ਅਣਦੇਖੇ ਕਸ਼ਮੀਰ ਦੀਆਂ ਅਣਕਹੀਆਂ, ਅਣਸੁਣੀਆਂ ਕਹਾਣੀਆਂ

ਅਣਦੇਖੇ ਕਸ਼ਮੀਰ ਦੀਆਂ ਅਣਕਹੀਆਂ, ਅਣਸੁਣੀਆਂ ਕਹਾਣੀਆਂ

ਜੰਮੂ-ਕਸ਼ਮੀਰ ਦੀਆਂ ਠੰਢੀਆਂ ਵਾਦੀਆਂ ਦਹਿਸ਼ਤ, ਹਿੰਸਾ, ਪੱਥਰਾਅ, ਫ਼ੌਜੀ ਦਮਨ ਨਾਲ ਉਬਲ ਰਹੀਆਂ ਹਨ। ਭਾਜਪਾ ਦੇ ਗਠਜੋੜ ਨਾਲ ਪੀ.ਡੀ.ਪੀ. ਸਰਕਾਰ ਭਾਵੇਂ ਸੱਤਾ ‘ਤੇ ਕਾਬਜ਼ ਹੋ ਗਈ ਹੈ ਪਰ ਉਹ ਕਸ਼ਮੀਰੀਆਂ, ਖ਼ਾਸ ਕਰ ਨੌਜਵਾਨਾਂ ਦੀਆਂ ਮੁਸ਼ਕਲਾਂ ਹੱਲ ਕਰਨ ਵਿਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ। ਭਾਜਪਾ ਦੀ ਅਗਵਾਈ ਵਾਲੀ ਕੇਂਦਰ ਵਿਚਲੀ ਮੋਦੀ ਸਰਕਾਰ ਹਾਲਾਤ ‘ਤੇ ਕਾਬੂ ਪਾਉਣ ਦੀ ਥਾਂ ਅਖੌਤੀ ਰਾਸ਼ਟਰਵਾਦ ਦਾ ਸੁਨੇਹਾ ਦਿੰਦੀ ਹੋਈ ਪੂਰੀ ਦੁਨੀਆ ਵਿਚ ਕਸ਼ਮੀਰੀ ਨੌਜਵਾਨਾਂ ਦਾ ਗ਼ਲਤ ਅਕਸ ਪੇਸ਼ ਕਰਨ ਵਿਚ ਲੱਗੀ ਹੋਈ ਹੈ। ਭਾਰਤ ਪ੍ਰਸ਼ਾਸਤ ਕਸ਼ਮੀਰ ਵਿਚ ਦਹਾਕਿਆਂ ਤੋਂ ਚੱਲ ਰਹੇ ਸੰਘਰਸ਼ ਦੀ ਸੁਰਖੀਆਂ ਵਿਚ ਆਮ ਆਦਮੀ ਦੀ ਆਪਬੀਤੀ ਕਿਤੇ ਖੋ ਗਈ ਹੈ। ਸਾਲ 2016 ਦੀਆਂ ਗਰਮੀਆਂ ਵਿਚ ਹੋਏ ਹਿੰਸਕ ਪ੍ਰਦਰਸ਼ਨਾਂ ਤੇ ਕਈ ਲੋਕਾਂ ਦੀ ਮੌਤ ਤੋਂ ਬਾਅਦ ਹੁਣ ਇਕ ਹੋਰ ਗਰਮੀ ਆਈ ਹੈ। ਖ਼ਦਸ਼ਾ ਹੈ ਕਿ ਭਾਵਨਾਵਾਂ ਫੇਰ ਨਾ ਭੜਕ ਜਾਣ, ਭਾਰਤ ਤੋਂ ‘ਆਜ਼ਾਦੀ’ ਦੇ ਨਾਅਰੇ ਫੇਰ ਨਾ ਬੁਲੰਦ ਹੋ ਜਾਣ। ਅਜਿਹੇ ਵਿਚ ਭਾਰਤ ਤੇ ਪਾਕਿਸਤਾਨ ਵਿਚਾਲੇ ਵੰਡੀ ਹੋਈ ਕਸ਼ਮੀਰ ਵਾਦੀ ਵਿਚ ਲੋਕਾਂ ਨੂੰ ਆਖ਼ਰ ਕੀ ਜੋੜਦਾ ਹੈ? ਬੱਚੇ ਤੇ ਨੌਜਵਾਨ ਆਪਣੇ ਆਉਣ ਵਾਲੇ ਕੱਲ੍ਹ ਲਈ ਕੀ ਖਵਾਬ ਦੇਖ ਰਹੇ ਹਨ? ਉਥੋਂ ਦੀਆਂ ਬੱਚੀਆਂ ਦਾ ਜੀਵਨ, ਵਾਦੀ ਦੇ ਬਾਹਰ ਰਹਿ ਰਹੇ ਬੱਚਿਆਂ ਦੀ ਜ਼ਿੰਦਗੀ ਤੋਂ ਕਿੰਨਾ ਵੱਖਰਾ ਹੈ? ਅਜਿਹੇ ਹੀ ਸਵਾਲਾਂ ਦਾ ਜਵਾਬ ਲੱਭਣ ਲਈ ਬੀ.ਬੀ.ਸੀ. ਦੇ ਪੱਤਰਕਾਰਾਂ ਦੀਆਂ ਟੀਮਾਂ ਭਾਰਤ ਪ੍ਰਸ਼ਾਸਤ ਤੇ ਪਾਕਿਸਤਾਨ ਪ੍ਰਸ਼ਾਸਤ ਕਸ਼ਮੀਰ ਗਈਆਂ। ਬੀ.ਬੀ.ਸੀ. ਵਲੋਂ ਇਸ ਸਬੰਧ ਵਿਚ ਭਾਰਤ ਤੇ ਕਸ਼ਮੀਰ ਵਿਚ ਵਸੇ ਦੋਹਾਂ ਕਸ਼ਮੀਰੀਆਂ ਦੇ ਹਾਲਾਤ ‘ਤੇ ਲੜੀਵਾਰ ਰਿਪੋਰਟ ਪੇਸ਼ ਕੀਤੀ ਜਾ ਰਹੀ ਹੈ, ਉਹ ‘ਅੰਮ੍ਰਿਤਸਰ ਟਾਈਮਜ਼’ ਦੇ ਪਾਠਕਾਂ ਅੱਗੇ ਵੀ ਪੇਸ਼ ਕੀਤੀ ਜਾ ਰਹੀ ਹੈ। ਬੀ.ਬੀ.ਸੀ. ਤੋਂ ਧੰਨਵਾਦ ਸਹਿਤ ਇਹ ਰਿਪੋਰਟ ਪ੍ਰਕਾਸ਼ਤ ਕਰਨ ਦਾ ਮਕਸਦ, ਦੁਨੀਆ ਨੂੰ ਉਥੋਂ ਦੇ ਹਾਲਾਤ ਬਾਰੇ ਰੂਬਰੂ ਕਰਾਉਣਾ ਹੈ।

