ਸੁਖਬੀਰ ਬਾਦਲ ਦਾ ‘ਭਲਵਾਨ’ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਕਾਬੂ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਵਿਜੀਲੈਂਸ ਬਿਊਰੋ ਨੇ ਮੰਡੀ ਬੋਰਡ ਦੇ ਨਿਗਰਾਨ ਇੰਜਨੀਅਰ (ਐਸਈ) ਸੁਰਿੰਦਰਪਾਲ ਸਿੰਘ ਉਰਫ਼ ਪਹਿਲਵਾਨ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕਰ ਲਿਆ ਹੈ। ਸੂਬੇ ਵਿੱਚ ਸੱਤਾ ਤਬਦੀਲੀ ਬਾਅਦ ਵਿਜੀਲੈਂਸ ਵਲੋਂ ਬਾਦਲ ਪਰਿਵਾਰ ਦੇ ਕਿਸੇ ਕਰੀਬੀ ਨੂੰ ਸਲਾਖਾਂ ਪਿੱਛੇ ਡੱਕਣ ਦਾ ਇਹ ਪਹਿਲਾ ਮਾਮਲਾ ਹੈ। ਚਹੇਤੀਆਂ ਉਸਾਰੀ ਫਰਮਾਂ ਅਤੇ ਠੇਕੇਦਾਰਾਂ ਨੂੰ ਤਰਫ਼ਦਾਰੀ ਕਰਕੇ ਦਿੱਤੇ ਟੈਂਡਰਾਂ ਰਾਹੀਂ ਬੇਹਿਸਾਬੀ ਜਾਇਦਾਦ ਬਣਾਉਣ ਅਤੇ ਗੈਰਕਾਨੂੰਨੀ ਧਨ ਨੂੰ ਆਪਣੇ ਪਰਿਵਾਰ ਦੀਆਂ ਜਾਅਲੀ ਫਰਮਾਂ ਵਿੱਚ ਜਮ੍ਹਾਂ ਕਰਵਾਉਣ ਦੇ ਦੋਸ਼ ਹੇਠ ਇਸ ਨਿਗਰਾਨ ਇੰਜੀਨੀਅਰ ਸਮੇਤ ਮੈਸ: ਏਕ ਉਂਕਾਰ ਬਿਲਡਰਜ਼ ਐਂਡ ਕੰਟਰੈਕਟਰਜ਼ ਪ੍ਰਾਈ: ਲਿਮ: ਕੰਪਨੀ ਦੇ ਗੁਰਮੇਜ਼ ਸਿੰਘ ਗਿੱਲ ਤੇ ਮੋਹਿਤ ਕੁਮਾਰ, ਮੈਸ: ਰਜਿੰਦਰ ਐਂਡ ਕੰਪਨੀ ਦੇ ਗੁਰਿੰਦਰਪਾਲ ਸਿੰਘ ਉਰਫ਼ ਟਿੰਕੂ ਤੇ ਮੈਸ: ਓਏਸਿਜ਼ ਟੈਕਨਾਲੋਜੀ ਪ੍ਰਾਈ: ਲਿਮ: ਦੇ ਅਮਿਤ ਗਰਗ ਅਤੇ ਹੋਰ ਫਰਮਾਂ/ਕੰਪਨੀਆਂ ਦੇ ਪ੍ਰੋਪਰਾਈਟਰਾਂ/ ਪਾਰਟਨਰਾਂ//ਡਾਇਰੈਕਟਰਾਂ ਤੋਂ ਇਲਾਵਾ ਹੋਰ ਵਿਅਕਤੀਆਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਵਿਜੀਲੈਂਸ ਟੀਮਾਂ ਨੇ ਇਕੋ ਵੇਲੇ ਚੰਡੀਗੜ੍ਹ, ਲੁਧਿਆਣਾ ਅਤੇ ਮੁਹਾਲੀ ‘ਚ ਇਸ ਵਿਅਕਤੀ ਅਤੇ ਕਈ ਕੰਪਨੀਆਂ ਦੇ 9 ਟਿਕਾਣਿਆਂ ‘ਤੇ ਛਾਪੇ ਮਾਰੇ। ਵਿਜੀਲੈਂਸ ਦੇ ਮੁੱਖ ਡਾਇਰੈਕਟਰ ਬੀ.