਪੁਲੀਸ ਨੇ ਤਾਂ ਕੈਪਟਨ ਸਰਕਾਰ ਦੇ ਰਾਜ ਵਿੱਚ ਸਿਰਫ਼ ਢਾਈ ਕਿਲੋ ਨਸ਼ਾ ਫੜਿਆ ਹੈ।
ਪੰਜਾਬ ਭਾਜਪਾ ਦੇ ਪ੍ਰਧਾਨ ਤੇ ਕੇਂਦਰੀ ਮੰਤਰੀ ਵਿਜੈ ਸਾਂਪਲਾ ਨੇ ਕਿਹਾ ਕਿ ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ ਸਿਰਫ਼ ਤਿੰਨ ਮਹੀਨਿਆਂ ਵਿੱਚ ਹੀ ਕਿਸੇ ਸਰਕਾਰ ਖ਼ਿਲਾਫ਼ ‘ਜਨਤਾ’ ਸੜਕਾਂ ‘ਤੇ ਉਤਰ ਆਈ ਹੋਵੇ। ਕੈਪਟਨ ਸਰਕਾਰ ਦੇ ਤਿੰਨ ਮਹੀਨੇ ਦੇ ਕਾਰਜਕਾਲ ਵਿੱਚ ਤਿੰਨ ਤੋਂ ਜ਼ਿਆਦਾ ਘੁਟਾਲੇ ਹੋ ਚੁੱਕੇ ਹਨ। ਇਸ ਮੌਕੇ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ, ਸੀਨੀਅਰ ਵਾਈਸ ਪ੍ਰਧਾਨ ਜਸਪਾਲ ਸਿੰਘ ਬੰਟੀ, ਸਰਬੀਤ ਸਿੰਘ ਸ਼ੰਟੀ, ਇੰਦਰ ਇਕਬਾਲ ਸਿੰਘ ਅਟਵਾਲ, ਹੀਰਾ ਸਿੰਘ ਗਾਬੜੀਆ, ਜੀਵਨ ਗੁਪਤਾ ਹਾਜ਼ਰ ਸਨ। ਬਾਅਦ ਵਿੱਚ ਅਕਾਲੀ-ਭਾਜਪਾ ਦੀ ਜ਼ਿਲ੍ਹਾ ਕਾਰਜਕਾਰਨੀ ਨੇ ਮਿਲ ਕੇ ਡੀਸੀ ਨੂੰ ਮੰਗ ਪੱਤਰ ਵੀ ਦਿੱਤਾ।
ਪਟਿਆਲਾ : ਜ਼ਿਲ੍ਹਾ ਹੈੱਡਕੁਆਰਟਰ ਅੱਗੇ ਅਕਾਲੀ ਦਲ ਵਲੋਂ ਕੈਪਟਨ ਸਰਕਾਰ ਖ਼ਿਲਾਫ਼ ਦਿੱਤੇ ਧਰਨੇ ਦੀ ਅਗਵਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕ੍ਰਿਪਾਲ ਸਿੰਘ ਬੰਡੂਗਰ ਨੇ ਕੀਤੀ। ਉਨ੍ਹਾਂਂ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖ਼ਲ ਦੇ ਰਹੀ ਹੈ। ਸ੍ਰੀ ਬਡੂੰਗਰ ਨੇ ਕਿਹਾ ਕਿ ਅਮਰਿੰਦਰ ਸਿੰਘ ਸਰਕਾਰ ਘੁਟਾਲਿਆਂ ਦੀ ਸਰਕਾਰ ਸਾਬਤ ਹੋ ਰਹੀ ਹੈ, ਨਾਲੇ ਚੋਣਾਂ ਦੌਰਾਨ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ। ਇਸ ਸਰਕਾਰ ਨੇ ਹੁਣ ਆਪਣੀ ਪਾਰਟੀ ਦੇ ਆਗੂਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਚਲਾਏ ਜਾ ਰਹੇ ਗੁਰਦੁਆਰਿਆਂ ਤੇ ਹੋਰ ਸੰਸਥਾਵਾਂ ਦੀਆਂ ਜ਼ਮੀਨਾਂ ‘ਤੇ ਕਬਜ਼ੇ ਕਰਨ ਲਈ ‘ਕਹਿ’ ਦਿੱਤਾ ਹੈਗ਼ ਇਸੇ ਲੜੀ ਤਹਿਤ ਬਠਿੰਡਾ ਜ਼ਿਲ੍ਹੇ ਵਿੱਚ ਗੁਰਦੁਆਰੇ ਦੀ ਬੇਸ਼ਕੀਮਤੀ ਜ਼ਮੀਨ ‘ਤੇ ਕਾਂਗਰਸੀ ਆਗੂਆਂ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ।
ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਤੇ ਸਨੌਰ ਹਲਕੇ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇਸ਼ ਦੀ ਪਹਿਲੀ ਅਜਿਹੀ ਸਰਕਾਰ ਸਾਬਤ ਹੋਈ ਹੈ, ਜਿਸ ਨੇ ਚੱਲਦੇ ਵਿਕਾਸ ਕਾਰਜ ਰੋਕ ਕੇ ਗ੍ਰਾਂਟ ਵਾਪਸ ਮੰਗਵਾ ਲਈ ਹੈ। ਉਨ੍ਹਾਂਂ ਕਿਹਾ ਕਿ ਹਰ ਘਰ ਨੌਕਰੀ ਦਾ ਵਾਅਦਾ ਕਰਨ ਵਾਲੀ ਸਰਕਾਰ ਨੇ ਸਭ ਤੋਂ ਪਹਿਲੀ ਨੌਕਰੀ ਬੇਅੰਤ ਸਿੰਘ ਦੇ ਪਰਿਵਾਰ ਨੂੰ ਦਿੱਤੀ ਹੈ। ਪੰਜਾਬ ਦੇ ਲੱਖਾਂ ਨੌਜਵਾਨ ਨੌਕਰੀਆਂ ਤੇ ਸਰਕਾਰੀ ਮੋਬਾਈਲ ਫੋਨ ਉਡੀਕ ਰਹੇ ਹਨ। ਉਨ੍ਹਾਂਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਹਾਲੇ ਤੱਕ ਠੱਲ੍ਹ ਨਹੀਂ ਪਈ ਹੈ।