ਅਣਦੇਖਿਆ ਕਸ਼ਮੀਰ : ਕਸ਼ਮੀਰੀ ਬੱਚਿਆਂ ਦੀ ਨਜ਼ਰ ਵਿਚ ‘ਲਹੂਲੁਹਾਨ ਦੁਨੀਆ’
ਸੌਤਿਕ ਬਿਸਵਾਸ
ਕਿਸੇ ਸ਼ਾਇਰ ਨੇ ਕਿਹਾ ਹੈ ਕਿ ਬੱਚਿਆਂ ਦੀ ਦੁਨੀਆ ਵਿਚ ਮੌਤ ਨਹੀਂ ਹੁੰਦੀ। ਬੱਚਿਆਂ ਦੀ ਦੁਨੀਆ ਵਿਚ ਉਮੰਗਾਂ ਹੁੰਦੀਆਂ ਹਨ, ਹਾਸੇ ਦੀਆਂ ਫੁਲਝੜੀਆਂ ਹੁੰਦੀਆਂ ਹਨ, ਸੱਜਰੀ ਮੁਸਕਾਨ ਹੁੰਦੀ ਹੈ, ਮੌਜ-ਮਸਤੀ ਹੁੰਦੀ ਹੈ। ਬਚਪਨ ਮਾਸੂਮ ਹੁੰਦਾ ਹੈ, ਭੋਲਾ ਤੇ ਦੁਨਿਆਵੀ ਬੁਰਾਈਆਂ ਤੋਂ ਅਛੋਹ।
ਪਰ ਕਸ਼ਮੀਰ ਦੇ ਬੱਚਿਆਂ ਦੀ ਦੁਨੀਆ ਵੱਖਰੀ ਜਿਹੀ ਲਗਦੀ ਹੈ। ਉਨ੍ਹਾਂ ਦੀ ਦੁਨੀਆ ‘ਚੋਂ ਭੋਲਾਪਣ ਲਾਪਤਾ ਹੋ ਗਿਆ ਹੈ। ਉਨ੍ਹਾਂ ਦੀ ਮਾਸੂਮੀਅਤ ਭਰੀ ਮੁਸਕਾਨ ਕਿਤੇ ਗੁੰਮ ਹੁੰਦੀ ਜਾ ਰਹੀ ਹੈ।
ਕਸ਼ਮੀਰ ਦੇ ਬੱਚਿਆਂ ਦੀ ਦੁਨੀਆ ਕਿਵੇਂ ਦੂਸਰਿਆਂ ਨਾਲੋਂ ਵੱਖਰੀ ਹੈ। ਕਸ਼ਮੀਰ ਦੀਆਂ ਕੁਝ ਤਸਵੀਰਾਂ ਇਸ ਵੱਲ ਇਸ਼ਾਰਾ ਕਰਦੀਆਂ ਹਨ। ਇਹ ਤਸਵੀਰਾਂ ਕਸ਼ਮੀਰ ਦੇ ਬੱਚਿਆਂ ਨੇ ਕਾਗ਼ਜ਼ਾਂ ‘ਤੇ ਵਾਹੀਆਂ ਹਨ।
ਇਨ੍ਹਾਂ ਬੱਚਿਆਂ ਨੇ ਆਪਣੇ ਹੱਥਾਂ ਨਾਲ ਆਪਣੀ ਦੁਨੀਆ ਦੀਆਂ ਜੋ ਤਸਵੀਰਾਂ ਬਣਾਈਆਂ ਹਨ, ਉਨ੍ਹਾਂ ਵਿਚ ਉਥੋਂ ਦੀ ਹਿੰਸਾ, ਖੂਨ-ਖੂਨ ਹੁੰਦੀ ਘਾਟੀ, ਸੜਕਾਂ ‘ਤੇ ਬਿਖਰੇ ਪੱਥਰ ਤੇ ਬੰਦ ਘਰਾਂ ਦੀ ਝਲਕ ਮਿਲਦੀ ਹੈ। ਮਾਸੂਮਾਂ ਦੇ ਹੱਥਾਂ ਦੀ ਕਲਾਕਾਰੀ ਨਾਲ ਕਸ਼ਮੀਰ ਦਾ ਦਰਦ ਛਲਕ ਕੇ ਇਨ੍ਹਾਂ ਤਸਵੀਰਾਂ ਵਿਚ ਫੈਲਿਆ ਜਿਹਾ ਦਿਖਾਈ ਦਿੰਦਾ ਹੈ। ਕਸ਼ਮੀਰੀ ਬੱਚਿਆਂ ਨੇ ਆਪਣੇ ਹੱਥਾਂ ਨਾਲ ਕਸ਼ਮੀਰੀਆਂ ਦੇ ਦਿਲਾਂ ਵਿਚ ਬੈਠੇ ਮੌਜੂਦਾ ਹਾਲਾਤ ਦੀ ਦਹਿਸ਼ਤ ਨੂੰ ਬਿਆਨ ਕੀਤਾ ਹੈ। ਆਉਣ ਵਾਲੇ ਵਕਤ ਨੂੰ ਲੈ ਕੇ ਜੋ ਡਰ ਉਨ੍ਹਾਂ ਦੇ ਜ਼ਹਿਰ ਵਿਚ ਹੈ, ਉਸ ਨੂੰ ਵੀ ਬੱਚਿਆਂ ਨੇ ਆਪਣੀਆਂ ਤਸਵੀਰਾਂ ਵਿਚ ਉਕੇਰਿਆ ਹੈ। ਬੱਚਿਆਂ ਦੇ ਪੂਰੇ ਕੈਨਵਸ ‘ਤੇ ਲਾਲ ਰੰਗ ਹਾਵੀ ਹੈ। ਕਦੇ ਉਹ ਅੱਗ ਦੀ ਸ਼ਕਲ ਵਿਚ ਦਿਖਾਈ ਦਿੰਦਾ ਹੈ ਤੇ ਕਦੇ ਖੂਨ ਦੀ। ਲਾਲ ਤੋਂ ਬਾਅਦ ਕਾਲੇ ਰੰਗ ਦਾ ਵੀ ਬਹੁਤ ਇਸਤੇਮਾਲ ਹੋਇਆ ਹੈ। ਕਿਤੇ ਕਾਲਾ ਆਸਮਾਨ ਹੈ ਕਿਤੇ ਕਾਲੀ ਜ਼ਮੀਨ।
ਇਨ੍ਹਾਂ ਤਸਵੀਰਾਂ ਤੋਂ ਇੰਜ ਲਗਦਾ ਹੈ ਕਿ ਕਸ਼ਮੀਰ ਵਿਚ ਹਨੇਰਾ ਪੂਰੀ ਤਰ੍ਹਾਂ ਨਾਲ ਭਾਵੇਂ ਨਹੀਂ ਛਾਇਆ, ਪਰ ਇਹ ਬੱਚਿਆਂ ਦੇ ਮਸਤਕ ‘ਤੇ, ਉਨ੍ਹਾਂ ਦੇ ਜ਼ਹਿਨ ‘ਤੇ ਤੇਜ਼ੀ ਨਾਲ ਹਾਵੀ ਹੁੰਦਾ ਜਾ ਰਿਹਾ ਹੈ।