ਕੇ. ਉਪਲ ਨੇ ਦੱਸਿਆ ਕਿ ਵਿਜੀਲੈਂਸ ਨੇ ਪੜਤਾਲ ਦੌਰਾਨ ਭ੍ਰਿਸ਼ਟਾਚਾਰ ਦੇ ਸਬੂਤ ਮਿਲਣ ਬਾਅਦ ਕੇਸ ਦਰਜ ਕਰਕੇ ਕਾਰਵਾਈ ਅਮਲ ‘ਚ ਲਿਆਂਦੀ ਹੈ। ਵਿਜੀਲੈਂਸ ਮੁਖੀ ਨੇ ਦੱਸਿਆ ਕਿ ਸੁਰਿੰਦਰਪਾਲ ਸਿੰਘ ਨੇ ਆਪਣੀ ਪਤਨੀ ਮਨਦੀਪ ਕੌਰ ਅਤੇ ਮਾਤਾ ਸਵਰਨਜੀਤ ਕੌਰ ਦੇ ਨਾਂ ਉਤੇ ਤਿੰਨ ਕੰਪਨੀਆਂ ਰਜਿਸਟਰਡ ਕਰਾਈਆਂ, ਜਿਨ੍ਹਾਂ ਰਾਹੀਂ ਬੇਹਿਸਾਬੀ ਮਾਇਆ ਇਕੱਤਰ ਕਰਨ ਦਾ ਰਾਹ ਕੱਢਿਆ ਗਿਆ। ਵਿਜੀਲੈਂਸ ਮੁਤਾਬਕ ਅਸੈਸ ਐਗਰੋ ਸੀਡਜ਼ ਪ੍ਰਾਈ: ਲਿਮ: 4 ਮਾਰਚ, 2005 ਨੂੰ ਬਣਾਈ ਗਈ। ਐਵਾਰਡ ਐਗਰੋ ਟਰੇਡਰਜ਼ ਪ੍ਰਾਈ: ਲਿਮ: ਤੇ ਓਸਟਰ ਐਗਰੋ ਟਰੇਡਰਜ਼ ਪ੍ਰਾਈ: ਲਿਮ: ਕੰਪਨੀਆਂ 9 ਫਰਵਰੀ, 2009 ਨੂੰ ਬਣਾਈਆਂ ਗਈਆਂ। ਤਿੰਨੋਂ ਕੰਪਨੀਆਂ ਵਿੱਚ ਉਸ ਦੀ ਪਤਨੀ ਮਨਦੀਪ ਕੌਰ ਅਤੇ ਮਾਤਾ ਸਵਰਨਜੀਤ ਕੌਰ ਬਤੌਰ ਡਾਇਰੈਕਟਰਜ਼ 50-50 ਫ਼ੀਸਦ ਸ਼ੇਅਰਾਂ ਦੀਆਂ ਮਾਲਕ ਹਨ। ਇਨ੍ਹਾਂ ਤਿੰਨਾਂ ਕੰਪਨੀਆਂ ਦਾ ਰਜਿਸਟਰਡ ਪਤਾ ਮਕਾਨ ਨੰਬਰ 39, ਡਿਫੈਂਸ ਕਲੋਨੀ ਬੀ.ਆਰ.ਐਸ. ਨਗਰ ਲੁਧਿਆਣਾ ਹੈ, ਜਿਸ ਦੀ ਮਾਲਕੀ ਸੁਰਿੰਦਰਪਾਲ ਸਿੰਘ ਦੀ ਮਾਤਾ ਸਵਰਨਜੀਤ ਕੌਰ ਦੇ ਨਾਂ ਹੈ ਪਰ ਮੌਕੇ ‘ਤੇ ਇਸ ਮਕਾਨ ਵਿੱਚ ਇਨ੍ਹਾਂ ਤਿੰਨਾਂ ਕੰਪਨੀਆਂ ਦਾ ਕੋਈ ਵੀ ਦਫ਼ਤਰ ਮੌਜੂਦ ਨਹੀਂ ਸੀ ਅਤੇ ਇਨ੍ਹਾਂ ਤਿੰਨਾਂ ਕੰਪਨੀਆਂ ਦਾ ਸਾਰਾ ਕੰਮਕਾਜ ਏਕ ਉਂਕਾਰ ਬਿਲਡਰਜ਼ ਕੰਪਨੀ ਦੇ ਦਫ਼ਤਰ ਮਕਾਨ ਨੰਬਰ 36/563, ਪੱਖੋਵਾਲ ਰੋਡ ਲੁਧਿਆਣਾ ਤੋਂ ਹੀ ਚੱਲਦਾ ਸੀ।