ਕਾਂਗਰਸ ਨੇ ਉਡਾਇਆ ਮਜ਼ਾਕ :
ਚੰਡੀਗੜ੍ਹ :ਪੰਜਾਬ ਕਾਂਗਰਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪੱਧਰੀ ਵਿਰੋਧ ਪ੍ਰਦਰਸ਼ਨ ਨੂੰ ਬੇਅਰਥ ਕਰਾਰ ਦਿੰਦਿਆਂ ਕਿਹਾ ਕਿ ਅਕਾਲੀ ਦਲ ਜਦੋਂ ਸੱਤਾ ਵਿੱਚ ਸੀ ਤਾਂ ਸਿੱਖ ਭਾਈਚਾਰੇ ਦੇ ਹਿੱਤਾਂ ਦੀ ਰਾਖੀ ਵਿੱਚ ਅਸਫ਼ਲ ਰਿਹਾ ਤੇ ਹੁਣ ਆਪਣੀ ਅਸਫ਼ਲਤਾ ਤੋਂ ਧਿਆਨ ਹਟਾਉਣ ਲਈ ਵਿਰੋਧ ਪ੍ਰਦਰਸ਼ਨਾਂ ਦਾ ਸਹਾਰਾ ਲੈ ਰਿਹਾ ਹੈ। ਇੱਥੇ ਜਾਰੀ ਬਿਆਨ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬਹੁਤੇ ਆਗੂਆਂ ਨੇ ਅਕਾਲੀ ਦਲ ਦੇ ਇਸ ਕਦਮ ਨੂੰ ਸੂਬੇ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼ ਦੱਸਿਆ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨਾਂ ਹਰਿੰਦਰ ਸਿੰਘ ਭਾਂਬਰੀ, ਸੁਖਪਾਲ ਸਿੰਘ ਭੁੱਲਰ, ਬਲਬੀਰ ਸਿੰਘ ਸਿੱਧੂ ਅਤੇ ਨਰਿੰਦਰ ਸਿੰਘ ਭਲੇਰੀਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਵਿਰਾਸਤੀ ਸਟਰੀਟ ‘ਚ ਸ਼ਰਾਬ ਦੀ ਇਸ਼ਤਿਹਾਰਬਾਜ਼ੀ ਦੇ ਮੁੱਦੇ ‘ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਹੁਣ ਇਹ ਪਾਰਟੀ ਖ਼ੁਦ ਹੀ ਇਸ ਮਾਮਲੇ ‘ਤੇ ਨਿਸ਼ਾਨਾ ਬਣ ਗਈ ਕਿਉਂਕਿ ਐਲ.ਈ.ਡੀ. ਸਕਰੀਨਾਂ ਨੂੰ ਪਟੇ ‘ਤੇ ਦੇਣ ਦੇ ਫ਼ੈਸਲੇ ਲਈ ਇਹੀ ਪਾਰਟੀ ਜ਼ਿੰਮੇਵਾਰ ਹੈ। ਇਹ ਫ਼ੈਸਲਾ ਕਾਨੂੰਨੀ ਪ੍ਰਕਿਰਿਆ ਨੂੰ ਅਪਣਾਏ ਬਿਨਾਂ ਕੀਤਾ ਗਿਆ। ਉਨ੍ਹਾਂਂ ਕਿਹਾ ਕਿ ਵਿੱਤੀ ਘਪਲਿਆਂ ਅਤੇ ਮਾੜੇ ਪ੍ਰਬੰਧਾਂ ਦੇ ਵੱਖ-ਵੱਖ ਮਾਮਲਿਆਂ ਕਾਰਨ ਅਕਾਲੀ ਦਲ ਹੁਣ ਨਿਰਾਸ਼ਾ ਦੇ ਆਲਮ ਵਿੱਚ ਆਪਣੀਆਂ ਗ਼ਲਤੀਆਂ ‘ਤੇ ਪਰਦਾ ਪਾਉਣ ਲਈ ਹੱਥ-ਪੈਰ ਮਾਰ ਰਿਹਾ ਹੈ। ਉਨ੍ਹਾਂਂ ਕਿਹਾ ਕਿ ਅਕਾਲੀ-ਭਾਜਪਾ ਦੇ ਰਾਜ ਦੌਰਾਨ ਹੋਈਆਂ ਵਿੱਤੀ ਬੇਨਿਯਮੀਆਂ ਬਾਰੇ ਕਾਂਗਰਸ ਸਰਕਾਰ ਛੇਤੀ ਹੀ ‘ਵ੍ਹਾਈਟ-ਪੇਪਰ’ ਜਾਰੀ ਕਰੇਗੀ। ਕਾਂਗਰਸੀ ਆਗੁਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅਕਾਲੀਆਂ ਦੇ ਧਰਨਿਆਂ ਨੂੰ ਹਮਾਇਤ ਦਿੱਤੇ ਜਾਣ ਨੂੰ ਮੰਦਭਾਗਾ ਕਰਾਰ ਦਿੱਤਾ।