ਭਾਰਤ ਪ੍ਰਸ਼ਾਸਤ ਕਸ਼ਮੀਰ ਦੇ ਬੱਚਿਆਂ ਨੇ ਆਪਣੀ ਕਾਪੀ ਵਿਚ ਜਦੋਂ ਰੰਗ ਭਰੇ ਤਾਂ ਉਸ ਵਿਚ ਮੰਨੋ ਕਸ਼ਮੀਰ ਦੇ ਹਾਲਾਤ ਦਰਜ ਹੋ ਗਏ। ਕਸ਼ਮੀਰ ਦੀ ਹਿੰਸਾ ਦੁਨੀਆ ਵਿਚ ਸਭ ਤੋਂ ਲੰਬੇ ਵਕਤ ਤੋਂ ਚੱਲੇ ਆ ਰਹੇ ‘ਵਿਵਾਦ’ ਦਾ ਨਤੀਜਾ ਹੈ। ਅੱਜ ਹਾਲਾਤ ਏਨੇ ਵਿਗੜ ਗਏ ਹਨ ਕਿ ਉਹ ਕਸ਼ਮੀਰ ਬੱਚਿਆਂ ਦੇ ਜ਼ਹਿਨ ‘ਤੇ ਤਾਰੀ ਹੋ ਗਏ ਹਨ। ਅੱਜ ਉਥੋਂ ਦੇ ਬੱਚਿਆਂ ਦੀ ਦੁਨੀਆ, ਉਥੋਂ ਦੇ ਵੱਡਿਆਂ ਦੇ ਸੰਸਾਰ ਵਰਗੀ ਹੀ ਹੈ।
ਕਸ਼ਮੀਰ ਨੂੰ ਉਥੋਂ ਦੇ ਉੱਚੇ, ਬਰਫ਼ ਨਾਲ ਢਕੇ ਪਹਾੜਾਂ, ਚਰਾਗਾਹਾਂ, ਬਾਗ਼ਾਂ ਤੇ ਨਦੀਆਂ-ਧਾਰਾਵਾਂ ਕਾਰਨ ਜਾਣਿਆ ਜਾਂਦਾ ਸੀ। ਇਸੇ ਕੁਦਰਤੀ ਖ਼ੂਬਸੂਰਤੀ ‘ਤੇ ਫ਼ਿਦਾ ਮੁਗ਼ਲ ਬਾਦਸ਼ਾਹ ਨੇ ਇਸ ਨੂੰ ਧਰਤੀ ‘ਤੇ ਜੰਨਤ ਕਿਹਾ ਸੀ। ਕਸ਼ਮੀਰ ਬਾਰੇ ਮਸ਼ਹੂਰ ਸ਼ਾਇਰ ਅਮੀਰ ਖੁਸਰੋ ਨੇ ਕਿਹਾ ਸੀ, ‘ਗਰ ਫ਼ਿਰਦੌਸ ਬਰ ਰੁਏ ਜ਼ਮੀਂ ਅਸਤ, ਹਮੀ ਅਸਤੋ, ਹਮੀ ਅਸਤੋ ਹਮੀ ਅਸਤੋ’ ਮਤਲਬ ਧਰਤੀ ‘ਤੇ ਕਿਤੇ ਸਵਰਗ ਹੈ ਤਾਂ ਇੱਥੇ ਹੈ, ਇਥੇ ਹੈ, ਇਥੇ ਹੈ।
ਪਰ ਅੱਜ ਕਸ਼ਮੀਰ ਦੇ ਬੱਚਿਆਂ ਦੀ ਚਿੱਤਰਕਾਰੀ ਵਿਚ ਉਹ ਕਸ਼ਮੀਰ ਨਹੀਂ ਦਿਖਾਈ ਦਿੰਦਾ, ਜਿਸ ਨੂੰ ਧਰਤੀ ਦੀ ਜੰਨਤ ਕਿਹਾ ਜਾਂਦਾ ਸੀ। ਅੱਜ ਬੱਚੇ ਪੱਥਰਬਾਜ਼ ਪ੍ਰਦਰਸ਼ਨਕਾਰੀਆਂ ਦੀਆਂ, ਬਦੂੰਕਾਂ ਤਾਣੀ ਸੁਰੱਖਿਆ ਕਰਮੀਆਂ ਦੀਆਂ, ਜਲਦੇ ਹੋਏ ਸਕੂਲਾਂ ਦੀਆਂ ਅਤੇ ਮਲਬੇ ਨਾਲ ਭਰੀਆਂ ਸੜਕਾਂ ਦੀਆਂ ਤਸਵੀਰਾਂ ਬਣਾ ਰਹੇ ਹਨ। ਅੱਜ ਕਸ਼ਮੀਰੀ ਬੱਚਿਆਂ ਦੇ ਕੈਨਵਸ ‘ਤੇ ਖੂਨ ਬਿਖਰਿਆ ਹੈ। ਲਾਸ਼ਾਂ ਵਿਛੀਆਂ ਹਨ। ਗੋਲੀਆਂ ਚੱਲ ਰਹੀਆਂ ਹਨ। ਕਸ਼ਮੀਰ ਵਿਚ ਪਿਛਲੇ ਸਾਲ ਗਰਮੀ ਦਾ ਮੌਸਮ ਬੇਹੱਦ ਹਿੰਸਕ ਦੌਰ ਵਾਲਾ ਰਿਹਾ ਸੀ।
ਸਾਲ 2016 ਵਿਚ ਕੱਟੜਪੰਥੀ ਬੁਰਹਾਨ ਵਾਨੀ ਦੇ ਸੁਰੱਖਿਆ ਬਲਾਂ ਦੇ ਹੱਥੋਂ ਮਾਰੇ ਜਾਣ ਤੋਂ ਬਾਅਦ, ਕਸ਼ਮੀਰ ਵਿਚ ਜ਼ਬਰਦਸਤ ਹਿੰਸਾ ਭੜਕ ਉਠੀ ਸੀ। ਸੁਰੱਖਿਆ ਬਲਾਂ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ ਵਿਚ ਸੌ ਤੋਂ ਜ਼ਿਆਦਾ ਲੋਕ ਮਾਰੇ ਗਏ ਸਨ। ਮੁਸਲਿਮ ਬਹੁਤਾਤ ਵਾਲੀ ਕਸ਼ਮੀਰ ਘਾਟੀ ਚਾਰ ਮਹੀਨਿਆਂ ਤੋਂ ਜ਼ਿਆਦਾ ਵਕਤ ਤੱਕ ਜਲਦੀ ਰਹੀ ਸੀ। ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਲਈ ਸੁਰੱਖਿਆ ਬਲਾਂ ਨੇ ਪੈਲੇਟ ਗਨ ਦਾ ਇਸਤੇਮਾਲ ਕੀਤਾ। ਇਸ ਕਾਰਨ ਬਹੁਤ ਸਾਰੇ ਪ੍ਰਦਰਸ਼ਨਕਾਰੀਆਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ। ਹਿੰਸਕ ਪ੍ਰਦਰਸ਼ਨਾਂ ਵਿਚ 9 ਹਜ਼ਾਰ ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ ਸਨ। ਇਨ੍ਹਾਂ ਵਿਚੋਂ 15 ਸਾਲ ਤੋਂ ਘੱਟ ਉਮਰ ਦੇ ਕਰੀਬ 1200 ਬੱਚੇ ਵੀ ਸਨ।
ਪੈਲੇਟ ਗਨ ਕਾਰਨ ਕਈ ਬੱਚਿਆਂ ਦੀ ਇਕ ਅੱਖ ਖ਼ਰਾਬ ਹੋਈ ਤੇ ਬਹੁਤ ਸਾਰਿਆਂ ਬੱਚਿਆਂ ਦੀਆਂ ਅੱਖਾਂ ਦੀ ਰੌਸ਼ਨੀ ਪੂਰੀ ਤਰ੍ਹਾਂ ਚਲੀ ਗਈ। ਜਦੋਂ ਹਿੰਸਾ ਬੇਕਾਬੂ ਹੋ ਗਈ ਤਾਂ ਸਕੂਲ ਬੰਦ ਕਰਨੇ ਪਏ। ਕਸ਼ਮੀਰ ਦੇ ਬੱਚੇ ਆਪਣੇ ਘਰਾਂ ਦੇ ਕੈਦੀ ਬਣ ਕੇ ਰਹਿ ਗਏ। ਉਨ੍ਹਾਂ ਦਾ ਜ਼ਿਆਦਾ ਵਕਤ ਟੀ.ਵੀ. ‘ਤੇ ਹਿੰਸਾ ਦੀਆਂ ਖ਼ਬਰਾਂ ਦੇਖਦੇ ਹੋਏ ਬੀਤਿਆ ਸੀ ਜਿਸ ਵਿਚ ਹਿੰਸਕ ਹਾਲਾਤ ਹੀ ਬਿਆਨ ਹੁੰਦੇ ਸਨ।
ਬਾਕੀ ਵਕਤ ਵਿਚ ਬੱਚੇ ਪੜ੍ਹਦੇ ਸਨ ਤੇ ਡਰਾਇੰਗ ਬਣਾਉਂਦੇ ਸਨ। ਬੱਚਿਆਂ ਨੂੰ ਆਪਣੇ ਦੋਸਤਾਂ ਦੀ ਯਾਦ ਆਉਂਦੀ ਸੀ। ਉਨ੍ਹਾਂ ਨੂੰ ਖੇਡ ਦੇ ਮੈਦਾਨ, ਕ੍ਰਿਕਟ ਦੇ ਮੈਚ ਯਾਦ ਆਉਂਦੇ ਸਨ। ਘਰ ਵਿਚ ਬੰਦ ਬੱਚਿਆਂ ਨੂੰ ਪੜ੍ਹਾਉਣ ਲਈ ਟੀਚਰ ਆਇਆ ਕਰਦੇ ਸਨ। ਕਈ ਬੱਚਿਆਂ ਨੇ ਘਰਾਂ ‘ਤੇ ਹੀ ਇਮਤਿਹਾਨ ਦਿੱਤੇ। ਇਕ ਸਕੂਲ ਨੇ ਤਾਂ ਇਕ ਇੰਡੋਰ ਸਟੇਡੀਅਮ ਵਿਚ ਇਮਤਿਹਾਨ ਕਰਵਾਇਆ।
ਆਖ਼ਰਕਾਰ ਸਰਦੀਆਂ ਵਿਚ ਸਕੂਲ ਖੁੱਲ੍ਹੇ। ਮਹੀਨਿਆਂ ਬਾਅਦ ਜਦੋਂ ਬੱਚੇ ਸਕੂਲ ਪਹੁੰਚੇ ਤਾਂ ਉਹ ਗੁੱਸੇ ਵਿਚ ਸਨ। ਖਿਝੇ ਹੋਏ ਸਨ, ਬੇਹੱਦ ਦੁਚਿਤੀ ਵਿਚ ਤੇ ਆਪਣੇ ਭਵਿੱਖ ਨੂੰ ਲੈ ਕੇ ਬੇਹੱਦ ਫ਼ਿਕਰਮੰਦ ਸਨ। ਇਹ ਬੱਚੇ ਸਰਕਾਰੀ ਮੁਲਾਜ਼ਮਾਂ ਦੇ ਸਨ, ਕਾਰੋਬਾਰੀਆਂ ਦੇ ਸਨ, ਡਾਕਟਰਾਂ, ਇੰਜਨੀਅਰਾਂ, ਬੈਂਕ ਕਰਮਚਾਰੀਆਂ ਅਤੇ ਕਿਸਾਨਾਂ ਦੇ ਸਨ। ਸਕੂਲ ਪਹੁੰਚਦੇ ਹੀ ਇਹ ਬੱਚੇ ਆਪਣੇ ਦੋਸਤਾਂ ਨੂੰ ਮਿਲ ਕੇ ਰੋ ਪਏ। ਉਨ੍ਹਾਂ ਨੇ ਇਕ-ਦੂਸਰੇ ਨੂੰ ਗਲੇ ਲਗਾ ਲਿਆ। ਮਹੀਨਿਆਂ ਤੱਕ ਆਪਣੇ ਘਰ ਵਿਚ ਕੈਦ ਰਹੇ ਬੱਚੇ ਆਪਣੇ ਟੀਚਰ ਨੂੰ ਇਹੀ ਸਵਾਲ ਕਰ ਰਹੇ ਸਨ-ਆਖ਼ਰ ਉਨ੍ਹਾਂ ਦੇ ਸਕੂਲ ਬੰਦ ਕਿਉਂ ਕੀਤੇ ਗਏ ਸਨ?