ਵਿਜੀਲੈਂਸ ਮੁਖੀ ਮੁਤਾਬਕ ਇਨ੍ਹਾਂ ਤਿੰਨਾਂ ਕੰਪਨੀਆਂ ਦੇ ਬੈਂਕ ਖਾਤਿਆਂ ਵਿੱਚ ਕਰੋੜਾਂ ਰੁਪਏ ਸਾਲਾਨਾ ਦੇ ਹਿਸਾਬ ਨਾਲ ਨਕਦ ਜਮ੍ਹਾਂ ਹੋ ਰਹੇ ਹਨ, ਜਿਨ੍ਹਾਂ ਵਿੱਚੋਂ ਸਾਲ 2012 ਤੋਂ 2016 ਤਕ ਤਕਰੀਬਨ 40 ਕਰੋੜ ਰੁਪਏ ਨਕਦ ਜਮ੍ਹਾਂ ਹੋਣ ਬਾਰੇ ਪਤਾ ਲੱਗ ਚੁੱਕਾ ਹੈ। ਇੱਕ ਕੰਪਨੀ ਤੋਂ ਦੂਜੀਆਂ ਕੰਪਨੀਆਂ ਨੂੰ ਪੈਸਾ ਤਬਦੀਲ ਹੋ ਰਿਹਾ ਹੈ ਅਤੇ ਇਨ੍ਹਾਂ ਕੰਪਨੀਆਂ ਦੇ ਨਾਂ ‘ਤੇ ਬਹੁਤ ਸਾਰੀਆਂ ਬਹੁ-ਕਰੋੜੀ ਜਾਇਦਾਦਾਂ ਵੀ ਖਰੀਦੀਆਂ ਗਈਆਂ ਹਨ। ਇਨ੍ਹਾਂ ਜਾਇਦਾਦਾਂ ਦੀ ਖਰੀਦ ਸਮੇਂ ਕਈ ਵਾਰ ਇਨ੍ਹਾਂ ਕੰਪਨੀਆਂ ਦੇ ਨੁਮਾਇੰਦੇ ਵਜੋਂ ਗੁਰਮੇਜ਼ ਸਿੰਘ ਗਿੱਲ ਵਲੋਂ ਬਤੌਰ ਖਰੀਦਦਾਰ ਦਸਤਖ਼ਤ ਕੀਤੇ ਗਏ ਹਨ। ਪੜਤਾਲ ਦੌਰਾਨ ਇਨ੍ਹਾਂ ਤਿੰਨਾਂ ਕੰਪਨੀਆਂ ਵਲੋਂ ਕੋਈ ਖਾਸ ਜਾਣੂ ਕਾਰੋਬਾਰ ਕੀਤਾ ਜਾਣਾ ਨਹੀਂ ਪਾਇਆ ਗਿਆ।
ਇਕ ਦਹਾਕੇ ਤੋਂ ਚਲਾ ਰਿਹਾ ਸੀ ਆਪਣਾ ‘ਰਾਜ’ ਵਿਜੀਲੈਂਸ ਦੇ ਮੁੱਖ ਡਾਇਰੈਕਟਰ ਬੀ. ਕੇ ਉਪਲ ਨੇ ਦੱਸਿਆ ਕਿ ਇੱਕ ਹੋਰ ਪ੍ਰਾਈਵੇਟ ਲਿਮਟਿਡ ਕੰਪਨੀ ਏਕਮੇ ਕਰੱਸ਼ਰਜ਼ ਐਂਡ ਬਿਲਡਰਜ਼ ਪ੍ਰਾਈ: ਲਿਮ: ਬਣਾਈ ਗਈ ਹੈ, ਜਿਸ ਵਿੱਚ ਗੁਰਮੇਜ਼ ਸਿੰਘ ਗਿੱਲ ਅਤੇ ਤਰਨਦੀਪ ਸਿੰਘ ਸੰਘਾ, ਜੋ ਸੁਰਿੰਦਰਪਾਲ ਸਿੰਘ ਦਾ ਜੀਜਾ ਹੈ, ਡਾਇਰੈਕਟਰਜ਼ ਹਨ ਪਰ ਇਸ ਕੰਪਨੀ ਦੀ ਸਾਰੀ ਸ਼ੇਅਰ ਹੋਲਡਿੰਗ ਸੁਰਿੰਦਰਪਾਲ ਸਿੰਘ ਦੀ ਪਤਨੀ ਮਨਦੀਪ ਕੌਰ ਅਤੇ ਮਾਤਾ ਸਵਰਨਜੀਤ ਕੌਰ ਦੇ ਨਾਂ ‘ਤੇ ਹੈ। ਇਸ ਕੰਪਨੀ ਵਲੋਂ ਮੈਸ: ਏਕ ਉਂਕਾਰ ਬਿਲਡਰਜ਼ ਨਾਲ ਬੈਂਕ ਰਾਹੀਂ ਕਾਫੀ ਲੈਣ-ਦੇਣ ਕੀਤਾ ਗਿਆ। ਸੁਰਿੰਦਰਪਾਲ ਸਿੰਘ ਪਿਛਲਾ ਇੱਕ ਦਹਾਕਾ ਬਾਦਲਾਂ ਦੇ ਰਾਜ ‘ਚ ਵਿਵਾਦਤ ਅਫ਼ਸਰ ਵਜੋਂ ਜਾਣਿਆ ਜਾਂਦਾ ਸੀ। ਸਿਆਸੀ ਰਸੂਖ਼ ਕਾਰਨ ਉਹ ਆਈਏਐਸ ਅਫ਼ਸਰਾਂ ਨੂੰ ਵੀ ਟਿੱਚ ਜਾਣਦਾ ਸੀ। ਇਸ ਵਿਅਕਤੀ ਨੂੰ ਬਾਦਲ ਸਰਕਾਰ ਨੇ ਇੱਕੋ ਸਮੇਂ ਵੱਖ ਵੱਖ ਵਿਭਾਗਾਂ ਅਤੇ ਅਦਾਰਿਆਂ ਵਿੱਚ ਕੁੱਲ 8 ਚਾਰਜ/ਵਾਧੂ ਚਾਰਜ ਦਿੱਤੇ ਹੋਏ ਸਨ।
‘ਬਾਦਲਾਂ’ ਦੀ ਮਿਹਰ ਨਾਲ ‘ਮਲਾਈ’ ਛਕਦਾ ਰਿਹਾ ਪਹਿਲਵਾਨ :
ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡ ਮੂਲਿਆਂਵਾਲੀ ਦਾ ਰਹਿਣ ਵਾਲਾ ਸੁਰਿੰਦਰਪਾਲ ਸਿੰਘ ਪਹਿਲਵਾਨ ਜਨਵਰੀ 1993 ਵਿੱਚ ਪੰਜਾਬ ਮੰਡੀ ਬੋਰਡ ਵਿੱਚ ਬਤੌਰ ਜੇ.ਈ. (ਸਿਵਲ) ਭਰਤੀ ਹੋਇਆ ਸੀ। 2007 ਵਿੱਚ ਪੰਜਾਬ ‘ਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਗੱਠਜੋੜ ਸਰਕਾਰ ਬਣਨ ਤੋਂ ਬਾਅਦ ਉਸ ‘ਤੇ ‘ਸਰਕਾਰੀ ਮਿਹਰ’ ਦੀ ਸ਼ੁਰੂਆਤ ਹੋਈ। ਤਤਕਾਲੀ ਸਰਕਾਰ ਵਲੋਂ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਗਮਾਡਾ ਦੇ ਮੁੱਖ ਇੰਜਨੀਅਰ ਦਾ ਚਾਰਜ ਉਸ ਨੂੰ ਦੇ ਦਿੱਤਾ ਗਿਆ। ਇਹ ਚਾਰਜ ਲੈਣ ਤੋਂ ਪਹਿਲਾਂ ਇੱਕ ਸਾਲ ਦੌਰਾਨ ਉਸ ਕੋਲ ਪੰਜਾਬ ਮੰਡੀ ਬੋਰਡ ਅਤੇ ਗਮਾਡਾ ਦੋਵੇਂ ਵਿਭਾਗਾਂ ਵਿੱਚ ਕਾਰਜਕਾਰੀ ਇੰਜਨੀਅਰ ਮੰਡੀ ਬੋਰਡ ਲੁਧਿਆਣਾ, ਮੰਡੀ ਬੋਰਡ ਐਸ.ਏ.ਐਸ. ਨਗਰ-2, ਮੰਡੀ ਬੋਰਡ ਜਲੰਧਰ, ਨਿਗਰਾਨ ਇੰਜਨੀਅਰ ਮੰਡੀ ਬੋਰਡ ਲੁਧਿਆਣਾ, ਨਿਗਰਾਨ ਇੰਜਨੀਅਰ ਮੰਡੀ ਬੋਰਡ ਐਸ.ਏ.ਐਸ. ਨਗਰ, ਕਾਰਜਕਾਰੀ ਇੰਜਨੀਅਰ ਗਮਾਡਾ, ਨਿਗਰਾਨ ਇੰਜਨੀਅਰ (ਸੀ-1) ਗਮਾਡਾ ਅਤੇ ਨਿਗਰਾਨ ਇੰਜਨੀਅਰ (ਸੀ-2) ਗਮਾਡਾ ਦੇ ਇੱਕੋ ਸਮੇਂ ਕੁੱਲ 8 ਚਾਰਜ/ਵਾਧੂ ਚਾਰਜ ਰਹੇ। ਵਿਜੀਲੈਂਸ ਨੇ ਮੁੱਢਲੀ ਪੜਤਾਲ ਵਿੱਚ ਦਾਅਵਾ ਕੀਤਾ ਹੈ ਕਿ ਉਚ ਅਧਿਕਾਰੀਆਂ ਨਾਲ ‘ਮਿਲੀਭੁਗਤ’ ਹੋਣ ਕਰ ਕੇ ਗਮਾਡਾ ਅਤੇ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਅਤੇ ਪ੍ਰਾਈਵੇਟ ਠੇਕੇਦਾਰਾਂ ‘ਤੇ ਉਸ ਦਾ ਕਾਫੀ ਪ੍ਰਭਾਵ ਸੀ।
ਵਿਜੀਲੈਂਸ ਮੁਖੀ ਬੀ.ਕੇ. ਉਪਲ ਨੇ ਦੱਸਿਆ ਕਿ ਸੁਰਿੰਦਰਪਾਲ ਸਿੰਘ ਨੇ ਗਮਾਡਾ ਵਿੱਚ ਤਾਇਨਾਤੀ ਦੌਰਾਨ ਐਸ.ਏ.ਐਸ. ਨਗਰ ਵਿੱਚ ਹੋ ਰਹੇ ਬਹੁ-ਕਰੋੜੀ ਵਿਕਾਸ ਕਾਰਜਾਂ ਵਿੱਚੋਂ ਖ਼ੁਦ ਨੂੰ ‘ਨਾਜਾਇਜ਼ ਵਿੱਤੀ ਲਾਭ’ ਪਹੁੰਚਾਉਣ ਲਈ ਮੈਸ: ਏਕ ਓਂਕਾਰ ਬਿਲਡਰਜ਼ ਤੇ ਕੰਟਰੈਕਟਰਜ਼ ਪ੍ਰਾਈਵੇਟ ਲਿਮਟਿਡ ਕੰਪਨੀ ਜਿਸ ਦੀ ਟੈਂਡਰ ਲਿਮਿਟ ਸਾਲ 2011 ਤੱਕ ਕੇਵਲ 5 ਕਰੋੜ ਰੁਪਏ ਹੀ ਸੀ, ਨੂੰ ਆਪਣੇ ਅਹੁਦੇ ਦੀ ‘ਦੁਰਵਰਤੋਂ’ ਕਰ ਕੇ ਗਮਾਡਾ ਅਤੇ ਪੰਜਾਬ ਮੰਡੀ ਬੋਰਡ ਦੇ ਜ਼ਿਆਦਾਤਰ ਸਰਕਾਰੀ ਕੰਮ ਅਲਾਟ ਕੀਤੇ।
ਵਿਜੀਲੈਂਸ ਮੁਖੀ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵਲੋਂ ਸਰਕਾਰੀ ਕੰਮਾਂ ਨੂੰ ਅਲਾਟ ਕਰਨ ਸਬੰਧੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਲਿਆਉਣ ਲਈ ਇੱਕ ‘ਸਟੈਂਡਰਡ ਬਿਡ ਡਾਕੂਮੈਂਟ’ ਪ੍ਰਵਾਨ ਕੀਤਾ ਗਿਆ ਪਰ ਸੁਰਿੰਦਰਪਾਲ ਸਿੰਘ ਨੇ ਸ਼ਰਤਾਂ ਵਿੱਚ ਬਦਲਾਅ ਕਰ ਕੇ ਗਮਾਡਾ ਦੇ ਟੈਂਡਰਾਂ ਵਿੱਚ ‘ਤਬਦੀਲੀਆਂ’ ਕੀਤੀਆਂ ਤਾਂ ਜੋ ਉਕਤ ਕੰਪਨੀ ਵੱਡੀ ਕੀਮਤ ਵਾਲੇ ਟੈਂਡਰ ਅਪਲਾਈ ਕਰਨ ਦੇ ਯੋਗ ਹੋ ਸਕੇ। ਇਸ ਅਧਿਕਾਰੀ ਨੇ ਇਸ ਕੰਪਨੀ ਨੂੰ ਨਿਗਰਾਨ ਇੰਜਨੀਅਰ ਮੰਡੀ ਬੋਰਡ, ਲੁਧਿਆਣਾ ਵੱਜੋਂ ਕਲਾਸ-1 ਠੇਕੇਦਾਰ ਵਜੋਂ 3 ਸਾਲ ਵਾਸਤੇ ਸੂਚੀਬੱਧ ਕੀਤਾ ਸੀ ਅਤੇ ਕੰਪਨੀ ਦੀ ਟੈਂਡਰ ਅਪਲਾਈ ਕਰਨ ਦੀ ਹੱਦ 5 ਕਰੋੜ ਰੁਪਏ ਤੈਅ ਕੀਤੀ ਸੀ।
