ਬੰਬ ਕਾਂਡ ਮਾਮਲੇ ‘ਚ ਰਜਤਵੀਰ ਸਿੰਘ ਦੇ ਪਿਤਾ ਨੂੰ ਅਦਾਲਤੀ ਹਿਰਾਸਤ ‘ਚ ਭੇਜਿਆ
ਪਟਿਆਲਾ/ਬਿਊਰੋ ਨਿਊਜ਼:
ਬੰਬ ਬਣਾਉਣ ਦੇ ਦੋਸ਼ਾਂ ਵਿੱਚ ਖੁਦਕੁਸ਼ੀ ਕਰਨ ਵਾਲੇ ਰਜਤਵੀਰ ਸਿੰਘ ਦੇ ਪਿਤਾ ਹਰਪ੍ਰੀਤ ਸਿੰਘ ਸੋਢੀ ਦਾ ਅੱਜ ਸੱਤ ਰੋਜ਼ਾ ਪੁਲੀਸ ਰਿਮਾਂਡ ਖ਼ਤਮ ਹੋ ਗਿਆ। ਉਸ ਨੂੰ ਅਦਾਲਤ ਨੇ ਨਿਆਂਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ ਹੈ। ਉਸ ਨੂੰ ਪੁਲੀਸ ਨੇ ਬੰਬ ਤੇ ਵਿਸਫੋਟਕ ਸਮੱਗਰੀ ਹੋਣ ਦੇ ਸ਼ੱਕ ਤਹਿਤ 31 ਮਈ ਦੀ ਰਾਤ ਨੂੰ ਫਲੌਲੀ ਕੋਲੋਂ ਗ੍ਰਿਫ਼ਤਾਰ ਕੀਤਾ ਸੀ।
ਸੀ.ਆਈ.ਏ. ਸਟਾਫ ਪਟਿਆਲਾ ਦੀ ਪੁਲੀਸ ਨੇ ਉਸ ਨੂੰ ਵੀਰਵਾਰ ਇੱਥੇ ਏ.ਸੀ.ਜੇ.ਐਮ. ਰਮਨ ਕੁਮਾਰ ਦੀ ਅਗਵਾਈ ਹੇਠਲੀ ਅਦਾਲਤ ‘ਚ ਪੇਸ਼ ਕੀਤਾ।
ਅਦਾਲਤ ਨੇ ਹਰਪ੍ਰੀਤ ਸਿੰਘ ਨੂੰ 22 ਜੂਨ ਤੱਕ ਨਿਆਂਇਕ ਹਿਰਾਸਤ ‘ਚ ਪਟਿਆਲਾ ਜੇਲ੍ਹ ਭੇਜ ਦਿੱਤਾ ਹੈ। ਭਾਵੇਂ ਕਿ ਕੋਈ ਵੀ ਪੁਲੀਸ ਅਧਿਕਾਰੀ ਅਧਿਕਾਰਤ ਤੌਰ ‘ਤੇ ਕੁਝ ਵੀ ਨਹੀਂ ਕਹਿ ਰਿਹਾ ਪਰ ਸੂਤਰਾਂ ਅਨੁਸਾਰ ਇਸ ਸੱਤ ਰੋਜ਼ਾ ਪੁਲੀਸ ਰਿਮਾਂਡ ਦੌਰਾਨ ਪੁਲੀਸ ਦੀ ਤਫ਼ਤੀਸ਼ ‘ਪ੍ਰੇਮ ਪ੍ਰਸੰਗ’ ਦੀ ਕਹਾਣੀ ਤੋਂ ਅੱਗੇ ਨਹੀਂ ਵਧ ਸਕੀ ਕਿਉਂਕਿ ਹਰਪ੍ਰੀਤ ਸਿੰਘ ਨੇ ਆਪਣੇ ਪੁੱਤਰ ਰਜਤਵੀਰ ਸਿੰਘ ਸੋਢੀ ਵੱਲੋਂ ਬੰਬ ਬਣਾਉਣ ਦੀ ਕਾਰਵਾਈ ਪਿੱਛੇ ਉਸ ਵੱਲੋਂ ਉਸ ਦੀ ਕੁੱਟਮਾਰ ਕਰਨ ਵਾਲੇ ਲੜਕੀ ਦੇ ਪਰਿਵਾਰਕ ਮੈਂਬਰਾਂ ਤੋਂ ਬਦਲਾ ਲੈਣ ਦਾ ਜਨੂੰਨ ਹੀ ਇੱਕੋ ਇੱਕ ਵਜ੍ਹਾ ਦੱਸੀ ਹੈ।
ਦੱਸਣਯੋਗ ਹੈ ਕਿ ਰਜਤਵੀਰ ਸਿੰਘ ਵੱਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲੈਣ ਤੋਂ ਦੋ ਦਿਨ ਬਾਅਦ ਉਸ ਦੀ ਮਾਤਾ ਨੇ ਘਰ ਵਿੱਚ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਸੀ। ਵੀਰਵਾਰ ਨੂੰ ਰਜਤਵੀਰ ਸਿੰਘ ਅਤੇ ਉਸਦੀ ਮਾਤਾ ਕਿਰਨਜੋਤ ਕੌਰ ਨਮਿਤ ਪਾਏ ਗਏ ਪਾਠ ਦੇ ਭੋਗ ਮੌਕੇ ਹਰਪ੍ਰੀਤ ਸਿੰਘ ਨੂੰ ਪੁਲੀਸ ਦੀ ਨਿਗਰਾਨੀ ਹੇਠ ਲਿਆਂਦਾ ਗਿਆ।
Comments (0)