ਪੁਲਵਾਮਾ ‘ਚ ਫ਼ਿਦਾਇਨ ਹਮਲੇ ਦੌਰਾਨ ਮਾਰੇ ਗਏ 8 ਜਵਾਨ

ਪੁਲਵਾਮਾ ‘ਚ ਫ਼ਿਦਾਇਨ ਹਮਲੇ ਦੌਰਾਨ ਮਾਰੇ ਗਏ 8 ਜਵਾਨ

ਸ੍ਰੀਨਗਰ/ਬਿਊਰੋ ਨਿਊਜ਼ :
ਪੁਲਵਾਮਾ ਵਿਚ ਜ਼ਿਲ੍ਹਾ ਪੁਲੀਸ ਕੰਪਲੈਕਸ ਉਤੇ ਅਤਿਵਾਦੀ ਹਮਲੇ ਵਿਚ ਸੀਆਰਪੀਐਫ ਦੇ ਚਾਰ ਮੁਲਾਜ਼ਮਾਂ ਸਮੇਤ ਸੁਰੱਖਿਆ ਬਲਾਂ ਦੇ 8 ਜਵਾਨ ਮਾਰੇ ਗਏ। ਇਸ ਬਾਅਦ ਹੋਏ ਮੁਕਾਬਲੇ ਵਿਚ ਜਵਾਨਾਂ ਨੇ ਤਿੰਨ ਅਤਿਵਾਦੀ ਢੇਰ ਕਰ ਦਿੱਤੇ ਹਨ। ਅਤਿਵਾਦੀ ਤੜਕੇ ਹੀ ਪੁਲੀਸ ਕੰਪਲੈਕਸ ਵਿਚ ਵੜ ਗਏ ਸਨ। ਪੁਲੀਸ, ਸੀਆਰਪੀਐਫ ਤੇ ਫ਼ੌਜ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਅਤਿਵਾਦੀਆਂ ਨੂੰ ਇਕ ਪਾਸੇ ਘੇਰ ਲਿਆ ਅਤੇ ਕੰਪਲੈਕਸ ਵਿਚ ਰਹਿੰਦੇ ਪੁਲੀਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ।
ਅਧਿਕਾਰੀਆਂ ਨੇ ਦੱਸਿਆ ਕਿ ਬਾਅਦ ਦੁਪਹਿਰ ਤਕ ਸੁਰੱਖਿਆ ਬਲਾਂ ਨੇ ਤਿੰਨ ਵਿੱਚੋਂ ਇਕ ਅਤਿਵਾਦੀ ਨੂੰ ਮਾਰ ਦਿੱਤਾ। ਸ਼ਾਮ ਨੂੰ ਪੰਜ ਵਜੇ ਦੂਜੇ ਅਤਿਵਾਦੀ ਦੀ ਲਾਸ਼ ਮਿਲੀ। ਸ੍ਰੀਨਗਰ ਆਧਾਰਤ 15ਵੀਂ ਕੋਰ ਦੇ ਜੀਸੀਓ ਲੈਫਟੀ. ਜਨਰਲ ਜੇਐਸ ਸੰਧੂ ਨੇ ਦੱਸਿਆ ਕਿ ਇਹ ‘ਫਿਦਾਈਨ’ ਹਮਲਾ ਹੈ। ਇਸ ਹਮਲੇ ਵਿਚ ਸੀਆਰਪੀਐਫ ਦੇ ਚਾਰ ਜਵਾਨ, ਜੰਮੂ ਕਸ਼ਮੀਰ ਪੁਲੀਸ ਦਾ ਕਾਂਸਟੇਬਲ ਅਤੇ ਸੂਬਾਈ ਪੁਲੀਸ ਦੇ ਤਿੰਨ ਐਸਪੀਓਜ਼ ਮਾਰੇ ਗਏ ਹਨ। ਸੀਆਰਪੀਐਫ ਦੇ ਚਾਰ ਵਿਚੋਂ ਦੋ ਜਵਾਨ ਤਾਂ ਅਪਰੇਸ਼ਨ ਦੀ ਸਮਾਪਤੀ ਮੌਕੇ ਅਤਿਵਾਦੀ ਵੱਲੋਂ ਰੱਖੇ ਧਮਾਕਾਖੇਜ਼ ਯੰਤਰ ਨੂੰ ਨਕਾਰਾ ਕਰਦੇ ਮਾਰੇ ਗਏ।