ਵਿਜੀਲੈਂਸ ਅਧਿਕਾਰੀ ਨੇ ਦੱਸਿਆ ਕਿ ਗਮਾਡਾ ਵਿੱਚ ਸਾਲ 2013 ਵਿੱਚ ਮੈਸ: ਐਸ.ਈ.ਸੀ.ਐੱਲ. ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ ਕੰਪਨੀ ਨੂੰ ਸੁਰਿੰਦਰਪਾਲ ਨੇ ਬਤੌਰ ਮੰਡਲ ਇੰਜਨੀਅਰ ਚੰਡੀਗੜ੍ਹ-ਖਰੜ ਰੋਡ ‘ਤੇ ਜੰਕਸ਼ਨ 73/74 ਤੋਂ ਕੌਮੀ ਮਾਰਗ ਨੰਬਰ 21 ਤੱਕ 200 ਫੁੱਟ ਚੌੜੀ ਸੜਕ ਬਣਾਉਣ ਦਾ ਕੰਮ ਤਕਰੀਬਨ 645 ਕਰੋੜ ਰੁਪਏ ਵਿੱਚ ਅਲਾਟ ਕੀਤਾ ਤੇ ਇਹ ਕੰਮ 15 ਮਹੀਨਿਆਂ ਵਿੱਚ ਮੁਕੰਮਲ ਕੀਤਾ ਜਾਣਾ ਸੀ। ਉਨ੍ਹਾਂ ਦੱਸਿਆ ਕਿ ਸੁਰਿੰਦਰਪਾਲ ਨੇ ਏਕ ਓਂਕਾਰ ਬਿਲਡਰਜ਼ ਨੂੰ ਲਾਹਾ ਦੇਣ ਲਈ ਆਪਣੇ ਅਹੁਦੇ ਦੀ ‘ਦੁਰਵਰਤੋਂ’ ਕਰ ਕੇ ਐਸ.ਈ.ਸੀ.ਐਲ. ਕੰਪਨੀ ਦੇ ਅਧਿਕਾਰੀਆਂ ਨੂੰ ਡਰਾਇਆ-ਧਮਕਾਇਆ ਅਤੇ ਉਨ੍ਹਾਂ ਨੂੰ ਮਜਬੂਰ ਕੀਤਾ ਕਿ ਉਹ ਉਕਤ ਕੰਮ ਵਿੱਚੋਂ ਕੁੱਲ 535 ਕਰੋੜ ਰੁਪਏ ਦਾ ਕੰਮ ਏਕ ਓਂਕਾਰ ਬਿਲਡਰਜ਼ ਨੂੰ ਅੱਗੇ ਦੇਣ। ਇਹ ਕੰਮ ਸਬ-ਕੰਟਰੈਕਟ ਤਹਿਤ ਕਰਨ ਸਬੰਧੀ ਪ੍ਰਵਾਨਗੀ ਵੀ ਸੁਰਿੰਦਰਪਾਲ ਵਲੋਂ ਬਤੌਰ ਮੰਡਲ ਇੰਜਨੀਅਰ ਦਿੱਤੀ ਗਈ।
ਵਿਜੀਲੈਂਸ ਮੁਤਾਬਕ ਐਸ.ਈ.ਸੀ.ਐਲ. ਕੰਪਨੀ ਵਲੋਂ ਏਕ ਓਂਕਾਰ ਬਿਲਡਰਜ਼ ਨੂੰ ਉਕਤ ਕੰਮ ਦੇਣ ਸਮੇਂ ਯੋਗਤਾ ਮਾਪਦੰਡ ਤੈਅ ਨਹੀਂ ਕੀਤੇ ਗਏ ਤੇ ਬਾਅਦ ਵਿੱਚ ਦੋਵੇਂ ਕੰਪਨੀਆਂ ਵਲੋਂ ਇਹ ਸਬ-ਕੰਟਰੈਕਟ 535 ਕਰੋੜ ਰੁਪਏ ਤੋਂ ਘਟਾ ਕੇ ਆਪਸੀ ਸਹਿਮਤੀ ਨਾਲ 37 ਕਰੋੜ ਰੁਪਏ ਕਰ ਦਿੱਤਾ ਗਿਆ। ਸੁਰਿੰਦਰਪਾਲ ਵਲੋਂ ਹੀ ਏਕ ਓਂਕਾਰ ਬਿਲਡਰਜ਼ ਨੂੰ 37 ਕਰੋੜ ਰੁਪਏ ਦਾ ਕੰਮ ਮੁਕੰਮਲ ਕਰਨ ਸਬੰਧੀ ‘ਕੰਮ ਤਜਰਬਾ’ ਸਰਟੀਫਿਕੇਟ ਜਾਰੀ ਕੀਤਾ ਗਿਆ। ਕੰਪਨੀ ਨੇ ਇਸ ਤੋਂ ਬਾਅਦ ਵੱਡੀ ਕੀਮਤ ਵਾਲੇ ਟੈਂਡਰ ਹਾਸਲ ਕਰਨ ਲਈ ਇਸ ਸਰਟੀਫਿਕੇਟ ਦੀ ਵਰਤੋਂ ਕੀਤੀ। ਐਸ.