ਕੁਝ ਬੱਚਿਆਂ ਦਾ ਵਿਹਾਰ ਤਾਂ ਬੇਹੱਦ ਅਜੀਬ ਸੀ। ਉਹ ਬੇਬਾਤ ਹੀ ਚੀਕਾਂ ਮਾਰਨ ਲੱਗਦੇ। ਟੇਬਲ ‘ਤੇ ਮੁੱਕੇ ਮਾਰਦੇ ਸਨ। ਉਹ ਬਿਨਾਂ ਵਜ੍ਹਾ ਹੀ ਕਲਾਸ ਵਿਚ ਫਰਨੀਚਰ ਤੋੜਨ ਲੱਗਦੇ ਸਨ। ਬੱਚਿਆਂ ਨੂੰ ਸਮਝਾਉਣ ਲਈ, ਉਨ੍ਹਾਂ ਨੂੰ ਸ਼ਾਂਤ ਕਰਨ ਲਈ ਕਾਉਂਸਲਰ ਦੀ ਮਦਦ ਲੈਣੀ ਪਈ। ਇਕ ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ, ‘ਬੱਚਿਆਂ ਅੰਦਰ ਬਹੁਤ ਗੁੱਸਾ ਭਰਿਆ ਹੋਇਆ ਸੀ।’ ਮਹੀਨਿਆਂ ਬਾਅਦ ਸਕੂਲ ਆਏ ਇਨ੍ਹਾਂ ਬੱਚਿਆਂ ਵਿਚੋਂ ਕਰੀਬ 300 ਬੱਚੇ ਇਕ ਸਕੂਲ ਦੇ ਹਾਲ ਵਿਚ ਇਕੱਤਰ ਹੋਏ। ਉਨ੍ਹਾਂ ਨੇ ਕਾਗ਼ਜ਼ ਅਤੇ ਰੰਗ ਕੱਢੇ ਤੇ ਤਸਵੀਰਾਂ ਬਣਾਉਣ ਲੱਗੇ। ਪ੍ਰਿੰਸੀਪਲ ਨੇ ਦੱਸਿਆ ਕਿ ਪਹਿਲੇ ਦਿਨ ਇਨ੍ਹਾਂ ਬੱਚਿਆਂ ਨੇ ਸਿਰਫ਼ ਤਸਵੀਰਾਂ ਬਣਾਈਆਂ। ਪੂਰੇ ਦਿਨ ਬੱਚੇ ਡਰਾਇੰਗ ਕਰਦੇ ਰਹੇ। ਉਹ ਬੇਹੱਦ ਖ਼ਾਮੋਸ਼ੀ ਨਾਲ ਆਪਣਾ ਕੰਮ ਕਰ ਰਹੇ ਸਨ। ਕਿਸੇ ਨੇ ਇਕ ਲਫ਼ਜ਼ ਵੀ ਨਹੀਂ ਕਿਹਾ। ਇਹ ਮੰਜ਼ਰ ਹਿਲਾ ਦੇਣ ਵਾਲਾ ਸੀ। ਬੱਚਿਆਂ ਨੇ ਰੰਗਾਂ ਤੇ ਪੈਂਸਲਾਂ ਨਾਲ ਤਸਵੀਰਾਂ ਬਣਾਈਆਂ। ਕਈ ਬੱਚਿਆਂ ਨੇ ਤਸਵੀਰਾਂ ਉਪਰ ਕੁਝ ਕੁਝ ਲਿਖਿਆ ਵੀ। ਕਿਸੇ ਨੇ ਬਬਲ ਦੀ ਮਦਦ ਨਾਲ ਜਜ਼ਬਾਤ ਬਿਆਨ ਕੀਤੇ,ਤਾਂ ਕਿਸੇ ਨੇ ਟੀਵੀ ਦੀ ਨਕਲ ਕਰਕੇ ਸੁਰਖੀਆਂ ਬਣਾਈਆਂ। ਕਿਸੇ ਨੇ ਪੂਰੇ ਦਾ ਪੂਰਾ ਵਾਕਿਆ ਲਿਖ ਕੇ ਆਪਣੀਆਂ ਭਾਵਨਾਵਾਂ ਜ਼ਾਹਰ ਕੀਤੀਆਂ। ਬੱਚਿਆਂ ਦੀਆਂ ਬਣਾਈਆਂ ਇਨ੍ਹਾਂ ਤਸਵੀਰਾਂ ਵਿਚ ਘਾਟੀ ਵਿਚ ਲੱਗੀ ਅੱਗ ਸਾਫ਼ ਦਿਖਾਈ ਹੈ। ਸੜਕਾਂ ‘ਤੇ ਪੱਥਰ ਬਿਖਰੇ ਹੋਏ ਹਨਸ਼ ਕੁਝ ਤਸਵੀਰਾਂ ਵਿਚ ਕਾਲਾ ਮਲਬਾ ਦਿਖਾਈ ਦਿੰਦਾ ਹੈ। ਆਸਮਾਨ ‘ਤੇ ਜਲਦਾ ਹੋਇਆ ਸੂਰਜ ਹੈ। ਹਵਾ ਵਿਚ ਪਰਿੰਦੇ ਦਿਖਾਏ ਹਨ। ਪਰ ਜ਼ਮੀਨ ‘ਤੇ ਹਿੰਸਾ ਦੇ ਨਿਸ਼ਾਨ ਹੀ ਦਿਖਾਈ ਦਿੰਦੇ ਹਨ। ਬੱਚਿਆਂ ਨੇ ਜੋ ਤਸਵੀਰਾਂ ਬਣਾਈਆਂ, ਉਨ੍ਹਾਂ ਵਿਚ ਜ਼ਖ਼ਮੀ ਚਿਹਰੇ ਹਨ। ਪੈਲੇਟਗਨ ਕਾਰਨ ਆਪਣੀ ਅੱਖਾਂ ਗਵਾ ਚੁੱਕੇ ਲੋਕ ਹਨ। ਜ਼ਿਆਦਾਤਰ ਬੱਚਿਆਂ ਦੀਆਂ ਤਸਵੀਰਾਂ ਵਿਚ ਇਹੀ ਮੰਜ਼ਿਰ ਹੈ। ਇਕ ਤਸਵੀਰ ਵਿਚ ਇਕ ਵਿਅਕਤੀ ਨੂੰ ਇਹ ਕਹਿੰਦੇ ਦਿਖਾਇਆ ਗਿਆ ਹੈ ਕਿ ‘ਮੈਂ ਫਿਰ ਤੋਂ ਦੁਨੀਆ ਨਹੀਂ ਦੇਖ ਸਕਾਂਗਾ। ਮੈਂ ਆਪਣੇ ਦੋਸਤਾਂ ਨੂੰ ਹੁਣ ਕਦੇ ਨਹੀਂ ਦੇਖ ਸਕਾਂਗਾ। ਮੈਂ ਹੁਣ ਅੰਨ੍ਹਾ ਹੋ ਗਿਆ ਹਾਂ।’ ਬੱਚਿਆਂ ਦੀ ਦੁਨੀਆ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਜਿੱਥੇ ਹਿੰਸਾ ਅਤੇ ਮੌਤ ਲਈ ਥਾਂ ਨਹੀਂ ਹੁੰਦੀ, ਉਹ ਦੁਨੀਆ ਇਨ੍ਹਾਂ ਤਸਵੀਰਾਂ ਵਿਚ ਖੂਨ ਤੇ ਹਨੇਰੇ ਨਲ ਭਰੀ ਦਿਖਾਈ ਦਿੰਦੀ ਹੈ। ਕੁਝ ਬੱਚਿਆਂ ਦੀਆਂ ਬਣਾਈਆਂ ਪੇਂਟਿੰਗਾਂ ਵਿਚ ਸੜਕਾਂ ‘ਤੇ ਬਿਖਰੀਆਂ ਲਾਸ਼ਾਂ ਹਨ, ਹਿੰਸਕ ਪ੍ਰਦਰਸ਼ਨ ਕਰ ਰਹੇ ਲੋਕ ਵੀ ਹਨ।
ਅਨੰਤਨਾਗ ਦੇ ਇਕ ਬੱਚੇ ਨੇ ਆਪਣੀ ਤਸਵੀਰ ਨੂੰ ਕੁਝ ਇਸ ਤਰ੍ਹਾਂ ਬਿਆਨ ਕੀਤਾ, ‘ਇਹ ਕਸ਼ਮੀਰ ਦੇ ਪਹਾੜ ਹਨ। ਇਹ ਬੱਚਿਆਂ ਦਾ ਇਕ ਸਕੂਲ ਹੈ। ਖੱਬੇ ਪਾਸੇ ਫ਼ੌਜੀ ਜਵਾਨ ਹਨ ਤੇ ਉਨ੍ਹਾਂ ਸਾਹਮਣੇ ਪੱਥਰ ਸੁੱਟ ਰਹੇ ਪ੍ਰਦਰਸ਼ਨਕਾਰੀ ਹਨ, ਜੋ ਆਜ਼ਾਦੀ ਦੀ ਮੰਗ ਕਰ ਰਹੇ ਹਨ। ਬੱਚਾ ਅੱਗੇ ਕਹਿੰਦਾ ਹੈ, ‘ਜਦੋਂ ਪ੍ਰਦਰਸ਼ਨਕਾਰੀ ਪੱਥਰ ਸੁੱਟਦੇ ਹਨ ਤਾਂ ਫ਼ੌਜ ਦੇ ਜਵਾਨ ਗੋਲੀਆਂ ਚਲਾਉਣ ਲਗਦੇ ਹਨ। ਇਸ ਗੋਲੀਬਾਰੀ ਵਿਚ ਇਕ ਸਕੂਲੀ ਬੱਚਾ ਮਾਰਿਆ ਜਾਂਦਾ ਹੈ ਤੇ ਫਿਰ ਉਸ ਦਾ ਦੋਸਤ ਇਕੱਲਾ ਰਹਿ ਜਾਂਦਾ ਹੈ।’
ਕਸ਼ਮੀਰੀ ਬੱਚਿਆਂ ਦੀ ਡਰਾਇੰਗ ਵਿਚ ਇਕ ਹੋਰ ਗੱਲ ਵੀ ਖ਼ੂਬ ਦਿਖਾਈ ਦਿੰਦੀ ਹੈ। ਇਨ੍ਹਾਂ ਤਸਵੀਰਾਂ ਵਿਚੋਂ ਕਈ ਅਜਿਹੀਆਂ ਹਨ ਜੋ ਸਕੂਲ ਸਾੜੇ ਜਾਣ ਦੀਆਂ ਘਟਨਾਵਾਂ ਨੂੰ ਬਿਆਨ ਕਰਦੀਆਂ ਹਨ। ਇਕ ਤਸਵੀਰ ਵਿਚ ਇਕ ਸਕੂਲ ਵਿਚ ਅੱਗ ਲੱਗੀ ਹੈ ਤੇ ਉਸ ਵਿਚ ਇਕ ਬੱਚਾ ਫਸਿਆ ਹੋਇਆ ਹੈ। ਉਹ ਚੀਖ਼ ਰਿਹਾ ਹੈ ਕਿ ਸਾਡੀ ਮਦਦ ਕਰੋ…ਮਦਦ ਕਰੋ…ਸਾਡੇ ਸਕੂਲ ਨੂੰ ਬਚਾ ਲਓ…ਸਾਡੇ ਭਵਿੱਖ ਨੂੰ ਬਚਾ ਲਓ…।
ਕੁਝ ਤਸਵੀਰਾਂ ਵਿਚ ਗੁੱਸਾ ਹੈ ਤਾਂ ਕਿਸੇ ਵਿਚ ਸਿਆਸੀ ਸੰਦੇਸ਼ ਵੀ ਹੈ। ਬਹੁਤ ਸਾਰੀਆਂ ਡਰਾਇੰਗ ਵਿਚ ਆਜ਼ਾਦੀ ਦੇ ਸਮਰਥਨ ਵਾਲੇ ਚਿੱਤਰ ਹਨ। ਕਈ ਪੇਂਟਿੰਗ ਅਜਿਹੀਆਂ ਹਨ, ਜਿਨ੍ਹਾਂ ਵਿਚ ਸਾਡਾ ਕਸ਼ਮੀਰ ਬਚਾ ਲਓ ਵਰਗੇ ਸਾਈਨ ਬੋਰਡ ਹਨ। ਇਸ ਦੇ ਨਾਲ ਹੀ ਕਈ ਡਰਾਇੰਗ ਵਿਚ ਬਹੁਰਾਨ ਵਾਨੀ ਦੀ ਤਾਰੀਫ਼ ਤੇ ਭਾਰਤ ਵਿਰੋਧੀ ਨਾਅਰੇ। ਕੁਝ ਬੱਚਿਆਂ ਨੇ ਕਸ਼ਮੀਰ ਦਾ ਨਕਸ਼ਾ ਬਣਾਇਆ ਹੈ, ਜਿਸ ਨਾਲ ਖ਼ੂਨ ਵਹਿ ਰਿਹਾ ਹੈ।
ਦੱਖਣ ਕਸ਼ਮੀਰ ਦੇ ਇਕ ਪਿੰਡ ਵਿਚ ਕੁਝ ਬੱਚਿਆਂ ਨੇ ਆਪਣੇ ਘਰਾਂ ਦੀਆਂ ਤਸਵੀਰਾਂ ਬਣਾਈਆਂ ਸਨ, ਜਿਨ੍ਹਾਂ ‘ਤੇ ਭਾਰਤ ਦਾ ਝੰਡਾ ਲੱਗਾ ਹੋਇਆ ਸੀ। ਇਕ ਬੱਚੇ ਨੇ ਇਕ ਤਿਓੜੀ ਚੜ੍ਹਾਏ ਇਨਸਾਨ ਦੀ ਤਸਵੀਰ ਬਣਾਈ ਸੀ, ਜਿਸ ਦਾ ਚਿਹਰਾ ਦੋ ਹਿੱਸਿਆਂ ਵਿਚ ਵੰਡਿਆ ਹੋਇਆ ਸੀ। ਇਹ ਕਸ਼ਮੀਰ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਦੀ ਖਿਚੋਤਾਣ ਨੂੰ ਜ਼ਾਹਰ ਕਰ ਰਿਹਾ ਸੀ ਤੇ ਇਸ ਹੋੜ ਵਿਚ ਫਸੇ ਕਸ਼ਮੀਰ ਦੀ ਤਕਲੀਫ਼ ਤਸਵੀਰ ਰਾਹੀਂ ਬਿਆਨ ਕੀਤੀ ਗਈ ਸੀ। ਇਕ ਹੋਰ ਤਸਵੀਰ ਜੋ ਪੈਂਸਲ ਨਾਲ ਉਕੇਰੀ ਗਈ ਸੀ, ਜਿਸ ਵਿਚ ਇਕ ਮਾਂ ਆਪਣੇ ਪੁੱਤ ਦਾ ਇੰਤਜ਼ਾਰ ਕਰ ਰਹੀ ਹੈ। ਇਹ ਤਸਵੀਰਾਂ ਹਿਲਾ ਦੇਣ ਵਾਲੀਆਂ ਹਨ। ਕਸ਼ਮੀਰੀ ਬੱਚਿਆਂ ਨੇ ਹਿੰਸਕ ਪ੍ਰਦਰਸ਼ਨ ਦੌਰਾਨ ਇੰਟਰਨੈੱਟ ਤੇ ਮੋਬਾਈਲ ਫ਼ੋਨ ‘ਤੇ ਲੱਗੀ ਰੋਕ ‘ਤੇ ਵੀ ਗੁੱਸਾ ਜ਼ਾਹਰ ਕੀਤਾ। 5 ਸਾਲ ਪਹਿਲਾਂ ਆਸਟਰੇਲੀਆ ਦੀ ਆਰਟ ਥੈਰੇਪਿਸਟ ਡੇਨਾ ਲਾਰੇਂਸ ਨੇ ਕਸ਼ਮੀਰੀ ਨੌਜਵਾਨਾਂ ਅਤੇ ਬੱਚਿਆਂ ਲਈ ਕੁਝ ਕਲਾਸਾਂ ਲਾਈਆਂ ਸਨ। ਡੇਨਾ ਨੇ ਦੇਖਿਆ ਕਿ ਇਨ੍ਹਾਂ ਨੌਜਵਾਨਾਂ ਅਤੇ ਨਾਬਾਲਗਾਂ ਦੀਆਂ ਪੇਂਟਿੰਗ ਵਿਚ ਸਭ ਤੋਂ ਜ਼ਿਆਦਾ ਸਿਆਹ ਰੰਗ ਦਾ ਇਸਤੇਮਾਲ ਹੋਇਆ ਸੀ। ਡੇਨਾ ਮੁਤਾਬਕ ਜ਼ਿਆਦਾਤਰ ਤਸਵੀਰਾਂ ਵਿਚ ਬੱਚਿਆਂ ਨੇ ਗੁੱਸੇ ਅਤੇ ਡਿਪਰੈਸ਼ਨ ਦੇ ਜਜ਼ਬਾਤ ਬਿਆਨ ਕੀਤੇ ਸਨ।
ਕਸ਼ਮੀਰੀ ਕਲਾਕਾਰ ਮਸੂਦ ਹੁਸੈਨ 4 ਤੋਂ 16 ਵਰ੍ਹਿਆਂ ਦੇ ਬੱਚਿਆਂ ਦੌਰਾਨ ਆਰਟ ਦੇ ਮੁਕਾਬਲਿਆਂ ਵਿਚ ਜੱਜ ਬਣਦੇ ਰਹੇ ਹਨ। ਮਸੂਦ ਕਹਿੰਦੇ ਹਨ ਕਿ ਬੱਚਿਆਂ ਦੀ ਕਲਾ ਦੇ ਵਿਸ਼ੇ ਹੁਣ ਬਦਲ ਗਏ ਹਨ। ਹੁਸੈਨ ਮੁਤਾਬਕ ਪਹਿਲਾਂ ਦੀਆਂ ਤਸਵੀਰਾਂ ਵਿਚ ਅਮਨ ਝਲਕਦਾ ਸੀ। ਅੱਜ ਉਸ ਦੀ ਥਾਂ ਹਿੰਸਾ ਨੇ ਲੈ ਲਈ ਹੈ। ਅੱਜ ਉਹ ਲਾਲ ਫ਼ਲਕ ਉਕੇਰਦੇ ਹਨ। ਉਹ ਬੰਦੂਕਾਂ, ਟੈਂਕਾਂ, ਸੜਕ ‘ਤੇ ਹਿੰਸਾ ਦੀਆਂ ਤਸਵੀਰਾਂ ਬਣਾਉਂਦੇ ਹਨ। ਅੱਜ ਕਸ਼ਮੀਰੀ ਬੱਚੇ ਮਰਦੇ ਹੋਏ ਲੋਕਾਂ ਦੀਆਂ ਤਸਵੀਰਾਂ ਆਪਣੇ ਕੈਨਵਸ ‘ਤੇ ਉਤਾਰਦੇ ਹਨ। ਸ਼੍ਰੀਨਗਰ ਦੇ ਮਨੋਵਿਗਿਆਨੀ ਅਰਸ਼ਦ ਹੁਸੈਨ ਕਹਿੰਦੇ ਹਨ ਕਿ ਬੱਚਿਆਂ ਦੀ ਕਲਾ ਵਿਚ ਉਨ੍ਹਾਂ ਦੀ ਤਕਲੀਫ਼ ਦੀ ਝਲਕ ਮਿਲਦੀ ਹੈ। ਅਰਸ਼ਦ ਹੁਸੈਨ ਕਹਿੰਦੇ ਹਨ, ‘ਸਾਨੂੰ ਲਗਦਾ ਹੈ ਕਿ ਬੱਚੇ ਕੁਝ ਨਹੀਂ ਸਮਝਦੇ। ਅਜਿਹਾ ਨਹੀਂ ਹੈ। ਉਨ੍ਹਾਂ ਉਪਰ ਆਲੇ-ਦੁਆਲੇ ਦੇ ਮਾਹੌਲ ਦਾ ਅਸਰ ਹੁੰਦਾ ਹੈ। ਉਹ ਹਾਲਾਤ ਨੂੰ ਆਪਣੇ ਅੰਦਰ ਜਜ਼ਬ ਕਰ ਲੈਂਦੇ ਹਨ। ਫਿਰ ਉਸ ਨੂੰ ਆਪਣੇ ਆਪਣੇ ਤਰੀਕੇ ਨਾਲ ਜ਼ਾਹਰ ਕਰਦੇ ਹਨ। ਅਰਸ਼ਦ ਯਾਦ ਕਰਦੇ ਹਨ ਕਿ ਹਿੰਸਕ ਹਾਲਾਤ ਦੀਆਂ ਤਸਵੀਰਾਂ ਬਣਾਉਣ ਵਾਲੇ ਉਹ ਬੱਚੇ ਹਨ, ਜੋ ਮਹੀਨਿਆਂ ਤੱਕ ਘਰਾਂ ਵਿਚ ਕੈਦ ਰਹੇ ਸਨ। ਉਹ ਕਹਿੰਦੇ ਹਨ ਕਿ ਜ਼ਰਾ ਸੋਚੋ, ਉਹ ਬੱਚੇ ਕਿਹੋ ਜਿਹੀਆਂ ਤਸਵੀਰਾਂ ਬਣਾਉਣਗੇ ਜੋ ਸੜਕਾਂ ‘ਤੇ ਹੋ ਰਹੇ ਹਿੰਸਕ ਪ੍ਰਦਰਸ਼ਨ ਦਾ ਹਿੱਸਾ ਹਨ।
ਕਸ਼ਮੀਰੀ ਬੱਚਿਆਂ ਦੀਆਂ ਬਣਾਈਆਂ ਤਵਸੀਰਾਂ, 9/11 ਦੇ ਹਮਲੇ ਤੋਂ ਬਾਅਦ ਅਮਰੀਕੀ ਬੱਚਿਆਂ ਦੀਆਂ ਬਣਾਈਆਂ ਪੇਂਟਿੰਗ ਦੀ ਯਾਦ ਦਿਵਾਉਂਦੀਆਂ ਹਨ। ਅਮਰੀਕੀ ਬੱਚਿਆਂ ਨੇ ਉਸ ਹਮਲੇ ਤੋਂ ਬਾਅਦ ਰੋਂਦੇ ਹੋਏ ਬੱਚਿਆਂ, ਅੱਗ ਵਿਚ ਝੁਲਸ ਰਹੇ ਟਵਿਨ ਟਾਵਰਜ਼ ਅਤੇ ਓਸਾਮਾ ਬਿਨ ਲਾਦੇਨ ਦੇ ਉਸ ਨੂੰ ਗਿਰਾਉਂਦੇ ਹੋਏ ਮੰਜ਼ਰ ਦੀਆਂ ਤਸਵੀਰਾਂ ਬਣਾਈਆਂ ਸਨ। ਉਸ ਵਕਤ ਅਮਰੀਕੀ ਬੱਚਿਆਂ ਨੇ ਵੀ ਸੁਰਖ਼, ਬਲਦੇ ਹੋਏ ਫ਼ਲਕ ਨੂੰ ਆਪਣੇ ਕੈਨਵਸ ‘ਤੇ ਉਤਾਰਿਆ ਸੀ। ਇਕ ਪੇਂਟਿੰਗ ਵਿਚ ਇਕ ਡਰੀ ਹੋਈ ਬੱਚੀ ਆਈ ਲਵ ਯੂ ਨਿਊਯਾਰਕ ਲਿਖੀ ਹੋਈ ਟੀ ਸ਼ਰਟ ਪਹਿਣੀ ਦਿਖਾਈ ਗਈ ਸੀ।
ਕਸ਼ਮੀਰ ਵਿਚ ਪਰੀਆਂ ਦੀਆਂ ਕਹਾਣੀਆਂ,  ਬੁਰੇ ਸੁਪਨਿਆਂ ਵਿਚ ਤਬਦੀਲ ਹੁੰਦਿਆਂ ਵਕਤ ਨਹੀਂ ਲਗਦਾ। ਪਰ ਹਾਲੇ ਵੀ ਹਾਲਾਤ ਏਨੇ ਨਹੀਂ ਵਿਗੜੇ ਕਿ ਸੰਭਾਲੇ ਨਾ ਜਾ ਸਕਣ। ਇਕ ਬੱਚੇ ਦੀ ਬਣਾਈ ਤਸਵੀਰ ਵਿਚ ਇਕ ਬੱਚੀ ਗੁਜ਼ਾਰਿਸ਼ ਕਰਦੀ ਦਿਖ ਰਹੀ ਹੈ ਕਿ ਸਾਡਾ ਭਵਿੱਖ ਸੁਨਹਿਰਾ ਬਣਾਓ। ਸਾਨੂੰ ਪੜ੍ਹਾਓ-ਲਿਖਾਓ। ਮੌਜੂਦਾ ਹਾਲਾਤ ਦੇ ਬਹਾਨੇ ਸਾਡੇ ਭਵਿੱਖ ਨੂੰ ਹਨੇਰਮਈ ਨਾ ਬਣਾਓ।
ਭਾਵ ਹਾਲੇ ਵੀ ਬੱਚਿਆਂ ਨੂੰ ਉਮੀਦ ਹੈ। ਹਾਲੇ ਵੀ ਉਨ੍ਹਾਂ ਦੇ ਜ਼ਹਿਨ ਵਿਚ ਸੁਨਹਿਰੇ ਖ਼ਵਾਬ ਹਨ। ਜ਼ਰੂਰਤ ਹੈ, ਉਨ੍ਹਾਂ ਅੱਖਾਂ ਵਿਚ ਵਸੇ ਸੁਪਨਿਆਂ ਦੀ ਤਾਬੀਰ ਦੀ। ਕਸ਼ਮੀਰ ਨੂੰ ਜ਼ਰੂਰਤ ਹੈ, ਅਮਨ ਦੇ ਪੈਗ਼ਾਮ ਦੀ। ਇਨ੍ਹਾਂ ਬੱਚਿਆਂ ਨੂੰ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਹੈ।