ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਮੌਕੇ ਪੰਡਾਲ ਡਿੱਗਣ ਨਾਲ 90 ਜ਼ਖਮੀ

ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਮੌਕੇ ਪੰਡਾਲ ਡਿੱਗਣ ਨਾਲ 90 ਜ਼ਖਮੀ

ਮਿਦਨਾਪੁਰ/ਬਿਊਰੋ ਨਿਊਜ਼ :
ਪੱਛਮੀ ਬੰਗਾਲ ਦੇ ਮਿਦਨਾਪੁਰ ਜ਼ਿਲ੍ਹੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੌਰਾਨ ਇਕ ਪੰਡਾਲ ਡਿੱਗ ਪੈਣ ਕਾਰਨ ਕਰੀਬ 90 ਜਣੇ ਜ਼ਖ਼ਮੀ ਹੋ ਗਏ। ਅਧਿਕਾਰੀਆਂ ਮੁਤਾਬਕ ਜ਼ਖ਼ਮੀਆਂ ਵਿੱਚ 66 ਮਰਦ ਤੇ 24 ਔਰਤਾਂ ਸ਼ਾਮਲ ਸਨ। ਇਹ ਘਟਨਾ ਉਦੋਂ ਵਾਪਰੀ ਜਦੋਂ ਸ੍ਰੀ ਮੋਦੀ ਦਾ ਭਾਸ਼ਣ ਚੱਲ ਰਿਹਾ ਸੀ। ਇਸ ਦੌਰਾਨ ਸ੍ਰੀ ਮੋਦੀ ਨੇ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੀ ਸਰਕਾਰ ਉਤੇ ਜ਼ੋਰਦਾਰ ਹੱਲੇ ਬੋਲਦਿਆਂ ਉਸ ’ਤੇ ਜਮਹੂਰੀਅਤ ਦਾ ‘ਗਲ ਘੁੱਟਣ’ ਦੇ ਦੋਸ਼ ਲਾਏ।
ਦੱਸਿਆ ਜਾਂਦਾ ਹੈ ਕਿ ਇਹ ਪੰਡਾਲ ਲੋਕਾਂ ਨੂੰ ਬਾਰਸ਼ ਤੋਂ ਬਚਾਉਣ ਲਈ ਰੈਲੀ ਦੇ ਦਾਖ਼ਲੇ ਵਾਲੇ ਸਥਾਨ ਨੇਡ਼ੇ ਬਣਾਇਆ ਗਿਆ ਸੀ। ਇਸ ਦੌਰਾਨ ਪਾਰਟੀ ਦੇ ਅਨੇਕਾਂ ਵਰਕਰ ਟੈਂਟ ਦੇ ਉੱਤੇ ਚਡ਼੍ਹ ਗਏ, ਜੋ ਸੰਭਵ ਤੌਰ ’ਤੇ ਇਸ ਦੇ ਡਿੱਗਣ ਦਾ ਕਾਰਨ ਬਣਿਆ। ਜ਼ਖ਼ਮੀਆਂ ਨੂੰ ਪ੍ਰਧਾਨ ਮੰਤਰੀ ਦੇ ਕਾਫ਼ਲੇ ਦੀਆਂ ਐਂਬੂਲੈਂਸਾਂ ਰਾਹੀਂ ਪੱਛਮੀ ਮਿਦਨਾਪੁਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।  ਹਸਪਤਾਲ ਦੇ ਪ੍ਰਿੰਸੀਪਲ ਡਾ. ਪੀ. ਕੁੰਡੂ ਨੇ ਦੱਸਿਆ ਕਿ ਸਾਰੇ ਜ਼ਖ਼ਮੀ ਖ਼ਤਰੇ ਤੋਂ ਬਾਹਰ ਹਨ ਤੇ 14 ਨੂੰ ਦੇਰ ਸ਼ਾਮ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਬਾਕੀ ਹਸਪਤਾਲ ਵਿੱਚ ਜ਼ੇਰੇ-ਇਲਾਜ ਸਨ।
ਸ੍ਰੀ ਮੋਦੀ ਨੇ ਆਪਣੇ ਭਾਸ਼ਣ ਦੌਰਾਨ ਵੀ ਕਈ  ਵਾਰ ਲੋਕਾਂ ਨੂੰ ਟੈਂਟ ਦੇ ਉਪਰ ਚਡ਼੍ਹਨ ਤੋਂ ਰੋਕਿਆ ਪਰ ਉਹ ਨਾ ਰੁਕੇ। ਹਾਦਸੇ ਦੇ ਫ਼ੌਰੀ ਬਾਅਦ ਸ੍ਰੀ ਮੋਦੀ ਨੇ ਆਪਣੀ ਸੁਰੱਖਿਆ ਲਈ ਤਾਇਨਾਤ ਐਸਪੀਜੀ ਜਵਾਨਾਂ ਤੇ ਡਾਕਟਰਾਂ ਆਦਿ ਨੂੰ ਜ਼ਖ਼ਮੀਆਂ ਦੀ ਸੰਭਾਲ ਕਰਨ ਦਾ ਹੁਕਮ ਦਿੱਤਾ। ਉਨ੍ਹਾਂ ਇਸ ਮੌਕੇ ਥੋਡ਼੍ਹੀ ਦੇਰ ਆਪਣਾ ਭਾਸ਼ਣ ਰੋਕਿਆ ਤੇ ਫਿਰ ਆਪਣੀ ਗੱਲ ਆਖਣੀ ਸ਼ੁਰੂ ਕਰ ਦਿੱਤੀ। ਪ੍ਰਧਾਨ ਮੰਤਰੀ ਨੇ ਰੈਲੀ ਤੋਂ ਬਾਅਦ ਹਸਪਤਾਲ ਪੁੱਜ ਕੇ ਵੀ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਿਆ। ਮੁੱਖ ਮੰਤਰੀ ਬੀਬੀ ਬੈਨਰਜੀ ਨੇ ਵੀ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਜ਼ਖ਼ਮੀਆਂ ਦੀ ਹਰ ਸੰਭਵ ਮਦਦ ਕੀਤੀ ਜਾਵੇ।