ਈ.ਸੀ.ਐਲ. ਵਲੋਂ ਏਕ ਓਂਕਾਰ ਬਿਲਡਰਜ਼ ਨੂੰ ਕੁੱਲ 37 ਕਰੋੜ ਰੁਪਏ ਦੇ ਕੰਮ ਲਈ ਤਕਰੀਬਨ 13 ਕਰੋੜ ਰੁਪਏ ਅਦਾ ਕੀਤੇ ਗਏ। ਇਸ ਤੋਂ ਇਹ ਸਪਸ਼ਟ ਹੈ ਕਿ ਏਕ ਓਂਕਾਰ ਬਿਲਡਰਜ਼ ਵਲੋਂ ਹਾਸਲ ਕੀਤਾ ਉਕਤ ਕੰਮ ਵੀ ਖ਼ੁਦ ਨਹੀਂ ਕੀਤਾ ਗਿਆ।
ਸੁਰਿੰਦਰਪਾਲ ਨੇ ਗਮਾਡਾ ਵਿੱਚ ਬਤੌਰ ਮੰਡਲ ਇੰਜਨੀਅਰ (ਸੀ-1) ਵਜੋਂ ਕੰਮ ਕਰਦਿਆਂ 1030 ਕਰੋੜ ਰੁਪਏ ਦੀ ਕੀਮਤ ਦੇ ਕੁੱਲ 200 ਤੋਂ ਵੀ ਵੱਧ ਕੰਮ ਅਲਾਟ ਕੀਤੇ ਤੇ ਇਨ੍ਹਾਂ ਵਿੱਚੋਂ ਲਗਭਗ 230 ਕਰੋੜ ਰੁਪਏ ਦੇ ਕੰਮ ਏਕ ਓਂਕਾਰ ਬਿਲਡਰਜ਼ ਨੂੰ ਹੀ ਦਿੱਤੇ ਗਏ। ਸ੍ਰੀ ਉੱਪਲ ਨੇ ਦੱਸਿਆ ਕਿ ਏਕ ਓਂਕਾਰ ਬਿਲਡਰਜ਼ ਕੰਪਨੀ ਵਿੱਚ ਗੁਰਮੇਜ ਸਿੰਘ ਗਿੱਲ ਵਾਸੀ ਬੀ-36/21, ਪੱਖੋਵਾਲ ਰੋਡ ਵਿਕਾਸ ਨਗਰ, ਲੁਧਿਆਣਾ ਬਤੌਰ ਪ੍ਰੋਮੋਟਰ-ਡਾਇਰੈਕਟਰ 50 ਫ਼ੀਸਦੀ ਸ਼ੇਅਰਾਂ ਦਾ ਮਾਲਕ ਹੈ। ਕੰਪਨੀ ਦਾ ਦੂਜਾ ਡਾਇਰੈਕਟਰ ਅਤੇ ਬਾਕੀ 50 ਫ਼ੀਸਦੀ ਸ਼ੇਅਰਾਂ ਦਾ ਮਾਲਕ ਮੋਹਿਤ ਕੁਮਾਰ ਵਾਸੀ ਮਕਾਨ ਨੰਬਰ 513/1, ਸਰੂਪ ਨਗਰ, ਸਲੇਮ ਟਾਬਰੀ, ਲੁਧਿਆਣਾ ਹੈ। ਗੁਰਮੇਜ ਤੇ ਮੋਹਿਤ ਦੀ ਸੁਰਿੰਦਰਪਾਲ ਨਾਲ ਜਾਣ-ਪਛਾਣ ਹੈ। ਗੁਰਮੇਜ ਗਿੱਲ ਬਤੌਰ ਜੂਨੀਅਰ ਇੰਜਨੀਅਰ ਸੁਰਿੰਦਰਪਾਲ ਅਧੀਨ ਮੰਡੀ ਬੋਰਡ ਲੁਧਿਆਣਾ ਵਿੱਚ ਤਾਇਨਾਤ ਰਿਹਾ ਹੈ ਤੇ ਮੋਹਿਤ ਕੁਮਾਰ ਦਾ ਪਿਤਾ ਹਰੀ ਕ੍ਰਿਸ਼ਨ ਵੀ ਸੁਰਿੰਦਰਪਾਲ ਸਿੰਘ ਦੇ ਅਧੀਨ ਮੰਡੀ ਬੋਰਡ, ਲੁਧਿਆਣਾ ਵਿੱਚ ਬਤੌਰ ਸੁਪਰਵਾਈਜ਼ਰ ਤਾਇਨਾਤ ਰਿਹਾ ਹੈ। ਵਿਜੀਲੈਂਸ ਮੁਤਾਬਕ ਮੋਹਿਤ ਕੁਮਾਰ ਸ਼ੁਰੂ ਵਿੱਚ ਉਕਤ ਕੰਪਨੀ ‘ਚ ਕੇਵਲ ਇੱਕ ਕਰਮਚਾਰੀ ਸੀ ਪਰ ਬਾਅਦ ਵਿੱਚ ਕੰਪਨੀ ਦੇ ਰਿਕਾਰਡ ਵਿੱਚ ਉਸ ਨੂੰ ਡਾਇਰੈਕਟਰ ਅਤੇ ਸ਼ੇਅਰਧਾਰਕ ਬਣਾ ਦਿੱਤਾ ਗਿਆ। ਉਹ ਹਾਲੇ ਵੀ ਕੰਪਨੀ ਤੋਂ ਲਗਾਤਾਰ ਤਨਖਾਹ ਲੈ ਰਿਹਾ ਹੈ।
ਸਾਲ 2015-16 ਵਿੱਚ ਇਸ ਕੰਪਨੀ ਨੇ ਕੁਝ ਜ਼ਮੀਨ ਪਿੰਡ ਚਟੌਲੀ (ਜ਼ਿਲ੍ਹਾ ਮੁਹਾਲੀ) ਵਿੱਚ ਖ਼ਰੀਦੀ ਤੇ ਇਸ ਜ਼ਮੀਨ ਨਾਲ ਲਗਦੀ ਕੁਝ ਜ਼ਮੀਨ ਉਸ ਸਮੇਂ ਕੰਪਨੀ ਦੇ ਡਾਇਰੈਕਟਰ ਮੋਹਿਤ ਕੁਮਾਰ ਦੇ ਨਾਮ ‘ਤੇ ਵੀ ਖ਼ਰੀਦੀ। ਇਸ ਵਾਸਤੇ ਮੋਹਿਤ ਕੁਮਾਰ ਵਲੋਂ ਐਵਾਰਡ ਐਗਰੋ ਟਰੇਡਰਜ਼ ਲਿਮਟਿਡ ਜਿਹੜੀ ਕਿ ਸੁਰਿੰਦਰਪਾਲ ਦੀ ਪਤਨੀ ਅਤੇ ਮਾਤਾ ਦੇ ਨਾਮ ‘ਤੇ ਹੈ, ਪਾਸੋਂ 195 ਲੱਖ ਰੁਪਏ ਹਾਸਲ ਕੀਤੇ ਗਏ। ਗੁਰਮੇਜ ਸਿੰਘ ਗਿੱਲ ਨੇ ਸੇਵਾਮੁਕਤੀ ਉਪਰੰਤ ਪਹਿਲਾਂ ‘ਮੈਸ: ਰੁਪਿੰਦਰ ਸਿੰਘ ਠੇਕੇਦਾਰ’ ਦੀ ਨੁਮਾਇੰਦਗੀ ਕੀਤੀ ਤੇ ਇਹ ਕੰਪਨੀ ਬਾਅਦ ਵਿੱਚ ਮੈਸ: ਏਕ ਓਂਕਾਰ ਬਿਲਡਰਜ਼ ਵਿੱਚ ਰਲ਼ ਗਈ। ਜਿਹੜੀ ਜਿਹੜੀ ਥਾਂ ਸੁਰਿੰਦਰਪਾਲ ਤਾਇਨਾਤ ਰਿਹਾ, ਉਸੇ ਥਾਂ ਕੰਪਨੀ ਨੇ ਜ਼ਿਆਦਾ ਕੰਮ ਹਾਸਲ ਕੀਤੇ।
ਸੁਰਿੰਦਰਪਾਲ ਸਿੰਘ ਨੇ ਖ਼ੁਦ ਨੂੰ ਮਕਾਨ ਨੰਬਰ 36/563, ਗੋਬਿੰਦ ਨਗਰ ਪੱਖੋਵਾਲ ਰੋਡ, ਲੁਧਿਆਣਾ ਦਾ ਮਾਲਕ ਦਰਸਾਉਂਦਿਆਂ ਕੰਪਨੀ ਦੇ ਡਾਇਰੈਕਟਰ ਗੁਰਮੇਜ ਸਿੰਘ ਗਿੱਲ ਰਾਹੀਂ ਉਕਤ ਮਕਾਨ ਕੰਪਨੀ ਨੂੰ ਕਿਰਾਏ ‘ਤੇ ਦੇਣ ਸਬੰਧੀ ਮਿਤੀ 16-02-2015 ਨੂੰ ‘ਲੀਜ਼ ਡੀਡ’ ਕੀਤੀ। ਇਸੇ ਇਮਾਰਤ ਵਿੱਚ ਹੀ ਕੰਪਨੀ ਦਾ ਦਫ਼ਤਰ ਹੈ।
Comments (0)